ਪੰਜਾਬੀ ਪੋਸਟ ਵਿਸ਼ੇਸ਼: ਯੌਰਕ ਸਕੂਲ ਬੋਰਡ ਤੋਂ ਸਬਕ ਸਿੱਖਣ ਦੀ ਲੋੜ

YRDSBlogoਨਸਲੀ ਭੇਦਭਾਵ ਨੂੰ ਲੜਾਈਆਂ ਦਾ ਦੌਰ ਜਾਰੀ ਹੈ। ਪੀਲ ਰੀਜਨਲ ਪੁਲੀਸ ਵੱਲੋਂ ਸਾਰਜੰਟ ਸੰਧੂ ਦਾ ਕੇਸ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਕੇਸ ਹਾਰਨ ਤੋਂ ਬਾਅਦ ਕੱਲ ਯੌਰਕ ਰੀਜਨ ਡਿਸਟ੍ਰਕਿਟ ਸਕੂਲ ਬੋਰਡ ਨੇ ਚਾਰਲੀਨ ਗਰਾਂਟ ਤੋਂ ਮੁਆਫੀ ਮੰਗ ਕੇ ਸੈਟਲਮੈਂਟ ਕੀਤੀ ਹੈ। ਬਲੈਕ ਕਮਿਉਨਿਟੀ ਨਾਲ ਸਬੰਧਿਤ ਚਾਰਲੀਨ ਗਰਾਂਟ ਦੇ ਸਕੂਲ ਪੜਦੇ ਬੱਚੇ ਨੂੰ ਅਧਿਆਪਕ ਅਤੇ ਸਕੂਲ ਸਟਾਫ ਵੱਲੋਂ ਕਾਲਾ ਹੋਣ ਦਾ ਮਿਹਣਾ ਮਾਰ ਕੇ ਜਲੀਲ ਕੀਤਾ ਜਾਂਦਾ ਸੀ। ਇਸ ਬਾਬਤ ਇਤਰਾਜ਼ ਕਰਨ ਉੱਤੇ ਚਾਰਲੀਨ ਨੂੰ ਵੀ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਤੱਕ ਕਿ ਸਕੂਲ ਬੋਰਡ ਦੀ ਸਕੂਲ ਟਰਸਟੀ ਨੈਂਸੀ ਐਲਜੀ ਨੇ ਵੀ ਚਾਰਲੀਨ ਬਾਰੇ ਸ਼ਰੇਅਮ ਨਸਲੀ ਟਿੱਪਣੀਆਂ ਕੀਤੀਆਂ ਸਨ। ਇਹ ਵੱਖਰੀ ਗੱਲ ਹੈ ਕਿ ਨੈਂਸੀ ਨੂੰ ਜਲਦੀ ਹੀ ਸਮਝ ਆ ਗਿਆ ਕਿ ਉਸਦਾ ਵਤੀਰੇ ਨੂੰ ਕੋਈ ਸਮਰੱਥਨ ਮਿਲਣ ਵਾਲਾ ਨਹੀਂ, 17 ਸਾਲ ਤੋਂ ਸਕੂਲ ਟਰਸਟੀ ਬਣਦੀ ਆ ਰਹੀ ਨੈਂਸੀ ਨੂੰ ਅਸਤੀਫਾ ਦੇ ਕੇ ਜਾਨ ਛੁਡਾਉਣੀ ਪਈ ਸੀ।

ਗੱਲ ਇੱਕ ਵਿਅਕਤੀ ਨੂੰ ਨੀਵਾਂ ਵਿਖਾਉਣ ਜਾਂ ਇੱਕ ਵਿਅਕਤੀ ਵੱਲੋਂ ਕੀਤੀ ਗਲਤੀ ਦੀ ਮੁਆਫੀ ਮੰਗ ਕੇ ਜਾਨ ਛੁਡਾ ਲੈਣ ਦੀ ਨਹੀਂ ਸਗੋਂ ਉਸ ਸਿਸਟਮ ਨੂੰ ਸਮਝਣ, ਘੋਖਣ ਅਤੇ ਦਰੁਸਤ ਕਰਨ ਦੀ ਲੋੜ ਦੀ ਹੈ ਜੋ ਰੰਗਦਾਰ ਭਾਈਚਾਰੇ ਦੇ ਲੋਕਾਂ ਨਾਲ ਦਰਾਇਤ ਕਰਦਾ ਕਰਦਾ ਚਲਿਆ ਜਾ ਰਿਹਾ ਹੈ। ਗੱਲ ਇੱਕਲਿਆਂ ਯੌਰਕ ਸਕੂਲ ਬੋਰਡ ਦੀ ਜਾਂ ਪੀਲ ਰੀਜਨਲ ਪੁਲੀਸ ਦੀ ਵੀ ਨਹੀਂ ਹੈ। ਗੱਲ ਇੱਕ ਮਨੁੱਖ ਵੱਲੋਂ ਦੂਜੇ ਮਨੁੱਖ ਨੂੰ ਚਮੜੀ, ਭਾਸ਼ਾ ਜਾਂ ਧਰਮ ਦੇ ਆਧਾਰ ਉੱਤੇ ਵਿਤਕਰਾ ਕਰਨ ਦੀ ਹੈ। ਜਿੱਥੇ ਤੱਕ ਯੌਰਕ ਸਕੂਲ ਬੋਰਡ ਦਾ ਮਾਮਲਾ ਹੈ, ਇੱਥੇ ਲੰਬੇ ਸਮੇਂ ਤੋਂ ਸਕੂਲ ਬੋਰਡ ਦੇ ਟਰਸਟੀਆਂ ਅਤੇ ਅਧਿਕਾਰੀਆਂ ਦਾ ਇਲਾਕੇ ਵਿੱਚ ਵੱਸਦੀ ਵੱਸੋਂ ਨਾਲ ਸਬੰਧ ਸਹੀ ਨਹੀਂ ਰਿਹਾ। ਖਾਸ ਕਰਕੇ ਬਲੈਕ ਕਮਿਉਨਿਟੀ ਅਤੇ ਮੁਸਲਮਾਨ ਕਮਿਉਨਿਟੀ ਨੂੰ ਦਰਪੇਸ਼ ਵਿਤਕਰੇ ਨੂੰ ਲੈ ਕੇ। ਇੱਕ ਹੱਦ ਉੱਤੇ ਮਸਲਾ ਐਨਾ ਗੰਭੀਰ ਹੋ ਗਿਆ ਸੀ ਕਿ ਪਿਛਲੇ ਸਾਲ ਸੂਬਾਈ ਸਰਕਾਰ ਨੂੰ ਦਖ਼ਲਅੰਦਾਜ਼ੀ ਕਰਨੀ ਪਈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕਰਵਾਏ ਗਏ ਯੌਰਕ ਸਕੂਲ ਬੋਰਡ ਦੇ ਰੀਵਿਊ ਵਿੱਚ ਪਾਇਆ ਗਿਆ ਸੀ ਕਿ ਨਸਲੀ ਭੇਦਭਾਵ ਦੇ ਵਤੀਰੇ ਦੀ ਜੜ ਬੋਰਡ ਦੀ ਸੀਨੀਅਰ ਲੀਡਰਸਿ਼ੱਪ ਵਿੱਚ ਵਿਭਿੰਨਤਾ ਪ੍ਰਤੀ ਰੁੱਖਾਪਣ ਅਤੇ ਵਚਨਬੱਧਤਾ ਦੀ ਘਾਟ ਹੈ।

ਕੀ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਕਮਿਊਨਿਟੀਆਂ ਨੂੰ ਸਕੂਲਾਂ ਜਾਂ ਹੋਰ ਸੰਸਥਾਵਾਂ ਵਿੱਚ ਨਸਲੀ ਭੇਦਭਾਵ ਦਾ ਸਾਹਮਣਾ ਨਹੀਂ ਕਰਨਾ ਪੈਂਦਾ? ਖਾਸ ਕਰਕੇ ਦਸਤਾਰ ਸਜਾਉਣ ਵਾਲੇ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਅਤੇ ਹੋਰ ਥਾਵਾਂ ਉੱਤੇ ਜਿ਼ਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖ ਬੱਚਿਆਂ ਨੂੰ ਤਾਂ ਬਹੁਤ ਵਾਰੀ ਹਿੰਦੂ ਅਤੇ ਮੁਸਲਮਾਨ ਬੱਚਿਆਂ ਹੱਥੋਂ ਵੀ ਨਸਲੀ ਮਜਾਕਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਬਹੁਤ ਸਾਰੇ ਘੜੇ ਘੜਾਏ ਰਵਈਏ ਮਾਪਿਆਂ ਵੱਲੋਂ ਬੱਚਿਆਂ ਨੂੰ ਸਿਖਾਏ ਗਏ ਹੁੰਦੇ ਹਨ। ਸਮਾਂ ਉਹ ਆ ਚੁੱਕਾ ਹੈ ਜਦੋਂ ਸਕੂਲ, ਪੁਲੀਸ ਅਤੇ ਹਸਪਤਾਲ ਵਰਗੇ ਸਿਸਟਮਾਂ ਨੂੰ ਇਹਨਾਂ ਰਵਈਆਂ ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਹੈ।

ਇਸ ਵਾਸਤੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਯੌਰਕ ਸਕੂਲ ਡਿਸਟ੍ਰਕਿਰਟ ਬੋਰਡ ਨੂੰ ਦਿੱਤੀਆਂ ਨਸੀਹਤਾਂ ਤੋਂ ਸਬਕ ਸਿੱਖਣਾ ਚੰਗਾ ਹੋਵੇਗਾ। ਇਸ ਵਿੱਚ ਹਰ ਸਿਸਟਮ ਵਿੱਚ ਮਨੁੱਖੀ ਅਧਿਕਾਰ ਦਫ਼ਤਰ ਕਾਇਮ ਕੀਤਾ ਜਾਣਾ ਸ਼ਾਮਲ ਹੈ ਤਾਂ ਜੋ ਸਟਾਫ਼ ਨੂੰ ਬਰਾਬਰਤਾ, ਮਨੁੱਖੀ ਅਧਿਕਾਰਾਂ, ਨਸਲਵਾਦ ਅਤੇ ਕਿਸੇ ਦੇ ਹੱਕਾਂ ਨੂੰ ਨੱਪਣ ਦੀ ਫਿਤਰਤ ਬਾਰੇ ਸਿਖਲਾਈ ਦੇਣ ਦੇ ਅਵਸਰ ਪੈਦਾ ਹੋਣ। ਸਿਸਟਮਾਂ ਨੂੰ ਲੋਕਲ ਕਮਿਉਨਿਟੀ ਨਾਲ ਵਰਕਸ਼ਾਪਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀਆਂ ਸੇਵਾਵਾਂ ਵਿੱਚ ਨਸਲੀ ਭਾਈਚਾਰਿਆਂ ਦੇ ਤੌਖਲਿਆਂ ਨੂੰ ਦੂਰ ਰੱਖਿਆ ਜਾ ਸਕੇ। ਇਸੇ ਤਰੀਕੇ ਹਰ ਸਿਸਟਮ ਸਬ-ਕਮੇਟੀਆਂ ਸਥਾਪਿਤ ਕਰੇ ਜਿਸ ਵਿੱਚ ਵੱਖੋ ਵੱਖਰੇ ਭਾਈਚਾਰੇ ਦੇ ਲੋਕ ਨਸਲਵਾਦ ਅਤੇ ਹੋਰ ਮੁੱਦਿਆਂ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰਨ। ਪਰ ਇਹ ਸਬ-ਕਮੇਟੀਆਂ ਨਾਮ ਨਿਹਾਦ ਨਹੀਂ ਸਗੋਂ ਇਹਨਾਂ ਕੋਲ ਸਿਸਟਮ ਨੂੰ ਝੰਜੋੜਨ ਦੀਆਂ ਬਣਦੀਆਂ ਤਾਕਤਾਂ ਹੋਣੀਆਂ ਚਾਹੀਦੀਆਂ ਹਨ।