ਪੰਜਾਬ ਵਿੱਚ ਝੱਖੜ ਤੇ ਗੜਿਆਂ ਨਾਲ 30 ਹਜ਼ਾਰ ਏਕੜ ਫ਼ਸਲ ਦਾ ਨੁਕਸਾਨ

Fullscreen capture 472017 82132 AM* ਮੁੱਖ ਮੰਤਰੀ ਵੱਲੋਂ ਨੁਕਸਾਨ ਦੇ ਜਾਇਜ਼ੇ ਅਤੇ ਮੁਆਵਜ਼ੇ ਦੇ ਹੁਕਮ
ਚੰਡੀਗੜ੍ਹ, 6 ਅਪ੍ਰੈਲ, (ਪੋਸਟ ਬਿਊਰੋ)- ਪੰਜ ਤੇ ਛੇ ਅਪਰੈਲ ਨੂੰ ਪੰਜਾਬ ਵਿੱਚ ਪਏ ਮੀਂਹ ਅਤੇ ਗੜ੍ਹਿਆਂ ਨਾਲ ਤੀਹ ਹਜ਼ਾਰ ਏਕੜ ਤੋਂ ਵੱਧ ਫ਼ਸਲ ਦਾ ਨੁਕਸਾਨ ਹੋਣ ਦੀ ਖਬਰ ਹੈ। ਹਨੇਰੀ ਨਾਲ ਪੱਕੀ ਕਣਕ ਵੀ ਡਿੱਗ ਪਈ ਹੈ। ਸਭ ਤੋਂ ਵੱਧ ਨੁਕਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਹੈ, ਜਿੱਥੇ ਅਠਾਰਾਂ ਹਜ਼ਾਰ ਏਕੜ ਫ਼ਸਲ 25 ਤੋਂ 75 ਫ਼ੀਸਦੀ ਨੁਕਸਾਨੀ ਗਈ ਹੈ। ਖੇਤੀ ਵਿਭਾਗ ਨੇ ਮੁਢਲੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਮੁੱਖ ਮੰਤਰੀ ਨੇ ਫ਼ਸਲ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਗਿਰਦਾਵਰੀ ਦੀ ਰਿਪੋਰਟ ਜਲਦੀ ਦੇਣ ਨੂੰ ਕਹਿਣ ਤੋਂ ਇਲਾਵਾ ਇਹ ਭਰੋਸਾ ਦਿੱਤਾ ਹੈ ਕਿਂ ਗਿਰਦਾਵਰੀ ਰਿਪੋਰਟ ਨੂੰ ਆਧਾਰ ਬਣਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਰਾਜ ਦੇ ਖੇਤੀ ਵਿਭਾਗ ਨੇ ਰਿਪੋਰਟ ਜ਼ਿਲ੍ਹਾ ਖੇਤੀ ਅਫਸਰਾਂ ਵੱਲੋਂ ਮੌਕੇ ਉੱਤੇ ਜਾ ਕੇ ਜਾਇਜ਼ਾ ਲੈਣ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਹੈ। ਮੁਢਲੇ ਅੰਦਾਜ਼ੇ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਮੀਂਹ ਤੇ ਗੜਿਆਂ ਨਾਲ ਅਠਾਰਾਂ ਹਜ਼ਾਰ ਏਕੜ ਫ਼ਸਲ ਦਾ 25 ਤੋਂ 75 ਫ਼ੀਸਦੀ ਨੁਕਸਾਨ ਹੋਇਆ ਹੈ। ਸੰਗਰੂਰ ਵਿੱਚ ਢਾਈ ਹਜ਼ਾਰ ਏਕੜ ਫਸਲ ਦਾ ਨੁਕਸਾਨ 15 ਤੋਂ 25 ਫ਼ੀਸਦੀ ਦੱਸਿਆ ਗਿਆ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜ਼ਿਲ੍ਹੇ ਮੁਕਤਸਰ ਵਿੱਚ ਸਾਢੇ ਅੱਠ ਸੌ ਏਕੜ ਫਸਲ ਨੂੰ 15 ਤੋਂ 20 ਫੀਸਦੀ ਨੁਕਸਾਨ ਹੋਇਆ ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਦੋ ਹਜ਼ਾਰ ਏਕੜ ਕਣਕ 10 ਤੋਂ 15 ਫ਼ੀਸਦੀ ਨੁਕਸਾਨੀ ਗਈ ਹੈ। ਫਾਜ਼ਲਿਕਾ ਵਿੱਚ ਸਾਢੇ ਚਾਰ ਸੌ ਏਕੜ ਵਿੱਚ ਗੜੇਮਾਰੀ ਹੋਈ ਅਤੇ ਕਣਕ ਦੀ ਫਸਲ ਨੂੰ 10 ਤੋਂ 20 ਫ਼ੀਸਦੀ ਤਕ ਨੁਕਸਾਨ ਪੁੱਜਾ ਹੈ। ਇਸ ਦੌਰਾਨ ਖਬਰਾਂ ਹਨ ਕਿ ਲੁਧਿਆਣਾ, ਫ਼ਰੀਦਕੋਟ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਵਿੱਚ ਵੀ ਗੜਿਆਂ ਤੇ ਹਨੇਰੀ ਨਾਲ ਫ਼ਸਲ ਵਿਛ ਗਈ ਹੈ, ਪਰ ਇਸ ਨੂੰ ਹਾਲ ਦੀ ਘੜੀ ਨੁਕਸਾਨ ਦੇ ਏਰੀਏ ਵਿੱਚ ਨਹੀਂ ਜੋੜਿਆ ਗਿਆ। ਖੇਤੀ ਵਿਭਾਗ ਦੇ ਮੁਤਾਬਕ ਸਰ੍ਹੋਂ ਦੀ ਫ਼ਸਲ 70 ਫ਼ੀਸਦੀ ਤੋਂ ਵੱਧ ਖ਼ਰਾਬ ਹੋ ਗਈ ਹੈ ਤੇ ਕੱਟੀ ਹੋਈ ਫ਼ਸਲ ਦੇ ਦਾਣੇ ਕਿਰ ਗਏ ਹਨ।
ਵਰਨਣ ਯੋਗ ਹੈ ਕਿ ਪੰਜਾਬ ਵਿੱਚ ਦੋ ਦਿਨਾਂ ਵਿੱਚ ਔਸਤਨ 6.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਸਭ ਤੋਂ ਵੱਧ ਮੀਂਹ ਫ਼ਰੀਦਕੋਟ ਵਿੱਚ 22.8 ਐਮ ਐਮ ਪਿਆ ਹੈ। ਉਸ ਤੋਂ ਘੱਟ ਪਟਿਆਲਾ ਵਿੱਚ 21.2 ਐਮ ਐਮ, ਪਠਾਨਕੋਟ ਵਿੱਚ 17 ਐਮ ਐਮ, ਅੰਮ੍ਰਿਤਸਰ ਵਿੱਚ 9.2 ਐਮ ਐਮ, ਗੁਰਦਾਸਪੁਰ ਵਿੱਚ 3.9, ਬਠਿੰਡਾ ਵਿੱਚ 1.5 ਐਮ ਐਮ ਅਤੇ ਲੁਧਿਆਣਾ ਵਿੱਚ 6.8 ਐਮ ਐਮ ਮੀਂਹ ਪਿਆ ਹੈ।
ਹਰਿਆਣਾ ਦੇ ਕਰਨਾਲ ਵਿੱਚ ਸਭ ਤੋਂ ਵੱਧ 20.2 ਐਮ ਐਮ ਬਾਰਸ਼ ਹੋਈ ਹੈ ਤੇ ਅੰਬਾਲਾ ਵਿੱਚ 8.2 ਐਮ ਐਮ ਮੀਂਹ ਪਿਆ। ਚੰਡੀਗੜ੍ਹ ਵਿੱਚ 5.8 ਐਮ ਐਮ ਤੇ ਇਸ ਦੇ ਬਾਹਰ 6.3 ਐਮ ਐਮ ਬਾਰਸ਼ ਹੋਈ ਹੈ।