ਪੰਜਾਬੀ ਲੋਕ ਨਾਚ ਅਕੈਡਮੀ ਨੇ ਦੋ ਹਫ਼ਤਿਆਂ ਵਿੱਚ ਜਿੱਤੀਆਂ ਦੋ ਟਰਾਫੀਆਂ

ਮਿਸੀਸਾਗਾ ਪੋਸਟ ਬਿਉਰੋ: ਮਿਸੀਸਾਗਾ ਦੀ ਪੰਜਾਬੀ ਲੋਕ ਨਾਚ ਅਕੈਡਮੀ ਨੇ ਦੋ ਹਫ਼ਤਿਆਂ ਦੇ ਅੰਤਰਾਲ ਵਿੱਚ ਦੋ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ। ਪਹਿਲਾ ਮੁਕਾਬਲਾ 28 ਅਕਤੂਬਰ ਨੂੰ ਮਿਸੀਸਾਗਾ ਦੇ ਲਿਵਿੰਗ ਆਰਟਸ ਸੈਂਟਰ ਵਿਖੇ ਹੋਇਆ ਸੀ ਜਿਸ ਵਿੱਚ ਲਾਈਵ ਮੁਕਾਬਲੇ ਦੀ ਸ਼੍ਰੈਣੀ ਵਿੱਚ ਇਸ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।

ਪੰਜਾਬੀ ਲੋਕ ਨਾਚ ਅਕੈਡਮੀ ਵੱਲੋਂ ਦੂਜੀ ਟਰਾਫੀ ਫਲਾਵਰ ਸਿਟੀ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ 4 ਨਵੰਬਰ ਨੂੰ ਹੋਏ ਮੁਕਾਬਲੇ ਵਿੱਚ ਜਿੱਤੀ ਗਈ। ਇਸ ਮੁਕਾਬਲੇ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ। ਅਕੈਡਮੀ ਦੇ ਡਾਇਰੈਕਟਰ ਜਤਿੰਦਰ ਸਿੰਘ ਨਿੱਜਰ ਨੇ ਪੰਜਾਬੀ ਪੋਸਟ ਨੂੰ ਦੱਸਿਆ ਕਿ ਇਹਨਾਂ ਦੋਵਾਂ ਮੁਕਾਬਲਿਆਂ ਵਿੱਚ ਅਕਾਡਮੀ ਦੇ ਆਰਟਿਸਟਾਂ ਨੇ 9 ਟਰਾਫੀਆਂ ਜਿੱਤੀਆਂ ਜਿਹਨਾਂ ਵਿੱਚ ਬੈਸਟ ਗਾਇਕ, ਢੋਲੀ, ਡਾਂਸ, ਦਸਤਾਰ ਆਦਿ ਦੇ ਵਰਗ ਸ਼ਾਮਲ ਹਨ।