ਪੰਜਾਬੀ ਲੋਕ ਗੀਤਾਂ ਦੀ ਮਲਿਆਲੀ ਰਾਣੀ

-ਹਰਦਿਆਲ ਸਿੰਘ ਥੂਹੀ
ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇਕ ਮਲਿਆਲੀ ਕੁੜੀ ਪੰਜਾਬੀ ਲੋਕ ਗੀਤ ਗਾਉਂਦੀ ਹੈ। ਪੰਜਾਬੀ ਗਾਇਕੀ ਵਿੱਚ ਉਸ ਦਾ ਨਾਂ ਹੈ। ਸੂਰਤ ਤੋਂ ਵੀ ਉਹ ਪੂਰੀ ਪੰਜਾਬਣ ਲੱਗਦੀ ਹੈ। ਇਹ ਹੈ ਪੰਜਾਬੀ ਲੋਕ ਗੀਤਾਂ ਦੀ ਗਾਇਕਾ ਰੰਜਨਾ।
ਰੰਜਨਾ ਦੱਖਣੀ ਭਾਰਤ ਦੇ ਧੁਰ ਹੇਠਲੇ ਰਾਜ ਕੇਰਲਾ ਨਾਲ ਸਬੰਧਤ ਹੈ। ਇਸ ਰਾਜ ਦੇ ਜ਼ਿਲੇ ਕਾਟੇਅਮ ਵਿੱਚ ਪੈਂਦਾ ਕਸਬਾ ਪਲੇਹ ਉਸ ਦਾ ਜੱਦੀ ਪਿੰਡ ਹੈ। ਰੰਜਨਾ ਦਾ ਜਨਮ 13 ਮਈ 1951 ਨੂੰ ਪਿਤਾ ਜਗਨ ਨਾਥ ਅਤੇ ਮਾਤਾ ਚਿੰਨਮਾ ਦੇ ਘਰ ਹੋਇਆ। ਉਸ ਦੇ ਪਿਤਾ ਫੌਜ ਵਿੱਚ ਸਨ, ਜਿਸ ਕਾਰਨ ਉਨ੍ਹਾਂ ਦੀ ਪੋਸਟਿੰਗ ਅਲੱਗ ਥਾਵਾਂ ਉਤੇ ਹੁੰਦੀ ਰਹਿੰਦੀ ਸੀ। ਪਰਵਾਰ ਵੀ ਉਨ੍ਹਾਂ ਦੇ ਨਾਲ ਰਹਿੰਦਾ ਸੀ। ਜਿਨ੍ਹਾਂ ਦਿਨਾਂ ਵਿੱਚ ਰੰਜਨਾ ਦਾ ਜਨਮ ਹੋਇਆ, ਓਦੋਂ ਉਸ ਦੇ ਪਿਤਾ ਅੰਮ੍ਰਿਤਸਰ ਨਿਯੁਕਤ ਸਨ। ਇਸ ਤਰ੍ਹਾਂ ਰੰਜਨਾ ਨੇ ਪੰਜਾਬ ਦੀ ਧਰਤੀ ‘ਤੇ ਅੱਖਾਂ ਖੋਲ੍ਹੀਆਂ। ਜਨਮ ਤੋਂ ਕੁਝ ਸਮੇਂ ਬਾਅਦ ਉਹ ਆਪਣੀ ਮਾਤਾ ਨਾਲ ਵਾਪਸ ਦਾਦਕੇ ਪਰਵਾਰ ਕੋਲ ਚਲੀ ਗਈ। ਬਚਪਨ ਦੇ ਮੁੱਢਲੇ 6-7 ਸਾਲ ਉਸ ਨੇ ਉਥੇ ਗੁਜ਼ਾਰੇ। ਥੋੜ੍ਹਾ ਸਮਾਂ ਪੰਜਾਬ ਤੋਂ ਬਾਹਰ ਰਹਿਣ ਪਿੱਛੋਂ ਉਸ ਦੇ ਪਿਤਾ ਦੀ ਬਦਲੀ ਜਲੰਧਰ ਦੀ ਹੋ ਗਈ ਅਤੇ ਇਉਂ ਉਹ ਮੁੜ ਪੰਜਾਬ ਆ ਗਏ।
ਸਾਲ 1962 ਦੀ ਭਾਰਤ ਚੀਨ ਲੜਾਈ ਸਮੇਂ ਉਸ ਦੇ ਪਿਤਾ ਸਰਹੱਦ ‘ਤੇ ਚਲੇ ਗਏ ਤੇ ਰੰਜਨਾ ਆਪਣੀ ਮਾਂ ਨਾਲ ਆਰਜ਼ੀ ਕੈਂਪ ਵਿੱਚ ਰਹਿਣ ਲੱਗੀ। ਮਾਂ ਬੜੀ ਪ੍ਰੇਸ਼ਾਨ ਸੀ। ਮਲਿਆਲਮ ਹੋਣ ਕਾਰਨ ਕਿਸੇ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰ ਸਕਦੀ ਸੀ। ਮਾਂ ਦੀ ਇਕ ਸਹੇਲੀ ਨੂੰ ਰੰਜਨਾ ਮਾਸੀ ਕਹਿੰਦੀ ਸੀ, ਉਹ ਇਨ੍ਹਾਂ ਨੂੰ ਆਪਣੇ ਘਰ ਲੈ ਆਈ। ਇਸ ਜੰਗ ਵਿੱਚ ਪਿਤਾ ਸ਼ਹੀਦੀ ਪਾ ਗਏ। ਇਨ੍ਹਾਂ ਦਿਨਾਂ ਵਿੱਚ ਰੰਜਨਾ ਦੀ ਛੋਟੀ ਭੈਣ ਰੋਜ਼ੀ ਦਾ ਜਨਮ ਹੋਇਆ। ਇਹ ਸਮਾਂ ਪਰਵਾਰ ਲਈ ਮੁਸੀਬਤਾਂ ਭਰਿਆ ਸੀ। ਪਿਤਾ ਦੀ ਮੌਤ ਪਿੱਛੋਂ ਪਰਵਾਰ ਬੇਸਹਾਰਾ ਹੋ ਗਿਆ। ਦਾਦਕਿਆਂ ਨੇ ਸਾਥ ਨਾ ਦਿੱਤਾ। ਰੰਜਨਾ ਦੀ ਮਾਂ ਨੇ ਮੁੜ ਕੇਰਲਾ ਜਾਣ ਦੀ ਥਾਂ ਜਲੰਧਰ ਰਹਿਣ ਨੂੰ ਪਹਿਲ ਦਿੱਤੀ। ਤੰਗੀਆਂ ਤੁਰਸ਼ੀਆਂ ਕਾਰਨ ਦੋਵੇਂ ਭੈਣਾਂ ਨੂੰ ਕਈ ਵਾਰ ਸੱਧਰਾਂ ਦਾ ਗਲਾ ਘੁੱਟਣਾ ਪਿਆ। ਮਾਂ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸ ਹੋਣ ਕਾਰਨ ਹਰ ਮੁਸੀਬਤ ਸਮੇਂ ਕੋਈ ਨਾ ਕੋਈ ਢੋਅ-ਮੇਲ ਹੋ ਜਾਂਦਾ ਸੀ। ਇਸ ਤਰ੍ਹਾਂ ਰੰਜਨਾ ਪੰਜਾਬ ਵਿੱਚ ਪਲ ਕੇ ਵੱਡੀ ਹੋਈ। ਉਸ ਨੇ ਰਸਮੀ ਤੌਰ ‘ਤੇ ਭਾਵੇਂ ਕੋਈ ਸਕੂਲੀ ਪੜ੍ਹਾਈ ਨਹੀਂ ਕੀਤੀ, ਪਰ ਵਕਤ ਨੇ ਉਸ ਨੂੰ ਜੋ ਪੜ੍ਹਾਇਆ, ਉਹ ਰਸਮੀ ਡਿਗਰੀਆਂ ਦਾ ਮੁਹਤਾਜ ਨਹੀਂ।
ਗਾਉਣ ਦੇ ਸ਼ੌਕ ਬਾਰੇ ਰੰਜਨਾ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਕਿਸੇ ਦੇ ਘਰ ਕੰਮ ਕਰਨ ਜਾਂਦੀ ਸੀ। ਰੰਜਨਾ ਵੀ ਉਸ ਦੇ ਨਾਲ ਚਲੀ ਜਾਂਦੀ। ਇਕ ਦਿਨ ਸਟੋਵ ਉਤੇ ਕੋਈ ਚੀਜ਼ ਬਣਨੀ ਰੱਖ ਕੇ ਤੇ ਰੰਜਨਾ ਨੂੰ ਉਸ ਦਾ ਧਿਆਨ ਰੱਖਣ ਲਈ ਕਹਿ ਕੇ ਮਾਂ ਕਿਸੇ ਹੋਰ ਕੰਮ ਲੱਗ ਗਈ। ਸਟੋਵ ‘ਤੇ ਰੱਖੀ ਚੀਜ਼ ਉਬਲ ਕੇ ਬਾਹਰ ਨਿਕਲ ਗਈ। ਰੰਜਨਾ ਘਬਰਾ ਗਈ। ਮਾਰ ਤੋਂ ਬਚਣ ਲਈ ਉਸ ਨੇ ਨੇੜੇ ਪਏ ਕੱਪੜੇ (ਪੋਣਾ) ਨਾਲ ਡੁੱਲ੍ਹੀ ਚੀਜ਼ ਸਾਫ ਕਰ ਦਿੱਤੀ। ਘਰ ਦੀ ਮਾਲਕਣ ਨੇ ਜਦੋਂ ਆ ਕੇ ਦੇਖਿਆ ਤਾਂ ਗੁੱਸੇ ਵਿੱਚ ਰੰਜਨਾ ਦੇ ਮੂੰਹ ‘ਤੇ ਚਪੇੜ ਮਾਰ ਦਿੱਤੀ। ਮਲੂਕ ਜਿਹੀ ਰੰਜਨਾ ਡਿੱਗ ਪਈ ਤੇ ਮੱਥਾ ਦਰਵਾਜ਼ੇ ਦੀ ਦੇਹਲੀ ਨਾਲ ਜਾ ਲੱਗਾ। ਮੱਥੇ ਵਿੱਚੋਂ ਖੂਨ ਵਹਿ ਤੁਰਿਆ। ਰੰਜਨਾ ਬਹੁਤ ਰੋਈ।
ਘਰ ਮੁੜ ਕੇ ਉਸ ਨੇ ਗਾਉਣ ਦਾ ਨਿਸ਼ਚਾ ਕੀਤਾ। ਲਤਾ ਮੰਗੇਸ਼ਕਰ ਦੇ ਗਾਏ ਹਿੰਦੀ ਗੀਤ ਉਸ ਨੂੰ ਚੰਗੇ ਲੱਗਦੇ ਸਨ। ਉਹ ਸਾਰਾ ਦਿਨ ਉਨ੍ਹਾਂ ਨੂੰ ਗਾਉਂਦੀ ਰਹਿੰਦੀ। ਇਸ ਤਰ੍ਹਾਂ ਉਸ ਦਾ ਧਿਆਨ ਗਾਇਕੀ ਵੱਲ ਵਧਦਾ ਗਿਆ। ਇਕ ਦਿਨ ਘਰ ਵਿੱਚ ਹਿੰਦੀ ਫਿਲਮੀ ਗੀਤਾਂ ਨੂੰ ਗੁਣਗੁਣਾਉਂਦੀ ਦੀ ਆਵਾਜ਼ ਗੁਆਂਢ ਵਿੱਚ ਰਹਿੰਦੇ ਪੇਟੀ ਮਾਸਟਰ ਉਜਾਗਰ ਰਾਮ ਦੇ ਕੰਨੀਂ ਜਾ ਪਈ। ਉਹ ਰਾਮ ਲੀਲਾ ਵਾਲਿਆਂ ਨਾਲ ਵਾਜਾ ਵਜਾਉਂਦਾ ਸੀ। ਉਸ ਨੇ ਰੰਜਨਾ ਦੀ ਮਾਂ ਨੂੰ ਮਨਾ ਕੇ ਰਾਮ ਲੀਲਾ ਦੀ ਸਟੇਜ ‘ਤੇ ਉਸ ਤੋਂ ਗਵਾਇਆ। ਇਸ ਤਰ੍ਹਾਂ ਰੰਜਨਾ ਦਾ ਇਸ ਖੇਤਰ ਵਿੱਚ ਅੱਗੇ ਵਧਣ ਦਾ ਸਫਰ ਸ਼ੁਰੂ ਹੋ ਗਿਆ। ਫਿਲਮੀ ਗੀਤਾਂ ਤੋਂ ਇਲਾਵਾ ਉਸ ਨੂੰ ਪੰਜਾਬੀ ਗੀਤ ਵੀ ਚੰਗੇ ਲੱਗਦੇ ਸਨ। ਖਾਸ ਤੌਰ ‘ਤੇ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਏ ਹੋਏ। ਭਾਵੇਂ ਉਸ ਨੂੰ ਪੰਜਾਬੀ ਬੋਲਣੀ ਨਹੀਂ ਸੀ ਆਉਂਦੀ, ਪਰ ਪੰਜਾਬੀ ਗੀਤ ਗਾ ਲੈਂਦੀ ਸੀ। ਸਟੇਜ ‘ਤੇ ਪਹਿਲਾ ਪੰਜਾਬੀ ਗੀਤ ਉਸ ਨੇ ਸੁਰਿੰਦਰ ਕੌਰ ਦਾ ਗਾਇਆ। ‘ਏਹਨਾਂ ਅੱਖੀਆਂ ‘ਚ ਪਾਵਾਂ ਕਿਵੇਂ ਕੱਜਲਾ..।’ ਜਦੋਂ ਉਸ ਨੂੰ ਪੰਜਾਬੀ ਸਿੱਖਣ ਦੀ ਲੋੜ ਮਹਿਸੂਸ ਹੋਈ ਤਾਂ ਉਸ ਨੇ ਇਹ ਹਫਤੇ ਵਿੱਚ ਹੀ ਸਿੱਖ ਲਈ। ਉਸ ਦਾ ਪੰਜਾਬੀ ਉਚਾਰਣ ਬਹੁਤੀਆਂ ਪੰਜਾਬੀਆਂ ਗਾਇਕਾਵਾਂ ਨਾਲੋਂ ਸ਼ੁੱਧ ਅਤੇ ਸਪੱਸ਼ਟ ਹੈ।
ਰੰਜਨਾ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ ਜਲੰਧਰ ਦੇ ਸੰਗੀਤ ਸ਼ਾਸਤਰੀ ਚਰਨ ਦਾਸ ਸਫਰੀ ਤੋਂ ਪ੍ਰਾਪਤ ਕੀਤੀ। ਪਿਤਾ ਕਾਰਨ ਜਲੰਧਰ ਆਰਮੀ ਨਾਲ ਉਸ ਦਾ ਪਰਵਾਰਕ ਰਿਸ਼ਤਾ ਸੀ, ਇਸ ਲਈ ਗਾਹੇ ਬਗਾਹੇ ਆਰਮੀ ਪ੍ਰੋਗਰਾਮਾਂ ਵਿੱਚ ਉਸ ਨੂੰ ਗਾਉਣ ਦਾ ਮੌਕਾ ਮਿਲਦਾ ਰਹਿੰਦਾ ਸੀ। ਉਸ ਅੰਦਰਲੀ ਕਲਾ ਨੂੰ ਦੇਖ ਕੇ ਸੌਂਗ ਅਤੇ ਡਰਾਮਾ ਗਰੁੱਪ ਦੇ ਇੰਚਾਰਜ ਮਾਸਟਰ ਪ੍ਰਾਣ ਨਾਥ ਨੇ ਰੰਜਨਾ ਨੂੰ ਆਪਣੇ ਗਰੁੱਪ ਵਿੱਚ ਕੰਮ ਕਰਨ ਲਈ ਮਨਾ ਲਿਆ। ਇਸ ਗਰੁੱਪ ਨਾਲ ਕੰਮ ਕਰਨ ਦੇ ਰੰਜਨਾ ਨੂੰ ਦੋ ਫਾਇਦੇ ਹੋਏ। ਇਕ ਤਾਂ ਲਗਾਤਾਰ ਕੰਮ ਕਰਨ ਨਾਲ ਉਸ ਅੰਦਰਲੀ ਕਲਾ ਨਿੱਖਰਦੀ ਗਈ ਅਤੇ ਦੂਸਰੇ ਉਸ ਦੀ ਜਾਣ ਪਛਾਣ ਦਾ ਘੇਰਾ ਮੋਕਲਾ ਹੁੰਦਾ ਗਿਆ। ਮਿਲਟਰੀ ਦੇ ਪ੍ਰੋਗਰਾਮਾਂ ਕਾਰਨ ਰੰਜਨਾ ਨੂੰ ਵੱਖ-ਵੱਖ ਬੋਲੀਆਂ ਦੇ ਗੀਤ ਗਾਉਣ ਦਾ ਤਜਰਬਾ ਹੁੰਦਾ ਗਿਆ। ਹੌਲੀ-ਹੌਲੀ ਪੰਜਾਬੀ ਗੀਤਾਂ ਵੱਲ ਉਸ ਦਾ ਝੁਕਾਅ ਵਧਦਾ ਗਿਆ।
ਗਾਇਕੀ ਦੇ ਵੀਹ ਕੁ ਸਾਲਾਂ ਦੇ ਸਫਰ ਦੌਰਾਨ ਰੰਜਨਾ ਦਾ ਵਾਹ ਬਹੁਤ ਸਾਰੇ ਲੋਕਾਂ ਨਾਲ ਪਿਆ। ਇਕ ਸ਼ਖਸ ਜਿਸ ਦੀ ਸ਼ਖਸੀਅਤ ਨੇ ਉਸ ਨੂੰ ਸਭ ਤੋਂ ਵੱਧ ਪ੍ਰਭਾਵਿੱਤ ਕੀਤਾ, ਉਹ ਸੀ ਸੰਗੀਤਕਾਰ ਮੇਵੀ ਭੱਟੀ। ਦੋ ਕਲਾਕਾਰਾਂ ਨੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਇਕੱਠਿਆਂ ਤੁਰਨ ਦਾ ਫੈਸਲਾ ਕਰ ਲਿਆ। ਇਹ ਸਾਲ 1987 ਦੀ ਗੱਲ ਹੈ। ਆਪਣੇ ਜੀਵਨ ਸਾਥੀ ਦੇ ਸਹਿਯੋਗ ਨਾਲ ਰੰਜਨਾ ਦਾ ਹੌਸਲਾ ਹੋਰ ਵਧ ਗਿਆ ਅਤੇ ਇਉਂ ਗਾਇਕੀ ਦੇ ਖੇਤਰ ਵਿੱਚ ਉਹ ਪੱਕੇ ਪੈਰੀਂ ਹੋ ਗਈ। ਆਕਾਸ਼ਵਾਣੀ ਜਲੰਧਰ ਦੀ ਉਹ ਪ੍ਰਵਾਨਿਤ ਗਾਇਕਾ ਬਣ ਗਈ। ਰੇਡੀਓ ‘ਤੇ ਉਸ ਦੇ ਗੀਤ ਲਗਾਤਾਰ ਵੱਜਣ ਲੱਗ ਪਏ। ਇਸ ਤਰ੍ਹਾਂ ਇਕ ਮਲਿਆਲਮ ਮੂਲ ਦੀ ਕੁੜੀ ਦਾ ਨਾਂ ਪੰਜਾਬੀ ਦੀਆਂ ਗਾਇਕਾਵਾਂ ਵਿੱਚ ਸ਼ਾਮਲ ਹੋ ਗਿਆ। ਰੇਡੀਓ ਅਤੇ ਦੂਰਦਰਸ਼ਨ ਤੋਂ ਵੱਜਦੇ ਉਸ ਦੇ ਕੁਝ ਪ੍ਰਮੁੱਖ ਗੀਤ ਹਨ:
* ਸੌ-ਸੌ ਰੁੱਖ ਪਈ ਲਾਵਾਂ ਰੁੱਖ ਤਾਂ ਹਰੇ ਭਰੇ
ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ।
* ਵਗਦੀ ਏ ਰਾਵੀ ਵਿੱਚ ਸੁਰਮਾ ਕੀਹਨੇ ਡੋਲ੍ਹਿਆ।
* ਛੱਲੀਆਂ, ਛੱਲੀਆਂ, ਛੱਲੀਆਂ,
ਵੀਰਾ ਮੈਨੂੰ ਲੈ ਚੱਲ ਵੇ,
ਮੇਰੀਆਂ ਕੱਤਣ ਸਹੇਲੀਆਂ ਕੱਲੀਆਂ।
* ਲੈ ਵੇਖ ਨਣਾਨੇ ਤੇਰਾ ਵੀਰ ਰੁੱਸ-ਰੁੱਸ ਵਹਿੰਦਾ।
* ਨੱਚਣ ਵਿਆਹੀਆਂ ਤੇ ਕੁਆਰੀਆਂ।
* ਮੈਨੂੰ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ
* ਦਿਲ ਲੈ ਗਿਆ ਨੀਂ ਕੋਈ ਦਿਲ ਲੈ ਗਿਆ
ਸੋਹਣਾ ਸਾਂਵਲ ਬਲੋਚ ਡਾਚੀ ਵਾਲਾ,
ਰੁਮਾਲ ਦੀ ਨਿਸ਼ਾਨੀ ਦੇ ਗਿਆ।
* ਕਿਹੜੀਆਂ ਗੱਲਾਂ ਦਾ ਤੈਨੂੰ ਵੱਟ ਵੇ,
ਮੁੱਖੋਂ ਬੋਲ ਮੱਝੀਂ ਵਾਲਿਆ।
* ਤੇਰੇ ਦੁੱਖਾਂ ਦਾ ਮਾਰਿਆ,
ਨੀ ਰਾਂਝਾ ਜੋਗੀ ਹੋਇਆ।
* ਉਡੂੰ-ਉਡੂੰ ਕਰੇ ਮੇਰਾ ਜੀਅ ਨੀ ਸਹੇਲੀਓ..।
ਰੇਡੀਓ ਤੋਂ ਇਲਾਵਾ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚ ਐਮ ਵੀ ਵੱਲੋਂ ਰੰਜਨਾ ਦੇ ਗੀਤ ਰਿਕਾਰਡ ਹੋਏ। ਉਸ ਦੀ ਆਵਾਜ਼ ਵਿੱਚ ਕੁਝ ਕੈਸੇਟਾਂ ਵੀ ਰਿਕਾਰਡ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ‘ਤੋਹਫਾ ਸੱਜਣਾਂ ਦਾ’, ‘ਚੜ੍ਹੀ ਜੁਆਨੀ ਜ਼ੋਰਾਂ ਦੀ’, ‘ਮੇਰਾ ਜੀਅ ਨਹੀਓਂ ਲੱਗਣਾ’, ‘ਚੂੜੀਆਂ ਚੜ੍ਹ ਲਓ’, ‘ਘਰ ਸਾਡੇ ਸ਼ੇਰਾਂ ਵਾਲੀ ਮਾਂ ਆਈ’ (ਧਾਰਮਿਕ) ਅਤੇ ‘ਮਸੀਹੀ ਭਜਨ’ (ਧਾਰਮਿਕ)। ਦੂਰਦਰਸ਼ਨ ਦੇ ਜਲੰਧਰ ਕੇਂਦਰ ਤੋਂ ਉਹ ਅਕਸਰ ਆਪਣੇ ਗੀਤ ਪੇਸ਼ ਕਰਦੀ ਰਹਿੰਦੀ ਹੈ, ਜਿਸ ਕਾਰਨ ਉਸ ਨੂੰ ਵਿਸ਼ੇਸ਼ ਪਛਾਣ ਮਿਲੀ। ਇਸ ਤੋਂ ਇਲਾਵਾ ਰੰਜਨਾ ਕਈ ਫਿਲਮਾਂ ਵਿੱਚ ਪਿੱਠ-ਵਰਤੀ ਗਾਇਕਾ ਵਜੋਂ ਗਾ ਚੁੱਕੀ ਹੈ, ਇਨ੍ਹਾਂ ਵਿੱਚ ‘ਜੱਗਾ ਡਾਕੂ’, ‘ਜੱਟ ਵਲੈਤੀ’, ‘ਜ਼ਖਮੀ’, ‘ਪਟੋਲਾ’, ‘ਪੰਜਾਬ ਕੌਰ’, ‘ਜ਼ੋਰਾਵਰ’, ‘ਸਿਰ ਧੜ ਦੀ ਬਾਜ਼ੀ’, ‘ਸੁੱਖਾ’ ਆਦਿ ਸ਼ਾਮਲ ਹਨ। ਸਮੇਂ ਦੀ ਮੰਗ ਅਨੁਸਾਰ ਰੰਜਨਾ ਨੇ ਜਗਜੀਤ ਜ਼ੀਰਵੀ, ਸੁਰਿੰਦਰ ਛਿੰਦਾ, ਨਿਰਮਲ ਸਿੱਧੂ, ਹੰਸ ਰਾਜ ਹੰਸ ਆਦਿ ਵਰਗੇ ਨਾਮਵਰ ਗਾਇਕਾਂ ਨਾਲ ਦੋਗਾਣੇ ਵੀ ਗਾਏ।
ਰੰਜਨਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਪਰਣਾਈ ਹੋਈ ਹੈ। ਆਪਣੀ ਕਲਾ ਦੇ ਸਿਰ ‘ਤੇ ਉਹ ਕੈਨੇਡਾ ਦਾ ਚੱਕਰ ਲਾ ਆਈ ਹੈ। 1976 ਵਿੱਚ ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਅਤੇ ਮਹਿੰਦਰ ਜੀਤ ਕੌਰ ਸੇਖੋਂ ਦੇ ਗਰੁੱਪ ਨਾਲ ਉਹ ਅਤੇ ਜਗਜੀਤ ਜ਼ੀਰਵੀ ਸ਼ਾਮਲ ਸਨ। ਇਸ ਦੌਰੇ ਦੌਰਾਨ ਕੈਨੇਡਾ ਵਸਦੇ ਪੰਜਾਬੀਆਂ ਨੇ ਰੰਜਨਾ ਦੇ ਪ੍ਰੋਗਰਾਮ ਨੂੰ ਖੂਬ ਸਰਾਹਿਆ।
2010 ਵਿੱਚ ਉਸ ਦੇ ਜੀਵਨ ਸਾਥੀ ਮੇਵੀ ਭੱਟੀ ਦੀ ਮੌਤ ਹੋ ਗਈ, ਜਿਸ ਨਾਲ ਰੰਜਨਾ ਨੂੰ ਗਹਿਰਾ ਸਦਮਾ ਲੱਗਾ। ਉਹ ਗਮ ਦੇ ਸਾਗਰਾਂ ਵਿੱਚ ਡੁੱਬ ਗੀ। ਇਸ ਸਮੇਂ ਉਸ ਨੇ ਬਾਈਬਲ ਤੋਂ ਅਗਵਾਈ ਲਈ, ਜਿਸ ਸਦਕਾ ਹੌਲੀ-ਹੌਲੀ ਉਸ ਨੇ ਸੰਭਲਣਾ ਸ਼ੁਰੂ ਕੀਤਾ ਤੇ ਮੁੜ ਤੋਂ ਆਪਣੀਆਂ ਪਰਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲੱਗੀ। ਦੂਰਦਰਸ਼ਨ ਕੇਂਦਰ ਨਾਲ ਉਸ ਦਾ ਪਰਵਾਰਕ ਰਿਸ਼ਤਾ ਹੈ, ਕੇਂਦਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਮੌਕੇ ਦੇਣ ਲਈ ਕਰਾਏ ਜਾਂਦੇ ਸੁਰ ਸਰਤਾਜ ਪ੍ਰੋਗਰਾਮਾਂ ਵਿੱਚ ਉਸ ਨੇ ਬਤੌਰ ਜੱਜ ਉਸਾਰੂ ਭੂਮਿਕਾ ਨਿਭਾਈ ਹੈ। ਅੱਜ ਕੱਲ੍ਹ ਚੱਲ ਰਹੇ ਪ੍ਰੋਗਰਾਮ ‘ਸੁਰ ਸਮਰਾਟ’ ਵਿੱਚ ਵੀ ਰੰਜਨਾ ਇਹ ਜ਼ਿੰਮੇਵਾਰੀ ਨਿਭਾ ਰਹੀ ਹੈ।
ਰੰਜਨਾ ਨੂੰ ਆਪਣੀ ਮਾਂ ਵਾਂਗ ਈਸ਼ਵਰ ਵਿੱਚ ਅਥਾਹ ਭਰੋਸਾ ਹੈ। ਉਹ ਹਰ ਰੋਜ਼ ਨੇਮ ਨਾਲ ਬਾਈਬਲ ਪੜ੍ਹਦੀ ਹੈ ਤੇ ਪ੍ਰਾਰਥਨਾ ਕਰਦੀ ਹੈ। ਸੰਗੀਤ ਉਸ ਲਈ ਪੂਜਾ ਹੈ। ਅੱਜ ਕੱਲ੍ਹ ਪ੍ਰਚੱਲਿਤ ਸ਼ੋਰ ਸ਼ਰਾਬੇ ਵਾਲੇ ਸੰਗੀਤ ਦੀ ਥਾਂ ਉਹ ਰੂਹ ਨੂੰ ਸਕੂਨ ਦੇਣ ਵਾਲੇ ਸੰਗੀਤ ਦੀ ਮੁਦੱਈ ਹੈ। ਆਪਣੀ ਸੰਗੀਤਕ ਜਾਇਦਾਦ ਨੂੰ ਉਸ ਨੇ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਿਆ, ਉਸ ਨੂੰ ਅੱਗੇ ਵੰਡ ਰਹੀ ਹੈ। ਉਹ ਆਪਣੇ ਕੁਝ ਸ਼ਾਗਿਰਦਾਂ ਨੂੰ ਸੰਗੀਤ ਸਿੱਖਿਆ ਦੇ ਰਹੀ ਹੈ। ਉਸ ਦੀ ਇਕਲੌਤੀ ਬੇਟੀ ਕੈਰਨ ਭੱਟੀ ਭਾਵੇਂ ਸਿੱਧੇ ਤੌਰ ‘ਤੇ ਗਾਇਕੀ ਨਾਲ ਨਹੀਂ ਜੁੜੀ, ਪਰ ਸੰਗੀਤ ਨਾਲ ਉਸ ਦਾ ਗਹਿਰਾ ਲਗਾਓ ਹੈ। ਅੱਜ ਕੱਲ੍ਹ ਮਾਂ ਬੇਟੀ ਜਲੰਧਰ ਵਿੱਚ ਰਹਿ ਰਹੀਆਂ ਹਨ।