ਪੰਜਾਬੀ ਲੋਕ ਸੱਭਿਆਚਾਰ ਵਿੱਚ ਤਿ੍ਰੰਞਣ

-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਪੰਜਾਬੀ ਲੋਕ ਸੱਭਿਆਚਾਰ ਵਿੱਚ ਚਰਖੇ ਦਾ ਤੇ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਸਨਮਾਨ ਯੋਗ ਸਥਾਨ ਰਿਹਾ ਹੈ। ਸਾਧਾਰਨ ਅਰਥਾਂ ਵਿੱਚ ਕੁੜੀਆਂ ਜਦੋਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ, ਨੱਚਦੀਆਂ ਗਾਉਂਦੀਆਂ ਹਨ ਤੇ ਇਕ ਦੂਜੀ ਨਾਲ ਆਪਣੇ ਦਿਲੀ ਵਲਵਲੇ ਸਾਂਝੇ ਕਰਦੀਆਂ ਹਨ ਤਾਂ ਤਿ੍ਰੰਞਣ ਜੁੜ ਜਾਂਦਾ ਹੈ। ਸਮੇਂ ਦੇ ਬਦਲਣ ਨਾਲ ਪੰਜਾਬ ਦੇ ਪਿੰਡਾਂ ਵਿੱਚ ਤਿ੍ਰੰਞਣ ਦੀਆਂ ਅਜਿਹੀਆਂ ਝਾਕੀਆਂ ਕਿਧਰੇ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ। ਉਹ ਸਮਾਂ ਵੀ ਸੀ ਜਦੋਂ ਤਿ੍ਰੰਞਣ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦਾ ਸੀ।
ਪੰਜਾਬ ਵਿੱਚ ਹਰ ਰੁੱਤੇ ਤਿ੍ਰੰਞਣ ਜੁੜਦੇ ਰਹੇ ਹਨ, ਪਰ ਸਿਆਲ ਦੀਆਂ ਲੰਮੀਆਂ ਰਾਤਾਂ ਵਿੱਚ ਅੱਠੇ ਪਹਿਰ ਚੱਲਦੇ ਰਹਿਣ ਵਾਲੇ ਤਿ੍ਰੰਞਣਾਂ ਦਾ ਵਿਸ਼ੇਸ਼ ਆਨੰਦ, ਨਜ਼ਾਰਾ ਤੇ ਮਹੱਤਵ ਹੁੰਦਾ ਸੀ। ਸ਼ਾਮ ਹੋਣ ਤੋਂ ਪਹਿਲਾਂ ਕੁੜੀਆਂ ਆਪਣੇ ਚਰਖੇ, ਪੀੜ੍ਹੀਆਂ ਤੇ ਕੱਤਣੀਆਂ ਉਸ ਘਰ ਵਿੱਚ ਰੱਖ ਆਉਂਦੀਆਂ ਸਨ, ਜਿਸ ਘਰ ਵਿੱਚ ਤਿ੍ਰੰਞਣ ਦਾ ਇਕੱਠ ਜੁੜਨਾ ਹੁੰਦਾ ਸੀ। ਰਾਤ ਹੋ ਜਾਣ ਉੱਤੇ ਤਿ੍ਰੰਞਣ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਕਿਸੇ ਨਿਸ਼ਚਿਤ ਸਥਾਨ ‘ਤੇ ਇਕੱਠੀਆਂ ਹੁੰਦੀਆਂ ਤੇ ਫਿਰ ਇਕੱਠੀਆਂ ਇਕ ਜੁੱਟ ਦੇ ਰੂਪ ਵਿੱਚ ਤਿ੍ਰੰਞਣ ਵਾਲੇ ਘਰ ਪਹੁੰਚਦੀਆਂ। ਕੁੜੀਆਂ ਆਪਣੇ ਨਾਲ ਆਪਣੇ ਘਰਾਂ ਤੋਂ ਖਾਣ ਪੀਣ ਲਈ ਨਿੱਕ ਸੁੱਕ, ਜਿਵੇਂ ਤਿਲਚੌਲੀ, ਭੁੱਜੀ ਹੋਈ ਮੱਕੀ ਜਾਂ ਛੋਲਿਆਂ ਦੇ ਦਾਣੇ, ਗੁੜ, ਮੂੰਗਫਲੀ, ਪਿੰਨੀਆਂ, ਗੁੜ ਸ਼ੱਕਰ ਲੈ ਕੇ ਆਉਂਦੀਆਂ ਸਨ। ਇਸੇ ਕਰਕੇ ਤਿ੍ਰੰਞਣ ਨੂੰ ‘ਭੰਡਾਰਾ ਮੇਲਣਾ’ ਵੀ ਕਿਹਾ ਜਾਂਦਾ ਸੀ। ਘਰੋਂ ਲਿਆਂਦੀਆਂ ਇਨ੍ਹਾਂ ਚੀਜ਼ਾਂ ਨੂੰ ਕੁੜੀਆਂ ਜਦੋਂ ਦਿਲ ਕਰਦਾ ਜਾਂ ਚਰਖਾ ਕੱਤਣ ਤੋਂ ਜਦੋਂ ਵਿਹਲ ਮਿਲਦੀ, ਖਾ ਲੈਂਦੀਆਂ। ਖਾਣ ਵਾਲੀਆਂ ਚੀਜ਼ਾਂ ਦਾ ਵਟਾਂਦਰਾ ਕਰਕੇ ਖਾਣ ਵਿੱਚ ਉਹ ਵੱਖਰੀ ਤਰ੍ਹਾਂ ਦੀ ਖੁਸ਼ੀ ਦਾ ਅਨੁਭਵ ਕਰਦੀਆਂ ਸਨ। ਦੀਵਿਆਂ ਵਿੱਚ ਪਾਉਣ ਲਈ ਉਹ ਸਰੋਂ ਦਾ ਤੇਲ ਲਿਆਉਣਾ ਨਹੀਂ ਸਨ ਭੁੱਲਦੀਆਂ। ਕੱਤਣ ਦੌਰਾਨ ਹਾਸਾ ਮਜ਼ਾਕ ਕਰਨ, ਗੀਤ ਗਾਉਣ ਤੇ ਕੁਝ ਨਾ ਕੁਝ ਖਾਈ ਜਾਣ ਦਾ ਸਿਲਸਿਲਾ ਸਾਰੀ ਰਾਤ ਚੱਲਦਾ ਰਹਿੰਦਾ। ਰਾਤ ਭਰ ਚੱਲਦੇ ਰਹਿੰਦੇ ਤਿ੍ਰੰਞਣ ਨੂੰ ‘ਰਾਤ ਕੱਤਣੀ’ ਕਹਿ ਲਿਆ ਜਾਂਦਾ ਸੀ। ਸਰਦੀਆਂ ਦੇ ਦਿਨੀਂ ਰੋਟੀ ਟੁੱਕ ਕਰਨ ਤੇ ਚੁੱਲ੍ਹੇ ਚੌਕੇ ਦੇ ਆਹਰ ਤੋਂ ਵਿਹਲੀਆਂ ਹੋ ਕੇ ਵੀ ਕੁੜੀਆਂ ਤਿ੍ਰੰਞਣ ਛੋਹ ਬੈਠਦੀਆਂ ਸਨ ਤੇ ਰਲ ਮਿਲ ਕੇ ਚਰਖੇ ਕੱਤਦੀਆਂ ਸਨ। ਇਸ ਤਿ੍ਰੰਞਣ ਨੂੰ ‘ਚਿੜੀ ਚੜੂੰਗਾ’ ਕਿਹਾ ਜਾਂਦਾ ਸੀ।
ਰਾਤ ਭਰ ਚੱਲਦੇ ਰਹਿਣ ਵਾਲੇ ਤਿ੍ਰੰਞਣ ਵਿੱਚ ਕੱਤਣ ਦੇ ਮੁਕਾਬਲੇ ਵੀ ਹੁੰਦੇ ਸਨ। ਉਨ੍ਹਾਂ ਨੂੰ ਛੋਪੇ ਕਿਹਾ ਜਾਂਦਾ ਸੀ। ਉਸ ਨੂੰ ਛੋਪ ਪਾ ਕੇ ਕੱਤਣਾ ਕਹਿ ਲਿਆ ਜਾਂਦਾ ਸੀ। ਸਰੋਂ ਦੇ ਤੇਲ ਦੇ ਦੀਵੇ ਜਗਾ ਲਏ ਜਾਂਦੇ ਸਨ। ਉਨ੍ਹਾਂ ਦੀ ਮਿੱਠੀ-ਮਿੱਠੀ ਰੌਸ਼ਨੀ ਵਿੱਚ ਚਰਖੇ ਕੱਤਦੀਆਂ ਮੁਟਿਆਰਾਂ ਵੀ ਮਸਤੀ ਵਿੱਚ ਆ ਕੇ ਚਰਖੇ ਕੱਤਦੀਆਂ ਤੇ ਵੰਨ ਸੁਵੰਨੀ ਘੂਕਰ ਦੀਆਂ ਧੁਨਾਂ ਪੈਦਾ ਕਰਦੀਆਂ ਸਨ। ਚਰਖੇ ਗੂੰਜ ਉਠਦੇ ਸਨ, ਪੂਣੀਆਂ ਕੱਤੀਆਂ ਜਾਂਦੀਆਂ ਸਨ, ਕੁੜੀਆਂ ਗਲੋਟੇ ਬਣਾਈ ਜਾਂਦੀਆਂ ਸਨ ਤੇ ਨਾਲ-ਨਾਲ ਉਹ ਲੋਕ ਗੀਤਾਂ ਦੀਆਂ ਤੁਕਾਂ ਗਾਉਂਦੀਆਂ। ਰਾਤ ਦਾ ਤਾਰਾ ਚੜ੍ਹਦਿਆਂ ਸਾਰ ਛੋਪ ਪਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ। ਕੁੜੀਆਂ ਚੱਕਰ ਦੀ ਗੋਲਾਈ ਵਿੱਚ ਆਪਣੇ ਚਰਖੇ ਡਾਹ ਲੈਂਦੀਆਂ ਸਨ। ਕਿਸੇ ਚੁਸਤ ਤੇਜ਼ ਹੁਸ਼ਿਆਰ ਤੇ ਵਧੀਆ ਕੱਤਣ ਵਾਲੀ ਕੁੜੀ ਦੇ ਕੋਲ ਇਕ ਛੱਜ ਜਾਂ ਟੋਕਰਾ ਰੱਖ ਦਿੱਤਾ ਜਾਂਦਾ। ਸਾਰੀਆਂ ਕੁੜੀਆਂ ਆਪੋ-ਅਪਣੇ ਹਿੱਸੇ ਦੀਆਂ ਚਾਰ-ਚਾਰ ਪੂਣੀਆਂ ਉਸ ਮੋਹਤਬਰ ਕੁੜੀ ਵੱਲ ਵਾਰੋ-ਵਾਰੀ ਸੁੱਟਦੀਆਂ ਜਾਂਦੀਆਂ, ਉਹ ਬੜੀ ਜੁਗਤ ਅਤੇ ਤਰਤੀਬ ਨਾਲ ਉਨ੍ਹਾਂ ਨੂੰ ਛੱਜ ਨਾਲ ਜਾਂ ਟੋਕਰੇ ਵਿੱਚ ਟਿਕਾਉਂਦੀ ਜਾਂਦੀ। ਇਸ ਤਰ੍ਹਾਂ ਨਾਲ ਚਾਰ-ਚਾਰ ਪੂਣੀਆਂ ਦੇ ਇਕ ਤੋਂ ਬਾਅਦ ਇਕ ਕਈ ਗੇੜ, ਪਹਿਲਾਂ ਬਣਾਈ ਤਰਤੀਬ ਨਾਲ, ਉਪਰ ਤੋਂ ਉਪਰ ਟਿਕਾ ਲਏ ਜਾਂਦੇ ਹਨ। ਮੋਹਤਬਰ ਕੁੜੀ ਇਸ ਗੱਲ ਦਾ ਸਹਿਜੇ ਹੀ ਅਨੁਮਾਨ ਲਾ ਲੈਂਦੀ ਕਿ ਸਾਰੀ ਰਾਤ ਵਿੱਚ ਕਿੰਨੀਆਂ ਕੁ ਪੂਣੀਆਂ ਕੱਤੀਆਂ ਜਾ ਸਕਣਗੀਆਂ। ਉਸ ਅੰਦਾਜ਼ੇ ਅਨੁਸਾਰ ਹੀ ਛੋਪ ਪਾਏ ਜਾਂਦੇ ਸਨ। ਛੋਪ ਪਾ ਲਏ ਜਾਣ ਪਿੱਛੋਂ ਕੁੜੀਆਂ ਕੱਤਣਾ ਸ਼ੁਰੂ ਕਰ ਦਿੰਦੀਆਂ।
ਮੋਹਤਬਰ ਕੁੜੀ ਸਾਰੀਆਂ ਕੁੜੀਆਂ ਵੱਲ ਪਹਿਲੇ ਗੇੜ ਦੀਆਂ ਚਾਰ-ਚਾਰ ਪੂਣੀਆਂ ਸੁੱਟ ਦਿੰਦੀ। ਮੋਹਤਬਰ ਬਣਾਈ ਕੁੜੀ ਨੂੰ ਬਾਕੀਆਂ ਨਾਲੋਂ ਦੁੱਗਣਾ ਕੰਮ ਕਰਨਾ ਪੈਂਦਾ ਸੀ। ਉਸ ਨੇ ਕੁੜੀਆਂ ਵੱਲ ਪੂਣੀਆਂ ਵੀ ਸੁੱਟਣੀਆਂ ਹੁੰਦੀਆਂ ਸਨ ਤੇ ਆਪਣੇ ਹਿੱਸੇ ਦਾ ਕੱਤਣਾ ਵੀ ਹੁੰਦਾ ਸੀ। ਜਿਉਂ-ਜਿਉਂ ਪੂਣੀਆਂ ਦੇ ਗੇੜਾਂ ਦੀ ਗਿਣਤੀ ਵਧਦੀ ਜਾਂਦੀ, ਕੋਈ ਨਾ ਕੋਈ ਕੁੜੀ ਕੱਤਣ ਵਿੱਚ ਪੱਛੜਦੀ ਜਾਂਦੀ ਤੇ ਪੂਣੀਆਂ ਸੁੱਟਣ ਵਾਲੀ ਕੁੜੀ ਕੋਲ ਟੋਕਰੇ ਵਿੱਚ ਪੂਣੀਆਂ ਜਮ੍ਹਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਛੋਪ ਪਾਉਣ ਦੇ ਗੇੜ ਚੱਲਦੇ ਰਹਿੰਦੇ, ਉਪਰੋਥਲੀ ਹਾਸਾ ਠੱਠਾ ਚੱਲਦਾ ਰਹਿੰਦਾ, ਚਾਹ ਬਣਾਈ ਤੇ ਵਰਤਾਈ ਜਾਂਦੀ, ਅੱਧੀ ਰਾਤ ਤੇ ਫਿਰ ਸਵੇਰ ਹੋਣ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ। ਵੇਖੋ ਵੇਖੀ ਕੁੜੀਆਂ ਵਧੀਆ ਤੋਂ ਵਧੀਆ ਚਰਖਾ ਲੈਣ ਦੀ ਰੀਝ ਆਪਣੇ ਮਨ ਵਿੱਚ ਪਾਲਦੀਆਂ ਸੁਣੀਆਂ ਜਾਂਦੀਆਂ:
ਕਿੱਕਰ ਦਾ ਮੇਰਾ ਚਰਖਾ ਮਾਏਂ
ਟਾਹਲੀ ਦਾ ਬਣਵਾ ਦੇ।
ਇਸ ਚਰਖੇ ਦੇ ਹਿੱਲੇ ਮਝੇਰੂ
ਮਾਲ੍ਹਾਂ ਬਹੁਤੀਆਂ ਖਾਵੇ।
ਮੇਰੇ ਹਾਣ ਦੀਆਂ ਕੱਤ ਕੇ ਸੌਂ ਗਈਆਂ
ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂਹ ਚੰਦਰਾ
ਮੇਰੀ ਨੀਂਦ ਉਡਾਵੇ।
ਧੀ ਦੀ ਅਜਿਹੀ ਫਰਮਾਇਸ਼ ਨੂੰ ਸੁਣਨ ਤੋਂ ਪਿੱਛੋਂ ਹਾਜ਼ਰ ਜਵਾਬ ਮਾਂ ਤਟ ਫਟ ਕਹਿਣ ਲੱਗ ਜਾਂਦੀ ਸੀ:
ਧੀਏ, ਚੱਜ ਨਾ ਕੱਤਣ ਦਾ ਤੈਨੂੰ
ਚਰਖੇ ਨੂੰ ਦੋਸ਼ ਦੇਨੀਂ ਏਂ।
ਤਿ੍ਰੰਞਣ ਸਜਾ ਕੇ ਬੈਠੀਆਂ ਕੁੜੀਆਂ ਪਹੁ ਫੁਟਾਲੇ ਤੱਕ ਵਾਹੋ ਦਾਹੀ ਚਰਖੇ ਕੱਤਦੀਆਂ ਰਹਿੰਦੀਆਂ। ਰਾਤ ਭਰ ਕਈ-ਕਈ ਵਾਰ ਉਠ ਕੇ ਦੀਵਿਆਂ ਵਿੱਚ ਤੇਲ ਪਾਇਆ ਜਾਂਦਾ। ਪੰਜਾਬੀ ਸੱਭਿਆਚਾਰ ਵਿੱਚ ਆਪਸੀ ਮੇਲਜੋਲ, ਸਦਭਾਵਨਾ ਤੇ ਭਾਈਚਾਰੇ ਵਿੱਚ ਆਪਸੀ ਵਿਸ਼ਵਾਸ ਦਾ ਕਮਾਲ ਵੇਖੋ ਕਿ ਛੋਪ ਕੱਤ ਲੈਣ ਪਿੱਛੋਂ ਤਿ੍ਰੰਞਣ ਦੀਆਂ ਖੁਸ਼ੀਆਂ ਸਾਂਝੀਆਂ ਕਰ ਲੈਣ ਪਿੱਛੋਂ ਕੁੜੀਆਂ ਉਥੇ ਹੀ ਸੌਂ ਜਾਂਦੀਆਂ। ਦਿਨ ਚੜ੍ਹੇ ਆਪਣੇ-ਆਪਣੇ ਚਰਖੇ, ਕੱਤਿਆ ਸੂਤ ਅਤੇ ਕੱਤਣੀਆਂ ਲੈ ਕੇ ਕੁੜੀਆਂ ਘਰੋਂ ਘਰੀ ਤੁਰ ਜਾਂਦੀਆਂ। ਸਿਆਲੀ ਰੁੱਤੇ ਅਜਿਹੇ ਤਿ੍ਰੰਞਣ ਜੁੜਨੇ, ਛੋਪ ਪੈਣੇ ਤੇ ਖੁਸ਼ੀਆਂ ਵੰਡਣੀਆਂ ਵੰਡਾਉਣੀਆਂ ਬੜੀ ਆਮ ਗੱਲ ਹੁੰਦੀ ਸੀ। ਬਜ਼ੁਰਗ ਦੱਸਦੇ ਹਨ ਕਿ ਕਦੇ-ਕਦੇ ਅੱਠ ਪਹਿਲਾਂ ਵੀ ਕੱਤਿਆ ਜਾਂਦਾ ਸੀ। ਸੂਰਜ ਛਿਪਣ ਦੇ ਸਮੇਂ ਤਿ੍ਰੰਞਣ ਵਿੱਚ ਕੱਤਣਾ ਸ਼ੁਰੂ ਕਰਨ ਤੋਂ ਲੈ ਕੇ ਸਾਰੀ ਰਾਤ ਕੱਤਦਿਆਂ ਰਹਿਣ ਤੇ ਫਿਰ ਅੱਗਲੇ ਦਿਨ ਦੇ ਸੂਰਜ ਛਿਪਣ ਤੱਕ, ਅੱਠੇ ਪਹਿਰ ਤਿ੍ਰੰਞਣ ਵਿੱਚ ਕੱਤਣ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ।
ਬੇਸ਼ੱਕ ਇਹ ਬੀਤੇ ਸਮੇਂ ਦੀਆਂ ਗੱਲਾਂ ਹਨ, ਪਰ ਹੁਣ ਵੀ ਜਦੋਂ ਸੱਭਿਆਚਾਰਕ ਸਾਂਝ ਦਾ ਜ਼ਿਕਰ ਹੋਵੇ ਤਾਂ ਤਿ੍ਰੰਞਣ ਦੀ ਗੱਲ ਜ਼ਰੂਰ ਛਿੜਦੀ ਹੈ। ਤਿ੍ਰੰਞਣਾਂ ਨੂੰ ਯਾਦ ਕਰਕੇ ਬੀਤੇ ਸਸਿਆਂ ਦੇ ਸੁਖਾਵੇਂ ਅਨੁਭਵ ਦੀ ਕਲਪਨਾ ਸਹਿਜ ਹੀ ਕੀਤੀ ਜਾ ਸਕਦੀ ਹੈ। ਸਮਾਂ ਰੁਕਦਾ ਨਹੀਂ, ਇਤਿਹਾਸ ਵਿੱਚ ਸਾਂਭਿਆ ਜ਼ਰੂਰ ਜਾਂਦਾ ਹੈ:
ਪਾਣੀ ਜੋ ਅੱਜ ਪੱਤਣੋਂ ਲੰਘਦਾ
ਫੇਰ ਨਾ ਆਉਂਦਾ ਭਲਕੇ
ਬੇੜੀ ਦਾ ਪੂਰ, ਤ੍ਰਿੰਞਣ ਦੀਆਂ ਕੁੜੀਆਂ
ਫੇਰ ਨਾ ਬੈਠਣ ਰਲ ਕੇ।
ਹਰ ਸਮੇਂ ਦੀ ਅਟੱਲ ਸੱਚਾਈ ਕਹਿੰਦੀਆਂ ਉਪਰੋਕਤ ਤੁਕਾਂ ਤਿ੍ਰੰਞਣ ਦਾ ਮਹੱਤਵ ਦਰਸਾ ਜਾਂਦੀਆਂ ਹਨ ਤੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਕਿਸੇ ਸਮੇਂ ਪੰਜਾਬ ਦੇ ਲੋਕ ਜੀਵਨ ਵਿੱਚ ਚਰਖਾ ਕੱਤਣ ਨੂੰ ਕੁੜੀਆਂ ਨੂੰ ਵੱਡਾ ਰੁਝੇਵਾਂ ਤੇ ਆਹਰ ਸਮਝਿਆ ਜਾਂਦਾ ਸੀ ਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਿਲੱਖਣ ਗੁਣ ਤਸੱਵਰ ਕੀਤਾ ਜਾਂਦਾ ਸੀ। ਹੁਣ ਇਹ ਗੱਲਾਂ ਭਾਵੇਂ ਬਹੁਤਾ ਮਹੱਤਵ ਨਹੀਂ ਰੱਖਦੀਆਂ, ਪਰ ਲੋਕਧਾਰਾ ਵਿੱਚ ਇਨ੍ਹਾਂ ਦਾ ਮਹੱਤਵ ਜਿਉਂ ਦਾ ਤਿਉਂ ਬਣਿਆ ਚਲਿਆ ਆ ਰਿਹਾ ਹੈ। ਕਿਸੇ ਦੇ ਕਹੇ ਪੁਰਾਣੇ ਬੋਲ ਅਜੇ ਵੀ ਯਾਦ ਆ ਜਾਂਦੇ ਹਨ:
ਜੋਗੀ ਉਤਰ ਪਹਾੜੋਂ ਆਇਆ
ਚਰਖੇ ਦੀ ਘੂਕ ਸੁਣ ਕੇ।
ਘਰਾਂ ਦੇ ਸਾਜ਼ ਸਾਮਾਨ ਵਿੱਚ ਚਰਖੇ ਦਾ ਮੌਜੂਦ ਹੋਣਾ ਬਹੁਤੀਆਂ ਹਾਲਤਾਂ ਵਿੱਚ ਮਾਣ ਮਹਿਸੂਸ ਕਰਨ ਵਾਲੀ ਗੱਲ ਸਮਝੀ ਜਾਂਦੀ ਸੀ। ਵਧੀਆ ਦਿੱਖ ਵਾਲਾ ਚਰਖਾ ਬਣਾਉਣ ਵਾਲੇ ਕਾਰੀਗਰ ਦੇ ਵੀ ਸੋਹਲੇ ਗਾਏ ਜਾਂਦੇ ਸਨ। ਤਿ੍ਰੰਞਣ ਜੋੜਨ ਲਈ ਵਧੇਰੇ ਕਰਕੇ ਉਸ ਘਰ ਦੀ ਚੋਣ ਕੀਤੀ ਜਾਂਦੀ, ਜਿਸ ਘਰ ਵਿੱਚ ਦੋ ਤਿੰਨ ਕੁੜੀਆਂ, ਜਿਨ੍ਹਾਂ ਨੇ ਤਿ੍ਰੰਞਣ ਵਿੱਚ ਕੱਤਣਾ ਹੁੰਦਾ ਸੀ, ਹੁੰਦੀਆਂ ਸਨ। ਸ਼ਾਮ ਹੋਣ ਤੋਂ ਪਹਿਲਾਂ ਹੀ ਤਿ੍ਰੰਞਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਸਨ।
ਇਹ ਲੋਕਧਾਰਾ ਵਿਗਿਆਨੀਆਂ ਦੇ ਸਿਦਕ, ਸਿਰੜ, ਮਿਹਨਤ ਤੇ ਖੇਤਰੀ ਖੋਜ ਕਾਰਜ ਦਾ ਫਲ ਹੈ ਕਿ ਲੋਕਧਾਰਾ ਨਾਲ ਸਬੰਧਤ ਅਮੀਰ ਵਿਰਾਸਤ ਦੀ ਅਮੋਲਵੀਂ ਸਮੱਗਰੀ ਸਾਡੇ ਤੱਕ ਪਹੁੰਚ ਸਕੀ ਹੈ। ਹੁਣ ਅਜਿਹੀ ਕੀਮਤੀ ਜਾਣਕਾਰੀ ਨੂੰ ਕਲਮਬੱਧ ਕਰਨ ਵਾਸਤੇ ਸੁਚੇਤ ਪੱਧਰ ‘ਤੇ ਯਤਨ ਕਰਨ ਦੀ ਲੋੜ ਹੈ। ਲੋਕਧਾਰਾ ਨਾਲ ਸਬੰਧਤ ਦੁਰਲੱਭ ਖਜ਼ਾਨੇ ਨੂੰ ਆਉਣ ਵਾਲੇ ਸਮੇਂ ਤੱਕ ਸਾਂਭ ਕੇ ਰੱਖਣ ਲਈ ਸਰਕਾਰਾਂ ਨੂੰ ਪ੍ਰਾਜੈਕਟ ਉਲੀਕ ਕੇ ਉਨ੍ਹਾਂ ਉਪਰ ਕੰਮ ਕਰਨਾ ਚਾਹੀਦਾ ਹੈ। ਤਿ੍ਰੰਞਣ ਹੁਣ ਸੁਪਨੇ ਦੀ ਨਿਆਈ ਹੋ ਗਏ ਹਨ, ਜੋ ਬੀਤੇ ਸਮਿਆਂ ਦੀ ਮਿੱਠੀ ਤੇ ਸੁਹਾਵਣੀ ਯਾਦ ਬਣ ਕੇ ਰਹਿ ਗਏ ਹਨ।