ਪੰਜਾਬ ਵਿੱਚ ਗਊ ਸ਼ਾਲਾਵਾਂ ਦੀ ਮੁਫਤ ਬਿਜਲੀ ਬੰਦ, ਬਿੱਲ ਭੇਜੇ ਗਏ

electricity gau shala
ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਰਾਜ ਬਦਲਣ ਦੇ ਨਾਲ ਗਊਸ਼ਾਲਾਵਾਂ ਦੀਆਂ ਮੁਸ਼ਕਲਾਂ ਵਧਣ ਲੱਗ ਗਈਆਂ ਹਨ। ਅਕਾਲੀ-ਭਾਜਪਾ ਸਰਕਾਰ ਵੇਲੇ ਗਊਸ਼ਾਲਾਵਾਂ ਦੀ ਮੁਫਤ ਕੀਤੀ ਬਿਜਲੀ ਹੁਣ ਨਵੀਂ ਸਰਕਾਰ ਨੇ ਬੰਦ ਕਰ ਦਿੱਤੀ ਹੈ ਅਤੇ ਸਿਰਫ ਗਊਸ਼ਾਲਾਵਾਂ ਨੂੰ ਨਾ ਸਿਰਫ ਬਿਜਲੀ ਦੇ ਬਿੱਲ ਆਉਣ ਲੱਗੇ ਹਨ, ਸਗੋਂ ਸੂਬੇ ਦੀਆਂ ਚਾਰ ਗਊਸ਼ਾਲਾਵਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ। ਗਊ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਬਾਰੇ ਤੁਰੰਤ ਦਖਲ ਦੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਰਾਜ ਦੇ ਆਖਰੀ ਸਾਲ ਵਿੱਚ 472 ਗਊਸ਼ਾਲਾਵਾਂ ਦੀ ਬਿਜਲੀ ਮੁਫਤ ਕਰ ਦਿੱਤੀ ਸੀ। ਇਸ ਕੰਮ ਲਈ 457 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਗਈ ਸੀ। ਹੁਣ ਨਵੇਂ ਰਾਜ ਵਿੱਚ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਆਉਣ ਲੱਗੇ ਹਨ। ਸਰਕਾਰ ਵੱਲੋਂ ਕਿਸਾਨਾਂ, ਐੱਸ ਸੀ/ ਬੀ ਸੀ ਲੋਕਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ, ਪਰ ਗਊਸ਼ਾਲਾ ਦਾ ਜ਼ਿਕਰ ਨਹੀਂ ਕੀਤਾ। ਪੰਜਾਬ ਪਾਵਰਕਾਮ ਹੁਣ ਗਊਸ਼ਾਲਾਵਾਂ ਨੂੰ ਬਿਜਲੀ ਬਿੱਲ ਭੇਜ ਰਿਹਾ ਹੈ ਤੇ ਬਿੱਲ ਨਾ ਦੇਣ ਕਾਰਨ ਮੋਗਾ, ਬਠਿੰਡਾ, ਫਿਰੋਜ਼ਪੁਰ ਦੀਆਂ ਪੰਜ ਗਊਸ਼ਾਲਾਵਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ।