ਪੰਜਾਬੀ ਪੋਸਟ ਵਿਸ਼ੇਸ਼: ਬਰੈਂਪਟਨ ਵਿੱਚ ਯੂਨੀਵਰਸਿਟੀ ਬਾਰੇ ਕੁੱਝ ਰੋਚਕ ਤੱਥ

Fullscreen capture 3202017 73315 AMFullscreen capture 3202017 73228 AMਬਰੈਂਪਟਨ ਵਿੱਚ ਯੂਨੀਵਰਸਿਟੀ ਦਾ ਬਣਨਾ ਇੱਕ ਵੱਡੀ ਲੋੜ ਦੇ ਪੂਰਾ ਹੋਣ ਵੱਲ ਅਹਿਮ ਕਦਮ ਹੈ। ਜਿਸ ਚੀਜ਼ ਨੂੰ ਅੱਜ ਤੋਂ ਇੱਕ ਦਹਾਕਾ ਪਹਿਲਾਂ ਬਣ ਕੇ ਤਿਆਰ ਹੋ ਜਾਣਾ ਚਾਹੀਦਾ ਸੀ, ਉਸ ਬਾਰੇ ਜਿਸ ਕਿਸਮ ਨਾਲ ਵੱਖੋ ਵੱਖਰੇ ਸਿਆਸੀ ਪਲੇਅਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ, ਉਹ ਦਿਲਚਸਪ ਵੀ ਹਨ ਅਤੇ ਹੈਰਾਨੀ ਭਰੇ ਵੀ। ਬਰੈਂਪਟਨ ਸਿਟੀ ਦੀ ਵੈੱਬਸਾਈਟ ਦੱਸਦੀ ਹੈ ਕਿ 2011 ਤੋਂ ਲੈ ਕੇ ਬਰੈਂਟਪਨ ਦੀ ਵੱਸੋਂ ਵਿੱਚ 21% ਵਾਧਾ ਹੋ ਚੁੱਕਾ ਹੈ। 2011 ਵਿੱਚ ਹੀ ਪ੍ਰੋਵਿੰਸ਼ੀਅਲ ਚੋਣਾਂ ਦੇ ਪ੍ਰਚਾਰ ਦੌਰਾਨ ਤਤਕਾਲੀ ਪ੍ਰੀਮੀਅਰ ਡਾਲਟਨ ਮਗਿੰਟੀ ਨੇ ਕਰਾਈਸਲਰ ਕੰਪਨੀ ਦੇ ਅਹਾਤੇ ਵਿੱਚ ਖੜਾ ਹੋ ਕੇ ਬਰੈਂਪਟਨ ਸਮੇਤ ਉਂਟੇਰੀਓ ਵਿੱਚ ਤਿੰਨ ਯੂਨੀਵਰਸਿਟੀਆਂ ਬਣਾਉਣ ਦਾ ਐਲਾਨ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਉਸਤੋਂ ਬਾਅਦ ਇਸ ਮਾਮਲੇ ਬਾਰੇ ਗੱਲਾਂ ਬਾਤਾਂ ਦੇ ਕੜਾਹ ਤੋਂ ਅੱਗੇ ਗੱਲ ਨਹੀਂ ਚੱਲੀ।

ਫੇਰ 2014 ਵਿੱਚ ਲਿੰਡਾ ਜੈਫਰੀ ਹੋਰਾਂ ਨੇ ਬਰੈਂਪਟਨ ਮੇਅਰ ਦੀਆਂ ਚੋਣਾਂ ਲੜੀਆਂ ਜਿਸਦੇ ਪ੍ਰਚਾਰ ਦੌਰਾਨ ਯੂਨੀਵਰਸਿਟੀ ਬਣਾਉਣ ਦੇ ਵਾਅਦੇ ਨੂੰ ਇੱਕ ਵਾਰ ਦੁਬਾਰਾ ਅੱਗੇ ਲਿਆਂਦਾ ਗਿਆ। ਉਸਨੇ ਚੋਣ ਪ੍ਰਚਾਰ ਦੌਰਾਨ ਯੂਨੀਵਰਸਿਟੀ ਲਿਆਉਣ ਵਿੱਚ ਅਸਫਲ ਰਹਿਣ ਲਈ ਸਾਬਕਾ ਮੇਅਰ ਸੂਜ਼ਨ ਫੈਨੇਲ ਨੂੰ ਪਾਣੀ ਪੀ ਪੀ ਕੇ ਕੋਸਿਆ। ਬਰੈਂਪਟਨ ਵਾਸੀਆਂ ਨੇ 50,000 ਤੋਂ ਵੱਧ ਵੋਟਾਂ ਪਾ ਕੇ ਲਿੰਡਾ ਜੈਫਰੀ ਦੇ ਪੱਲੇ ਜਿੱਤ ਪਾਈ ਅਤੇ ਸੂਜਨ ਫੈਨੇਲ ਨੂੰ ਉਸਦੇ ਕੀਤੇ ਦੀ ਸਜ਼ਾ ਦਿੱਤੀ।

ਕੁੱਝ ਗੱਲਾਂ ਹਨ ਜਿਹਨਾਂ ਦੀ ਪੜਚੋਲ ਕਰਨੀ ਦਿਲਚਸਪ ਮੁੱਦਾ ਹੈ। ਇਹ ਪੜਚੋਲ ਇਹ ਲਈ ਨਹੀਂ ਕੀਤੀ ਜਾ ਰਹੀ ਕਿ ਬਰੈਂਪਟਨ ਵਿੱਚ ਬਣਨ ਵਾਲੀ ਯੂਨੀਵਰਸਿਟੀ ਦੇ ਲਾਭਾਂ ਬਾਰੇ ਕਿਸੇ ਨੂੰ ਸ਼ੱਕ ਹੈ ਜਾਂ ਯੂਨੀਵਰਸਿਟੀ ਬਣਨ ਬਾਰੇ ਕੋਈ ਰੰਜਸ਼ ਹੈ। ਬਲਕਿ ਇਹ ਤਾਂ ਧੰਨਭਾਗ ਹਨ ਕਿ ਪਰਵਾਸੀਆਂ ਦੇ ਗੜ ਵਾਲੇ ਇਸ ਸ਼ਹਿਰ ਵਿੱਚ ਦੇਰ ਨਾਲ ਹੀ ਸਹੀ ਲੇਕਿਨ ਅਤੀਅੰਤ ਲੋੜੀਂਦੇ ਉੱਚ ਸਿੱਖਿਆ ਦੇ ਵਿੱਦਿਅਕ ਅਦਾਰੇ ਦੇ ਆਉਣ ਦਾ ਰਾਹ ਖੁੱਲਿਆ ਹੈ। ਮੁੱਦਾ ਇਹ ਹੈ ਕਿ ਜਿਸ ਗੱਲ ਲਈ ਸਾਡੇ ਆਗੂਆਂ ਵੱਲੋਂ ਆਪਣੇ ਸਿਰਾਂ ਉੱਤੇ ਸਿਹਰੇ ਸਜਾਏ ਜਾ ਰਹੇ ਹਨ, ਕੀ ਉਹਨਾਂ ਗੱਲਾਂ ਵਿੱਚ ਕਿੰਨਾ ਕੁ ਸੱਚ ਹੈ।

ਇਸ ਵਿੱਚ ਸੱਭ ਤੋਂ ਪਹਿਲਾ ਅਤੇ ਵੱਡਾ ਸੁਆਲ ਯੂਨੀਵਰਸਿਟੀ ਬਣਾਉਣ ਬਾਰੇ ਮੇਅਰ ਜੈਫਰੀ ਵੱਲੋਂ ਬਣਾਏ ਗਏ ‘ਬਲਿਊ ਰਿਬਨ ਪੈਨਲ’ ਦੇ ਰੋਲ ਬਾਰੇ ਹੈ। ਸਾਬਕਾ ਪ੍ਰੀਮੀਅਰ ਬਿੱਲ ਡੇਵਿਸ ਦੀ ਅਗਵਾਈ ਵਿੱਚ ਬਣਾਏ ਗਏ ਇਸ ਬਲਿਊ ਪੈਨਲ ਦਾ ਮੁੱਖ ਕਾਰਜ ਯੂਨੀਵਰਸਿਟੀ ਲਿਆਉਣ ਬਾਬਤ ਸਾਰੇ ਵਿਕਲਪਾਂ ਦਾ ਪਤਾ ਲਾਉਣਾ ਅਤੇ ਬਰੈਂਪਟਨ ਕਾਉਂਸਲ ਨੂੰ ਇਹ ਸਮਝਣ ਵਿੱਚ ਮਦਦ ਕਰਨਾ ਸੀ ਕਿ ਕਿਹਨਾਂ ਕਾਰਣਾਂ ਕਰਕੇ ਪਿਛਲੀ ਕਾਉਂਸਲ ਯੂਨੀਵਰਸਿਟੀ ਨਹੀਂ ਸੀ ਲਿਆ ਸਕੀ। ਮਜ਼ੇਦਾਰ ਗੱਲ ਇਹ ਕਿ ਮੇਅਰ ਅਤੇ ਇੱਕ ਦੁੱਕਾ ਕਾਉਂਸਲਰਾਂ ਵਿੱਚ ਤਬਦੀਲੀ ਹੋਣ ਤੋਂ ਇਲਾਵਾ ਸਮੂਹ ਕਾਉਂਸਲ ਦੇ ਮੈਂਬਰ ਦੁਬਾਰਾ ਜਿੱਤ ਕੇ ਹੀ ਆਏ ਸਨ। ਅੱਗੇ ਚੱਲਕੇ ਅਸੀਂ ਵੇਖਾਂਗੇ ਕਿ ਯੂਨੀਵਰਸਿਟੀ ਆਉਣ ਦੇ ਐਲਾਨ ਵਿੱਚ ਵਰਤਮਾਨ ਕਾਉਂਸਲ ਦਾ ਵੀ ਕੋਈ ਯੋਗਦਾਨ ਨਹੀਂ ਰਿਹਾ।

3 ਮਾਰਚ 2015 ਨੂੰ ਬਣਾਏ ਗਏ ਬਲਿਊ ਰਿਬਨ ਪੈਨਲ ਨੇ ਆਪਣਾ ਕੰਮ ਬਹੁਤ ਜੋਰ ਸ਼ੋਰ ਨਾਲ ਆਰੰਭ ਕੀਤਾ ਅਤੇ ਸਾਲ 2015 ਵਿੱਚ ਛੇ ਮੀਟਿੰਗਾਂ ਕੀਤੀਆਂ। ਹੌਲੀ ਹੌਲੀ ਪੈਨਲ ਵਿੱਚ ਇਹ ਅਹਿਸਾਸ ਘਰ ਕਰਨ ਲੱਗ ਪਿਆ ਕਿ ਉਸ ਕੋਲ ਲੋੜੀਂਦੀ ਜਾਣਕਾਰੀ ਨਹੀਂ ਆ ਰਹੀ ਅਤੇ ਪ੍ਰੋਵਿੰਸ ਵੱਲੋਂ ਯੂਨੀਵਰਸਿਟੀ ਬਣਾਉਣ ਬਾਰੇ ਬਰੈਂਪਟਨ ਨੂੰ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ। ਪੈਨਲ ਦੇ ਨਿਰਉਤਸ਼ਾਹਿਤ ਹੋਣ ਦਾ ਹੀ ਨਤੀਜਾ ਰਿਹਾ ਕਿ ਸਾਲ 2016 ਵਿੱਚ ਪੈਨਲ ਨੇ ਸਿਰਫ਼ ਦੋ ਮੀਟਿੰਗਾਂ ਕੀਤੀਆਂ, ਇੱਕ ਆਪਣੀ ਮਰਜ਼ੀ ਨਾਲ ਕੀਤੀ ਅਤੇ ਦੂਜੀ ਮੀਟਿੰਗ ਪ੍ਰੋਵਿੰਸ ਵੱਲੋਂ ਯੂਨੀਵਰਸਿਟੀ ਬਣਾਉਣ ਦਾ ਇੱਕਤਰਫਾ ਐਲਾਨ ਕੀਤੇ ਜਾਣ ਦੀ ਮਜਬੂਰੀ ਕਰਕੇ।

ਸਾਲ 2016 ਵਿੱਚ ਬਲਿਊ ਰਿਬਨ ਪੈਨਲ ਦੀ ਪਹਿਲੀ ਮੀਟਿੰਗ ਮੇਅਰ ਜੈਫਰੀ ਦੀ ਮੌਜੂਦਗੀ ਵਿੱਚ ਨੀਲ ਡੇਵਿਸ ਦੀ ਅਗਵਾਈ ਵਿੱਚ 20 ਮਾਰਚ ਨੂੰ ਹੋਈ। ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਉਂਟੇਰੀਓ ਦੇ ਕਾਲਜਾਂ ਅਤੇ ਯੂਨੀਵਰਿਸਟੀ ਦੇ ਮਹਿਕਮੇ ਦੇ ਡਿਪਟੀ ਮੰਤਰੀ ਨਾਲ ਫੋਨ ਉੱਤੇ ਕਾਨਫਰੰਸ ਕਾਲ ਕੀਤੀ ਗਈ ਸੀ ਲੇਕਿਨ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪ੍ਰੋਵਿੰਸ ਵੱਲੋਂ ਯੂਨੀਵਰਿਸਟੀ ਬਣਾਉਣ ਲਈ ‘ਪ੍ਰਸਤਾਵ ਲੈਣ ਦਾ ਹੋਕਾ’  (Call for proposal)  ਕਦੋਂ ਦਿੱਤਾ ਜਾਵੇਗਾ। ਕਾਲ ਫਾਰ ਪ੍ਰੋਪੋਜ਼ਲ ਉਹ ਪ੍ਰਕਿਰਿਆ ਹੈ ਜਿਸਤੋਂ ਬਾਅਦ ਯੂਨੀਵਰਸਿਟੀ ਬਣਾਉਣ ਦੇ ਚਾਹਵਾਨ ਸਿਟੀਆਂ ਨੇ ਆਪੋ ਆਪਣੇ ਦਾਅਵੇ ਪੇਸ਼ ਕਰਨੇ ਹੁੰਦੇ ਹਨ। ਇਹਨਾਂ ਦਾਅਵਿਆਂ ਵਿੱਚ ਸਿਟੀ ਦੀ ਯੂਨੀਵਰਸਿਟੀ ਲਈ ਹੁਣ ਤੱਕ ਕੀਤੀ ਗਈ ਤਿਆਰੀ ਅਤੇ ਭੱਵਿਖ ਵਿੱਚ ਜੁਟਾਏ ਜਾਣ ਵਾਲੇ ਸਾਧਨਾਂ ਦਾ ਵੇਰਵਾ ਦਿੱਤਾ ਜਾਂਦਾ ਹੈ। ਮੀਟਿੰਗ ਵਿੱਚ ਖਦਸ਼ਾ ਜਾਹਰ ਕੀਤਾ ਗਿਆ ਕਿ ਜਦੋਂ ਤੱਕ ਕਾਲ ਫਾਰ ਪ੍ਰੋਪੋਜ਼ਲ ਆ ਨਹੀਂ ਜਾਂਦੀ, ਪੈਨਲ ਲਈ ਉਹਨਾਂ ਯੂਨੀਵਰਸਿਟੀਆਂ ਨਾਲ ਗੱਲਬਾਤ ਕਰਨੀ ਸੰਭਵ ਨਹੀਂ ਜਿਹੜੀਆਂ ਬਰੈਂਪਟਨ ਵਿੱਚ ਯੂਨੀਵਰਸਿਟੀ ਬਣਾਉਣ ਵਿੱਚ ਯੋਗਦਾਨ ਪਾਉਣ ਦੀਆਂ ਚਾਹਵਾਨ ਹੋ ਸਕਦੀਆਂ ਹਨ।

ਅਜਿਹੇ ਨੀਰਸ ਫੈਸਲਿਆਂ ਤੋਂ ਬਾਅਦ ਬਲਿਊ ਰਿਬਨ ਪੈਨਲ ਨੇ ਆਪਣੇ ਕੰਮ ਨੂੰ ਇੱਕ ਕਿਸਮ ਨਾਲ ਠੰਡੇ ਬਸਤੇ ਵਿੱਚ ਹੀ ਪਾ ਦਿੱਤਾ ਸੀ ਕਿ ਅਚਾਨਕ 26 ਅਕਤੂਬਰ 2016 ਨੂੰ ਪ੍ਰੋਵਿੰਸ ਦੇ ਖਜਾਨਾ ਮੰਤਰੀ ਚਾਰਲਸ ਸੂਸਾ ਨੇ ਬਰੈਂਪਟਨ ਅਤੇ ਮਿਲਟਨ ਵਿੱਚ ਯੂਨੀਵਰਸਿਟੀਆਂ ਬਣਾਉਣ ਲਈ 180 ਮਿਲੀਅਨ ਡਾਲਰ ਦੀ ਰਾਸ਼ੀ ਦਾ ਐਲਾਨ ਕਰ ਦਿੱਤਾ। ਇਸ ਬਿਆਨ ਬਾਰੇ ਬਲਿਊ ਰਿਬਨ ਪੈਨਲ ਨੂੰ ਤਾਂ ਕੀ ਪਤਾ ਹੋਣਾ ਸੀ, ਪਿਛਲੀ ਸ਼ਾਮ ਭਾਵ 25 ਅਕਤੂਬਰ ਦੀ ਸ਼ਾਮ ਤੱਕ ਮੇਅਰ ਲਿੰਡਾ ਜੈਫਰੀ ਨੂੰ ਵੀ ਪਤਾ ਨਹੀਂ ਸੀ ਕਿ ਕੱਲ ਨੂੰ ਯੂਨੀਵਰਸਿਟੀ ਦਾ ਐਲਾਨ ਕੀਤਾ ਜਾ ਰਿਹਾ ਹੈ। ਅਗਲੇ ਦਿਨ ਸਵੇਰੇ ਜਦੋਂ ਚਾਰਲਸ ਸੂਸਾ ਐਲਾਨ ਕਰਨ ਲਈ ਸਿਟੀ ਹਾਲ ਪੁੱਜੇ ਤਾਂ ਮੇਅਰ ਜੈਫਰੀ ਦੇ ਚਿਹਰੇ ਉੱਤੇ ਹੈਰਾਨੀ ਅਤੇ ਖੁਸ਼ੀ ਦੇ ਰਲੇ ਮਿਲੇ ਭਾਵ ਸਾਫ਼ ਪੜੇ ਜਾ ਸਕਦੇ ਸਨ।

ਵੱਡਿਆਂ ਦਾ ਕਿਹਾ ਸਿਰ ਮੱਥੇ ਮੰਨ ਨੇ ਬਰੈਂਪਟਨ ਕਾਉਂਸਲ ਨੇ ਪ੍ਰੋਵਿੰਸ ਦਾ ਧੰਨਵਾਦ ਕੀਤਾ ਅਤੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਕਿ 6 ਮਾਰਚ 2017 ਤੱਕ ਕਿਸੇ ਵਿੱਦਿਅਕ ਅਦਾਰੇ (ਯੂਨੀਵਰਸਿਟੀ ਅਤੇ ਕਾਲਜ ਦੇ ਮਿਸ਼ਰਣ) ਨੂੰ ਲੱਭ ਕੇ Expression of Interest  (ਯੂਨੀਵਰਸਿਟੀ ਬਣਾਉਣ ਲਈ ਖਵਾਹਿਸ਼ ਜਾਹਰ ਕਰਨਾ) ਦਾਖ਼ਲ ਕਰ ਦਿੱਤਾ ਜਾਵੇਗਾ। ਹੁਣ ਚਾਰਲਸ ਸੂਸਾ ਕੀ ਕਰੇ? ਜੋ ਪੈਨਲ ਮਾਰਚ ਤੋਂ ਬਾਅਦ ਇੱਕ ਵੀ ਮੀਟਿੰਗ ਨਹੀਂ ਸੀ ਕਰ ਸਕਿਆ, ਉਸਨੂੰ ਚਾਰਲਸ ਸੂਸਾ ਨੇ ਇੱਕ ਬਿਆਨ ਦੇ ਕੇ ਇੱਕ ਹਫਤੇ ਅੰਦਰ ਭਾਵ 3 ਨਵੰਬਰ 2016 ਨੂੰ ਮੀਟਿੰਗ ਸੱਦਣ ਲਈ ਰਾਹ ਖੋਲ ਦਿੱਤਾ। ਇਸ ਮੀਟਿੰਗ ਵਿੱਚ ਜੋ ਵਿਚਾਰਾਂ ਹੋਈਆਂ ਉਹ ਬਹੁਤ ਦਿਲਚਸਪ ਸਨ। ਏਜੰਡੇ ਦੀ ਇੱਕ ਆਈਟਮ ਸੀ ਕਿ ਕੀ ਪਿਛਲੀ ਮੀਟਿੰਗ (ਮਾਰਚ 2016 ਵਾਲੀ) ਤੋਂ ਕੋਈ ਅਜਿਹੀ ਕਾਰਵਾਈ ਹੈ ਜਿਸ ਉੱਤੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ? ਜਵਾਬ ਸੀ ਕੋਈ ਨਹੀਂ। ਹੁੰਦੀ ਵੀ ਕਿਉਂ, ਆਖਰ ਪ੍ਰੋਵਿੰਸ਼ੀਅਲ ਲਿਬਰਲਾਂ ਨੇ ਆਪਣੀ ਮਰਜ਼ੀ ਜੋ ਕਰ ਲਈ ਸੀ। ਇਸ ਮੀਟਿੰਗ ਵਿੱਚ ਮੰਨਿਆ ਗਿਆ ਕਿ ਅੱਗੇ ਅਪਣਾਈ ਜਾਣ ਵਾਲੀ ਪ੍ਰਕਿਰਿਆ ਹੁਣ ਤੱਕ ਕੀਤੇ ਗਏ ਕੰਮ ਤੋਂ ਬਹੁਤ ਵੱਖਰੀ ਹੋਵੇਗੀ, ਭਾਵ ਹੁਣ ਤੱਕ ਕੀਤਾ ਗਿਆ ਕੰਮ ਕਿਸੇ ਕੰਮ ਦਾ ਨਹੀਂ ਹੋਵੇਗਾ। ਇਹ ਵੀ ਮੰਨਿਆ ਗਿਆ ਕਿ ਪੈਨਲ ਨੂੰ ਪਤਾ ਨਹੀਂ ਕਿ ਅੱਗੇ ਚੱਲਕੇ ਇਸਦਾ ਰੋਲ ਕੀ ਹੋਵੇਗਾ।

ਚੇਤੇ ਰਹੇ ਕਿ ਯੂਨੀਵਰਸਿਟੀ ਬਣਨ ਦੇ ਐਲਾਨ ਹੋਣ ਤੱਕ ਬਰੈਂਪਟਨ ਸਿਟੀ ਨੇ ਕਿਸੇ ਯੂਨੀਵਰਸਿਟੀ ਨਾਲ ਠੋਸ ਗੱਲਬਾਤ ਆਰੰਭ ਨਹੀਂ ਸੀ ਕੀਤੀ, ਅਤੇ ਸੰਭਾਵਿਤ ਯੂਨੀਵਰਸਿਟੀ ਲਈ ਕੋਈ ਸਥਾਨ ਨਿਰਧਾਰਤ ਨਹੀਂ ਸੀ ਕੀਤਾ (ਇਹ ਤਾਂ ਖੈਰ ਹੁਣ ਤੱਕ ਨਹੀਂ ਕੀਤਾ ਗਿਆ)। ਇਸਤੋਂ ਬਾਅਦ ਬਲਿਊ ਰਿਬਨ ਪੈਨਲ ਨੇ 16 ਫਰਵਰੀ 2017 ਨੂੰ ਆਪਣੀ ਆਖਰੀ ਮੀਟਿੰਗ ਕਰਕੇ ਖੁਦ ਹੀ ਮਤਾ ਪਾ ਕੇ ਖੁਦ ਦਾ ਭੋਗ ਪਾ ਲਿਆ। ਇਸ ਮੀਟਿੰਗ ਦਾ ਕੀ ਸਿੱਟਾ ਰਿਹਾ ਅਤੇ ਬਰੈਂਪਟਨ ਯੂਨੀਵਰਸਿਟੀ ਬਾਬਤ ਕਿਹੋ ਜਿਹੀ ਰੂਪ ਰੇਖਾ ਤਿਆਰ ਹੋ ਰਹੀ ਹੈ, ਇਸ ਬਾਰੇ ਕੱਲ ਦੇ ਅੰਕ ਵਿੱਚ ਛਾਪਿਆ ਜਾਵੇਗਾ।