ਪੰਜਾਬ ਕਾਂਗਰਸ ਦੇ ਕੰਮ ਵਿੱਚ ਤੇਜ਼ੀ ਲਈ ਹਾਈ ਕਮਾਨ ਨੇ ਕਮੇਟੀਆਂ ਬਣਾਈਆਂ


* ਨਵਜੋਤ ਸਿੱਧੂ ਦਾ ਨਾਂਅ ਕਮੇਟੀਆਂ ਵਿੱਚੋਂ ਗਾਇਬ
ਨਵੀਂ ਦਿੱਲੀ, 1 ਮਈ, (ਪੋਸਟ ਬਿਊਰੋ)- ਪਾਰਲੀਮੈਂਟ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਕਰਨ ਲਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਤਾਲਮੇਲ ਅਤੇ ਸਰਗਰਮੀ ਵਧਾਉਣ ਵਾਸਤੇ ਦੋ ਮੁੱਢਲੀਆਂ ਕਮੇਟੀਆਂ ਨੂੰ ਮਨਜ਼ੂਰੀ ਦਿੱਤੀ ਹੈ, ਪਰ ਇਨ੍ਹਾਂ ਵਿੱਚੋਂ ਮੰਤਰੀ ਨਵਜੋਤ ਸਿੰਘ ਸਿੱੱਧੂ ਦਾ ਨਾਂ ਗਾਇਬ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਨਵੀਂ ਬਣਾਈ ਕੋਆਰਡੀਨੇਸ਼ਨ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੌਦਾਂ ਹੋਰ ਆਗੂਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਦੂਸਰੇ ਨਾਵਾਂ ਵਿੱਚ ਪੰਜਾਬ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਕੁਝ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ। ਕਾਂਗਰਸ ਪਾਰਟੀ ਦੀ ਇਸ ਮੋਨੀਟਰਿੰਗ ਕਮੇਟੀ ਵਿੱਚ ਮਨਪ੍ਰੀਤ ਸਿੰਘ ਬਾਦਲ ਸਮੇਤ ਵੀਹ ਆਗੂ ਸ਼ਾਮਲ ਦੱਸੇ ਜਾਂਦੇ ਹਨ, ਪਰ ਪਿਛਲੇਰੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਆਏ ਕ੍ਰਿਕਟਰ ਤੋਂ ਰਾਜਸੀ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਦਾ ਨਾਂ ਕਿਸੇ ਵੀ ਕਮੇਟੀ ਵਿੱਚ ਨਹੀ ਪਾਇਆ ਗਿਆ।
ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵੱਲੋਂ ਜਾਰੀ ਕੀਤੀ ਗਈ ਇਸ ਲਿਸਟ ਵਿੱਚ 16 ਪਾਰਟੀ ਆਗੂਆਂ ਤੇ ਅਹੁਦੇਦਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕੋਆਰਡੀਨੇਸ਼ਨ ਕਮੇਟੀ ਵਿੱਚ ਸ਼ਾਮਲ ਕੀਤੇ ਸੀਨੀਅਰ ਆਗੂਆਂ ਵਿੱਚ ਅੰਬਿਕਾ ਸੋਨੀ, ਰਜਿੰਦਰ ਕੌਰ ਭੱਠਲ, ਹਰੀਸ਼ ਚੌਧਰੀ, ਕਿਸ਼ੋਰੀ ਲਾਲ ਸ਼ਰਮਾ, ਲਾਲ ਸਿੰਘ, ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਚੌਧਰੀ ਸੰਤੋਖ ਸਿੰਘ, ਰਾਜ ਕੁਮਾਰ ਵੇਰਕਾ ਤੇ ਕੁਲਜੀਤ ਸਿੰਘ ਨਾਗਰਾ ਦੇ ਨਾਂ ਵੀ ਹਨ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਭਰੋਸੇ ਯੋਗ ਕੈਪਟਨ ਸੰਦੀਪ ਸਿੰਘ ਸੰਧੂ ਵੀ ਹੈ। ਮੋਨੀਟਰਿੰਗ ਕਮੇਟੀ ਵਿੱਚ ਆਸ਼ਾ ਕੁਮਾਰੀ, ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਵਿਜੈਇੰਦਰ ਸਿੰਗਲਾ ਵੀ ਹਨ। ਇਨ੍ਹਾਂ ਤੋਂ ਇਲਾਵਾ ਅਮਰ ਸਿੰਘ, ਜੈ ਸਿੰਘ, ਸੰਦੀਪ ਸਿੰਘ ਸੰਧੂ, ਐਮੈਨੁਅਲ ਨਾਹਰ, ਵਿਜੈ ਕਾਲੜਾ, ਅਮਰਪ੍ਰੀਤ ਸਿੰਘ ਲਾਲੀ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਦੇ ਨਾਂ ਵੀ ਹਨ। ਪੰਜਾਬ ਕਾਂਗਰਸ ਲਈ ਨਵੇਂ ਨਿਯੁਕਤ ਕੀਤੇ ਬੁਲਾਰਿਆਂ ਵਿੱਚ ਵਿਧਾਇਕ ਦਲਬੀਰ ਸਿਦੰਘ ਗੋਲਡੀ, ਸੁਖਵਿੰਦਰ ਸਿੰਘ ਡੈਨੀ, ਇੰਦਰਜੀਤ ਸਿੰਘ ਜ਼ੀਰਾ, ਅਮਰ ਸਿੰਘ, ਬਰਿੰਦਰ ਸਿੰਘ ਢਿੱਲੋਂ, ਨਵਜੋਤ ਦਹੀਆ, ਰਾਜਪਾਲ ਸਿੰੰਘ, ਸੁਰਜੀਤ ਸਵੈਚ, ਰਵਿੰਦਰਪਾਲ ਸਿੰਘ ਪਾਲੀ ਤੇ ਸਵਿਤਾ ਸਿਸੋਦੀਆ ਦੇ ਨਾਂਅ ਵੀ ਸ਼ਾਮਲ ਹਨ।