ਪੰਜਾਬ ਰੋਡਵੇਜ਼ ਦੀ ਬੱਸ ਹੇਠ ਆਣ ਕੇ ਤਿੰਨ ਵਿਦਿਆਰਥੀ ਹਲਾਕ

punjab roadways
ਜਲੰਧਰ, 9 ਸਤੰਬਰ (ਪੋਸਟ ਬਿਊਰੋ)- ਇਲਾਕਾ ਨੂਰਮਹਿਲ ਦੇ ਪਿੰਡ ਕੰਦੋਲਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹੇਠ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਛੁੱਟੀ ਪਿੱਛੋਂ ਇਕ ਮੋਟਰ ਸਾਈਕਲ ‘ਤੇ ਘਰ ਮੁੜ ਰਹੇ ਬਾਰ੍ਹਵੀਂ ਜਮਾਤ ਦੇ ਤਿੰਨ ਵਿਦਿਆਰਥੀ ਬੱਸ ਹੇਠ ਆਣ ਕੇ ਮਾਰੇ ਗਏ। ਉਨ੍ਹਾਂ ਦੀ ਪਛਾਣ ਅਜੈ ਕੁਮਾਰ, ਹਰਪ੍ਰੀਤ ਸਿੰਘ ਅਤੇ ਜਸਵਿੰਦਰਪਾਲ ਸਿੰਘ ਵਜੋਂ ਹੋਈ ਹੈ ਤੇ ਤਿੰਨਾਂ ਦੀ ਉਮਰ 18 ਤੋਂ 20 ਸਾਲ ਵਿਚਾਲੇ ਸੀ। ਇਹ ਪਿੰਡ ਤਲਵਣ ਦੇ ਰਹਿਣ ਵਾਲੇ ਸਨ ਤੇ ਹਰਪ੍ਰੀਤ ਤੇ ਜਸਵਿੰਦਰ ਮਾਪਿਆਂ ਦੇ ਇਕਲੌਤੇ ਪੁੱਤਰ ਸਨ।
ਡੀ ਐਸ ਪੀ (ਨਕੋਦਰ) ਮੁਕੇਸ਼ ਕੁਮਾਰ ਨੇ ਦੱਸਿਆ ਕਿ ਤਿੰਨੇ ਵਿਦਿਆਰਥੀ ਨੂਰਮਹਿਲ ਦੇ ਪੀ ਟੀ ਐਮ ਆਰੀਆ ਕਾਲਜ ਵਿੱਚ ਬਾਰ੍ਹਵੀਂ ਜਮਾਤ ‘ਚ ਪੜ੍ਹਦੇ ਸਨ। ਛੁੱਟੀ ਤੋਂ ਬਾਅਦ ਤਿੰਨੇ ਪਿੰਡ ਤਲਵਣ ਨੂੰ ਚੱਲੇ, ਪਰ ਜਦੋਂ ਪਿੰਡ ਕੰਦੋਲਾ ਨੇੜੇ ਪੁੱਜੇ ਤਾਂ ਸਾਹਮਣਿਓਂ ਆਈ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਦਰੜ ਦਿੱਤਾ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਬੱਸ ਹੇਠੋਂ ਬਹੁਤ ਮੁਸ਼ਕਲ ਨਾਲ ਲਾਸ਼ਾਂ ਕੱਢੀਆਂ। ਬੱਸ ਨੂੰ ਕਬਜ਼ੇ ‘ਚ ਲੈ ਲਿਆ, ਪਰ ਬੱਸ ਚਾਲਕ ਫਰਾਰ ਹੈ। ਚਾਲਕ ਦੀ ਪਛਾਣ ਹਰਜਿੰਦਰ ਸਿੰਘ (ਡਿਪੂ-2 ਜਲੰਧਰ) ਵਜੋਂ ਹੋਈ ਹੈ।