ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਪਰਿਵਾਰਿਕ ਡਿਨਰ ਸਮਾਗ਼ਮ ਆਯੋਜਿਤ

ਬਰੈਂਪਟਨ, (ਡਾ. ਝੰਡ) -ਮਲੂਕ ਸਿੰਘ ਕਾਹਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਸ਼ੁੱਕਰਵਾਰ 3 ਨਵੰਬਰ ਨੂੰ ਸਥਾਨਕ ‘ਨੈਸ਼ਨਲ ਬੈਂਕੁਇਟ ਹਾਲ’ ਵਿਚ ਪਰਿਵਾਰਿਕ-ਮਿਲਣੀ ਅਤੇ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਸ਼ਾਮ ਦੇ ਸਾਢੇ ਛੇ ਵਜੇ ਇਸ ਸੀਨੀਅਰਜ਼ ਕਲੱਬ ਦੇ ਮੈਂਬਰ ਹਾਲ ਵਿਚ ਆਉਣੇ ਸ਼ੁਰੂ ਹੋ ਗਏ ਅਤੇ ਸਨੈਕਸ ਤੇ ਚਾਹ-ਪਾਣੀ ਲੈਂਦਿਆਂ ਹੋਇਆਂ ਆਪਸ ਵਿਚ ਮਿਲਣ-ਗਿਲਣ ਦਾ ਸਿਲਸਿਲਾ ਚੱਲਦਾ ਰਿਹਾ।
ਸੱਤ ਕੁ ਵਜੇ ਕਲੱਬ ਦੇ ਕੋਆਰਡੀਨੇਟਰ ਗੁਰਚਰਨ ਸਿੰਘ ਖੱਖ ਨੇ ਸਾਰਿਆਂ ਨੂੰ ਸੀਟਾਂ ‘ਤੇ ਬਿਰਾਜਮਾਨ ਹੋਣ ਲਈ ਬੇਨਤੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਇਸ ਕਲੱਬ ਦੇ ਉਦੇਸ਼ਾਂ ਅਤੇ ਇਸ ਵੱਲੋਂ ਕਰਵਾਏ ਗਏ ਪਹਿਲੇ ਦੋ ਸਫ਼ਲ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ ਜਿਨ੍ਹਾਂ ਵਿਚ ਅਪ੍ਰੈਲ ਮਹੀਨੇ ਵਿਚ ਹੋਈ ਦੁਪਹਿਰ ਦੇ ਖਾਣੇ ‘ਤੇ ਹੋਈ ਪਰਿਵਾਰਿਕ-ਇਕੱਤਰਤਾ ਅਤੇ 30 ਜੁਲਾਈ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਕਰਵਾਈ ਗਈ ਪਰਿਵਾਰਿਕ-ਪਿਕਨਿਕ ਸ਼ਾਮਲ ਸਨ।
ਉਪਰੰਤ, ਕਲੱਬ ਦੇ ਕੈਸ਼ੀਅਰ ਮਲੂਕ ਸਿੰਘ ਕਾਹਲੋਂ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਗੱਲ ਕਰਦਿਆਂ ਹੋਇਆਂ ਬਰੈਂਪਟਨ ਦੇ ਦੋ ਉੱਘੇ ਗਾਇਕਾਂ ਇਕਬਾਲ ਬਰਾੜ ਅਤੇ ਸੰਨੀ ਸਿ਼ਵਰਾਜ ਨਾਲ ਹਾਜ਼ਰੀਨ ਦੀ ਵਾਕਫ਼ੀਅਤ ਕਰਵਾਈ ਜਿਨ੍ਹਾਂ ਨੇ ਆਪਣੇ ਗੀਤਾਂ ਤੇ ਗ਼ਜ਼ਲਾਂ ਨਾਲ ਉਨ੍ਹਾਂ ਦਾ ਖ਼ੂਬ ਮਨੋਰੰਜਨ ਕੀਤਾ। ਵਿਚ-ਵਿਚਾਲੇ ਕਈ ਮੈਂਬਰਾਂ ਵੱਲੋਂ ਚੁਟਕਲੇ ਅਤੇ ਹੋਰ ਹਾਸੇ-ਭਰਪੂਰ ਗੱਲਾਂ-ਬਾਤਾਂ ਦਾ ਸਿਲਸਿਲਾ ਵੀ ਚੱਲਦਾ ਰਿਹਾ। ਇਸ ਦੌਰਾਨ ਕਲੱਬ ਦੇ ਬਣੇ ਨਵੇਂ ਮੈਂਬਰਾਂ ਵੱਲੋਂ ਆਪਣੇ ਬਾਰੇ ਜਾਣਕਾਰੀ ਬਾਕੀ ਮੈਂਬਰਾਂ ਨਾਲ ਸਾਂਝੀ ਕੀਤੀ ਗਈ।
ਅਖ਼ੀਰ ਵਿਚ ਮਲੂਕ ਸਿੰਘ ਕਾਹਲੋਂ ਵੱਲੋਂ ਕਲੱਬ ਦੀ ਆਮਦਨ-ਖ਼ਰਚ ਦਾ ਪਿਛਲਾ ਹਿਸਾਬ-ਕਿਤਾਬ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਾਰਿਆਂ ਦਾ ਇਸ ਡਿਨਰ-ਸਮਾਗ਼ਮ ਵਿਚ ਆਉਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਲੱਬ ਦੇ ਐਗਜ਼ੈਕਟਿਵ ਮੈਂਬਰਾਂ ਹਰਚਰਨ ਸਿੰਘ, ਸੁਖਦੇਵ ਸਿੰਘ ਬੇਦੀ, ਗੁਰਚਰਨ ਸਿੰਘ ਖੱਖ, ਰਾਮ ਸਿੰਘ, ਮਨਜੀਤ ਸਿੰਘ, ਜੀ. ਵਿਆਸ, ਗਿਆਨ ਪਾਲ, ਗੁਰਮੀਤ ਸਿੰਘ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਪਰੰਤ, ਸਾਰੇ ਮੈਂਬਰਾਂ ਨੇ ਰਾਤ ਦੇ ਖਾਣੇ ਦਾ ਭਰਪੂਰ ਅਨੰਦ ਲਿਆ ਅਤੇ ਘਰਾਂ ਨੂੰ ਪਰਤਣ ਲਈ ਇਕ-ਦੂਸਰੇ ਤੋਂ ਵਿਦਾਇਗੀ ਲਈ।