ਪੰਜਾਬੀ ਸਾਲੇ ਨੇ ਇੰਗਲੈਂਡ ਵਿੱਚ ਜੀਜੇ ਨੂੰ ਬੇਰਹਿਮੀ ਨਾਲ ਕਤਲ ਕੀਤਾ

murdr jija
ਲੰਡਨ, 13 ਅਗਸਤ (ਪੋਸਟ ਬਿਊਰੋ)- 40 ਸਾਲਾ ਪੰਜਾਬੀ ਮੂਲ ਦੇ ਸੁਖਵਿੰਦਰ ਸਿੰਘ ਨੂੰ ਪੁਲਸ ਨੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਉੱਤੇ ਹਰੀਸ਼ ਕੁਮਾਰ (ਉਰਫ ਰਾਜੂ ਪੰਡਿਤ) ਦਾ ਕਤਲ ਕਰਨ ਦਾ ਦੋਸ਼ ਹੈ।
ਵੈਸਟ ਮਿਡਲੈਂਡਜ਼ ਪੁਲਸ ਅਨੁਸਾਰ ਸੁਖਵਿੰਦਰ ਸਿੰਘ ਬੀਤੇ ਵੀਰਵਾਰ ਸਵੇਰੇ 10.20 ਵਜੇ ਵੈਸਟ ਬ੍ਰਾਮਵਿਚ ਪੁਲਸ ਸਟੇਸ਼ਨ ਮੂਹਰੇ ਬੀ ਐੱਮ ਡਬਲਯੂ ਕਾਰ ਵਿੱਚ ਇੱਕ ਵਿਅਕਤੀ ਨੂੰ ਲੈ ਕੇ ਪਹੁੰਚਿਆ। ਮੁੱਢਲੀ ਰਿਪੋਰਟ ਅਨੁਸਾਰ ਉਸ ਵਿਅਕਤੀ ਦਾ ਨਾਂਅ ਹਰੀਸ਼ ਕੁਮਾਰ ਸੀ, ਜਿਸ ਦੀ ਹੱਤਿਆ ਕੀਤੀ ਗਈ। ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਹੈ, ਜਿਸ ਕਰ ਕੇ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਇਸ ਮਾਮਲੇ ਵਿੱਚ ਡਰਾਇਵਰ ਸੁਖਵਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ, ਜਿਸ ਨੂੰ ਕੱਲ੍ਹ ਪਹਿਲੀ ਵਾਰ ਵਾਲਸਾਲ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੰਜਾਬੀ ਦੁਭਾਸ਼ੀਏ ਦੀ ਮਦਦ ਨਾਲ ਉਸ ਦੇ ਨਾਂਅ ਅਤੇ ਪਤੇ ਦੀ ਪੁਸ਼ਟੀ ਕੀਤੀ ਗਈ। ਵੈਸਟ ਮਿਡਲੈਂਡ ਪੁਲਸ ਦੇ ਜਾਂਚ ਅਧਿਕਾਰੀ ਇੰਸਪੈਕਟਰ ਹੈਰੀ ਹੈਰੀਸ਼ਨ ਨੇ ਕਿਹਾ ਹੈ ਕਿ ਭਾਵੇਂ ਸਭ ਕੁਝ ਸਾਫ ਹੋ ਜਾਵੇਗਾ, ਪਰ ਮੁੱਢਲੀ ਰਿਪੋਰਟ ਅਨੁਸਾਰ ਪੀੜਤ ਵਿਅਕਤੀ ਪੁਲਸ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਮਰ ਚੁੱਕਾ ਸੀ। ਪੁਲਸ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਸੁਖਵਿੰਦਰ ਨੂੰ ਵੁਲਵਰਹੈਪਟਨ ਅਦਾਲਤ ਵਿੱਚ ਮੰਗਲਵਾਰ ਨੂੰ ਪੇਸ਼ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਟਾਂਡਾ ਨੇੜੇ ਬੁੱਢੀ ਪਿੰਡ ਦੇ ਨੌਜਵਾਨ ਰਾਜੂ ਪੰਡਿਤ (40) ਨੂੰ ਉਸ ਦੇ ਸਾਲੇ ਨੇ ਕਤਲ ਕਰ ਦਿੱਤਾ। ਮ੍ਰਿਤਕ ਰਾਜੂ ਪੰਡਿਤ ਪੁੱਤਰ ਧਰਮਪਾਲ ਦਿਵੇਦੀ ਪਿਛਲੇ ਅੱਠ-ਦਸ ਸਾਲਾਂ ਤੋਂ ਇੰਗਲੈਂਡ ‘ਚ ਰਹਿ ਰਿਹਾ ਸੀ। ਮ੍ਰਿਤਕ ਰਾਜੂ ਦੇ ਦੂਸਰੇ ਭਰਾ ਹੀਰਾ ਲਾਲ ਦੀ ਵੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਰਾਜੂ ਦੇ ਕਤਲ ਦੇ ਸਹੀ ਕਾਰਨਾਂ ਦਾ ਅਜੇ ਤੱਕ ਖੁਲਾਸਾ ਹੋਣਾ ਬਾਕੀ ਹੈ। ਜਦ ਕਿ ਇਸ ਘਟਨਾ ਨੂੰ ਪ੍ਰੇਮ ਵਿਆਹ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।