ਪੰਜਾਬ ਮਾਡਲ ਅਪਣਾ ਕੇ ਮੁੜ ਉਭਰ ਸਕਦੀ ਹੈ ਕਾਂਗਰਸ

congress
-ਜਗਤਾਰ ਸਿੰਘ
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ, ਬਲਕਿ ਉਨ੍ਹਾਂ ਨੇ 52,407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ ਮੁੜ ਸੱਤਾ ਵਿੱਚ ਆਈ ਹੈ, ਬਲਕਿ ਇਸ ਨੇ 1966 ਵਿੱਚ ਬਣੇ ਪੰਜਾਬੀ ਸੂਬੇ ਦੇ ਚੋਣ ਇਤਿਹਾਸ ਵਿੱਚ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। 1992 ਵਿੱਚ ਭਾਵੇਂ ਇਸ ਨੇ ਹੁਣ ਨਾਲੋਂ ਵੱਧ ਸੀਟਾਂ ਜਿੱਤ ਲਈਆਂ ਸਨ, ਪਰ ਉਸ ਵੇਲੇ ਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ; ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਮੌਜੂਦਾ ਚੋਣ ਨਤੀਜੇ ਦਾ ਸਭ ਤੋਂ ਮਹੱਤਵ ਪੂਰਨ ਪੱਖ ਇਹ ਹੈ ਕਿ ਇਹ ਨਤੀਜਾ ਕਾਂਗਰਸ ਪਾਰਟੀ ਦੀ ਕੌਮੀ ਲੀਡਰਸ਼ਿਪ, ਜੋ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਹੈ, ਲਈ ਪਾਰਟੀ ਨੂੰ ਕੌਮੀ ਪੱਧਰ ਉੱਤੇ ਉਭਾਰਨ ਦਾ ਸਬਕ ਸਮੋਈ ਬੈਠਾ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ 90 ਸਾਲ ਦੀ ਉਮਰ ਅਤੇ ਮੁੱਖ ਮੰਤਰੀ ਵਜੋਂ ਆਪਣੀ ਪੰਜਵੀਂ ਮਿਆਦ ਦੇ ਅਖ਼ੀਰ ਵਿੱਚ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਐਨੀ ਨਮੋਸ਼ੀ ਜਨਕ ਹਾਰ ਦਾ ਮੂੰਹ ਵੇਖਣਾ ਪਵੇਗਾ। ਉਨ੍ਹਾਂ ਦਾ ਪੁੱਤਰ ਅਤੇ ਸੂਬੇ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਸ਼ਾਸਨਿਕ ਕੰਮਾਂ ਵਿੱਚ ਇਸ ਹੱਦ ਤਕ ਦਖ਼ਲ ਅੰਦਾਜ਼ੀ ਨਹੀਂ ਸੀ ਕਰ ਸਕਦਾ, ਜੇ ਉਹ ਉਸ ਦੀਆਂ ਆਪਹੁਦਰੀਆਂ ਕਾਰਵਾਈਆਂ ਉੱਤੇ ਲਗਾਮ ਲਾ ਕੇ ਰੱਖਦੇ। ਸੁਖਬੀਰ ਸਿੰਘ ਬਾਦਲ ਦੀਆਂ ਕਈ ਨਿੱਜੀ ਟਰਾਂਸਪੋਰਟ ਕੰਪਨੀਆਂ ਨੂੰ ਹਥਿਆਉਣ ਅਤੇ ਸੂਬੇ ਦੀ ਜਨਤਕ ਟਰਾਂਸਪੋਰਟ ਦੇ ਹਿੱਤਾਂ ਦਾ ਘਾਣ ਕਰਕੇ ਮੁਨਾਫ਼ੇ ਵਾਲੇ ਰੂਟ ਤੇ ਵੱਧ ਸਵਾਰੀਆਂ ਪੈਣ ਵਾਲੇ ਟਾਈਮ ਆਪਣੀ ਨਿੱਜੀ ਕੰਪਨੀ ਦੀਆਂ ਬੱਸਾਂ ਲਈ ਅਲਾਟ ਕਰਵਾਉਣ ਦੀਆਂ ਨੀਤੀਆਂ ਅਕਾਲੀ ਦਲ ਉੱਤੇ ਭਾਰੀ ਪੈ ਗਈਆਂ। ਨਿੱਜੀ ਹਿੱਤਾਂ ਲਈ ਜਨਤਕ ਹਿੱਤਾਂ ਨੂੰ ਕੁਰਬਾਨ ਕਰਨ ਦਾ ਇਹ ਵਰਤਾਰਾ ਪਾਰਟੀ ਦੇ ਧੁਰ ਹੇਠਾਂ ਤਕ ਚਲਾ ਗਿਆ ਜਿਸ ਨਾਲ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟ ਵਰਤਾਰਿਆਂ ਵਿੱਚ ਲਿਪਤ ਹੋ ਗਈ। ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਨਾ ਕੇਵਲ ਟਰਾਂਸਪੋਰਟ, ਸਗੋਂ ਮੀਡੀਆ ਤੇ ਰੇਤਾ-ਬਜਰੀ ਸਮੇਤ ਹਰ ਖੇਤਰ ਉੱਤੇ ਬਾਦਲ ਪਰਿਵਾਰ ਨਾਲ ਸਬੰਧਿਤ ਮਾਫ਼ੀਆ ਨੇ ਕਬਜ਼ਾ ਕਰ ਲਿਆ। ਨਸ਼ੇ ਦੇ ਸੌਦਾਗਰ ਖੁੱਲ੍ਹਾ ਖੇਡਣ ਲੱਗ ਪਏ।
ਬਿਨਾਂ ਕੋਈ ਜ਼ਿੰਮੇਵਾਰੀ ਓਟਿਆਂ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਰਕਾਰ ਵਿੱਚ ਜਿਹੜੀਆਂ ਚੰਮ ਦੀਆਂ ਸੁਖਬੀਰ ਸਿੰਘ ਬਾਦਲ ਨੇ ਚਲਾਈਆਂ, ਉਨ੍ਹਾਂ ਨੇ ਸ਼੍ਰੋਮਣੀ ਅਕਾਲ ਦਲ ਨੂੰ ਆਮ ਲੋਕਾਂ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੱਤਾ। ਉਸ ਦੀ ਕਮਾਨ ਹੇਠ ਪੰਜਾਬ ਦੇ ਅਮਨ-ਕਾਨੂੰਨ ਦਾ ਢਾਂਚਾ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਅਮਨ-ਕਾਨੂੰਨ ਕਾਇਮ ਰੱਖਣ ਵਾਲੀਆਂ ਜ਼ਿੰਮੇਵਾਰ ਸਰਕਾਰੀ ਏਜੰਸੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਵੀ ਨਾ ਕਰ ਸਕੀਆਂ। ਲੁੱਟਾਂ-ਖੋਹਾਂ, ਔਰਤਾਂ ਤੇ ਗ਼ਰੀਬਾਂ ਵਿਰੁੱਧ ਵਧੀਕੀਆਂ ਆਮ ਵਰਤਾਰਾ ਹੋ ਗਿਆ। ਸੂਬੇ ਵਿੱਚ ਗੈਂਗਸਟਰਾਂ ਦਾ ਇੱਕ ਨਵਾਂ ਰੁਝਾਨ ਪੈਦਾ ਹੋ ਗਿਆ।
ਇਨ੍ਹਾਂ ਚੋਣ ਨਤੀਜਿਆਂ ਨੇ ਅਕਾਲੀ ਦਲ ਉੱਤੇ ਬਾਦਲਾਂ ਦੀ ਲੀਡਰਸ਼ਿੱਪ ਉੱਤੇ ਸੁਆਲੀਆ ਨਿਸ਼ਾਨ ਲਾ ਦਿੱਤਾ ਹੈ ਅਤੇ ਅਕਾਲੀ ਦਲ ਦੇ ਜਮਹੂਰੀ ਕਿਰਦਾਰ ਅਤੇ ਦਿੱਖ ਨੂੰ ਮੁੜ ਬਹਾਲ ਕੀਤੇ ਜਾਣ ਦੀ ਗੱਲ ਉੱਭਰ ਸਕਦੀ ਹੈ।
ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਨਮੋਸ਼ੀ ਜਨਕ ਹਾਰ ਦਾ ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਰਿਹਾ ਸੀ, ਕਿਉਂਕਿ ਸੂਬੇ ਦੇ ਲੋਕਾਂ ਵਿੱਚ ਬਾਦਲ ਸਰਕਾਰ ਪ੍ਰਤੀ ਨਫ਼ਰਤ ਦੀ ਹੱਦ ਤਕ ਰੋਹ ਤੇ ਗੁੱਸਾ ਸੀ। ਦੂਜੇ ਪਾਸੇ, ਆਮ ਆਦਮੀ ਪਾਰਟੀ ਨਾਲ ਵੀ ਬੁਰੀ ਹੋਈ ਹੈ, ਜਿਹੜੀ ਸੌ ਸੀਟਾਂ ਜਿੱਤਣ ਦਾ ਦਾਅਵਾ ਕਰ ਕੇ ਚੋਣ ਮੈਦਾਨ ਵਿੱਚ ਉਤਰੀ ਸੀ। ਆਮ ਆਦਮੀ ਪਾਰਟੀ ਦੀ ਸੂਬੇ ਤੋਂ ਬਾਹਰੀ ਲੀਡਰਸ਼ਿਪ ਵੱਲੋਂ ਸੌ ਸੀਟਾਂ ਜਿੱਤਣ ਦਾ ਦਾਅਵਾ ਕੁਝ ਜਾਅਲੀ ਚੋਣ ਸਰਵੇਖਣਾਂ ਤੇ ਸ਼ੋਸ਼ਲ ਮੀਡੀਆ ਵਿੱਚ ਚੱਲਦੇ ਪ੍ਰਚਾਰ ਦੇ ਆਧਾਰ ਉੱਤੇ ਕੀਤਾ ਜਾ ਰਿਹਾ ਸੀ। ਇਹ ਲੀਡਰ ਅਸਲੀਅਤ ਸਮਝਣ ਦੀ ਥਾਂ ਆਪਣੀ ਹੀ ਵਸਾਈ ਹੋਈ ਦੁਨੀਆਂ ਵਿੱਚ ਗੁਆਚੇ ਰਹੇ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਵਿੱਚ ਉਤਾਰਿਆ ਪਾਰਟੀ ਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਪਾਰਟੀ ਦਾ ਇੱਕੋ-ਇੱਕ ਸਟਾਰ ਪ੍ਰਚਾਰਕ ਸੀ। ਮਨੋ ਮਨੀ ਉਹ ਆਪਣੇ ਆਪ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਿਆ ਮੰਨ ਬੈਠਾ ਸੀ, ਪਰ ਉਹ ਖ਼ੁਦ ਹੀ ਬੁਰੀ ਤਰ੍ਹਾਂ ਚੋਣ ਹਾਰ ਗਿਆ। ਆਮ ਆਦਮੀ ਪਾਰਟੀ ਦਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਆਪਣੀ ਸੀਟ ਵੀ ਨਹੀਂ ਜਿੱਤ ਸਕਿਆ। ਭਗਵੰਤ ਮਾਨ ਦੀਆਂ ਚੋਣ ਰੈਲੀਆਂ ਵਿੱਚ ਅੰਤਾਂ ਦੀ ਭੀੜ ਹੁੰਦੀ ਸੀ। ਅੱਧੀ ਅੱਧੀ ਰਾਤ ਤਕ ਲੋਕ ਉਸ ਨੂੰ ਸੁਣਨ ਲਈ ਬੈਠੇ ਰਹਿੰਦੇ ਸਨ। ਸ਼ਾਇਦ ਉਸ ਦੀ ਹਰਮਨ ਪਿਆਰਤਾ ਇੱਕ ਰਾਜਨੀਤਕ ਆਗੂ ਤੋਂ ਵੱਧ ਇੱਕ ਪੇਸ਼ੇਵਰ ਵਿਅੰਗ ਕਲਾਕਾਰ ਹੋਣ ਕਰ ਕੇ ਹੈ। ਪਾਰਟੀ ਦਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਵੀ ਹਾਸਰਸ ਕਲਾਕਾਰ ਹੀ ਹੈ, ਪਰ ਰਾਜਨੀਤੀ ਇਸ ਤਰ੍ਹਾਂ ਦਾ ਗ਼ੈਰ-ਸੰਜੀਦਾ ਵਰਤਾਰਾ ਨਹੀਂ ਹੈ।
ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਸਰੋਕਾਰਾਂ ਨੂੰ ਸਮਝੇ ਬਿਨਾਂ ਆਮ ਆਦਮੀ ਪਾਰਟੀ ਦੀ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਇਸ ਨੂੰ ਪੁੱਠੀ ਪਈ। ਪੰਜਾਬ ਵਿੱਚ ਆਮ ਆਦਮੀ ਪਾਰਟੀ ‘ਬਾਹਰਲੇ’ ਵਿਅਕਤੀਆਂ ਦੀ ਪਾਰਟੀ ਸਮਝੀ ਜਾਂਦੀ ਰਹੀ, ਕਿਉਂਕਿ ਇਸ ਦਾ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਢਾਂਚੇ ਵਿੱਚ ਉਹ ਵਿਅਕਤੀ ਸ਼ਾਮਲ ਹਨ, ਜਿਹੜੇ ਬਾਹਰਲੇ ਰਾਜਾਂ ਤੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਇਸ ਸਰਹੱਦੀ ਅਤੇ ਦੇਸ਼ ਦੇ ਬੇਹੱਦ ਮਹੱਤਵ ਪੂਰਨ ਸੂਬੇ ਦੇ ਲੋਕਾਂ ਦੀ ਸਮਾਜਿਕ ਤੇ ਰਾਜਸੀ ਮਾਨਸਿਕਤਾ ਦੀ ਬਿਲਕੁਲ ਸਮਝ ਨਹੀਂ ਸੀ। ਇਸ ਪਾਰਟੀ ਦੇ ‘ਬਾਹਰਲੇ’ ਆਗੂਆਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਵਾਂਗ ਆਕੜ ਆ ਗਈ ਅਤੇ ਇਹ ਵਿਅਕਤੀ ਪਾਰਟੀ ਦੇ ਪੰਜਾਬ ਦੇ ਆਗੂਆਂ ਨਾਲ ਹੈਂਕੜ ਨਾਲ ਪੇਸ਼ ਆਉਂਦੇ ਰਹੇ।
ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ ਗਏ 112 ਉਮੀਦਵਾਰਾਂ ਵਿੱਚੋਂ 92 ਸਿੱਖ ਸਨ। ਉਨ੍ਹਾਂ ਵਿੱਚੋਂ 26 ਅੰਮ੍ਰਿਤਧਾਰੀ ਸਨ ਤੇ ਇਹ ਵੀ ਦੋਸ਼ ਲਗਦੇ ਰਹੇ ਕਿ ਇਨ੍ਹਾਂ ਵਿੱਚੋਂ ਛੇ ਦਾ ਪਿਛੋਕੜ ਕਿਸੇ ਨਾ ਕਿਸੇ ਤਰ੍ਹਾਂ ਖਾੜਕੂਵਾਦ ਨਾਲ ਜੁੜ ਰਿਹਾ ਸੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਜਤਾ ਦਿੱਤਾ ਗਿਆ ਕਿ ਬਾਦਲ ਸਰਕਾਰ ਵਿਰੁੱਧ ਚੱਲ ਰਹੀ ਸਥਾਪਤੀ ਵਿਰੋਧੀ ਲਹਿਰ ਦਾ ਲਾਭ ਲੈਣ ਲਈ ਬਾਦਲ ਵਿਰੋਧੀ ਸਿੱਖ ਸੰਗਠਨਾਂ ਦੀ ਹਮਾਇਤ ਬੜੀ ਲਾਹੇਵੰਦ ਸਾਬਤ ਹੋਵੇਗੀ। ਉਹ ਅਖੰਡ ਕੀਰਤਨੀ ਜਥੇ ਦੇ ਆਗੂਆਂ ਕੋਲ ਜਾਣ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਰਖ਼ਾਸਤ ਕੀਤੇ ਗਏ ਪੰਜ ਪਿਆਰਿਆਂ ਦਾ ਅਸ਼ੀਰਵਾਦ ਲੈਣ ਨੂੰ ਵੀ ਚਲਾ ਗਿਆ। ਉਸ ਨੇ ਕਈ ਖਾੜਕੂ ਵਿਚਾਰਾਂ ਵਾਲੇ ਸਿੱਖ ਆਗੂਆਂ ਨਾਲ ਵੀ ਰਾਬਤਾ ਬਣਾਇਆ। ਇਹ ਵਿਅਕਤੀ ਅਤੇ ਜਥੇਬੰਦੀਆਂ ਜਮਹੂਰੀ ਢਾਂਚੇ ਅਤੇ ਵਰਤਾਰੇ ਦਾ ਹਿੱਸਾ ਹੀ ਨਹੀਂ ਹਨ। ਇਸ ਸਭ ਕਾਸੇ ਨਾਲ ਪੰਜਾਬ ਦਾ ਹਿੰਦੂ ਭਾਈਚਾਰਾ ਆਮ ਆਦਮੀ ਪਾਰਟੀ ਤੋਂ ਭੈਅਭੀਤ ਹੋ ਗਿਆ ਅਤੇ ਡੱਟ ਕੇ ਕਾਂਗਰਸ ਦੇ ਹੱਕ ਵਿੱਚ ਭੁਗਤ ਗਿਆ। ਆਮ ਆਦਮੀ ਪਾਰਟੀ ਵੱਲੋਂ ਖੇਡੇ ਗਏ ਇਸ ਪੰਥਕ ਪੱਤੇ ਕਾਰਨ ਆਰ ਐੱਸ ਐੱਸ ਨੇ ਆਪਣੇ ਹਮਾਇਤੀਆਂ ਨੂੰ ਕਾਂਗਰਸ ਦੀ ਮਦਦ ਕਰਨ ਦੇ ਆਦੇਸ਼ ਦੇ ਦਿੱਤੇ, ਕਿਉਂਕਿ ਉਹ ਅਕਾਲੀ-ਭਾਜਪਾ ਗਠਜੋੜ ਨੂੰ ਪਹਿਲਾਂ ਹੀ ਖ਼ਤਮ ਹੋਇਆ ਸਮਝ ਬੈਠੀ ਸੀ। ਇਹ ਪੱਖ ਵੀ ਇਨ੍ਹਾਂ ਚੋਣਾਂ ਦਾ ਇੱਕ ਮਹੱਤਵ ਪੂਰਨ ਪਹਿਲੂ ਹੈ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਿਸੇ ਵੀ ਆਗੂ ਉੱਤੇ ਭਰੋਸਾ ਨਹੀਂ ਕੀਤਾ, ਜਦੋਂ ਕਿ ਰਾਜਸੀ ਪਾਰਟੀਆਂ ਬੇਭਰੋਸਗੀ ਦੇ ਆਲਮ ਵਿੱਚ ਚੱਲ ਹੀ ਨਹੀਂ ਸਕਦੀਆਂ। ਪਾਰਟੀ ਕੋਲ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦਾ ਕੋਈ ਲੀਡਰ ਹੀ ਨਹੀਂ ਸੀ ਤੇ ਨਾ ਇਸ ਦੀ ਕੇਂਦਰੀ ਲੀਡਰਸ਼ਿਪ ਨੇ ਸਥਾਨਕ ਲੀਡਰ ਪੈਦਾ ਹੋਣ ਦਿੱਤਾ। ਸੂਬੇ ਦੇ ਬਣਾਏ ਗਏ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬੇਇੱਜ਼ਤ ਕਰ ਕੇ ਪਾਰਟੀ ਵਿੱਚੋਂ ਕੱਢਣਾ ਵੀ ਆਮ ਆਦਮੀ ਪਾਰਟੀ ਉੱਤੇ ਭਾਰੂ ਪੈ ਗਿਆ।
ਇਨ੍ਹਾਂ ਚੋਣ ਨਤੀਜਿਆਂ ਤੋਂ ਦਿੱਲੀ ਦੀ ਕਾਂਗਰਸ ਲੀਡਰਸ਼ਿਪ ਨੂੰ ਕਾਫ਼ੀ ਕੁਝ ਸਿੱਖਣ ਲਈ ਮਿਲ ਸਕਦਾ ਹੈ। ਪੰਜਾਬ ਵਿੱਚ ਅਪਣਾਇਆ ਗਿਆ ਮਾਡਲ ਕਾਂਗਰਸ ਲਈ ਕੌਮੀ ਪੱਧਰ ਉੱਤੇ ਉਭਰਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ, ਭਾਵੇਂ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਜਿੱਤ ਨੇ ਪੰਜਾਬ ਦੀ ਜਿੱਤ ਦੇ ਬਹੁਤੇ ਚਰਚੇ ਨਹੀਂ ਹੋਣ ਦਿੱਤੇ। ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲਈ ਇਹ ਸਵੈ-ਪੜਚੋਲ ਦਾ ਸਮਾਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਮੁੜ ਪ੍ਰਧਾਨ ਬਣਨ ਲਈ ਮਹੀਨਿਆਂ ਬੱਧੀ ਕਸ਼ਮਕਸ਼ ਕਰਨੀ ਪਈ ਸੀ ਤੇ ਫਿਰ ਉਸ ਨੂੰ ਕਈ ਮਹੀਨੇ ਕੰਮ ਕਰਨ ਦੀ ਖੁੱਲ੍ਹ ਹਾਸਲ ਕਰਨ ਉੱਤੇ ਲੱਗ ਗਏ ਸਨ, ਹਾਲਾਂਕਿ ਉਹੀ ਪੰਜਾਬ ਪਾਰਟੀ ਦਾ ਇੱਕੋ ਇੱਕ ਕੱਦਾਵਰ ਆਗੂ ਸੀ। ਉਹ ਪਾਰਟੀ ਦੀ ਚੋਣ ਮੁਹਿੰਮ ਦਾ ਪ੍ਰਮੁੱਖ ਧੁਰਾ ਤੇ ਪ੍ਰਚਾਰਕ ਸੀ। ਉਹ ਕਾਂਗਰਸ ਦਾ ਸਥਾਨਕੀਕਰਨ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਪੰਜਾਬ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਇਸ ਮਾਡਲ ਨੂੰ ਕਾਂਗਰਸ ਵੱਲੋਂ ਦੂਜੇ ਰਾਜਾਂ ਵਿੱਚ ਵੀ ਵਰਤਿਆ ਅਤੇ ਪਰਖਿਆ ਜਾਣਾ ਚੰਗਾ ਰਹੇਗਾ।
ਕਾਂਗਰਸ ਨੂੰ ਚਾਹੀਦਾ ਹੈ ਕਿ ਇਹ ਆਪਣੀ ਖੇਤਰੀ ਲੀਡਰਸ਼ਿਪ ਨੂੰ ਉਭਰਨ ਦੇਵੇ, ਜੋ ਬਹੁ-ਸੱਭਿਆਚਾਰੀ ਸੰਵੇਦਨਾਵਾਂ ਦੇ ਆਧਾਰ ਉੱਤੇ ਆਪਣੇ ਖੇਤਰੀ ਏਜੰਡੇ ਤੈਅ ਕਰਨ। ਹਾਈ ਕਮਾਂਡ ਸੱਭਿਆਚਾਰ ਦਾ ਹਰ ਹਾਲਤ ਵਿੱਚ ਪੂਰੀ ਤਰ੍ਹਾਂ ਖ਼ਾਤਮਾ ਹੋਣਾ ਚਾਹੀਦਾ ਹੈ। ਪਾਰਟੀ ਦੀਆਂ ਸੂਬਾਈ ਇਕਾਈਆਂ ਦੀ ਪੂਰੀ ਤਰ੍ਹਾਂ ਸਾਫ਼-ਸਫ਼ਾਈ ਕਰ ਕੇ ਇਨ੍ਹਾਂ ਨੂੰ ਖ਼ੁਦ-ਮੁਖਤਿਆਰੀ ਦੇਣੀ ਚਾਹੀਦੀ ਹੈ। ਇਹ ਮਾਡਲ ਅਪਨਾਉਣ ਲਈ ਰਾਹੁਲ ਗਾਂਧੀ ਨੂੰ ਆਪਣੇ ਕੰਮ ਕਰਨ ਦਾ ਢੰਗ ਬਦਲਣਾ ਪਵੇਗਾ। ਕਾਂਗਰਸ ਨੂੰ ਚਲਾ ਰਹੇ ਗਾਂਧੀ ਪਰਿਵਾਰ ਦੁਆਲੇ ਜੁੜੀ ਇੱਕ ਖ਼ਾਸ ਕਿਸਮ ਦੀ ਜੁੰਡਲੀ ਦੀ ਥਾਂ ਦੇਸ਼ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੂੰ ਹਰ ਸੂਬੇ ਵਿੱਚ ਉੱਥੋਂ ਦੀਆਂ ਲੋੜਾਂ ਤੇ ਸੱਭਿਆਚਾਰ ਤੇ ਲੋਕਾਂ ਦੀਆਂ ਉਮੰਗਾਂ ਅਨੁਸਾਰ ਢਲਣਾ ਪੈਣਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਕੈਪਟਨ ਅਮਰਿੰਦਰ ਸਿੰਘ ਲਈ ਖ਼ੁਸ਼ੀ ਅਤੇ ਪੰਜਾਬ ਲਈ ਕੁਝ ਕਰਨ ਦਾ ਮੌਕਾ ਲੈ ਕੇ ਆਏ ਹਨ। ਇਹ ਹੁਣ ਉਸ ਦੇ ਹੱਥ ਹੈ ਕਿ ਉਹ ਇਸ ਅਵਸਰ ਨੂੰ ਕਿੰਨੀ ਬਾਖ਼ੂਬੀ ਨਾਲ ਕਾਂਗਰਸ ਪਾਰਟੀ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਵਰਤਣ ਵਾਸਤੇ ਯਤਨਸ਼ੀਲ ਹੋਵੇਗਾ।