ਪੰਜਾਬੀ ਪੋਸਟ ਵਿਸ਼ੇਸ਼: ਬੌਣੀ ਨਾ ਹੋ ਕੇ ਰਹਿ ਜਾਵੇ ਬਰੈਂਪਟਨ ਯੂਨੀਵਰਸਿਟੀ

University dreamਬਰੈਂਪਟਨ ਵਿੱਚ ਯੂਨੀਵਰਸਿਟੀ ਦੇ ਆਉਣ ਦੀ ਗੱਲ ਚਾਰੇ ਪਾਸੇ ਜੰਗਲ ਦੀ ਅੱਗ ਵਾਗੂੰ ਫੈਲ ਚੁੱਕੀ ਹੈ। ਲੋਕਲ ਸਿਆਸਤਦਾਨਾਂ ਖਾਸਕਰਕੇ ਸਿਟੀ ਸਿਆਸਤਦਾਨਾਂ ਵੱਲੋਂ ਯੂਨੀਵਰਸਿਟੀ ਦੇ ਬਰੈਂਪਟਨ ਆਉਣ ਨੂੰ ਇੰਝ ਐਲਾਨਿਆ ਜਾ ਰਿਹਾ ਹੈ ਜਿਵੇਂ ਕੋਈ ਕਰਾਂਤੀ ਹੋਣ ਜਾ ਰਹੀ ਹੈ। ਬਰੈਂਪਟਨ ਵਾਸੀ ਅੱਖਾਂ ਟੱਡ ਕੇ ਵੇਖ ਰਹੇ ਹਨ ਕਿ 6 ਲੱਖ ਜਨਸੰਖਿਆ ਵਾਲੇ ਕੈਨੇਡਾ ਦੇ 6ਵੇਂ ਵੱਡੇ ਸ਼ਹਿਰ ਵਿੱਚ ਯੂਨੀਵਰਸਿਟੀ ਦੀ ਡੀਲ ਡੌਲ ਕਿਹੋ ਜਿਹੀ ਹੋਵੇਗੀ। ਹਾਲੇ ਤੱਕ ਪ੍ਰਾਪਤ ਹੋਈਆਂ ਖਬ਼ਰਾਂ ਮੁਤਾਬਕ ਬਰੈਂਪਟਨ ਸਿਟੀ ਨੇ ਕੋਈ ਸਥਾਨ ਨਿਰਧਾਰਤ ਨਹੀਂ ਕੀਤਾ ਹੈ। ਪੰਜਾਬੀ ਪੋਸਟ ਨਾਲ ਬਰੈਂਪਟਨ ਸਿਟੀ ਵੱਲੋਂ ਸਾਂਝੀ ਕੀਤੀ ਲਿਖਤੀ ਸੂਚਨਾ ਸਿਰਫ਼ ਇਹ ਦੱਸਦੀ ਹੈ ਕਿ ਬਰੈਂਪਟਨ ਯੂਨੀਵਰਸਿਟੀ ਨਾਲ ਸੰਬਧਿਤ ਫੰਡਿੰਗ, ਲੋਕੇਸ਼ਨ, ਕਦੋਂ ਆਰੰਭ ਹੋਵੇਗੀ ਅਤੇ ਇਸ ਵਿੱਚ ਕਿਹੜੇ ਪ੍ਰੋਗਰਾਮ ਪੜਾਏ ਜਾਣਗੇ, ਇਹ ਸਾਰੇ (ਅਹਿਮ) ਫੈਸਲੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਕੀਤੇ ਜਾਣ ਵਾਲੇ ਐਲਾਨ ਤੋਂ ਬਾਅਦ ਹੀ ਪਤਾ ਲੱਗਣਗੇ।

ਪਤਾ ਲੱਗਾ ਹੈ ਕਿ ਬਰੈਂਪਟਨ ਦੇ ਵੱਡੇ ਆਕਾ ਯੂਨੀਵਰਸਿਟੀ ਨੂੰ ਡਾਊਨ ਟਾਊਨ ਵਿੱਚ ਸਥਿਤ ਕਰਨ ਦਾ ਫੈਸਲਾ ਲੱਗਭੱਗ ਕਰ ਚੁੱਕੇ ਹਨ। ਸੋਚਣਾ ਬਣਦਾ ਹੈ ਕਿ ਬਰੈਂਪਟਨ ਡਾਊਨ ਟਾਊਨ ਵਿੱਚ 6 ਲੱਖ ਦੀ ਜਨਸੰਖਿਆ ਵਾਲੇ ਸ਼ਹਿਰ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਯੂਨੀਵਰਸਿਟੀ ਲਈ ਸਥਾਨ ਕਿੱਥੇ ਉਪਲਬਧ ਹੈ? ਇੱਕ ਯੂਨੀਵਰਸਿਟੀ ਬਣਾਉਣ ਲਈ ਕਾਫੀ ਥਾਂ ਦੀ ਲੋੜ ਹੁੰਦੀ ਹੈ ਜਿਸ ਵਿੱਚ ਅਕਾਦਮਿਕ, ਖੇਡਾਂ, ਸਪੋਰਟਸ, ਖੋਜ, ਰਿਹਾਇਸ਼, ਪ੍ਰਸ਼ਾਸ਼ਨ ਆਦਿ ਲਈ ਵਿਉਂਤਵੰਦੀ ਬਣਾਉਂਦੀ ਹੁੰਦੀ ਹੈ। ਵੱਖੋ ਵੱਖਰੇ ਵਿਭਾਗਾਂ ਲਈ ਵੱਖੋ ਵੱਖਰੀਆਂ ਇਮਾਰਤਾਂ ਦੀ ਲੋੜ ਹੁੰਦੀ ਹੈ। ਮਿਸਾਲ ਵਜੋਂ ਨੋਵਾ ਸਕੋਸ਼ੀਆ ਦੇ ਵੋਲਫਵਿੱਲ ਕਸਬੇ ਦੀ ਕੁੱਲ ਆਬਾਦੀ ਮਹਿਜ਼ 4300 (ਚਾਰ ਹਜ਼ਾਰ ਤਿੰਨ ਸੌ) ਹੈ। ਇਸ ਕਸਬੇ ਵਿੱਚ ਅਕੇਡੀਆ ਯੂਨੀਵਰਸਿਟੀ ਜਿਸ ਵਿੱਚ ਅੰਡਰਗਰੈਜੂਏਟ , ਕੁੱਝ ਪੋਸਟ ਗਰੈਜੁਏਟ ਕੋਰਸ ਅਤੇ ਇੱਕ ਪੀ ਐਚ ਡੀ ਪੱਧਰ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ। ਇਸ ਯੂਨੀਵਰਸਿਟੀ ਦਾ ਰਕਬਾ 250 ਏਕੜ ਵਿੱਚ ਫੈਲਿਆ ਹੈ ਜਿਸ ਵਿੱਚ ਸਿਰਫ਼ 3765ਵਿੱਦਿਆਰਥੀ ਪੜਦੇ ਹਨ। ਮੰਨ ਲਿਆ ਕਿ ਐਨੀ ਚੰਗੀ ਯੂਨੀਵਰਸਿਟੀ ਦਾ ਹੋਣਾ ਇੱਕ ਸੁਫ਼ਨੇ ਦੇ ਸੱਚ ਹੋਣ ਬਰਾਬਰ ਹੈ ਪਰ ਸਾਡੇ ਆਲੇ ਦੁਆਲੇ ਯੂਨੀਵਰਸਿਟੀਆਂ ਦਾ ਕੀ ਹਾਲ ਚਾਲ ਹੈ?

ਮਿਸੀਸਾਗਾ ਵਿੱਚ ਸਥਿਤ ਟੋਰਾਂਟੋ ਯੂਨੀਵਰਸਿਟੀ ਦਾ ਕੈਂਪਸ 221 ਏਕੜ ਦਾ ਹੈ ਜਿਸ ਵਿੱਚ 14,741 ਵਿੱਦਿਆਰਥੀ ਪੜਦੇ ਹਨ। ਮਾਂਟਰੀਅਲ ਦੀ ਮੈਕਗਿੱਲ ਯੂਨੀਵਰਸਿਟੀ ਵਿੱਚ 40,000 ਵਿੱਦਿਆਰਥੀ ਹਨ ਜਿਸ ਕੋਲ 1600 ਏਕੜ ਥਾਂ ਹੈ। ਡਾਊਨ ਟਾਊਨ ਟੋਰਾਂਟੋ ਵਿੱਚ ਜ਼ਮੀਨ ਦੀ ਕੀਮਤ ਅਤੇ ਜ਼ਮੀਨ ਦੀ ਘਾਟ ਬਾਰੇ ਅੰਦਾਜ਼ਾ ਲਾਉਣਾ ਕੋਈ ਔਖੀ ਗੱਲ ਨਹੀਂ ਲੇਕਿਨ ਯੂਨੀਵਰਸਿਟੀ ਆਫ ਟੋਰਾਂਟੋ ਦੇ ਇਸ ਕੈਂਪਸ ਕੋਲ 180 ਏਕੜ ਹਨ ਜਿਸ ਵਿੱਚ 60 ਹਜ਼ਾਰ ਵਿੱਦਿਆਰਥੀ ਪੜਦੇ ਹਨ। ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਕੋਲ 377 ਏਕੜ ਥਾਂ ਹੈ ਜਿੱਥੇ 30 ਹਜ਼ਾਰ ਦੇ ਕਰੀਬ ਵਿੱਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਹਨ। 50 ਹਜ਼ਾਰ ਦੇ ਕਰੀਬ ਵਿੱਦਿਆਰਥੀਆਂ ਵਾਲੀ ਯੌਰਕ ਯੂਨੀਵਰਸਿਟੀ 457 ਏਕੜਾਂ ਵਿੱਚ ਫੈਲੀ ਹੋਈ ਹੈ। ਯੂਨੀਵਰਸਿਟੀ ਆਫ ਵਾਟਰਲੂ (ਕਿਚਨਰ) ਕੋਲ 1100 ਏਕੜ ਹਨ ਜਿੱਥੇ 25 ਹਜ਼ਾਰ ਵਿੱਦਿਆਰਥੀ ਤਾਲੀਮ ਹਾਸਲ ਕਰਦੇ ਹਨ।

ਇਹ ਸਾਰੇ ਅੰਕੜੇ ਦੇਣ ਦਾ ਮਕਸਦ ਇਹ ਨੁਕਤਾ ਸਿੱਧ ਕਰਨਾ ਹੈ ਕਿ ਆਖਰ ਨੂੰ ਡਾਊਨ ਟਾਊਨ ਬਰੈਂਪਟਨ ਵਿੱਚ ਇੱਕ ਯੂਨੀਵਰਸਿਟੀ ਲਈ ਬਣਦੀ ਥਾਂ ਕਿੱਥੇ ਹੈ? ਮੰਨਿਆ ਕਿ 2018 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਸਿਰ ਉੱਤੇ ਚੜ ਕੇ ਲਿਬਰਲ ਸਰਕਾਰ ਨੂੰ ਯੂਨੀਵਰਸਿਟੀ ਦਾ ਚੋਗਾ ਪਾਉਣ ਲਈ ਮਜ਼ਬੂਰ ਕਰ ਰਹੀਆਂ ਹਨ। ਇਹ ਵੀ ਮੰਨ ਲਿਆ ਕਿ ਯੂਨੀਵਰਸਿਟੀ ਦੇ ਮਾਮਲੇ ਵਿੱਚ ਹੁਣ ਤੱਕ ਬਰੈਂਪਟਨ ਨਾਲ ਇੱਕ ਤੋਂ ਬਾਅਦ ਇੱਕ ਸਰਕਾਰ ਧੱਕਾ ਕਰਦੀ ਆਈ ਹੈ, ਪਰ ਇਹ ਕਿਹੜਾ ਤਾਕਤਵਰ ਬਿਲਡਰ, ਸਿਆਸਤਦਾਨ ਜਾਂ ਕੋਈ ਧੱਨਾਢ ਹੈ ਜੋ ਆਪਣੀ ਡਾਊਨ ਟਾਊਨ ਵਿੱਚ ਪ੍ਰਾਪਰਟੀ ਨੂੰ ਸੋਨੇ ਵਿੱਚ ਬਦਲਣ ਦੇ ਲਾਲਚ ਵਿੱਚ ਸਿਟੀ ਦੇ ਭੱਵਿਖ ਨਾਲ ਖਿਲਵਾੜ ਕਰ ਰਿਹਾ ਹੈ।

ਅਸੀਂ ਉੱਤੇ ਵੇਖ ਚੁੱਕੇ ਹਾਂ ਕਿ ਉਂਟੇਰੀਓ ਦੀਆਂ ਯੂਨੀਵਰਸਿਟੀਆਂ ਵਿੱਚ 25 ਹਜ਼ਾਰ ਤੋਂ ਲੈ ਕੇ 80 ਹਜ਼ਾਰ ਵਿੱਦਿਆਰਥੀ ਪੜਦੇ ਹਨ। ਸਹੀ ਹੈ ਕਿ ਇਹ ਗਿਣਤੀ ਇੱਕ ਦਿਨ ਵਿੱਚ ਨਹੀਂ ਪੁੱਜੀ ਹੋਵੇਗੀ ਲੇਕਿਨ ਇਹਨਾਂ ਯੂਨੀਵਰਸਿਟੀਆਂ ਦੇ ਜਨਮਦਾਤਾਵਾਂ ਵੱਲੋਂ ਜ਼ਮੀਨ ਦੇ ਟੁਕੜੇ ਨਿਰਧਾਰਤ ਕਰਨਾ ਉਹਨਾਂ ਦੀ ਦੂਰਅੰਦੇਸ਼ੀ ਦਾ ਸਬੂਤ ਹੈ। ਵਿੱਦਿਆ ਦਾ ਮਿਆਰ ਉੱਚਾ ਚੁੱਕਣਾ ਅਤੇ ਵਿੱਦਿਆਰਥੀਆਂ ਦੇ ਵਿੱਦਿਆ ਹਾਸਲ ਕਰਨ ਦੇ ਅਨੁਭਵ ਨੂੰ ਅਮੀਰ ਕਰਨਾ ਅਕਾਦਮਿਕ ਸੰਸਥਾਵਾਂ ਦੇ ਅਧਿਆਪਕਾਂ ਦਾ ਕੰਮ ਹੈ, ਸਿਆਸਤਦਾਨਾਂ ਦਾ ਨਹੀਂ । ਪਰ ਲੰਬੇ ਸਮੇਂ ਦਾ ਉਦੇਸ਼ ਅੱਜ ਦੇ ਸਿਆਸਤਦਾਨਾਂ ਵੱਲੋਂ ਤੈਅ ਕੀਤਾ ਜਾਣਾ ਹੈ।

ਬਰੈਂਪਟਨ ਸਿਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪ੍ਰੋਵਿੰਸ਼ੀਅਲ ਸਰਕਾਰ 1000 ਵਿੱਦਿਆਰਥੀਆਂ ਵਾਲੀ ਯੂਨੀਵਰਸਿਟੀ ਨੂੰ ਮਦਦ ਦੇਣ ਲਈ ਤਤਪਰ ਹੈ ਜੋ 10 ਸਾਲਾਂ ਵਿੱਚ ਵੱਧ ਕੇ 5 ਹਜ਼ਾਰ ਹੋਣ ਦੀ ਆਸ ਹੈ। ਬਰੈਂਪਟਨ ਸਿਟੀ ਦੇ ਆਪਣੇ ਸ਼ਬਦਾਂ ਵਿੱਚ, “ਇਹ ਅੰਕੜੇ ਉਹ ਹਨ ਜਿਹੜੇ ਬਰੈਂਪਟਨ ਵਿੱਚ ਤਬਦੀਲੀ ਪੈਦਾ ਕਰਨ ਦਾ ਕਾਰਣ ਸਾਬਤ ਹੋਣਗੇ, ਅਤੇ ਇੱਕ ਅਜਿਹੇ ਆਰਥਕ ਅਤੇ ਸਮਾਜਿਕ ਪ੍ਰਭਾਵ ਪੈਦਾ ਕਰਨ ਲਈ ਚੰਗਿਆੜੀ ਸਾਬਤ ਹੋਣਗੇ ਜੋ ਅਸੀਂ ਸਾਰੇ ਵੇਖਣਾ ਚਾਹੁੰਦੇ ਹਾਂ”।

ਸੁਆਲ ਹੈ ਕਿ ਜਿਸ ਬਰੈਂਪਟਨ ਵਿੱਚ ਔਸਤਨ ਸੈਕੰਡਰੀ ਸਕੂਲ ਵਿੱਚ 12 ਤੋਂ 14 ਸੌ ਬੱਚੇ ਪੜਦੇ ਹਨ, ਉੱਥੇ 1000 ਵਿੱਦਿਆਰਥੀਆਂ ਵਾਲੀ ਯੂਨੀਵਰਸਿਟੀ ਕਿਹੋ ਜਿਹੇ ਆਰਥਕ ਅਤੇ ਸਮਾਜਕ ਵਿਕਾਸ ਲਈ ਚੰਗਿਆੜੀ ਸਾਬਤ ਹੋਵੇਗੀ ਅਤੇ ਕਿੱਥੇ ਕੁ ਤੱਕ ਬਰੈਂਪਨ ਦੇ ਬੱਚਿਆਂ ਲਈ ਆਸ ਦੀ ਕਿਰਣ ਸਾਬਤ ਹੋਵੇਗੀ?