ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਨੇ ਮਨਾਈ ਪਲੇਠੀ ਪਿਕਨਿਕ

PSB Picnicਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ): ਬੀਤੇ ਹਫ਼ਤੇ 30 ਜੁਲਾਈ ਨੂੰ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਪਰਿਵਾਰਕ ਰੂਪ ਵਿਚ ਚਿੰਗੂਆਕੂਜ਼ੀ ਪਾਰਕ ਦੇ ਸ਼ੈੱਡ ਨੰਬਰ-2 ਵਿਚ ਇਕੱਤਰ ਹੋ ਕੇ ਆਪਣੀ ਪਹਿਲੀ ਪਿਕਨਿਕ ਮਨਾਈ। ਕਲੱਬ ਦੇ ਮੈਂਬਰ ਸਵੇਰੇ 11.00 ਵਜੇ ਚਿੰਗੂਆਕੂਜ਼ੀ ਪਾਰਕ ਵਿਚ ਨਿਸਚਿਤ ਜਗ੍ਹਾ ‘ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਅਤੇ ਸਨੈਕਸ ਲਏ। ਉਪਰੰਤ, ਮੰਚ-ਸੰਚਾਲਕ ਗੁਰਚਰਨ ਸਿੰਘ ਖੱਖ ਵੱਲੋਂ ਸਾਰੇ ਮੈਂਬਰਾਂ ਨੂੰ ‘ਜੀ ਆਇਆਂ’ ਕਹਿਣ ਤੋਂ ਬਾਅਦ ਸਾਰਿਆਂ ਨੂੰ ਵਾਰੋ-ਵਾਰੀ ‘ਮੰਚ ‘ਤੇ ਬੁਲਾ ਕੇ ਆਪਣੀ ਜਾਣ-ਪਛਾਣ ਕਰਾਉਣ ਲਈ ਕਿਹਾ ਗਿਆ। ਰਸਮੀ ਜਾਣ-ਪਛਾਣ ਦੇ ਨਾਲ ਨਾਲ ਕਈਆਂ ਵੱਲੋਂ ਵੱਖ-ਵੱਖ ਸਮਾਜਿਕ ਵਿਸਿ਼ਆਂ ‘ਤੇ ਬੜੇ ਵਧੀਆ ਵਿਚਾਰ ਪੇਸ਼ ਕੀਤੇ ਗਏ। ਇਸ ਦੌਰਾਨ ਮਹਿਮਾਨ ਵਜੋਂ ਸ਼ਾਮਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਾਇਆਲੌਜੀ ਵਿਭਾਗ ਦੇ ਪ੍ਰੋਫ਼ੈਸਰ ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਧਰਮ ਅਤੇ ਵਿਗਿਆਨ ਵਿਸ਼ੇ ਉੱਪਰ ਵਧੀਆ ਰੌਸ਼ਨੀ ਪਾਈ। ਪ੍ਰੋ. ਰਾਜਾ ਸਿੰਘ ਮਿਸ਼ਨਰੀ ਨੇ ਜੀ. ਟੀ. ਏ. ਵਿਚ ਕੰਮ ਕਰ ਰਹੀ ‘ਡਰੱਗ ਅਵੇਅਰਨੈੱਸ ਸੋਸਾਇਟੀ’ ਦੀਆਂ ਸਰਗ਼ਰਮੀਆਂ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਦਿੱਤੀ ਅਤੇ ਮਲੂਕ ਸਿੰਘ ਕਾਹਲੋਂ ਨੇ ਹਫ਼ਤਾਵਾਰੀ ਅਖ਼ਬਾਰ ‘ਸਿੱਖ ਸਪੋਕਸਮੈਨ’, ਪੰਜਾਬੀ ਭਾਸ਼ਾ ਅਤੇ ਕੈਨੇਡਾ ਵਿਚਲੇ ਬਹੁ-ਭਾਸ਼ਾਈ ਸੱਭਿਆਚਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਬਰੈਂਪਟਨ ਨੌਰਥ ਦੀ ਐੱਮ.ਪੀ. ਪੀ. ਹਰਿੰਦਰ ਮੱਲ੍ਹੀ ਨੇ ਕਲੱਬ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਨੂੰ ਇਹ ਸ਼ਾਨਦਾਰ ਪਿਕਨਿਕ ਮਨਾਉਣ ਲਈ ਵਧਾਈ ਦਿੰਦਿਆਂ ਓਨਟਾਰੀਓ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਵੱਲੋਂ ਕਲੱਬ ਦੇ ਕਾਰਜਕਾਰਨੀ ਮੈਂਬਰਾਂ ਨੂੰ ਇਕ ਪ੍ਰਸ਼ੰਸਾ-ਪੱਤਰ ਭੇਂਟ ਕੀਤਾ ਗਿਆ। ਅਜਮੇਰ ‘ਪ੍ਰਦੇਸੀ’ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਹਾਜ਼ਰ ਮੈਂਬਰਾਂ ਅਤੇ ਮਹਿਮਾਨਾਂ ਦਾ ਖ਼ੂਬ ਮਨੋਰੰਜਨ ਕੀਤਾ।
ਕੁਝ ਸਮੇਂ ਲਈ ਸੁਖਦੇਵ ਸਿੰਘ ਝੰਡ ਅਤੇ ਤਲਵਿੰਦਰ ਸਿੰਘ ਮੰਡ ਵੀ ਇਸ ਪਿਕਨਿਕ ਵਿਚ ਮਹਿਮਾਨਾਂ ਵਜੋਂ ਸ਼ਾਮਲ ਹੋਏ। ਬਾਅਦ ਦੁਪਹਿਰ ਤਿੰਨ ਕੁ ਵਜੇ ਇਕ ਰੈੱਸਟੋਰੈਂਟ ਤੋਂ ਮੰਗਵਾਏ ਗਏ ਖਾਣੇ ਦਾ ਸਾਰਿਆਂ ਨੇ ਮਿਲ ਕੇ ਅਨੰਦ ਮਾਣਿਆਂ ਅਤੇ ਅਗਲੇ ਸਾਲ ਫਿਰ ਕਿਸੇ ਹੋਰ ਨਵੀਂ ਜਗ੍ਹਾ ਪਿਕਨਿਕ ‘ਤੇ ਮਿਲਣ ਦੇ ਵਾਅਦੇ ਨਾਲ ਸਾਰਿਆਂ ਨੇ ਇਕ ਦੂਜੇ ਤੋਂ ਵਿਦਾਇਗੀ ਲਈ।
ਇੱਥੇ ਇਹ ਜਿ਼ਕਰਯੋਗ ਹੈ ਕਿ ਇਹ ਕਲੱਬ ਮਲੂਕ ਸਿੰਘ ਕਾਹਲੋਂ ਅਤੇ ਗੁਰਚਰਨ ਸਿੰਘ ਖੱਖ ਦੇ ਸਾਂਝੇ ਯਤਨਾਂ ਨਾਲ ਏਸੇ ਸਾਲ ਅਪ੍ਰੈਲ ਮਹੀਨੇ ਵਿਚ ਹੋਂਦ ‘ਚ ਆਈ ਸੀ ਅਤੇ ਮੌਜੂਦਾ ਕਾਰਜਕਾਰਨੀ ਮੈਂਬਰਾਂ ਗਿਆਨ ਪਾਲ, ਜਸਬੀਰ ਸਿੰਘ ਬੇਦੀ, ਹਰਚਰਨ ਸਿੰਘ, ਮਨਜੀਤ ਸਿੰਘ ਗਿੱਲ, ਜੀ. ਵਿਆਸ, ਰਾਮ ਸਿੰਘ ਦੇ ਸਹਿਯੋਗ ਨਾਲ ਬੜਾ ਵਧੀਆ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਰੇ ਮੈਂਬਰ ਦੋ-ਤਿੰਨ ਵਾਰ ਚਾਹ-ਪਾਣੀ ਅਤੇ ਡਿਨਰ ਪ੍ਰੋਗਰਾਮਾਂ ਵਿਚ ਮਿਲ ਬੈਠਣ ਦਾ ਉਪਰਾਲਾ ਕਰਦੇ ਰਹੇ ਹਨ ਪਰ ਕਲੱਬ ਦਾ ਪਿਕਨਿਕ ਦਾ ਇਹ ਪਹਿਲਾ ਪ੍ਰੋਗਰਾਮ ਸੀ ਜੋ ਮੈਂਬਰਾਂ ਦੀ ਭਰਪੂਰ ਹਾਜ਼ਰੀ ਨਾਲ ਬੇਹੱਦ ਸਫ਼ਲ ਰਿਹਾ।