ਪੰਜਾਬ ਦੀ ਸ਼ਾਂਤੀ ਲਈ ਖਤਰਾ ਬਣੇ ਗੈਂਗਸਟਰ

-ਵਿਪਿਨ ਪੱਬੀ
ਪਿਛਲੇ ਸਾਲ ਬਹੁਤ ਰੁਝੇਵੇਂ ਭਰੇ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ਉੱਤੇ ਦਿਨ ਦਿਹਾੜੇ ਪੰਜਾਬ ਦਾ ਇੱਕ ਚੋਟੀ ਦਾ ਗੈਂਗਸਟਰ ਗੋਲੀਬਾਰੀ ਵਿੱਚ ਮਾਰਿਆ ਗਿਆ ਤੇ ਕੁਝ ਘੰਟਿਆਂ ਅੰਦਰ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲੈ ਲਈ। ਅਜਿਹੇ ਲੋਕਾਂ ਵਿੱਚ ਕੁਝ ਗੈਂਗਸਟਰ ਵੀ ਸ਼ਾਮਲ ਸਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਕੁਝ ਸਿਆਸਤਦਾਨਾਂ ਦੇ ਨੇੜੇ ਮੰਨੇ ਜਾਣ ਵਾਲੇ ਜਸਵਿੰਦਰ ਸਿੰਘ ਉਰਫ ਰੌਕੀ ਨਾਮ ਦੇ ਇਸ ਗੈਂਗਸਟਰ ਦੀ ਹੱਤਿਆ ਦੀ ਪਹਿਲੀ ਦਾਅਵੇਦਾਰੀ ਚਾਰ ਘੰਟਿਆਂ ਅੰਦਰ ਇੱਕ ਬਾਗੀ ਗੈਂਗ ਦੇ ਮੁਖੀ ਵਿੱਕੀ ਗੌਂਡਰ ਨੇ ਫੇਸਬੁੱਕ ਦੇ ਜ਼ਰੀਏ ਕੀਤੀ ਸੀ। ਗੌਂਡਰ ਉਦੋਂ ਨਾਭਾ ਜੇਲ੍ਹ ਵਿੱਚ ਬੰਦ ਸੀ, ਫਿਰ ਵੀ ਉਸ ਨੇ ਪੰਜਾਬ ਪੁਲਸ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਉਸ ਦੇ ਵਿਰੁੱਧ ਕਾਰਵਾਈ ਕਰ ਕੇ ਦਿਖਾਵੇ।
ਵਿਕੀ ਗੌਂਡਰ ਦੀ ਉਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰੌਕੀ ਦੀ ਹੱਤਿਆ ਨੂੰ ਲੈ ਕੇ ਗੈਂਗਸਟਰਾਂ ਦੀ ਕਾਫੀ ਸਰਗਰਮੀ ਦਿਖਾਈ ਗਈ ਸੀ। ਫਿਰ ਮੁੱਖ ਸ਼ੱਕੀ ਜੈਪਾਲ ਨੇ ਸਾਰੇ ਲੋਕਾਂ ਦੇ ਦਾਅਵਿਆਂ ਨੂੰ ‘ਝੂਠ ਦਾ ਪੁਲੰਦਾ’ ਕਹਿੰਦੇ ਹੋਏ ਖੁਦ ਇਸ ਹੱਤਿਆ ਦੀ ਜ਼ਿੰਮੇਵਾਰੀ ਦਾ ਸਿਹਰਾ ਲਿਆ। ਕੁਝ ਸਮੇਂ ਪਿੱਛੋਂ ਵਿੱਕੀ ਗੌਂਡਰ ਜੇਲ੍ਹ ‘ਚੋਂ ਭੱਜਣ ਵਿੱਚ ਸਫਲ ਹੋ ਗਿਆ ਤੇ ਪਿਛਲੇ ਹਫਤੇ ਪੰਜਾਬ ਪੁਲਸ ਨਾਲ ਹੋਏ ਮੁਕਾਬਲੇ ਵਿੱਚ ਉਹ ਮਾਰਿਆ ਗਿਆ। ਉਹ ਕੌਮੀ ਪੱਧਰ ਦਾ ਡਿਸਕਸ ਥਰੋਅਰ ਸੀ ਤੇ ਸਭ ਤੋਂ ਖਤਰਨਾਕ ਗੈਂਗ ਦਾ ਮੁਖੀ ਬਣ ਗਿਆ ਸੀ। ਆਪਣੇ ਪ੍ਰਮੁੱਖ ਵਿਰੋਧੀਆਂ ‘ਚੋਂ ਇੱਕ ਜਣੇ ਦਾ ਪੁਲਸ ਹਿਰਾਸਤ ਵਿੱਚ ਕਤਲ ਕਰ ਕੇ ਉਸ ਨੇ ਸਭ ਦੇ ਸਾਹਮਣੇ ਉਸ ਦੀ ਲਾਸ਼ ਦੁਆਲੇ ਭੰਗੜਾ ਪਾਇਆ ਸੀ। ਉਦੋਂ ਉਥੇ ਪੁਲਸ ਮੁਲਾਜ਼ਮ ਵੀ ਮੌਜੂਦ ਸਨ, ਜਿਹੜੇ ਕਤਲ ਹੋਣ ਵਾਲੇ ਨੂੰ ਪੇਸ਼ੀ ਉਤੇ ਲੈ ਕੇ ਜਾ ਰਹੇ ਸਨ।
ਗੌਂਡਰ ਗੈਂਗ ਤੋਂ ਇਲਾਵਾ ਇਸ ਇਲਾਕੇ ਵਿੱਚ ਦਰਜਨ ਕੁ ਹੋਰ ਵੱਡੇ ਗੈਂਗ ਪੈਦਾ ਹੋ ਗਏ, ਜਿਹੜੇ ਲੋਕਾਂ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ, ਧਨ ਬਟੋਰਨ ਤੇ ਸੁਪਾਰੀ ਲੈ ਕੇ ਕਤਲ ਕਰਨ ਵਰਗੇ ਅਪਰਾਧਾਂ ਵਿੱਚ ਸ਼ਾਮਲ ਹਨ। ਖਾੜਕੂਵਾਦ ਖਤਮ ਹੋਣ ਤੋਂ ਬਾਅਦ ਅੱਜ ਇਹ ਗੈਂਗਸਟਰ ਪੰਜਾਬ ਦੀ ਸ਼ਾਂਤੀ ਲਈ ਵੱਡਾ ਖਤਰਾ ਬਣੇ ਹੋਏ ਹਨ। ਕੁਝ ਆਬਜ਼ਰਵਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਗਿਰੋਹ ਖਾੜਕੂਵਾਦ ਤੋਂ ਪਹਿਲਾਂ ਵੀ ਸਰਗਰਮ ਸਨ, ਪਰ ਉਸ ਦੇ ਸਿਖਰਲੇ ਦੌਰ ‘ਚ ਲਗਭਗ ਗਾਇਬ ਹੋ ਗਏ ਸਨ। ਇਹ ਸੰਭਵ ਹੈ ਕਿ ਉਨ੍ਹਾਂ ਵਿੱਚੋਂ ਕੁਝ ਨੇ ਖਾੜਕੂਆਂ ਨਾਲ ਹੱਥ ਮਿਲਾ ਲਿਆ ਜਾਂ ਫਿਰ ਖਾੜਕੂਵਾਦ ਦੇ ਪਰਦੇ ਹੇਠ ਆਪਣੀ ਖੇਡ ਜਾਰੀ ਰੱਖੀ ਹੋਈ ਸੀ। ਕੁਝ ਵੀ ਹੋਵੇ, ਪਿਛਲੇ ਇੱਕ ਦਹਾਕੇ ਤੋਂ ਉਨ੍ਹਾਂ ਨੇ ਫਿਰ ਸਿਰ ਚੁੱਕਿਆ ਹੋਇਆ ਹੈ ਅਤੇ ਅਮਨ-ਕਾਨੂੰਨ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਪਿਛਲੇ ਇੱਕ ਦਹਾਕੇ ਦੌਰਾਨ ਅਜਿਹੇ ਗੈਂਗ ਬਣਨ ਦਾ ਸਿਲਸਿਲਾ ਵਧਿਆ ਹੈ।
ਕੁਝ ਅਜਿਹੇ ਗਿਰੋਹ ਪੰਜਾਬ ‘ਚ ਸਰਗਰਮ ਹੋ ਗਏ, ਜਿਹੜੇ ਮੂਲ ਤੌਰ ਉਤੇ ਉਤਰ ਪ੍ਰਦੇਸ਼ ਨਾਲ ਸੰਬੰਧਤ ਹਨ। ਇਨ੍ਹਾਂ ਨੂੰ ਕੁਝ ਸਿਆਸਤਦਾਨਾਂ ਤੇ ਕਾਰੋਬਾਰੀਆਂ ਤੋਂ ਸ਼ਹਿ ਮਿਲ ਰਹੀ ਹੈ। ਉਨ੍ਹਾਂ ਨੇ ਆਪੋ-ਆਪਣੀਆਂ ਸਰਗਰਮੀਆਂ ਲਈ ਇਲਾਕੇ ਮਿੱਥੇ ਹੋਏ ਹਨ, ਪਰ ਮੁੱਖ ਗਿਰੋਹਾਂ ਵਿੱਚ ਫੁੱਟ ਪੈਣ ਕਾਰਨ ਗਿਰੋਹਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ ਤੇ ਜੋ ਵੀ ਕੰਮ ਉਹ ਕਰ ਰਹੇ ਹਨ, ਉਸ ਨਾਲ ਉਨ੍ਹਾਂ ਦੀ ਕਮਾਈ ਲਗਾਤਾਰ ਵਧ ਰਹੀ ਹੈ। ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਕੁਝ ਗੈਂਗਸਟਰਾਂ ਨੂੰ ਨੌਜਵਾਨਾਂ ਤੇ ਵਿਦਿਆਰਥੀਆਂ ਵਿੱਚੋਂ ਚੰਗੀ ਗਿਣਤੀ ਵਿੱਚ ਨਵੇਂ ਚੇਲੇ ਮਿਲ ਰਹੇ ਹਨ। ਵਿਦਿਆਰਥੀਆਂ ਦੀਆਂ ਯੂਨੀਅਨਾਂ ਦੀਆਂ ਚੋਣਾਂ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਸ਼ਮੂਲੀਅਤ ਜਗ ਜ਼ਾਹਰ ਹੈ ਤੇ ਇਨ੍ਹਾਂ ਕਾਰਨ ਹੀ ਵਿਦਿਅਕ ਅਦਾਰਿਆਂ ਦੇ ਕੰਪਲੈਕਸਾਂ ‘ਚ ਹਿੰਸਕ ਟਕਰਾਅ ਦੀਆਂ ਘਟਨਾਵਾਂ ਵਧ ਰਹੀਆਂ ਹਨ। ਕੁਝ ਗੈਂਗਸਟਰਾਂ ਦੇ ਤਾਂ ਫੇਸਬੁੱਕ ‘ਤੇ ਹਜ਼ਾਰਾਂ ਫਾਲੋਅਰ ਹਨ ਤੇ ਉਨ੍ਹਾਂ ਨੂੰ ‘ਲਾਈਕ’ ਕਰਨ ਵਾਲਿਆਂ ਦੀ ਗਿਣਤੀ ਵੀ ਹਜ਼ਾਰਾਂ ‘ਚ ਹੈ। ਇਨ੍ਹਾਂ ਦੇ ਫੇਸਬੁੱਕ ਪੇਜਾਂ ‘ਚ ਇਨ੍ਹਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਤੇ ਆਪਣੇ ਕਾਰਨਾਮਿਆਂ ਬਾਰੇ ‘ਫੜ੍ਹਾਂ ਮਾਰਦੇ’ ਦਿਖਾਇਆ ਜਾਂਦਾ ਹੈ।
ਪੁਲਸ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਕਈ ਗੈਂਗਸਟਰ ਅੱਜ ਜੇਲ੍ਹ ਦੀਆਂ ਸੀਖਾਂ ਪਿੱਛੇ ਹਨ, ਪਰ ਤ੍ਰਾਸਦੀ ਇਹ ਹੈ ਕਿ ਉਹ ਜੇਲ੍ਹਾਂ ‘ਚੋਂ ਹੀ ਬੜੀ ਆਸਾਨੀ ਨਾਲ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਫਿਰੌਤੀਆਂ ਲੈਣ ਜਾਂ ਕਿਸੇ ਦਾ ਕਤਲ ਕਰਨ ਦੇ ਹੁਕਮ ਉਨ੍ਹਾਂ ਵੱਲੋਂ ਜੇਲ੍ਹ ਵਿੱਚ ਹੀ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦਾ ਦਾਅਵਾ ਇਹੋ ਹੁੰਦਾ ਹੈ ਕਿ ਜੇਲ੍ਹ ਤੋਂ ਬਾਹਰ ਸਰਗਰਮ ਉਨ੍ਹਾਂ ਦੇ ਸਹਿਯੋਗੀ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਲੁਕੀ-ਛਿਪੀ ਗੱਲ ਨਹੀਂ ਕਿ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਤੇ ਹੋਰਨਾਂ ਕੈਂਦੀਆਂ ਨੂੰ ਬੜੀ ਆਸਾਨੀ ਨਾਲ ਸਮਾਰਟ ਫੋਨ ਮਿਲ ਜਾਂਦੇ ਹਨ। ਪੁਲਸ ਦਾਅਵਾ ਕਰਦੀ ਹੈ ਕਿ ਜੇਲ੍ਹਾਂ ਵਿੱਚ ਤਲਾਸ਼ੀ ਦੌਰਾਨ ਅਕਸਰ ਕੈਦੀਆਂ ਕੋਲੋਂ ਮੋਬਾਈਲ ਫੋਨ ਜ਼ਬਤ ਹੁੰਦੇ ਹਨ, ਫਿਰ ਵੀ ਕੈਦੀਆਂ ਵੱਲੋਂ ਅਜਿਹੇ ਯੰਤਰਾਂ ਦੀ ਵਰਤੋਂ ਕੀਤੇ ਜਾਣ ਦੇ ਰੁਝਾਨ ‘ਤੇ ਰੋਕ ਨਹੀਂ ਲੱਗ ਸਕੀ।
ਗੈਂਗਸਟਰਾਂ ਤੇ ਸਿਆਸਤਦਾਨਾਂ ਵਿਚਾਲੇ ਗੱਢਤੁੱਪ ਵੀ ਜਗ ਜ਼ਾਹਰ ਹੈ। ਬਹੁਤ ਸਾਰੇ ਗੈਂਗਸਟਰ ਤਾਂ ਸਿਆਸਤਦਾਨਾਂ ਨਾਲ ਆਪਣੀਆਂ ਫੋਟੋ ਬੜੇ ਮਾਣ ਨਾਲ ਦਿਖਾਉਂਦੇ ਹਨ। ਸਿਆਸਤਦਾਨ ਬਹੁਤ ਆਸਾਨੀ ਨਾਲ ਆਪਣਾ ਪੱਲਾ ਝਾੜਨ ਲਈ ਕਹਿ ਦਿੰਦੇ ਹਨ ਕਿ ਉਨ੍ਹਾਂ ਨਾਲ ਕਈ ਤਰ੍ਹਾਂ ਦੇ ਲੋਕ ਫੋਟੋਆਂ ਖਿਚਵਾਉਂਦੇ ਰਹਿੰਦੇ ਹਨ। ਜਸਵਿੰਦਰ ਰੌਕੀ ਦੇ ਮਾਰੇ ਜਾਣ ਤੋਂ ਛੇਤੀ ਬਾਅਦ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਸ਼ੇਰ ਸਿੰਘ ਘੁਬਾਇਆ ਉਸ ਦੀ ਮੌਤ ‘ਤੇ ਹਮਦਰਦੀ ਪ੍ਰਗਟਾਉਣ ਉਸ ਦੇ ਘਰ ਗਏ ਸਨ। ਜਦੋਂ ਮੀਡੀਆ ਨੇ ਉਥੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਿਰਫ ਇੰਨਾ ਕਿਹਾ ਕਿ ਉਹ ਰੌਕੀ ਨੂੰ ਇੱਕ ਵੋਟਰ ਵਜੋਂ ਜਾਣਦੇ ਸਨ, ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਪੁਲਸ ਨੇ ਉਸ ਵਿਰੁੱਧ ਇੰਨੇ ਸਾਰੇ ਕੇਸ ਦਰਜ ਕੀਤੇ ਹੋਏ ਹਨ। ਕਾਂਗਰਸ ਦੇ ਦੋ ਸਾਬਕਾ ਮੰਤਰੀ ਵੀ ਪਰਵਾਰਕ ਮਿੱਤਰਾਂ ਵਜੋਂ ਉਸ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਸਨ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਗੈਂਗਸਟਰ ਹੇਠਲੇ ਮੱਧ ਵਰਗ ਦੇ ਪਿਛੋਕੜ ਨਾਲ ਸੰਬੰਧਤ ਹਨ ਤੇ ਉਹ ਸਿਰਫ ਆਪਣੀ ਤਾਕਤ ਦੀ ਦੁਨੀਆ ਵਿੱਚ ਆਏ ਹਨ। ਇਨ੍ਹਾਂ ਗੈਂਗਸਟਰਾਂ ਦਾ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੇ ਮਾਫੀਆ ਸਰਗਣਿਆਂ ਨਾਲ ਵੀ ਗੂੜ੍ਹਾ ਸੰਬੰਧ ਹੈ। ਇੱਕ ਪੁਲਸ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਗੈਂਗਸਟਰਾਂ ‘ਚੋਂ ਬਹੁਤੇ ਖਿਡਾਰੀ ਪਿਛੋਕੜ ਤੋਂ ਹਨ, ਜਿਨ੍ਹਾਂ ਨੇ ਅੰਡਰਵਰਲਡ ਵਿੱਚ ਸ਼ਾਮਲ ਹੋਣ ਲਈ ਹੀ ਖੇਡਾਂ ਨੂੰ ਅਲਵਿਦਾ ਕਿਹਾ ਸੀ।
ਜ਼ਿਕਰ ਯੋਗ ਹੈ ਕਿ ਵਿੱਕੀ ਗੌਂਡਰ ਵੀ ਜਵਾਨੀ ਦੇ ਦਿਨਾਂ ਵਿੱਚ ਕਈ ਕਈ ਘੰਟੇ ਖੇਡ ਦੇ ਮੈਦਾਨ ਵਿੱਚ ਬਿਤਾਉਂਦਾ ਸੀ। ਸਰਕਾਰ ਨੂੰ ਇਸ ਬਾਰੇ ਅਧਿਐਨ ਕਰਵਾਉਣਾ ਚਾਹੀਦਾ ਹੈ ਕਿ ਅਜਿਹੇ ਗਿਰੋਹਾਂ ਦੀ ਗਿਣਤੀ ਕਿਉਂ ਵਧਦੀ ਜਾ ਰਹੀ ਹੈ ਤੇ ਘੱਟੋ-ਘੱਟ ਇਹ ਦੇਖਣਾ ਚਾਹੀਦਾ ਹੈ ਕਿ ਸਿਆਸੀ ਸ਼ਹਿ ਨੂੰ ਨਿਰਉਤਸ਼ਾਹਤ ਕੀਤਾ ਜਾਵੇ। ਉਂਝ ਸਰਕਾਰ ਨੇ ਅਜਿਹੇ ਗੈਂਗਸਟਰਾਂ ਨਾਲ ਨਜਿੱਠਣ ਲਈ ਸਖਤ ਕਾਨੂੰਨ ਲਿਆਉਣ ਦਾ ਮਤਾ ਪੇਸ਼ ਕੀਤਾ ਸੀ, ਪਰ ਉਹ ਠੰਢੇ ਬਸਤੇ ਵਿੱਚ ਪਿਆ ਰਹਿ ਗਿਆ। ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਹਰੇਕ ਸਖਤ ਕਦਮ ਚੁੱਕਣਾ ਪਵੇਗਾ ਕਿ ਬੜੀਆਂ ਮੁਸ਼ਕਲਾਂ ਝੱਲ ਕੇ ਪੰਜਾਬ ਵਿੱਚ ਜੋ ਸ਼ਾਂਤੀ ਬਹਾਲ ਹੋਈ ਹੈ, ਉਹ ਭੰਗ ਨਾ ਹੋਵੇ।