ਪੰਜਾਬ ਅਤੇ ਗੁਜਰਾਤ ਸਮੇਤ ਕਈ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਗ੍ਰਿਫ਼ਤਾਰੀਆਂ

Fullscreen capture 742017 73501 AM* ਖੇਤੀ ਕਰਜ਼ੇ ਦੀ ਮਾਫ਼ੀ ਤੇ ਖ਼ੁਦਕੁਸ਼ੀ ਪੀੜਤਾਂ ਨੂੰ ਮੁਆਵਜ਼ੇ ਦੀ ਮੰਗ
ਨਵੀਂ ਦਿੱਲੀ, 3 ਜੁਲਾਈ, (ਪੋਸਟ ਬਿਊਰੋ)- ਇਥੇ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਝੰਡੇ ਹੇਠ ਅੱਜ ਜੰਤਰ ਮੰਤਰ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਵੱਡੀ ਗਿਣਤੀ ਕਿਸਾਨਾਂ ਨੇ ਨੀਤੀ ਆਯੋਗ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦਿੱਲੀ ਪੁਲੀਸ ਨੇ ਨਾਕਾਮ ਕਰ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਮੁਜ਼ਾਹਰਾਕਾਰੀ ਕਿਸਾਨ ਖੇਤੀ ਕਰਜ਼ੇ ਦੀ ਮੁਆਫ਼ੀ ਤੇ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਫਸਲਾਂ ਦੇ ਸਹੀ ਮੁੱਲ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ।
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪ੍ਰਧਾਨ ਮੰਤਰੀ ਦੇ ਰਾਜ ਗੁਜਰਾਤ ਤੋਂ ਆਏ ਕਿਸਾਨ ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਸਨ। ਕਿਸਾਨ ਆਗੂਆਂ ਮੁਤਾਬਕ ਦੇਸ਼ ਦੀ 60-70 ਫੀਸਦੀ ਆਬਾਦੀ ਖੇਤੀ ਉੱਤੇ ਨਿਰਭਰ ਹੋਣ ਦੇ ਬਾਵਜੂਦ ਸਰਕਾਰ ਨੀਤੀ ਬਣਾਉਣ ਵੇਲੇ ਕਿਸਾਨਾਂ ਨੂੰ ਅਣਗੌਲੇ ਕਰ ਦੇਂਦੀ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਕਰੋੜਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਪਲ ਨਹੀਂ ਲੱਗਦਾ, ਪਰ ਕਿਸਾਨਾਂ ਦੇ ਲੰਬੇ ਸਮੇਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਮੋਦੀ ਸਰਕਾਰ ਨੇ ਪੂਰੀ ਨਹੀਂ ਕੀਤੀ। ਆਪਣੀਆਂ ਜਿਣਸਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਦੇਣ ਦੀ ਮੰਗ ਵੀ ਕਿਸਾਨਾਂ ਵੱਲੋਂ ਜ਼ੋਰ ਨਾਲ ਚੁੱਕੀ। ਕਿਸਾਨਾਂ ਦੀਆਂ 62 ਜੱਥੇਬੰਦੀਆਂ ਦੀ ਸੰਸਥਾ ਦੇ ਮੁਖੀ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਮੁਜ਼ਾਹਰਾ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਮੱਧ ਪ੍ਰਦੇਸ਼ ਵਿੱਚ ਛੇ ਕਿਸਾਨਾਂ ਨੂੰ ਪੁਲੀਸ ਗੋਲੀ ਨਾਲ ਮਾਰੇ ਜਾਣ ਦੇ ਰੋਸ ਵਜੋਂ ਕੀਤਾ ਗਿਆ ਹੈ।
ਇਸ ਮੁਜ਼ਾਹਰੇ ਵਿੱਚ ਪੰਜਾਬ ਦੇ ਮਾਲਵੇ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਓਥੇ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਕਿਉਂਕਿ ਫਸਲਾਂ ਦੇ ਭਾਅ ਸਹੀ ਨਹੀਂ ਮਿਲ ਰਹੇ, ਕਿਸਾਨ ਦਿਨ-ਬ-ਦਿਨ ਕਰਜ਼ੇ ਹੇਠ ਡੁੱਬਦਾ ਜਾਂਦਾ ਹੈ, ਸਰਕਾਰਾਂ ਹੁਣ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀਆਂ, ਸਗੋਂ ਗਏ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਹਨ।
ਮੁਜ਼ਾਹਰੇ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜੀ ਐਸ ਟੀ ਲਾਗੂ ਕਰਨ ਕਰਨ ਮੌਕੇ ਉਨ੍ਹਾਂ ਉਪਰ ਪਏ ਵਾਧੂ ਭਾਰ ਦੇ ਵਿਰੁੱਧ ਵੀ ਰੋਸ ਜ਼ਾਹਰ ਕੀਤਾ ਤੇ ਨੀਤੀ ਆਯੋਗ ਦੀ ਕਿਸਾਨ ਵਿਰੋਧੀ ਨੀਤੀ ਦਾ ਵਿਰੋਧ ਕੀਤਾ। ਉਨ੍ਹਾਂ ਮੁਤਾਬਕ ਜੀ ਐਸ ਟੀ ਦੇ ਘੁਰੇ ਵਿੱਚ ਕਿਸਾਨੀ ਸੰਦ ਵੀ ਆਉਣ ਨਾਲ ਕਿਸਾਨਾਂ ਉਪਰ ਹੋਰ ਬੋਝ ਪਵੇਗਾ।