ਪੰਜਾਬ ਚੋਣਾਂ ਦੇ ਨਤੀਜੇ : ਮੁਬਾਰਕ ਹੋਵੇ 11 ਮਾਰਚ!

zzzzzzzz-300x1111ਪੰਜਾਬ ਅਸੈਂਬੰਲੀ ਚੋਣਾਂ ਦੇ ਨਤੀਜੇ 11 ਮਾਰਚ ਭਾਵ ਭਲਕੇ ਨੂੰ ਆ ਜਾਣਗੇ। ਪੰਜਾਬ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁ-ਗਿਣਤੀ ਕੈਨੇਡੀਅਨ ਪੰਜਾਬੀਆਂ ਦੇ ਸਾਹਾਂ ਵਿੱਚੋਂ ਨਿਕਲ ਰਹੀ ਉਡੀਕ ਦੀ ਗਰਮੀ ਨੂੰ ਸਹਿਜ ਹੀ ਅਨੁਭਵ ਕੀਤਾ ਜਾ ਸਕਦਾ ਹੈ। ਆਪਣੀ ਮਾਂ ਧਰਤੀ ਨਾਲ ਮੋਹ ਕਰਨਾ ਪੰਜਾਬੀਆਂ ਦਾ ਖਾਸਾ ਹੈ ਲੇਕਿਨ ਸਿਆਸਤ ਨੂੰ ਲੈ ਕੇ ਪੰਜਾਬ ਦਾ ਹੇਜ ਕਰਨਾ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਬਹੁਤ ਵੱਡੀ ਗੱਲ ਬਣੀ ਹੋਈ ਹੈ।

ਜੇਕਰ ਸੀ ਵੋਟਰ (CVoter), ਏ ਬੀ ਪੀ ਸੀ ਐਸ ਡੀ ਐਸ (ABP-CSDS)  ਨਿਊਜ਼ ਐਮ ਆਰ ਸੀ (News X-MRC) ਅਤੇ ਟੂਡੇਜ਼ ਚਾਨਾਕਿਆ (Today’s Chanakya)  ਵੱਲੋਂ ਕਰਵਾਈਆਂ ਗਈਆਂ ਐਗਜਿ਼ਟ ਪੋਲਾਂ ਦੇ ਨਤੀਜਿਆਂ ਨੂੰ ਵੇਖਿਆ ਜਾਵੇ ਤਾਂ ਸੀਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿੱਚ ਬਰਾਬਰ ਦਾ ਭੇੜ ਹੋਣ ਦੇ ਆਸਾਰ ਹਨ। ਇਸਦੇ ਉਲਟ ਅਕਾਲੀ ਭਾਜਪਾ ਗਠਜੋੜ ਲਈ ਚੋਣ ਨਤੀਜੇ ਨਿਰਾਸ਼ ਭਰੇ ਹੋ ਸਕਦੇ ਹਨ, ਇਸ ਬਾਰੇ ਵੀ ਸਾਰੇ ਸਰਵੇਖਣ ਸਹਿਮਤ ਜਾਪਦੇ ਹਨ। ਅਸਲ ਵਿੱਚ ਕੌਣ ਸਰਕਾਰ ਬਣਾਏਗਾ ਅਤੇ ਕਿਹੜਾ ਵਿਰੋਧੀ ਧਿਰ ਦੀ ਪੱਟੀ ਸਿਰ ਉੱਤੇ ਬੰਨ ਕੇ ਸੱਤਾ ਦੇ ਹੂਟਿਆਂ ਤੋਂ ਬਾਂਝਾ ਰਹੇਗਾ, ਇਸਦਾ ਫੈਸਲਾ 11 ਮਾਰਚ ਨੂੰ ਹੋ ਜਾਵੇਗਾ। ਵੈਸੇ ਚੋਣਾਂ ਦੇ ਨਤੀਜੇ ਆਉਣ ਤੱਕ ਗਰੇਟਰ ਟੋਰਾਂਟੋ ਏਰੀਆ, ਵੈਨਕੂਵਰ, ਐਡਮਿੰਟਨ ਤੋਂ ਲੈ ਕੇ, ਕੈਲਗਰੀ ਤੱਕ ‘ਆਪ’ ਪਾਰਟੀ ਦੇ ਕਾਰਕੁਨ ਕਾਂਗਰਸ ਅਤੇ ਅਕਾਲੀਆਂ ਨਾਲੋਂ ਵਧੇਰੇ ਆਸਵੰਦ ਵਿਖਾਈ ਦੇਂਦੇ ਹਨ।

ਆਮ ਆਦਮੀ ਪਾਰਟੀ ਦੇ ਕੈਨੇਡਾ ਕਾਰਕੁਨਾਂ ਦਾ ਰੁਝਾਨ ਸ਼ੁਰੂ ਤੋਂ ਹੀ ਆਸ਼ਾਵਾਦੀ ਰਿਹਾ ਹੈ। ਇਸ ਗੱਲ ਦਾ ਸਿਹਰਾ ਵੀ ‘ਆਪ’ ਦੇ ਵਾਲੰਟੀਅਰਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਦੀਆਂ ਦੋਵੇਂ ਰਿਵਾਇਤੀ ਪਾਰਟੀਆਂ (ਅਕਾਲੀ ਅਤੇ ਕਾਂਗਰਸ) ਦੀਆਂ ਪੁਰਾਣੀਆਂ ਰਿਵਾਇਤਾਂ ਨੂੰ ਤਿਲਾਂਜਲੀ ਦੇ ਕੇ ਵਿਦੇਸ਼ਾਂ ਚੋਂ ਕੀਤੀ ਜਾਣ ਵਾਲੀ ਚੋਣ ਮੁਹਿੰਮ ਨੂੰ ਨਵੀਂ ਪ੍ਰੀਭਾਸ਼ਾ ਪ੍ਰਦਾਨ ਕੀਤੀ। ਉਹਨਾਂ ਕੋਲ ਤਜੁਰਬੇ ਦੀ ਘਾਟ ਹੋ ਸਕਦੀ ਸੀ ਲੇਕਿਨ ਹਿੰਮਤ ਅਤੇ ਆਸ ਦੀ ਭਰਪੂਰਤਾ ਸੀ। ਜਿਸ ਤਰੀਕੇ ‘ਆਪ’ਵਾਲੰਟੀਅਰਾਂ ਨੇ ਖੁਦ ਦੇ ਪੈਸੇ ਫੂਕ ਕੇ ਪੰਜਾਬ ਜਾ ਕੇ ਪ੍ਰਚਾਰ ਕੀਤਾ, ਇਹ ਗੱਲ ਇੱਕਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣੀ। ਭਾਰਤ ਹੀ ਕਿਉਂ, ਇਹਨਾਂ ਵਾਲੰਟੀਅਰਾਂ ਦੇ ਜੋਸ਼ ਨੇ ਕੈਨੇਡਾ ਦੇ ਮੁੱਖ ਧਾਰਾ ਦੇ ਮੀਡੀਆ ਵਿੱਚ ਵੀ ਪੰਜਾਬ ਦੀਆਂ ਚੋਣਾਂ ਦੇ ਮੁੱਦੇ ਨੂੰ ਸਰਗਰਮ ਕੀਤਾ ਜਿਸਨੂੰ ‘ਆਪ’ ਵਾਲੰਟੀਅਰਾਂ ਦੀ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ।

ਆਪਣੇ ਜੋਸ਼ੀਲੇ ਸੁਭਾਅ ਮੁਤਾਬਕ ‘ਆਪ’ ਦੇ ਵਾਲੰਟੀਅਰਾਂ ਨੇ ਚੋਣ ਨਤੀਜਿਆਂ ਨੂੰ ਜੀਅ ਆਇਆਂ ਨੂੰ ਆਖਣ ਵਾਸਤੇ ਬਰੈਂਪਟਨ ਵਿੱਚ ਦੋ ਬੈਂਕੁਇਟ ਹਾਲ ਬੁੱਕ ਕੀਤੇ ਹੋਏ ਹਨ। ਇੱਥੇ ਵੱਡੀਆਂ ਟੀ ਵੀ ਸਕਰੀਨਾਂ ਵਰਤ ਕੇ ਚੋਣ ਨਤੀਜਿਆਂ ਦੀਆਂ ਗਰਮਾ ਗਰਮ ਜਲੇਬੀਆਂ ਦਾ ਲੈਣ ਲਈ ਸਿੱਧਾ ਪੰਜਾਬ ਨਾਲ ਜੋੜਿਆ ਜਾਵੇਗਾ। ਵੇਖਣਾ ਦਿਲਚਸਪ ਹੋਵੇਗਾ ਕਿ ਚੋਣ ਨਤੀਜੇ ‘ਆਪ’ ਵਾਲੰਟੀਅਰਾਂ ਅਤੇ ਸਮਰੱਥਕਾਂ ਨੂੰ ਜਲੇਬੀਆਂ ਭਾਵ ਜਿੱਤ ਦਾ ਸੁਆਦ ਦੇਂਦੇ ਹਨ ਜਾਂ ਫੇਰ ਖੱਟੇ ਮਿੱਠੇ ਬਦਾਣੇ (ਭਾਵ ਆਸ ਨਾਲੋਂ ਘੱਟ ਸੀਟਾਂ) ਨਾਲ ਸਬਰ ਕਰਨਾ ਪਵੇਗਾ। ਜਿੱਥੇ ਤੱਕ ਕਾਂਗਰਸੀਆਂ ਦਾ ਸੁਆਲ ਹੈ, ਉਤਸ਼ਾਹਿਤ ਉਹਨਾਂ ਵਿੱਚ ਵੀ ਕਾਫ਼ੀ ਹੈ ਐਪਰ ਉਹ ਨਿੱਕੇ ਨਿੱਕੇ ਗਰੁੱਪ ਬਣਾ ਕੇ ਨਿੱਜੀ ਘਰਾਂ ਵਿੱਚ 11 ਮਾਰਚ ਦੀ ਆਮਦ ਦਾ ਸੁਆਗਤ ਕਰਨ ਦੀਆਂ ਤਿਆਰੀਆਂ ਵਿੱਚ ਹਨ। ਅਕਾਲੀ ਪਾਰਟੀ ਦੀ ਹਾਲੇ ਕੋਈ ਕਣਸੋਅ ਹਾਲੇ ਨਹੀਂ ਮਿਲੀ ਕਿ ਉਹ 11 ਮਾਰਚ ਦਾ ਦਿਨ ਕਿਵੇਂ ਬਿਤਾਉਣਗੇ।

ਚੋਣ ਨਤੀਜਿਆਂ ਤੋਂ ਪਹਿਲਾਂ ਇੱਕ ਅਹਿਮ ਸੁਆਲ ਮੂੰਹ ਅੱਡੀ ਖੜਾ ਹੈ। ਕੀ ਕੈਨੇਡੀਅਨ ਪੰਜਾਬੀਆਂ ਜਾਂ ਆਖ ਲਵੋ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਦੀ ਪੰਜਾਬ ਦੀਆਂ ਚੋਣਾਂ ਵਿੱਚ ਦਿਲਚਸਪੀ ਪੰਜਾਬ ਦੇ ਵਿਕਾਸ ਤੋਂ ਪ੍ਰੇਰਿਤ ਹੁੰਦੀ ਹੈ ਜਾਂ ਸਿਰਫ਼ ਸਿਆਸਤ ਦੇ ਭੁਸ ਕਾਰਣ? ਬੀਤੇ ਦਿਨੀਂ ਪਲੈਨਟ ਵਨ (Planet One)  ਮੁਹਿੰਮ ਨਾਲ ਜੁੜੀ ਨੌਜਵਾਨ ਲੜਕੀ ਪ੍ਰਭਜੋਤ ਕੌਰ ਕੈਂਥ ਨੇ ਵੱਖੋ ਵੱਖਰੇ ਪੰਜਾਬੀ ਮੀਡੀਆ ਆਊਟਲੈੱਟਾਂ ਰਾਹੀਂ 7 ਕੁ ਹਜ਼ਾਰ ਡਾਲਰ ਇੱਕਤਰ ਕਰਨ ਦੀ ਅਪੀਲ ਕੀਤੀ ਪਰ ਉਹ ਆਪਣੇ ਮਨੋਰਥ ਵਿੱਚ ਸਫ਼ਲ ਨਹੀਂ ਹੋ ਸਕੀ। ਉਸਦਾ ਮਨੋਰਥ ਪੰਜਾਬ ਦੇ ਗੰਧਲੇ ਹੋ ਚੁੱਕੇ ਪਾਣੀਆਂ ਦੀ ਜਾਂਚ ਕਰਨ ਲਈ ਸ੍ਰੋਤ ਇੱਕਤਰ ਕਰਨਾ ਸੀ। ਕੀ ਪ੍ਰਭਜੋਤ ਇਸ ਲਈ ਅਸਫਲ ਹੋਈ ਕਿ ਲੱਖਾਂ ਦੀ ਗਿਣਤੀ ਵਿੱਚ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਪਾਣੀਆਂ ਦੇ ਖਰਾਬ ਹੋਣ ਦੀ ਗੰਭੀਰ ਗੱਲ ਸਮਝ ਨਹੀਂ ਆਈ ਅਤੇ ਜਾਂ ਸਿਆਸਤ ਤੋਂ ਅੱਗੇ ਪੰਜਾਬ ਦੇ ਕਿਸੇ ਹੋਰ ਮਸਲੇ ਵਿੱਚ ਦਿਲਚਸਪੀ ਰੱਖਣ ਨੂੰ ਅਸੀਂ ਫਜ਼ੂਲ ਦਾ ਸ਼ੌਕ ਸਮਝਦੇ ਹਾਂ? ਇਸ ਸੁਆਲ ਦੇ ਚੱਲਦੇ ਚੋਣਾਂ ਵਿੱਚ ਜਿੱਤ ਜਿਸ ਮਰਜ਼ੀ ਪਾਰਟੀ ਦੀ ਹੋਵੇ, ਪਰ ਜਾਪਦਾ ਹੈ ਕਿ ਪੰਜਾਬ ਦੇ ਮਰਦੇ ਜਾਂਦੇ ਇੱਕ ਹਿੱਸੇ ਵਿੱਚੋਂ ਉਪਜਦੀ ਟੀਸ ਜਾਰੀ ਰਹਿਣ ਦੀਆਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ। ਇਸ ਸੁਆਲ ਦੇ ਬਾਵਜੂਦ 11 ਮਾਰਚ ਸਾਰਿਆਂ ਨੂੰ ਅਗਾਉਂ ਮੁਬਾਰਕ ਹੋਵੇ!