ਪੰਜਾਬ ਦੇ ਰਾਜਸੀ ਆਗੂਆਂ ਲਈ ਨਵੀਆਂ ਮੌਂਟੈਰੋ, ਫਾਰਚੂਨਰ ਗੱਡੀਆਂ ਆਉਣ ਲੱਗੀਆਂ


* ਪੁਲੀਸ ਵੱਲੋਂ ਨੌਂ ਕਰੋੜ ਰੁਪਏ ਨਾਲ ਨਵੀਆਂ ਗੱਡੀਆਂ ਖਰੀਦਣ ਦੀ ਯੋਜਨਾ
ਚੰਡੀਗੜ੍ਹ, 8ਜੁਲਾਈ, (ਪੋਸਟ ਬਿਊਰੋ)- ਪੰਜਾਬ ਰਾਜ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਸ਼ਾਮਲ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਧਾਰਮਿਕ ਆਗੂਆਂ, ਸ਼ਿਵ ਸੈਨਾਵਾਂ ਦੇ ਕਈ ਅਹੁਦੇਦਾਰਾਂ, ਸੇਵਾ ਮੁਕਤ ਪੁਲੀਸ ਅਫ਼ਸਰਾਂ ਤੇ ਹਾਕਮ ਪਾਰਟੀ ਨਾਲ ਸਬੰਧਤ ਸਿਆਸੀ ਆਗੂਆਂ ਨੂੰ ਦਿੱਤੀ ਗਈ ‘ਸਰਕਾਰੀ ਕਾਰ ਸੇਵਾ’ ਨੂੰ ਨਵਾਂ ਰੂਪ ਦਿੱਤਾ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਰਾਜ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਬਾਦਲ ਪਰਿਵਾਰ ਲਈ ਨਵੀਆਂ ਦੋ ਮੌਂਟੈਰੋ ਬੁਲੇਟ ਪਰੂਫ, 2 ਇਨੋਵਾ ਅਤੇ 6 ਜਿਪਸੀਆਂ ਖ਼ਰੀਦਣ ਲਈ ਪੁਲੀਸ ਵਿਭਾਗ ਨੇ ਤਜਬੀਜ਼ ਬਣਾਈ ਹੈ। ਇਸੇ ਤਰ੍ਹਾਂ ਮਨਿੰਦਰਜੀਤ ਸਿੰਘ ਬਿੱਟਾ, ਮਰਹੂਮ ਪੁਲੀਸ ਅਫਸਰ ਕੇ ਪੀ ਐਸ ਗਿੱਲ ਦੇ ਪਰਿਵਾਰ ਨੂੰ ਨਵੀਆਂ ਬੁਲਿਟ ਪਰੂਫ ਗੱਡੀਆਂ ਦੇਣ ਦੀ ਯੋਜਨਾ ਹੈ। ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪੰਜਾਬ ਪੁਲੀਸ ਨੇ ਨਵੀਆਂ ਕਾਰਾਂ ਖ਼ਰੀਦਣ ਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜੀ ਹੈ। ਬਾਦਲ ਪਰਵਾਰ, ਸੇਵਾ ਮੁਕਤ ਪੁਲੀਸ ਅਫ਼ਸਰਾਂ ਅਤੇ ਧਾਰਮਿਕ ਆਗੂਆਂ ਨੂੰ ਦਿੱਤੀਆਂ ਗੱਡੀਆਂ ਦੀ ਹਾਲਤ ਖਸਤਾ ਮੰਨੀ ਜਾਣ ਪਿੱਛੋਂ ਪੰਜਾਬ ਪੁਲੀਸ ਦੇ ਸੁਰੱਖਿਆ ਵਿੰਗ ਨੇ ਨਵੀਆਂ ਗੱਡੀਆਂ ਦੇਣ ਦਾ ਫ਼ੈਸਲਾ ਕੀਤਾ ਹੈ। ਪੁਲੀਸ ਦੀ ਇਸ ਸੂਚੀ ਵਿੱਚ ਕਈ ਨਵੇਂ ਧਾਰਮਿਕ ਚਿਹਰੇ ਵੀ ਹਨ, ਜਿਨ੍ਹਾਂ ਨੂੰ ਸਰਕਾਰ ਨੇ ਕਾਰਾਂ ਤੇ ਤੇਲ ਦੇਣ ਦੀ ਖੁੱਲ੍ਹ ਦਿੱਤੀ ਹੋਈ ਹੈ।
ਮਿਲ ਸਕੀ ਜਾਣਕਾਰੀ ਮੁਤਾਬਕ ਨਵੀਆਂ ਕਾਰਾਂ ਦੀ ਖ਼ਰੀਦ ਉਤੇ ਕਰੀਬ 9 ਕਰੋੜ ਰੁਪਏ ਖ਼ਰਚ ਆ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਲਈ ਵੀ ਨਵੀਂ ਬੁਲਿਟ ਪਰੂਫ ਕਾਰ ਖ਼ਰੀਦੀ ਜਾਣੀ ਹੈ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਨੂੰ ਵੀ ਕਾਰਾਂ ਦਿੱਤੀਆਂ ਹਨ। ਪੰਜਾਬ ਪੁਲੀਸ ਦੀ 9 ਪੰਨਿਆਂ ਦੀ ਯੋਜਨਾ ਮੁਤਾਬਕ ਜਿਨ੍ਹਾਂ ਵਿਸ਼ੇਸ਼ ਲੋਕਾਂ ਨੂੰ ਸਰਕਾਰੀ ਕਾਰ ਦੇ ਨਾਲ ਖ਼ਜ਼ਾਨੇ ਤੇਲ ਦੇਣ ਦੀ ਇਜਾਜ਼ਤ ਹੈ, ਉਨ੍ਹਾਂ ਨੂੰ ਨਵੀਆਂ ਗੱਡੀਆਂ ਦੀ ਲੋੜ ਹੈ। ਪੰਜਾਬ ਉਹ ਰਾਜ ਹੈ ਜਿੱਥੇ ਸੱਤਾ ਤੋਂ ਲੱਥੇ ਸਿਆਸਤਦਾਨਾਂ, ਧਾਰਮਿਕ ਆਗੂਆਂ ਤੇ ਸੇਵਾ ਮੁਕਤ ਪੁਲੀਸ ਅਫ਼ਸਰਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਕਾਰਾਂ ਅਤੇ ਤੇਲ ਮਿਲਦਾ ਹੈ। ਪਤਾ ਲੱਗਾ ਹੈ ਕਿ ਪੰਜਾਬ ਪੁਲਸ ਦੀ 17 ਬੁਲਿਟ ਪਰੂਫ ਗੱਡੀਆਂ ਖ਼ਰੀਦਣ ਦੀ ਤਜਵੀਜ਼ ਵਿੱਚ ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਬਾਦਲ ਪਿਤਾ ਪੁੱਤਰ ਨੂੰ ਇੱਕ-ਇੱਕ ਮੌਂਟੈਰੋ ਖ਼ਰੀਦ ਕੇ ਦਿੱਤੀ ਜਾਣੀ ਹੈ। ਬੁਲਿਟ ਪਰੂਫ ਵਿਸ਼ੇਸ਼ ਸੁਰੱਖਿਆ ਵਾਹਨ ਲੇਣ ਵਾਲਿਆਂ ਵਿੱਚ ਕਾਂਗਰਸ ਨੇਤਾ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਵੀ ਹੈ। ਮਨਿੰਦਰਜੀਤ ਸਿੰਘ ਬਿੱਟਾ ਲਈ ਫਾਰਚਿਊਨਰ ਤੇ 2 ਜਿਪਸੀਆਂ, ਬਿੱਟਾ ਦੀ ਪਤਨੀ ਮਨਜੋਤੀ ਬਿੱਟਾ ਲਈ ਇੱਕ ਜਿਪਸੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਲਈ ਅੰਬੈਸਡਰ ਕਾਰ, 2 ਜਿਪਸੀਆਂ ਇਸ ਖ਼ਰੀਦ ਸੂਚੀ ਵਿੱਚ ਸ਼ਾਮਲ ਹਨ। ਸਾਬਕਾ ਪੁਲੀਸ ਮੁਖੀ ਕੇ ਪੀ ਐਸ ਗਿੱਲ ਦੇ ਪਰਿਵਾਰ ਲਈ 2 ਇਨੋਵਾ ਤੇ 3 ਜਿਪਸੀਆਂ ਕੰਡਮ ਮੰਨ ਕੇ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ।
ਇਨ੍ਹਾਂ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਜਿਪਸੀ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਦੋ ਜਿਪਸੀਆਂ, ਨਿਰਮਲ ਸਿੰਘ ਕਾਹਲੋਂ ਅਤੇ ਉਨ੍ਹਾਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ, ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਨੂੰ ਅੰਬੈਸਡਰ ਕਾਰ ਤੇ ਜਿਪਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਵਿਨੀਤ ਜੋਸ਼ੀ, ਰਾਜਿੰਦਰ ਮੋਹਨ ਸਿੰਘ ਛੀਨਾ, ਸ਼ਿਵ ਸੈਨਾ (ਬਾਲ ਠਾਕਰੇ) ਦੇ ਹਰਵਿੰਦਰ ਸੋਨੀ,ਸ਼ਿਵ ਸੈਨਾ ਅੰਮ੍ਰਿਤਸਰ ਦੇ ਚੇਅਰਮੈਨ ਸੁਧੀਰ ਸੂਰੀ, ਸ਼ਿਵ ਸੈਨਾ ਲੁਧਿਆਣਾ ਦੇ ਪ੍ਰਧਾਨ ਕਮਲੇਸ਼ ਭਾਰਦਵਾਜ, ਵਿਨੈ ਜਲੰਧਰੀ, ਸ਼ਿਵ ਸੈਨਾ ਕਾਰਕੁਨ ਕ੍ਰਿਸ਼ਨ ਲਾਲ ਸ਼ਰਮਾ, ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਨਿਸ਼ਾਂਤ ਸ਼ਰਮਾ, ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਹਰੀਸ਼ ਸ਼ਰਮਾ ਲਈ ਜਿਪਸੀ ਤੇ ਮੋਗਾ ਤੋਂ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿਤ ਘਈ ਨੂੰ ਬੋਲੈਰੋ, ਸੰਜੀਵ ਭਾਰਦਵਾਜ ਨੂੰ ਜਿਪਸੀ, ਬਾਬਾ ਕਸ਼ਮੀਰਾ ਸਿੰਘ, ਬਾਬਾ ਨਿਰਮਲ ਦਾਸ ਅਤੇ ਬਾਬਾ ਅਰਜਨ ਸਿੰਘ ਦੇ ਨਾਮ ਇਸੇ ਸੂਚੀ ਵਿੱਚ ਹਨ।