ਪੰਜਾਬ ਕੌਰ, ਪੰਜੋ ਰਫੂਜਣ ਤੇ ਭੱਠਲਾਂ ਦਾ ਗੁੰਮਨਾਮ ਕਵੀ

-ਅਮਨਿੰਦਰ ਪਾਲ
ਨਾ ਇਹ ਕਵਿਤਾ ਕਵੀ ਦਰਬਾਰ ਪੁੱਜੀ ਤੇ ਨਾ ਇਸ ਦਾ ਰਚਣਹਾਰ ਕਿਸੇ ਇਨਾਮ ਸਮਾਰੋਹ ਦੀ ਸਟੇਜ ਤਕ ਅੱਪੜ ਸਕਿਆ। ਕੁਝ ਸਾਲ ਸਕੂਲਾਂ, ਕਾਲਜਾਂ ਦੇ ਕਵਿਤਾ ਮੁਕਾਬਲਿਆਂ ਤੇ ਨਾਟਕ ਮੇਲਿਆਂ ਵਿੱਚ ਕਵਿਤਾ ਗੂੰਜੀ। ਫਿਰ ਚੁੱਪ ਹੋ ਗਈ। ਹੁਣ ਤਾਂ ਕਈ-ਕਈ ਸਾਲ ਲੰਘ ਜਾਂਦੇ ਹਨ ਇਸ ਦਾ ਉਚਾਰਣ ਸੁਣਿਆਂ। ਅਸਲ ਵਿੱਚ ਇਹ ਕਵਿਤਾ ਹੈ ਹੀ ਨਹੀਂ ਸੀ, ਸਗੋਂ ਸਿਰਫ਼ 37 ਸਾਲਾਂ ਦੇ ਫਾਸਲੇ ਨਾਲ ਵਾਪਰੇ ਮਹਾਂਨਾਸ਼ਾਂ ਦਾ ਅਜਿਹਾ ਬਿਰਤਾਂਤ ਸੀ, ਜਿਸ ਵਿੱਚ ਹਰ ਧਿਰ ਜਿੱਤ ਗਈ ਸੀ, ਸਿਵਾਏ ਪਾਗਲ ਪੰਜੋ ਵਿੱਚ ਤਬਦੀਲ ਹੋਈ ਪੰਜਾਬ ਕੌਰ ਦੇ।
1984 ਦੀ ਦਿੱਲੀ ਹਾਲੇ ਸੁਲਗ਼ ਰਹੀ ਸੀ। ਸੜਦੇ ਟਾਇਰਾਂ ਵਿੱਚੋਂ ਨਿਕਲਦੇ ਧੂੰਏਂ ਦੀ ਕਾਲਖ ਨਾਲ ਅਸਮਾਨ ਹਾਲੇ ਗੰਧਲਾ ਸੀ। ਉਨ੍ਹਾਂ ਦਿਨਾਂ ਵਿੱਚ ਦਿੱਲੀ ਤੋਂ ਆਉਂਦੀਆਂ ਗਰਮ ਹਵਾਵਾਂ ਨਾਲ ਸਹਿਮ ਕੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੱਠਲਾਂ ਦੇ ਮਿੰਦਰਪਾਲ ਨੇ ਇਹ ਕਵਿਤਾ ਲਿਖੀ ਸੀ। ਉਨਵਾਨ ਸੀ, ‘ਪੰਜੋ ਰਫੂਜਣ।’ ਮੈਂ ਇਹ ਕਵਿਤਾ ਪੰਜਵੀਂ ਜਮਾਤ ਵਿੱਚ ਸਕੂਲ ਵਿੱਚ ਪੜ੍ਹੀ ਸੀ। ਸਕੂਲ ਦੀ ਇੱਕ ਅਧਿਆਪਕਾ ਲਾਇਲਪੁਰ (ਪਾਕਿਸਤਾਨ) ਤੋਂ ਉੱਜੜ ਕੇ ਆਏ ਪਰਿਵਾਰ ਵਿੱਚੋਂ ਸੀ। ਕਵਿਤਾ ਖ਼ਤਮ ਹੁੰਦੇ ਸਾਰ ਅਧਿਆਪਕਾ ਫੁੱਟ ਪਈ। ਰੋਂਦੀ-ਰੋਂਦੀ ਨੇ ਪੰਜਾਹ ਦਾ ਨੋਟ ਇਨਾਮ ਦਿੱਤਾ ਤੇ ਘੁੱਟ-ਘੁੱਟ ਪਾਗਲਾਂ ਵਾਂਗ ਪਿਆਰ ਦੇਣ ਲੱਗੀ। ਉਦੋਂ ਮੈਂ ਹੈਰਾਨ ਹੋਇਆ ਉਸ ਵੱਲ ਤੱਕਦਾ ਰਿਹਾ ਸੀ। ਅੱਜ ਕੱਲ੍ਹ ਜਦੋਂ 70 ਸਾਲ ਪੁਰਾਣੀਆਂ ਹੱਲਿਆਂ ਵੇਲੇ ਸਭ ਕੁਝ ਲੁਟਾ ਕੇ ਤੁਰੇ ਆਉਂਦੇ ਕਾਫ਼ਲਿਆਂ ਦੀਆਂ ਤਸਵੀਰਾਂ ਨਜ਼ਰੀਂ ਪੈਂਦੀਆਂ ਹਨ ਤਾਂ ਪੰਜੋ ਰਫੂਜਣ ਦੇ ਵੈਣ ਕਤਲੋ ਗਾਰਤ ਦੇ ਉਨ੍ਹਾਂ ਪਲਾਂ ਦੀ ਤਸਵੀਰ ਸਾਹਮਣੇ ਲੈ ਆਉਂਦੇ ਹਨ, ਜਿਨ੍ਹਾਂ ਪਲਾਂ ਦੌਰਾਨ ਧਾਰਮਿਕ ਬੁਰਛਾ ਗਰਦੀ ਦੇ ਦੋ ਨਵੇਂ ਅਧਿਆਇ ਰਚੇ ਗਏ ਸਨ, ਤੇ ਕਵਿਤਾ ਪੜ੍ਹਨ ਤੋਂ ਲਗਪਗ ਵੀਹ ਵਰ੍ਹਿਆਂ ਬਾਅਦ ਮੈਨੂੰ ਅਹਿਸਾਸ ਹੁੰਦਾ ਹੈ ਕਿ ਲਾਇਲਪੁਰ ਦੀ ਉਸ ‘ਰਫੂਜਣ’ ਅਧਿਆਪਕਾ ਦੀ ਪੰਜੋ ਰਫੂਜਣ ਨਾਲ ਸਾਂਝ ਕਿੰਨੀ ਡੂੰਘੀ ਸੀ।
ਮਿੰਦਰਪਾਲ ਦੱਸਦਾ ਹੈ ਕਿ ਦਿੱਲੀ ਦੰਗਿਆਂ ਤੋਂ ਕਈ ਦਿਨ ਬਾਅਦ ਤਕ ਇਸ ਕਵਿਤਾ ਅੰਦਰਲੀ ਕਹਾਣੀ ਉਸ ਅੰਦਰ ਰੜਕਦੀ ਰਹੀ ਸੀ, ਪਰ ਜਦੋਂ ਉਹ ਲਿਖਣ ਬੈਠਦਾ ਤਾਂ ਉਸ ਅੰਦਰਲਾ ਕਵੀ ਦਿੱਲੀ ਨਾ ਰੁਕਦਾ, ਸਗੋਂ ਲਾਇਲਪੁਰ ਚਲਿਆ ਜਾਂਦਾ। ਉਹ 1984 ਦੀ ਥਾਂ 1947 ਜਾ ਪਹੁੰਚਦਾ, ਸਗੋਂ 1947 ਤੋਂ ਵੀ ਪਿਛਾਂਹ ਜਾਂਦਾ ਤੇ ਲਾਇਲਪੁਰ ਟੱਪ ਪਹੁੰਚ ਜਾਂਦਾ ਉਸ ਪੰਜਾਬ ਕੌਰ ਦੇ ਪਿੰਡ, ਜਿਸ ਦਾ ਜਲੌਅ ਉਸ ਨੂੰ ਵੰਡ ਤੋਂ ਪਹਿਲਾਂ ਦੇ ਪੰਜਾਬ ਵਰਗਾ ਜਾਪਦਾ। ਪੰਜ ਦਰਿਆਵਾਂ ਦੀ ਲਾਡਲੀ ਉਸ ਧਰਤੀ ਦੀ ਪਛਾਣ ਉਹ ਪੰਜਾਬ ਕੌਰ ਦੇ ਰੂਪ ਵਿੱਚ ਕੁਝ ਇਸ ਤਰ੍ਹਾਂ ਕਰਵਾਉਂਦਾ ਹੈ:

ਅਸਲ ਵਿੱਚ ਉਸ ਦਾ ਨਾਂ ਪੰਜਾਬ ਕੌਰ ਸੀ,
ਜਦ ਉਹ ਨੂਰਾਂ ਤੇ ਪਾਰਬਤੀ ਸੰਗ ਮਿਲ ਕੇ ਉੱਚੀ ਹੇਕ ਲਾਉਂਦੀ,
ਗਿੱਧਿਆਂ ਵਿੱਚ ਧਮਾਲ ਪਾਉਂਦੀ,
ਤਾਂ ਕਾਬਲ-ਕੰਧਾਰ ਤੱਕ ਧਰਤੀ ਹਿਲਦੀ,
ਤੇ ਮਹਾਰਾਣੀ ਵਿਕਟੋਰੀਆ ਦੇ ਦਰਬਾਰ ਵਿੱਚ ਸ਼ਿਕਾਇਤਾਂ ਜੁੜਦੀਆਂ।