ਪੰਜਾਬ ਪਾਵਰਕਾਮ ਤੇ ਬਠਿੰਡਾ ਥਰਮਲ ਪਲਾਂਟ ਮੁਲਾਜ਼ਮਾਂ ਦੀ ਕਮੇਟੀ ਦਾ ਸਮਝੌਤਾ


* ਥਰਮਲ ਕਮੇਟੀ ਵੱਲੋਂ ਪੱਕਾ ਮੋਰਚਾ ਖਤਮ ਕਰਨ ਦਾ ਐਲਾਨ
ਪਟਿਆਲਾ, 31 ਮਾਰਚ (ਪੋਸਟ ਬਿਊਰੋ)- ਬਠਿੰਡਾ ਥਰਮਲ ਪਲਾਂਟ ਤੇ ਇਸ ਨੂੰ ਬੰਦ ਕਰਨ ਦੇ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਪਲੱਸ ਹੋਏ 635 ਹੜਤਾਲੀ ਕਾਮਿਆਂ ਦਾ ਕੱਲ੍ਹ ਸਮਝੌਤਾ ਹੋ ਗਿਆ ਹੈ। ਸਮਝੌਤੇ ਉੱਤੇ ਦਸਖਤ ਹੋਣ ਪਿੱਛੋਂ ਪਾਵਰਕਾਮ ਦੇ ਫਾਈਨੈਂਸ ਡਾਇਰੈਕਟਰ ਐਸ ਸੀ ਅਰੋੜਾ ਅਤੇ ਪ੍ਰਬੰਧਕੀ’ ਡਾਇਰੈਕਟਰ ਆਰ ਪੀ ਪਾਂਡਵ ਦੀ ਹਾਜ਼ਰੀ ਵਿੱਚ ਥਰਮਲ ਕੋਆਰਡੀਨੇਸ਼ਨ ਕਮੇਟੀ ਪੰਜਾਬ ਨੇ ਲਗਾਤਾਰ ਤਿੰਨ ਮਹੀਨਿਆਂ ਤੋਂ ਪੱਕੇ ਤੌਰ ਉੱਤੇ ਦਿੱਤੇ ਜਾ ਰਹੇ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇਸ ਸਮਝੌਤੇ ਮੁਤਾਬਕ 31 ਦਸੰਬਰ 2017 ਨੂੰ ਬਠਿੰਡਾ ਥਰਮਲ ਵਿੱਚ ਕਰੀਬ ਵੀਹ-ਬਾਈ ਠੇਕੇਦਾਰਾਂ ਨਾਲ ਕੰਮ ਕਰਦੇ 635 ਕਾਮਿਆਂ ਨੂੰ ਪੈਸਕੋ ਦੇ ਰਾਹੀਂ ਪਾਵਰਕਾਮ ਦੇ ਦੂਸਰੇ ਥਰਮਲ ਪਲਾਂਟਾਂ/ ਮੁੱਖ ਇੰਜੀਨੀਅਰ/ ਪੱਛਮੀ ਜ਼ੋਨ, ਬਠਿੰਡਾ ਵਿੱਚ ਉਸੇ ਪੱਧਰ ਉੱਤੇ ਕੰਮ ‘ਤੇ ਰੱਖਿਆ ਜਾਵੇਗਾ, ਜਿਸ ਵਿੱਚ ਕਾਮਿਆਂ ਨੂੰ ਏਥੇ ਤਨਖਾਹ ਅਤੇ ਭੱਤੇ ਮਿਲ ਰਹੇ ਸਨ। ਪਾਵਰਕਾਮ ਦੇ ਮੁੱਖ ਦਫਤਰ ਵਿੱਚ ਹੋਏ ਸਮਝੌਤੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੋਂ ਸਰਪਲੱਸ ਹੋਏ ਮੁਲਾਜ਼ਮ ਬਿਜਲੀ ਕਾਰਪੋਰੇਸ਼ਨ ਵਿੱਚ ਸਮਾ ਸਕਣ ਜਾਂ ਪੱਕੇ ਹੋਣ ਦੇ ਦਾਅਵੇਦਾਰ ਨਹੀਂ ਹੋਣਗੇ, ਪਰ ਪੰਜਾਬ ਸਰਕਾਰ ਦੇ ਪਾਸ ਕੀਤੇ ਹੋਏ ਪੰਜਾਬ ਐਡਹਾਕ ਕੰਟਰੈਕਚੁਅਲ, ਡੇਲੀਵੇਜਿਜ਼, ਟੈਂਪਰੇਰੀ, ਵਰਕ ਚਾਰਜਡ ਤੇ ਆਊਟਸੋਰਸਡ ਐਂਪਲਾਈਜ਼ ਵੈਲਫੇਅਰ ਐਕਟ 2016, ਜਿਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਬਾਰੇ ਜੋ ਵੀ ਅਦਾਲਤੀ ਫੈਸਲਾ ਆਵੇਗਾ, ਦੋਵੇਂ ਧਿਰਾਂ ਨੂੰ ਮੰਨਣ ਯੋਗ ਹੋਵੇਗਾ। ਸਮਝੌਤੇ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਪੈਸਕੋ ਦੇ ਰਾਹੀਂ ਨਿਯੁਕਤੀ ਪੱਤਰ 22 ਅਪ੍ਰੈਲ ਤੋਂ ਪਹਿਲਾਂ ਜਾਰੀ ਕਰ ਦਿੱਤੇ ਜਾਣਗੇ ਤੇ ਇਨ੍ਹਾਂ ਦੀ ਵੱਧ ਤੋਂ ਵੱਧ ਭਰਤੀ ਉਮਰ 60 ਸਾਲ ਹੋਵੇਗੀ। ਇਹ ਸਮਝੌਤਾ ਸਿਰਫ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੋਂ ਸਰਪਲੱਸ ਹੋਏ 635 ਕਾਮਿਆਂ ‘ਤੇ ਹੀ ਲਾਗੂ ਹੋਵੇਗਾ। ਇਸ ਸਮਝੌਤੇ ‘ਤੇ ਦੋਵਾਂ ਧਿਰਾਂ ਨੇ ਦਸਖਤ ਕੀਤੇ ਹਨ।