ਪੰਜਾਬ ਦੇ ਮੰਤਰੀਆਂ ਨੇ ਕਿਤਾਬਾਂ ਵਿੱਚ ਗ਼ਲਤੀਆਂ ਦੀ ਮੁਆਫ਼ੀ ਮੰਗੀ


ਚੰਡੀਗੜ੍ਹ, 3 ਮਈ, (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਗਲਤੀਆਂ ਹੋਣ ਲਈ ਪੰਜਾਬ ਸਰਕਾਰ ਨੇ ਮੁਆਫ਼ੀ ਮੰਗੀ ਤੇ ਇਸ ਦੀ ਸੁਧਾਈ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਤਿੰਨ ਮੰਤਰੀਆਂ ਨੇ ਸਕੂਲਾਂ ਵਿਚ ਗਾਈਡ ਬੁੱਕ ਉੱਤੇ ਪਾਬੰਦੀ ਤੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵਕਤ ਹੋਏ ਪੁਸਤਕ ਸਕੈਂਡਲ ਦੀ ਦੋਬਾਰਾ ਜਾਂਚ ਕਰਵਾਉਣ ਦਾ ਐਲਾਨ ਵੀ ਕੀਤਾ ਹੈ।
ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ: ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੋਆਪਰੇਟਿਵ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਇਨ੍ਹਾਂ ਕਿਤਾਬਾਂ ਵਿੱਚੋਂ ਪੰਜਾਬ ਅਤੇ ਸਿੱਖਾਂ ਦਾ ਇਤਿਹਾਸ ਕੱਢਣ ਦਾ ਗੁੰਮਰਾਹਕੁਨ ਪ੍ਰਚਾਰ ਕਰਦੇ ਹਨ, ਪਰ ਕਿਤਾਬਾਂ ਵਿੱਚੋਂ ਸਿੱਖਾਂ ਜਾਂ ਪੰਜਾਬ ਦੇ ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਤੇ ਨਾ ਕੁਝ ਘੱਟ ਕੀਤਾ ਗਿਆ ਹੈ, ਸਗੋਂ ਇਸ ਦਾ ਵਾਧਾ ਕੀਤਾ ਹੈ। ਤਿੰਨਾਂ ਮੰਤਰੀਆਂ ਨੇ ਕਿਹਾ ਕਿ ਸਿੱਖਿਆ ਬੋਰਡ ਨੇ ਪਹਿਲੀ ਵਾਰ ਖ਼ੁਦ ਕਿਤਾਬਾਂ ਛਪਵਾ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਪ੍ਰਕਾਸ਼ਕਾਂ ਦੀ ਲੁੱਟ ਤੋਂ ਬਚਾਇਆ ਹੈ, ਕਿਉਂਕਿ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦਾ ਮੁੱਲ ਕੇਵਲ 90 ਰੁਪਏ ਹੈ, ਜਦ ਕਿ ਪ੍ਰਾਈਵੇਟ ਪ੍ਰਕਾਸ਼ਕ ਵੱਲੋਂ ਗਾਈਡ ਦੀ ਕੀਮਤ 450 ਰੁਪਏ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਿਤਾਬਾਂ ਛਾਪਣ ਵਾਲੀ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਤੀਨਿਧ ਵੀ ਸ਼ਾਮਲ ਸੀ ਤੇ ਅਕਾਲੀ ਦਲ ਬੇਵਜ੍ਹਾ ਮੁੱਦਾ ਬਣਾ ਰਿਹਾ ਹੈ, ਕਿਉਂਕਿ ਗਿਆਰਵੀਂ ਜਮਾਤ ਦੀ ਛਪ ਰਹੀ ਕਿਤਾਬ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਵਿਸਥਾਰ ਸਹਿਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਕੂਲ ਸੀ ਬੀ ਐਸ ਈ ਨਾਲ ਜੁੜੇ ਹੋਏ ਹਨ ਅਤੇ ਅਕਾਲੀ ਦਲ ਪੰਜਾਬ ਅਤੇ ਸਿੱਖ ਇਤਿਹਾਸ ਦੀ ਦੁਹਾਈ ਦੇਈ ਜਾ ਰਿਹਾ ਹੈ।
ਜਦੋਂ ਕੁਝ ਪੱਤਰਕਾਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਸ਼ਬਦਾਂ ਦੇ ਜੋੜਾਂ ਤੇ ਹੋਰ ਗ਼ਲਤੀਆਂ ਬਾਰੇ ਪੁੱਛਿਆ ਤਾਂ ਰੰਧਾਵਾ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਸ ਵਿਚਲੀਆਂ ਗ਼ਲਤੀਆਂ ਦੀ ਜਾਂਚ ਮਾਹਰਾਂ ਦੀ ਕਮੇਟੀ ਤੋਂ ਕਰਾਈ ਜਾਵੇਗੀ। ਇਸੇ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵਕਤ ਹੋਏ ਕਿਤਾਬਾਂ ਦੇ ਘਪਲੇ ਦੀ ਵੀ ਨਵੇਂ ਸਿਰਿਓਂ ਜਾਂਚ ਕਰਵਾਈ ਜਾਵੇਗੀ। ਜਦੋਂ ਦੱਸਿਆ ਗਿਆ ਕਿ ਗਿਆਰਵੀਂ ਤੋਂ ਬਾਰਵੀਂ ਦੀ ਜਮਾਤ ਵਿੱਚ ਗਏ ਕਰੀਬ 2 ਲੱਖ ਵਿਦਿਆਰਥੀ ਬਾਰ੍ਹਵੀਂ ਦੀਆਂ ਕਿਤਾਬਾਂ ਤੋਂ ਕੱਢੇ ਗਏ ਪੰਜਾਬ ਅਤੇ ਸਿੱਖ ਧਰਮ ਦੇ ਇਤਿਹਾਸ ਦੇ ਸਿਲੇਬਸ ਨੂੰ ਪੜ੍ਹਨ ਤੋਂ ਰਹਿ ਜਾਣਗੇ ਤਾਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਨ੍ਹਾਂ ਲਈ ਬਾਰ੍ਹਵੀਂ ਵਿਚ ਇਤਿਹਾਸ ਦੀਆਂ ਵਿਸ਼ੇਸ਼ ਕਲਾਸਾਂ ਲਾ ਕੇ ਖੱਪਾ ਭਰਿਆ ਜਾਵੇਗਾ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਗੁਰੂ ਸਾਹਿਬਾਨ ਤੇ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਸਕੂਲੀ ਸਿਲੇਬਸ ਵਿੱਚੋਂ ਕੱਢੇ ਜਾਣ ਦੇ ਦੋਸ਼ ਲਾਉਂਦੇ ਹੋਏ ਅੱਜ ਏਥੇ ਕਿਹਾ ਕਿ ਕਾਂਗਰਸ ਨੂੰ ਸਿੱਖਾਂ ਅਤੇ ਪੰਜਾਬੀਆਂ ਦੇ ਜਜ਼ਬਾਤ ਨਾਲ ਖੇਡਣ ਦੀ ਖੁੱਲ੍ਹ ਨਹੀਂ ਦਿੱਤੀ ਜਾਵੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਦੇਸ਼, ਫਿਰਕੇ ਤੇ ਧਰਮ ਦਾ ਇਤਿਹਾਸ ਹੁੰਦਾ ਹੈ ਤੇ ਜੇ ਕੋਈ ਇਸ ਇਤਿਹਾਸ ਨੂੰ ਖ਼ਤਮ ਕਰਦਾ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਇਸ ਨਾਲ ਭਵਿੱਖ ਨੂੰ ਖ਼ਤਮ ਕੀਤਾ ਜਾ ਰਿਹਾ ਹੈ।