ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੁਣ ਦੁਪਹਿਰ ਦਾ ਭੋਜਨ ਮਿਲ ਸਕੇਗਾ


* ਕੇਂਦਰ ਤੋਂ ਪੰਜਾਬ ਨੂੰ ਫੰਡਾਂ ਦੀ ਦੂਜੀ ਕਿਸ਼ਤ ਰਿਲੀਜ਼
* ਬਾਕੀ ਰਾਜਾਂ ਨੂੰ ਪੂਰਾ ਫੰਡ ਦਿੱਤਾ ਜਾ ਚੁੱਕੈ
ਜਲੰਧਰ, 12 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਹੁਣ ਦੁਪਹਿਰ ਦਾ ਭੋਜਨ ਮਿਲ ਸਕੇਗਾ। ਕੇਂਦਰ ਸਰਕਾਰ ਨੇ ਪੰਜਾਬ ਲਈ ਮਿਡ-ਡੇ ਮੀਲ ਦਾ ਪੈਸਾ ਰਿਲੀਜ਼ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ ਸਰਕਾਰ ਨੇ ਕੇਂਦਰ ਨੂੰ ਕਾਫੀ ਸਮੇਂ ਤੋਂ ਮਿੱਡ-ਡੇ ਮੀਲ ਦੀਆਂ ਰੁਕੀਆਂ ਗਰਾਂਟਾਂ ਰਿਲੀਜ਼ ਕਰਨ ਲਈ ਕਿਹਾ ਹੋਇਆ ਸੀ। ਇਹ ਵੀ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਖਾਲੀ ਖਜ਼ਾਨਾ ਮਿਲਿਆ ਸੀ, ਇਸ ਦੇ ਬਾਵਜੂਦ ਕੇਂਦਰ ਵੱਲੋਂ ਰਿਲੀਜ਼ ਨਹੀਂ ਸੀ ਕੀਤੀ ਜਾ ਰਹੀ ਤੇ ਹੁਣ ਕੀਤੀ ਗਈ ਮਿੱਡ-ਡੇ ਮੀਲ ਗ੍ਰਾਂਟ ਨਾਲ ਰਾਹਤ ਮਹਿਸੂਸ ਹੋਈ ਹੈ। ਕੇਂਦਰ ਦੇ ਮਨੁੱਖੀ ਸੋਮਿਆਂ ਬਾਰੇ ਮੰਤਰਾਲੇ ਨੇ ਮਿੱਡ-ਡੇ ਮੀਲ ਲਈ 40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਬੀਤੇ ਸਮੇਂ ਵਿੱਚ ਮਿੱਡ-ਡੇ ਮੀਲ ਦਾ ਪੈਸਾ ਰਿਲੀਜ਼ ਨਾ ਹੋਣ ਕਾਰਨ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਬੜੀ ਮੁਸ਼ਕਲ ਨਾਲ ਦਿੱਤਾ ਜਾ ਰਿਹਾ ਸੀ, ਕਿਉਂਕਿ ਅਧਿਆਪਕਾਂ ਨੂੰ ਉਧਾਰ ਰਾਸ਼ਨ ਲੈ ਕੇ ਇਸ ਯੋਜਨਾ ਨੂੰ ਚਲਾਉਣਾ ਪੈ ਰਿਹਾ ਸੀ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮਿੱਡ-ਡੇ ਮੀਲ ਦੀ ਗ੍ਰਾਂਟ ਰਿਲੀਜ਼ ਹੋਣ ਨਾਲ ਰਾਜ ਸਰਕਾਰ ਦੇ ਸਕੂਲਾਂ ਵਿੱਚ ਐਲੀਮੈਂਟਰੀ ਜਮਾਤਾਂ ਦੇ ਸਾਢੇ 15 ਲੱਖ ਬੱਚਿਆਂ ਨੂੰ ਲਾਭ ਮਿਲੇਗਾ। ਪਿਛਲੀ ਸਰਕਾਰ ਸਮੇਂ ਕੇਂਦਰ ਤੋਂ ਆਏ ਫੰਡਾਂ ਨੂੰ ਹੋਰ ਕੰਮਾਂ ਲਈ ਵਰਤੇ ਜਾਣ ਕਾਰਨ ਕੇਂਦਰ ਸਰਕਾਰ ਨੇ ਇਸ ਗ੍ਰਾਂਟ ਨੂੰ ਰੋਕ ਦਿੱਤਾ ਸੀ ਅਤੇ ਇਸ ਦਾ ਖਮਿਆਜ਼ਾ ਹੁਣ ਵਾਲੀ ਸਰਕਾਰ ਨੂੰ ਭੁਗਤਣਾ ਪਿਆ ਸੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਪੰਜਾਬ ਨੂੰ ਅਜੇ ਵੀ ਮਿੱਡ-ਡੇ ਮੀਲ ਦੀ ਦੂਜੀ ਕਿਸ਼ਤ ਮਿਲੀ ਹੈ। ਹੋਰਨਾਂ ਰਾਜਾਂ ਵਿੱਚ ਕਿਉਂਕਿ ਫੰਡਾਂ ਦੀ ਸਹੀ ਵਰਤੋਂ ਹੋਈ ਸੀ, ਇਸ ਲਈ ਉਨ੍ਹਾਂ ਨੂੰ ਆਖਰੀ ਕਿਸ਼ਤ ਵੀ ਮਿਲ ਚੁੱਕੀ ਹੈ।