ਪੰਜਾਬੀ ਪੋਸਟ ਵਿਸ਼ੇਸ਼: ਰੋਨਾ ਐਂਬਰੋਜ਼: ਬੇਬਾਕ ਨੇਤਾ ਦੀ ਬੇਬਾਕ ਵਿਦਾਇਗੀ

Rona Ambroseਕੰਜ਼ਰਵੇਟਿਵ ਪਾਰਟੀ ਦੀ ਅੰਤਰਿਮ ਲੀਡਰ ਰੋਨਾ ਐਂਬਰੋਜ਼ ਨੇ ਐਲਾਨ ਕੀਤਾ ਹੈ ਕਿ ਉਹ ਜੂਨ 2017 ਵਿੱਚ ਉਹ ਐਮ ਪੀ ਦੀ ਸੀਟ ਅਤੇ ਪਾਰਟੀ ਦੇ ਅੰਤਰਿਮ ਲੀਡਰ ਦਾ ਅਹੁਦਾ ਤਿਆਗ ਕੇ ਸਿਆਸਤ ਤੋਂ ਵਿਦਾਇਗੀ ਲੈ ਲਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਲੈ ਕੇ ਐਨ ਡੀ ਪੀ ਆਗੂ ਥੋਮਸ ਮੁਲਕੇਅਰ ਤੋਂ ਰੂੱਕੀ ਐਮ ਪੀਆਂ ਤੱਕ ਵੱਖੋ ਵੱਖਰੇ ਆਗੂ ਸਿਆਸੀ ਹੱਦਾਂ ਤੋਂ ਉੱਤੇ ਉੱਠ ਕੇ ਰੋਨਾ ਐਂਬਰਰੋਜ਼ ਦੀ ਲੀਡਰਸਿ਼ੱਪ, ਉਸਦੀ ਨਿੱਜੀ ਸਖ਼ਸਿ਼ਅਤ ਬਾਰੇ ਕਮਾਲ ਦੀਆਂ ਟਿੱਪਣੀਆਂ ਕਰ ਰਹੇ ਹਨ।

ਰੋਨਾ ਐਂਬਰੋਜ਼ ਸ਼ਲਾਘਾ ਅਤੇ ਸਿਫ਼ਤ ਦੀ ਹੱਕਦਾਰ ਹੈ। 2004 ਵਿੱਚ ਜਿਸ ਵੇਲੇ ਉਸਨੇ ਪਹਿਲੀ ਵਾਰ ਐਮ ਪੀ ਵਜੋਂ ਚੋਣ ਜਿੱਤੀ ਤਾਂ ਉਸਦੀ ਉਮਰ ਮਹਿਜ਼ 34 ਕੁ ਸਾਲਾਂ ਦੀ ਸੀ ਅਤੇ ਉਹ ਘਾਗ ਕੰਜ਼ਰਵੇਟਿਵ ਸਿਆਸਤਦਾਨਾਂ ਵਿੱਚ ਇੱਕ ਨਵੀਂ ਖਿਡਾਰਨ ਮੰਨੀ ਜਾਂਦੀ ਸੀ। ਇਹ ਸਿਹਰਾ ਰੋਨਾ ਐਂਬਰੋਜ਼ ਨੂੰ ਜਾਂਦਾ ਹੈ ਕਿ ਉਸਨੇ ਸਿਰਫ਼ ਕੰਜ਼ਰਵੇਟਿਵ ਹਲਕਿਆਂ ਵਿੱਚ ਹੀ ਪਹਿਚਾਣ ਨਹੀਂ ਬਣਾਈ ਸਗੋਂ ਕੈਨੇਡੀਅਨ ਸਿਆਸਤ ਦੇ ਲੈਂਡਸਕੇਪ ਉੱਤੇ ਇੱਕ ਵੱਖਰੀ ਛਾਪ ਛੱਡੀ ਹੈ। ਸਰਗਰਮ ਸਿਆਸਤ ਵਿੱਚ ਦੋ ਸਾਲਾਂ ਦੇ ਅਰਸੇ ਤੋ ਬਾਅਦ ਹੀ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਸਨੂੰ ਕੈਬਨਿਟ ਵਿੱਚ ਥਾਂ ਦੇ ਦਿੱਤੀ ਸੀ। ਇਸਤੋਂ ਬਾਅਦ ਉਸਨੇ ਵਾਤਾਵਰਣ, ਸਿਹਤ, ਪਬਲਿਕ ਵਰਕਸ, ਸਟੈਸਟ ਆਫ ਵੂਮੈਨ ਤੋਂ ਲੈ ਕੇ ਵਿਰੋਧੀ ਧਿਰ ਦੀ ਅੰਤਰਿਮ ਲੀਡਰ (ਕੈਬਨਿਟ ਰੁਤਬਾ) ਤੱਕ 8 ਅਹੁਦੇ ਸੰਭਾਲੇ ਅਤੇ ਹਰ ਇੱਕ ਦਾ ਨਿਵੇਕਲੇ ਢੰਗ ਨਾਲ ਮਾਣ ਵਧਾਇਆ।

ਸਿਆਸਤ ਵਿੱਚ ਰਹਿ ਕੇ ਸਿਆਸਤ ਦੀਆਂ ਉਚਾਈਆਂ ਨੀਵਾਣਾਂ ਦੇ ਧੱਕੇ ਧੋੜੇ ਤਾਂ ਸਿਆਸਤਦਾਨਾਂ ਨੂੰ ਖਾਣੇ ਹੀ ਹੁੰਦੇ ਹਨ। ਪਰ ਸਿਆਸਤ ਵਿੱਚ ਰਹਿ ਕੇ ਵੀ ਮਨੁੱਖੀ ਪ੍ਰੇਰਨਾ ਦੀ ਜੋ ਗੱਲ ਰੋਨਾ ਐਂਬਰੋਜ਼ ਦੇ ਦਿਲ ਦੇ ਸੱਭ ਤੋਂ ਵੱਧ ਨਜ਼ਦੀਕ ਹੈ, ਉਹ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਕਰਨਾ ਸੀ। ਰੋਨਾ ਇਹ ਸਿਹਰਾ ਜਾਂਦਾ ਹੈ ਕਿ ਉਸਨੇ ਯੂਨਾਈਟਡ ਨੇਸ਼ਨਜ਼ ਨਾਲ ਮਿਲ ਕੇ 2011 ਵਿੱਚ ‘ਇੰਟਰਨੈਸ਼ਨਲ ਡੇਅ ਆਫ ਦਾ ਗਰਲ’ (International Day of the Girl) ਐਲਾਨ ਕਰਵਾਇਆ। ਰੋਨਾ ਇਸ ਪ੍ਰਾਪਤੀ ਨੂੰ ਆਪਣੇ 13 ਸਾਲਾਂ ਦੇ ਸਿਆਸੀ ਕੈਰੀਅਰ ਦਾ ਸਿ਼ਖਰ ਮੰਨਦੀ ਹੈ। ਉਸ ਅੰਦਰ ਮੌਜੂਦ ਮਨੁੱਖੀ ਸੰਵੇਦਨਾ ਅਤੇ ਕਰੁਣਾ ਦੀ ਹੋਂਦ ਹੀ ਰੋਨਾ ਨੂੰ ਸਿਆਸਤ ਤੋਂ ਰਿਟਾਇਰ ਹੋਣ ਤੋਂ ਬਾਅਦ ‘ਇੰਟਰਨੈਸ਼ਨਲ ਡੇਅ ਆਫ ਦਾ ਗਰਲ’ ਬਾਰੇ ਇੱਕ ਕਿਤਾਬ ਲਿਖਣ ਲਈ ਪ੍ਰੇਰਿਤ ਕਰ ਰਹੀ ਹੈ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ Status of Women Action Group, the Victorial Sexual Assault and Sexual Abuse Crisis Centre ਅਤੇ the Edmonton Women’s Shelter ਵਰਗੀਆਂ ਸੰਸਥਾਵਾਂ ਨਾਲ ਸਰਗਰਮੀ ਨਾਲ ਜੁੜੀ ਰਹੀ ਹੈ। ਇਹ ਗੱਲ ਰੋਨਾ ਐਂਬਰੋਜ਼ ਦੀ ਔਰਤਾਂ ਪ੍ਰਤੀ ਵਚਨਬੱਧਤਾ ਦੀ ਲਖਾਇਕ ਹੈ ਕਿ ਉਸਦੇ ਕੈਨੇਡੀਅਨ ਜੱਜਾਂ ਨੂੰ ਸੈਕਸੂਅਲ ਅਸਾਲਟ ਕਨੂੰਨ ਬਾਰੇ ਲਾਜ਼ਮੀ ਟਰੇਨਿੰਗ ਦੇਣ ਵਾਲੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਲਿਬਰਲ ਸਰਕਾਰ ਨੇ ਵੀ ਹਮਾਇਤ ਦਿੱਤੀ। ਪਾਰਲੀਮੈਂਟ ਵਿੱਚ ਇਹ ਉਸਦਾ ਆਖਰੀ ਬਿੱਲ ਸੀ। ਔਰਤਾਂ ਦੇ ਹੱਕਾਂ ਬਾਰੇ ਆਪਣੀ ਸੋਚ ਦਾ ਇਜ਼ਹਾਰ ਉਹ ਅਕਸਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਹੁੰਚ ਨਾਲ ਮੁਕਾਬਲਾ ਕਰਕੇ ਕਰਦੀ ਰਹੀ ਹੈ। ਰੋਨਾ ਦਾ ਆਖਣਾ ਹੈ ਕਿ ਜਸਟਿਨ ਟਰੂਡੋ ਔਰਤਾਂ ਵੱਲੋਂ ਤਾਂ ਔਰਤਾਂ ਨੂੰ ਆਪਣੀ ਕੈਬਨਿਟ ਵਿੱਚ ‘ਕੋਟਾ’ ਕਾਇਮ ਕਰਕੇ ਵਿਖਾਵੇ ਲਈ ਥਾਂ ਦਿੱਤੀ ਜਾਂਦੀ ਹੈ ਕਿਉਂਕਿ ਅਜਿਹਾ ਕਰਨਾ ਸਿਆਸਤ ਲਈ ਚੰਗਾ ਹੈ। ਖੁਦ ਬਾਰੇ ਉਸਦਾ ਆਖਣਾ ਹੈ ਕਿ ਮੈਂ ਔਰਤਾਂ ਨੂੰ ਇੱਕ ਮੁਕੰਮਲ ਇਨਸਾਨ ਵਜੋਂ ਵੇਖਦੀ ਹਾਂ।

ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਤੋਂ ਇਲਾਵਾ ਰੋਨਾ ਦੀਆਂ ਹੋਰ ਵੀ ਕਈ ਵੱਡੀਆਂ ਪ੍ਰਾਪਤੀਆਂ ਹਨ। ਮਿਸਾਲ ਵਜੋਂ 2017 ਦੀ ਪਹਿਲੀ ਤਿਮਾਹੀ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਉਸਦੀ ਅਗਵਾਈ ਵਿੱਚ 5.3 ਮਿਲੀਅਨ ਡਾਲਰ ਫੰਡ ਇੱਕਤਰ ਕੀਤੇ ਹਨ। ਇਹ ਮਾਅਰਕਾ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਇੱਤਕਰ ਫੰਡਾਂ ਨਾਲੋਂ ਦੁੱਗਣਾ ਹੈ। ਇਸ ਵਿੱਚ ਟੋਰ ਿਲੀਡਰਸਿ਼ੱਪ ਚੋਣ ਲੜ ਰਹੇ ਉਮੀਦਾਵਾਰਾਂ ਵੱਲੋਂ ਇੱਕਤਰ 4 ਮਿਲੀਅਨ ਡਾਲਰ ਸ਼ਾਮਲ ਨਹੀਂ ਹਨ। ਰੋਨਾ ਬੇਸ਼ੱਕ ਕੱਲ ਨੂੰ ਚਲੀ ਜਾਵੇਗੀ ਲੇਕਿਨ ਲਿਬਰਲ ਪਾਰਟੀ ਲਈ ਅਗਲੀਆਂ ਚੋਣਾਂ ਵਾਸਤੇ ਇੱਕ ਮਜ਼ਬੂਤ ਵਿਰੋਧੀ ਧਿਰ ਛੱਡ ਕੇ ਜਾ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਕੀ ਨਵਾਂ ਪਾਰਟੀ ਲੀਡਰ ਰੋਨਾ ਦੀਆਂ ਛੱਡੀਆਂ ਪੈੜਾਂ ਨੂੰ ਨੱਪ ਸਕੇਗਾ ਜਾਂ ਨਹੀਂ?

ਅਗਲੇ ਦਿਨਾਂ ਵਿੱਚ ਰੋਨਾ ਐਂਬਰੋਜ਼ ਵਾਸਿ਼ੰਗਟਨ ਡੀ ਸੀ ਸਥਿਤ Canada Institute of the Wilson Center  ਵਿੱਚ ਵਿਜ਼ਟਿੰਗ ਫੈਲੋ ਵਜੋਂ ਜੁਆਇਨ ਕਰ ਲਵੇਗੀ। ਇਸ ਗੱਲ ਦੀ ਪੱਕੀ ਆਸ ਹੈ ਕਿ ਇਸ ਰੋਲ ਵਿੱਚ ਉਹ ਕੈਨੇਡਾ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਬਣਦਾ ਯੋਗਦਾਨ ਪਾਵੇਗੀ। ਅਜਿਹਾ ਯੋਗਦਾਨ ਪਾਉਣਾ ਉਸਦੇ ਹੱਡਾਂ ਵਿੱਚ ਸਮਾਇਆ ਹੋਇਆ ਹੈ। ਆਖਰ ਨੂੰ 2008 ਵਿੱਚ ਸੁਤੰਤਰਤਾ ਨੂੰ ਅੱਗੇ ਵਧਾਉਣ, ਪੱਤਰਕਾਰੀ ਨੂੰ ਚਾਰ ਚੰਨ ਲਾਉਣ ਅਤੇ ਸੋਚ ਵਿਚਾਰ ਦੇ ਨਵੇਂ ਦਿਸਹੱਦੇ ਪੈਦਾ ਕਰਨ ਵਾਲੀਆਂ ਪੱਛਮੀ ਮੁਲਕਾਂ ਦੀਆਂ 100 ਔਰਤਾਂ ਵਿੱਚੋਂ ਉਹ 17ਵੇਂ ਸਥਾਨ ਉੱਤੇ ਆਈ ਸੀ। ਹੁਣ ਜਦੋਂ ਉਹ ਸਿਆਸਤ ਦੇ ਸੌੜੇ ਦਾਇਰੇ ਵਿੱਚੋਂ ਨਿਕਲ ਕੇ ਉਹ ਲੰਬੀਆਂ ਉਡਾਰੀਆਂ ਮਾਰਨ ਜਾ ਰਹੀ ਹੈ ਤਾਂ ਸੰਭਵ ਹੈ ਕਿ ਉਸਦੀਆਂ ਪ੍ਰਾਪਤੀਆਂ ਹੋਰ ਵੀ ਵੱਡੀਆਂ ਹੋ ਜਾਣਗੀਆਂ।