ਪੰਜਾਬ ਪੁਲਸ ਦੇ ਜਾਅਲੀ ਆਈ ਕਾਰਡ ਨਾਲ ਇੱਕ ਜਣਾ ਗ੍ਰਿਫਤਾਰ


ਜਲੰਧਰ, 14 ਨਵੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ਦਾ ਜਾਅਲੀ ਆਈ ਕਾਰਡ ਲੈ ਕੇ ਬੁਲਟ ਮੋਟਰ ਸਾਈਕਲ ਉਤੇ ਜਾ ਰਹੇ ਤਿੰਨ ਸ਼ੱਕੀ ਨੌਜਵਾਨਾਂ ਨੂੰ ਥਾਣਾ ਰਾਮਾ ਮੰਡੀ ਦੀ ਦਕੋਹਾ ਪੁਲਸ ਚੌਕੀ ਦੇ ਮੁਖੀ ਰਵਿੰਦਰ ਕੁਮਾਰ ਨੇ ਗ੍ਰਿਫਤਾਰ ਕੀਤਾ ਹੈ। ਢਿੱਲਵਾਂ ਰੋਡ ਉੱਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਫੜੇ ਗਏ ਉਕਤ ਤਿੰਨਾਂ ਨੌਜਵਾਨਾਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਗੋਪੀ ਪੁੱਤਰ ਨਿਰਮਲ ਸਿੰਘ ਵਾਸੀ ਚੂਹੜਵਾਲੀ, ਥਾਣਾ ਆਦਮਪੁਰ, ਗੁਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਕੁਲਵਿੰਦਰ ਸਿੰਘ ਉਰਫ ਮਨੀ ਪਿੰਡ ਬੁੱਢੀਆਣਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੀ ਤਲਾਸ਼ੀ ਲੈਣ ‘ਤੇ ਪੰਜਾਬ ਪੁਲਸ ਦਾ ਜਾਅਲੀ ਆਈ ਕਾਰਡ, 10 ਰੌਂਦ (32 ਬੋਰ) ਅਤੇ ਦੋ ਅੱਖਾਂ ‘ਚ ਪਾਉਣ ਵਾਲੀਆਂ ਮਿਰਚੀ ਸਪਰੇ ਬਰਾਮਦ ਕੀਤੀਆਂ ਹਨ। ਉਨ੍ਹਾਂ ਦਾ ਬੁਲਟ ਮੋਟਰ ਸਾਈਕਲ ਵੀ ਪੁਲਸ ਨੇ ਕਬਜ਼ੇ ‘ਚ ਲੈ ਲਿਆ ਹੈ।
ਐੱਸ ਐੱਚ ਓ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫੜੇ ਗਏ ਨੌਜਵਾਨ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਇਸੇ ਫਿਰਾਕ ਵਿੱਚ ਰਾਤ ਸਮੇਂ ਨਿਕਲੇ ਸਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਕੋਈ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ। ਦੇਰ ਰਾਤ ਨੂੰ ਥਾਣਾ ਰਾਮਾ ਮੰਡੀ ‘ਚ ਤਿੰਨਾਂ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।