ਪੰਜਾਬ ਪੁਲਸ ਵਿੱਚ ‘ਵੰਨ ਰੈਂਕ ਅੱਪ ਪ੍ਰੋਮੋਸ਼ਨ’ ਸਕੀਮ ਦੀ ਮੁੱਖ ਮੰਤਰੀ ਵੱਲੋਂ ਸ਼ੁਰੂਆਤ


ਹੁਸ਼ਿਆਰਪੁਰ, 9 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਵਾਲਿਆਂ ਦੇ ਲਈ ਗਾਰੰਟੀ ਦੀ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ ‘ਵੰਨ ਰੈਂਕ ਅੱਪ ਪ੍ਰਮੋਸ਼ਨ ਸਕੀਮ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੁਲੀਸ ਵਿਚ ਤਾਇਨਾਤ ਕੋਈ ਵੀ ਕਰਮਚਾਰੀ ਸੇਵਾ-ਮੁਕਤ ਹੋਣ ਤੋਂ ਪਹਿਲਾਂ ਏ ਐਸ ਆਈ ਦੇ ਅਹੁਦੇ ਉੱਤੇ ਜ਼ਰੂਰ ਪਹੁੰਚ ਚੁੱਕਾ ਹੋਵੇਗਾ।
ਅੱਜ ਪੀ ਆਰ ਟੀ ਸੀ (ਪੁਲੀਸ ਰਿਕਰੂਟਸ ਟਰੇਨਿੰਗ ਸੈਂਟਰ) ਜਹਾਨਖੇਲਾਂ ਵਿੱਚ ਟਰੇਨਿੰਗ ਲੈ ਚੁੱਕੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਕਿ ਪੁਲੀਸ ਦੇ ਹੈੱਡ ਕਾਂਸਟੇਬਲ ਅਤੇ ਨਾਨ-ਗਜ਼ਟਿਡ ਅਫ਼ਸਰਾਂ ਦੇ ਰੈਂਕਾਂ ਵਿੱਚ ਖੜ੍ਹੋਤ ਹੋਣ ਕਾਰਨ ਫੋਰਸ ਵਿੱਚ ਨਿਰਾਸ਼ਤਾ ਵਧ ਰਹੀ ਸੀ, ਕਿਉਂਕਿ ਬਹੁਤ ਸਾਰੇ ਅਹੁਦੇ ਖਾਲੀ ਹੋਣ ਤੇ ਯੋਗ ਪੁਲੀਸ ਮੁਲਾਜ਼ਮ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਤਰੱਕੀ ਨਹੀਂ ਮਿਲ ਰਹੀ ਸੀ। ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ (ਏ ਸੀ ਪੀ) ਸਕੀਮ ਨੂੰ ਰਸਮੀ ਤੌਰ ਉੱਤੇ ਜਾਰੀ ਕਰ ਕੇ ਉਨ੍ਹਾਂ ਨੇ ਤਰੱਕੀ ਲੈਣ ਵਾਲੇ 14 ਨਵੇਂ ਪੁਲੀਸ ਅਧਿਕਾਰੀਆਂ ਦੇ ਮੋਢਿਆਂ ਉੱਤੇ ਸਟਾਰ ਲਾਏ। ਇਸ ਸਕੀਮ ਹੇਠ 16 ਸਾਲਾਂ ਨੌਕਰੀ ਮਗਰੋਂ ਹੈੱਡ ਕਾਂਸਟੇਬਲ ਤੋਂ ਅਸਿਸਟੈਂਟ ਸਬ ਇੰਸਪੈਕਟਰ (ਏ ਐਸ ਆਈ), 24 ਸਾਲ ਦੀ ਨੌਕਰੀ ਪਿੱਛੋਂ ਏ ਐੱਸ ਆਈ ਤੋਂ ਸਬ-ਇੰਸਪੈਕਟਰ ਅਤੇ 30 ਸਾਲ ਦੀ ਨੌਕਰੀ ਪਿੱਛੋਂ ਇੰਸਪੈਕਟਰ ਵਜੋਂ ਤਰੱਕੀ ਦਾ ਪ੍ਰਬੰਧ ਕੀਤਾ ਗਿਆ ਹੈ।
ਨਵੇਂ ਭਰਤੀ ਹੋਏ ਜਵਾਨਾਂ ਨੂੰ ਜਹਾਨਖੇਲਾਂ ਵਿੱਚ ਦਿੱਤੀ ਜਾਣ ਵਾਲੀ ਟਰੇਨਿੰਗ ਨੂੰ ਇੰਡੀਅਨ ਮਿਲਟਰੀ ਅਕੈਡਮੀ ਤੇ ਨੈਸ਼ਨਲ ਡਿਫੈਂਸ ਅਕੈਡਮੀ ਵਰਗੀਆਂ ਵੱਕਾਰੀ ਸੰਸਥਾਵਾਂ ਦੇ ਬਰਾਬਰ ਦੱਸ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੇਨਿੰਗ ਸੈਂਟਰ ਦੇ ਮੌਜੂਦਾ ਢਾਂਚੇ ਦੀ ਅਪਗ੍ਰੇਡੇਸ਼ਨ ਲਈ 5 ਕਰੋੜ ਰੁਪਏ ਅਤੇ ਆਪਣੇ ਅਖਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਪੁਲੀਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੂੰ 9 ਮਹੀਨਿਆਂ ਦੀ ਸਖਤ ਟਰੇਨਿੰਗ ਨਾਲ ਪਾਸ ਆਊਟ ਹੋਏ ਜਵਾਨਾਂ ਵੱਲੋਂ ਸ਼ਾਨਦਾਰ ਸਲਾਮੀ ਦਿੱਤੀ ਗਈ।