ਪੰਜਾਬ ਪੁਲਸ ਵਿੱਚ ਨੌਕਰੀ ਦੇ ਲਾਰੇ ਨਾਲ ਦੋ ਲੱਖ ਰੁਪਏ ਠੱਗੇ


ਜਲੰਧਰ, 5 ਜਨਵਰੀ (ਪੋਸਟ ਬਿਊਰੋ)- ਨਿਊ ਗੁਰੂ ਨਾਨਕਪੁਰਾ ਦੀ ਮਨਜੀਤ ਕੌਰ ਪਤਨੀ ਮੱਖਣ ਸਿੰਘ ਨੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪੀ ਏ ਪੀ ਦੀ ਮਹਿਲਾ ਪੁਲਸ ਮੁਲਾਜ਼ਮ ਨੇ ਪੁਲਸ ਭਰਤੀ ਦੇ ਨਾਂਅ ਉੱਤੇ ਉਸ ਨਾਲ ਠੱਗੀ ਕੀਤੀ ਹੈ।
ਉਸ ਨੇ ਲਿਖਿਆ ਹੈ ਕਿ ਪੀ ਏ ਪੀ ਦੀ ਮਹਿਲਾ ਮੁਲਾਜ਼ਮ ਉਸ ਦੇ ਗਵਾਂਢ ਰਹਿੰਦੀ ਸੀ। ਘਰ ਕੋਲ ਹੋਣ ਕਾਰਨ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਮਨਜੀਤ ਕੌਰ ਨੇ ਦੱਸਿਆ ਕਿ 10 ਦਸੰਬਰ ਨੂੰ ਉਕਤ ਮੁਲਾਜ਼ਮ ਆਪਣੇ ਇਕ ਜਾਣਕਾਰ ਦੇ ਨਾਲ ਉਸ ਦੇ ਘਰ ਆਈ ਤੇ ਦੱਸਿਆ ਕਿ ਪੁਲਸ ਦੇ ਵੱਡੇ ਅਫਸਰਾਂ ਨਾਲ ਉਸ ਦੀ ਚੰਗੀ ਜਾਣ ਪਛਾਣ ਹੈ ਅਤੇ ਉਨ੍ਹਾਂ ਦੇ ਪੁੱਤਰ ਨੂੰ ਪੰਜਾਬ ਪੁਲਸ ਦੀ ਨੌਕਰੀ ਦਿਲਵਾ ਸਕਦੀ ਹੈ। ਮਨਜੀਤ ਕੌਰ ਦੇ ਮੁਤਾਬਕ ਔਰਤ ਮੁਲਾਜ਼ਮ ਅਤੇ ਉਸ ਦੇ ਨਾਲ ਆਏ ਵਿਅਕਤੀ ਨੇ ਕਈ ਲੋਕਾਂ ਨੂੰ ਨੌਕਰੀ ‘ਤੇ ਲਗਵਾਈ ਹੋਣ ਦੇ ਸਬੂਤ ਵੀ ਦਿਖਾਏ। ਮਹਿਲਾ ਮੁਲਾਜ਼ਮ ਨੇ ਉਸ ਨੂੰ ਕਿਹਾ ਕਿ ਉਹ ਦੂਜਿਆਂ ਨੂੰ ਨੌਕਰੀ ‘ਤੇ ਲਵਾਉਣ ਬਦਲੇ ਚਾਰ ਲੱਖ ਰੁਪਏ ਲੈਂਦੀ ਹੈ, ਪਰ ਉਸ ਕੋਲੋਂ ਦੋ ਲੱਖ ਰੁਪਏ ਲਵੇਗੀ। ਐਡਵਾਂਸ ‘ਚ ਇਕ ਲੱਖ ਰੁਪਏ ਮੰਗੇ, ਜਿਸ ‘ਤੇ ਉਸ ਨੇ 50 ਹਜ਼ਾਰ ਰੁਪਏ ਕੈਸ਼ ਤੇ 50 ਹਜ਼ਾਰ ਰੁਪਏ ਚੈਕ ਰਾਹੀਂ ਦੇ ਦਿੱਤੇ। ਮਨਜੀਤ ਕੌਰ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਕਤ ਮਹਿਲਾ ਮੁਲਾਜ਼ਮ ਉਸ ਕੋਲ ਆਈ ਤੇ ਕਿਹਾ ਕਿ ਨੌਕਰੀ ਦੀ ਅਪਰੂਵਲ ਆ ਗਈ ਹੈ ਤੇ ਉਹ ਇਕ ਲੱਖ ਰੁਪਏ ਹੋਰ ਦੇ ਦੇਣ। ਉਸ ਨੇ ਫਿਰ ਇਕ ਲੱਖ ਰੁਪਏ ਮਹਿਲਾ ਮੁਲਾਜ਼ਮ ਨੂੰ ਦੇ ਦਿੱਤੇ। ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਸ ਨੇ ਕਈ ਵਾਰ ਜਾ ਕੇ ਨੌਕਰੀ ਬਾਰੇ ਗੱਲ ਕੀਤੀ, ਪਰ ਮਹਿਲਾ ਮੁਲਾਜ਼ਮ ਟਾਲਣ ਲੱਗ ਪਈ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੇ ਕਿਹਾ ਕਿ ਪੈਸੇ ਵਾਪਸ ਨਹੀਂ ਮਿਲਣਗੇ। ਇਸ ਤੋਂ ਇਲਾਵਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਨਜੀਤ ਕੌਰ ਨੇ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮਹਿਲਾ ਮੁਲਾਜ਼ਮ ਤੇ ਉਸ ਦੇ ਸਾਥੀ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ।