ਪੰਜਾਬੀ ਪੋਸਟ ਵਿਸ਼ੇਸ਼- ‘ਪੰਜਾਬ ਦੇ ਪੰਛੀ’ ਪੁਸਤਕ ਰੀਲੀਜ਼ ‘ਕਬਰੋਂ ਜਾਗੀ ਹਸਰਤ ਦੇ ਦਰਸ਼ਨ’

ਆਮ ਆਖਿਆ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਸੁਫ਼ਨਾ ਜਿਉਂਦੇ ਜੀਅ ਸੱਚ ਨਹੀਂ ਕਰ ਸਕਦੇ ਤਾਂ ਮੋਇਆਂ ਬਾਅਦ ਕੌਣ ਕਰਨ ਵਾਲਾ ਹੈ! ਕੈਲੇਡਾਨ, ਉਂਟੇਰੀਓ ਕਸਬੇ ਦੇ ਵਾਸੀ ਸਵਰਗੀ ਰਾਜਪਾਲ ਸਿੰਘ ਸਿੱਧੂ ਦੀ ਪੁਸਤਕ ‘ਪੰਜਾਬ ਦੇ ਪੰਛੀ’ ਦੀ ਸ਼ਨਿਚਰਵਾਰ ਨੂੰ ਬਰੈਂਪਟਨ ਵਿੱਚ ਹੋਈ ਘੁੰਡ ਚੁਕਾਈ ਰਸਮ ਉਸ ਹਸਰਤ ਨੂੰ ਸਾਖਿਆਤ ਜੀਵੰਤ ਕਰਨ ਦਾ ਸੱਬਬ ਬਣ ਗਈ ਜਿਸਨੂੰ ਹਿੱਕ ਵਿੱਚ ਲੈ ਕੇ ਲੇਖਕ 80 ਸਾਲ ਤੋਂ ਵੱਧ ਊਮਰ ਹੰਢਾ 2015 ਵਿੱਚ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੀ।

‘ਪੰਜਾਬ ਦੇ ਪੰਛੀ’ ਉਹ ਕਿਤਾਬ ਹੈ ਜੋ ਰਾਜਪਾਲ ਸਿੰਘ ਸਿੱਧੂ ਨੇ ਇਸ ਵਿਸ਼ੇ ਉੱਤੇ ਕਿਸੇ ਰਸਮੀ ਸਿੱਖਿਆ ਜਾਂ ਅਕਾਦਮਿਕ ਵਿੱਦਿਆ ਦਾ ਰਾਹ ਅਪਣਾ ਕੇ ਨਹੀਂ ਸਗੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਪੰਛੀਆਂ ਦੇ ਜੀਵਨ ਰਹੱਸ, ਉਹਨਾਂ ਦੇ ਸੁਭਾਅ ਅਤੇ ਜਿਉਣ ਕਲਾ ਨੂੰ ਨੇੜਿਉਂ ਤੱਕਣ ਦੀਆਂ ਉਗਮੀਆਂ ਉਮੰਗਾਂ ਨੂੰ ਅਮਲੀ ਰੂਪ ਦੇਣ ਸਦਕਾ ਸੰਭਵ ਹੋਈ। ਰੱਬ ਦਾ ਅਨੋਖਾ ਸਬੱਬ ਕਿ ਜਿਸ ਪੰਜਾਬ ਵਿੱਚ ਉਸਨੇ ਦਹਾਕਿਆਂ ਬੱਧੀ ਆਪਣੀ ਜਵਾਨੀ ਦੇ ਦਿਨ ਪੰਛੀਆਂ ਨੂੰ ਸਮਝਣ, ਜਾਨਣ ਅਤੇ ਗਿਆਨਣ ਦੇ ਲੇਖੇ ਲਾਏ, ਉੱਥੇ ਉਸਦੀ ਘਾਲਣਾ ਨੂੰ ਕਿਤਾਬ ਰੂਪ ਵਿੱਚ ਬਦਲਣ ਦਾ ਕੋਈ ਸਬੱਬ ਨਾ ਬਣ ਸਕਿਆ।

ਵੈਸੇ ਪੰਜਾਬ ਦੇ ਕਈ ਹਸਤਾਖਰੀ ਖੋਜੀਆਂ ਨੇ ਆਪੋ ਆਪਣੇ ਪੱਧਰ ਉੱਤੇ ਇਸ ਬੀੜੇ ਨੂੰ ਹੱਥੀਂ ਲੈਣ ਦੀਆਂ ਕੋਸਿ਼ਸ਼ਾਂ ਕੀਤੀਆਂ, ਪਰ ਕੁਦਰਤ ਦੇ ਰਹੱਸ ਇੰਝ ਸਿਰ ਚੜਕੇ ਹਾਲਾਤ ਸਿਰਜਦਾ ਰਿਹਾ ਜਿਵੇਂ ਇਸ ਪੁਸਤਕ ਉੱਤੇ ਕਿਸੇ ਵਿੱਦਿਅਕ ਮਾਹਰਤਾ ਦਾ ਪਰਛਾਵਾਂ ਨਾ ਪੈਣ ਦੇਣ ਦਾ ਤਹਈਆ ਕੀਤਾ ਹੋਵੇ। ਸੋ ਪੁਸਤਕ ਦੇ ਲੇਖਕ ਵਾਗੂੰ ਸਮਾਂ ਪਾ ਕੇ ਇਸਨੂੰ ਜੋ ਸੰਪਾਦਕ ਹਾਸਲ ਹੋਇਆ, ਉਹ ਵੀ ਪੰਛੀ ਵਰਤਾਰੇ ਦੇ ਗਿਆਨ ਤੋਂ ਕੋਰਾ ਪਰ ਦਿਲੀ ਅਨੁਭਵ ਦੀ ਅਮੀਰੀ ਵਾਲਾ ‘ਸ਼ਮੀਲ’ ਸੀ।

90ਵੇਂ ਦੇ ਦਹਾਕੇ ਵਿੱਚ ਰਾਜਪਾਲ ਸਿੰਘ ਸਿੱਧੂ ਕੈਨੇਡਾ ਆ ਗਿਆ। ਇੱਥੇ ਵੀ ਉਸਦੇ ਲਿਖੇ ਖਰੜੇ ਨੂੰ ਪੁਸਤਕੀ ਜਾਮਾ ਪਹਿਨਣ ਲਈ ਤਕਰੀਬਨ 26-27 ਸਾਲ ਇੰਤਜ਼ਾਰ ਕਰਨੀ ਪਈ। ਅੰਤ ਨੂੰ ਪੁਸਤਕ ਨੂੰ ਜਾਮਾ ਮਿਲਿਆ ਤਾਂ ਜਦੋਂ ਰਾਜਪਾਲ ਖੁਦ ਰੱਬ ਵੱਲੋਂ ਬਖਸ਼ੇ ਸਰੀਰਕ ਜਾਮੇ ਨੂੰ ਤਿਆਗ ਗਿਆ।

ਮਨੋਵਿਗਿਆਨੀ ਆਖਦੇ ਹਨ ਕਿ ਮਨੁੱਖ ਦੇ ਮਨ-ਮਸਤਕ ਵਿੱਚ ਪਲਦਾ ਸੰਕਪਲ ਉਹ ਦਿੱਬ ਦ੍ਰਿਸ਼ਟੀ ਹੁੰਦਾ ਹੈ ਜੋ ਸਮੇਂ ਅਤੇ ਸਥਾਨ ਦੀਆਂ ਬੰਦਸ਼ਾਂ ਨੂੰ ਪਾਰ ਕਰਕੇ ਪ੍ਰਗਟ ਹੋਣ ਦੀ ਤਾਕਤ ਰੱਖਦਾ ਹੈ। ਭਾਰਤੀ ਦਰਸ਼ਨ ਵਿਗਿਆਨ ਮੁਤਾਬਕ ਮਨੁੱਖ ਵੱਲੋਂ ਕਿਸੇ ਸਮੇਂ-ਵਿਸ਼ੇਸ਼ ਉੱਤੇ ਲਿਆ ਗਿਆ ਸੰਕਲਪ ਕਈ ਜਨਮਾਂ ਤੱਕ ਇੱਕ ਜਾਂ ਦੂਜੇ ਰੂਪ ਵਿੱਚ ਉਸਨੂੰ ਦੇਸ਼ਾਂ ਦੇਸ਼ਾਂਤਰਾਂ ਵਿੱਚ ਤੋਰੀ ਰੱਖਣ ਦੀ ਤਾਕਤ ਰੱਖਦਾ ਹੈ। ਰਾਜਪਾਲ ਸਿੰਘ ਸਿੱਧੂ ਬਹੁਤ ਭਾਗਾਂ ਵਾਲਾ ਆਖਿਆ ਜਾ ਸਕਦਾ ਹੈ ਕਿ ਉਸਦੇ ਸੰਕਲਪ/ਦ੍ਰਿਸ਼ਟੀ ਨੂੰ ਅਮਲੀ ਰੂਪ ਧਾਰਨ ਕਰਨ ਲਈ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਿਆ। ਸਿੱਧੂ ਦੀ ਮੌਤ ਤੋਂ ਦੋ ਸਾਲ ਦੇ ਅੰਦਰ ਹੀ ਉਸਦੇ ਪਰਿਵਾਰ ਦੀ ਆਪਣੇ ਪੁਰਖੇ ਦੀ ਹਸਰਤ ਨੂੰ ਪੂਰਾ ਕਰਨ ਲਗਨ, ਪੰਜਾਬ ਦੇ ਹਿੱਤਾਂ ਲਈ ਕੁੱਝ ਸਾਰਥਕ ਕਰਨ ਦੇ ਉਦੇਸ਼ ਵਾਲੀ ‘ਦ੍ਰਿਸ਼ਟੀ ਪੰਜਾਬ’ ਸੰਸਥਾ ਦੇ ਸੰਚਾਲਕ ਹਰਮਿੰਦਰ ਸਿੰਘ ਢਿੱਲੋਂ (ਕਿੱਤੇ ਵਜੋਂ ਵਕੀਲ) ਅਤੇ ਪੰਜਾਬੀ ਮੀਡੀਆ ਦੇ ਹਸਤਾਖਰ ਜੋਗਿੰਦਰ ਸਿੰਘ ਗਰੇਵਾਲ ਦਾ ਮਾਰਗ ਦਰਸ਼ਨ ਅਤੇ ਪ੍ਰਸਿੱਧ ਪੱਤਰਕਾਰ ਸ਼ਮੀਲ ਦੇ ਕਾਬਲ ਹੱਥੋਂ ਸੰਪਾਦਨਾ ਨੇੇ ਰਾਜਪਾਲ ਸਿੰਘ ਦੇ ਸੁਫ਼ਨੇ ਨੂੰ ਸੱਚ ਕਰ ਵਿਖਾਇਆ।

‘ਪੰਜਾਬ ਦੇ ਪੰਛੀ’ ਪੁਸਤਕ ਉਸ ਖੱਪੇ ਨੂੰ ਬਾਖੂਬੀ ਪੂਰਦੀ ਹੈ ਜੋ ਪੰਜਾਬ ਖੇਤਬਾੜੀ ਯੂਨੀਵਰਸਿਟੀ ਸਮੇਤ ਹੋਰ ਵਿੱਦਿਅਕ ਅਦਾਰਿਆਂ, ਵਾਤਾਵਰਣ ਰਖਵਾਲੀ ਦੇ ਗਰੁੱਪਾਂ ਜਾਂ ਸਮਾਜਕ ਸੰਸਥਾਵਾਂ ਦੀਆਂ ਗੰਭੀਰ ਨਜ਼ਰਾਂ ਤੋਂ ਹੁਣ ਤੱਕ ਕਿਸੇ ਹੱਦ ਤੱਕ ਪਰੋਖੇ ਹੀ ਰਿਹਾ ਹੈ। ਆਖਦੇ ਹਨ ਕਿ ਪੰਛੀਆਂ ਦੀ ਮੌਤ ਦਾ ਕਾਰਣ ਵਾਤਾਵਰਣ ਨਹੀਂ ਹੁੰਦਾ ਸਗੋਂ ਪੰਛੀਆਂ ਦਾ ਰੁੱਸ ਕੇ ਚਲੇ ਜਾਣਾ ਵਾਤਾਵਰਣ ਦੀ ਮੌਤ ਦਾ ਕਾਰਣ ਬਣਦਾ ਹੈ। ਪੰਜਾਬ ਦੇ ਪੰਛੀਆਂ ਬਾਰੇ ਇਸ ਪੁਸਤਕ ਦਾ ਛੱਪਣ ਲਈ ਚਾਰ ਦਹਾਕੇ ਤੱਕ ਤਰਸਦੇ ਰਹਿਣਾ ਪੰਜਾਬ ਵਿੱਚ ਪੰਛੀਆਂ ਦੀ ਹੋਈ ਬੇਕਦਰੀ ਦਾ ਇੱਕ ਨਿੰਗਾ ਚਿੱਟਾ ਸਬੂਤ ਕਿਹਾ ਜਾ ਸਕਦਾ ਹੈ।

ਸਲਾਮ ਹੈ ਰਾਜਪਾਲ ਸਿੰਘ ਨੂੰ ਜਿਸਨੇ ਸਿਰਫ਼ ਪੰਛੀਆਂ ਬਾਰੇ ਹੀ ਜਾਣਕਾਰੀ ਇੱਕਤਰ ਨਹੀਂ ਕੀਤੀ, ਸਗੋਂ ਇੱਕ 2 ਪੰਛੀ ਨੂੰ ਕਈ 2 ਦਿਨ ਘੰਟਿਆਂ ਬੱਧੀ ਅੱਖਾਂ ਦੇ ਲੈਂਜਾਂ ਨਾਲ ਚਿਤਵ ਕੇ ਬਰੱ਼ਸ਼ ਨਾਲ ਜੀਵੰਤ ਕੀਤਾ। ਸਮੁੱਚੀ ਪੁਸਤਕ ਵਿੱਚ 230 ਤੋਂ ਵੱਧ ਪੰਛੀਆਂ ਦੇ ਚਿੱਤਰ ਛਾਪੇ ਗਏ ਹਨ ਜੋ ਪੰਛੀ ਸ਼ੈਲੀ ਚਿੱਤਰਣ ਦਾ ਇੱਕ ਅਨਮੋਲ ਖਜਾਨਾ ਹੈ। ਹਰ ਪੰਛੀ ਦੀ ਜ਼ਾਤ, ਗੋਤ, ਰੰਗ, ਨਸਲ, ਸੁਭਾਅ ਅਤੇ ਚੋਜਾਂ ਨੂੰ ਸ਼ਬਦਾਂ ਵਿੱਚ ਢਾਲਣ ਦਾ ਟਕਸਾਲੀ ਕਾਰਜ ਪੂਰਾ ਕੀਤਾ ਗਿਆ ਹੈ। ਚੀਨਾ ਚੋਝੂ, ਜਲਕਾਵਾਂ, ਕਾਲੀ ਤਾਹਰੀ, ਚੰਬੜ, ਘੋਗੜ ਕਾਂ, ਲੰਗੋਜਾ, ਪਤਰੰਗਾ ਵਰਗੇ ਸੈਂਕੜੇ ਸ਼ਬਦ ਹਨ ਜੋ ਰਾਜਪਾਲ ਸਿੰਘ ਇਸ ਪੁਸਤਕ ਦੀ ਹਿੱਕ ਵਿੱਚ ਧਰ ਕੇ ‘ਪੰਜਾਬੀ ਭਾਸ਼ਾ ਵਿਗਿਆਨ’ ਦੀ ਧਰੋਹਰ ਨੂੰ ਮਜ਼ਬੂਤ ਕਰ ਗਿਆ। ਇਹ ਪੁਸਤਕ ਉਸ ਤੱਥ ਦੀ ਜ਼ਾਮਨ ਹੈ ਕਿ ਇੱਕ ਵਿਅਕਤੀ ਆਪਣੀ ਲਗਨ ਅਤੇ ਸਿਰੜ ਨਾਲ ਅਜਿਹਾ ਹਾਸਲ ਕਰ ਸਕਦਾ ਹੈ ਜੋ ਸਕੂਲੀ ਵਿੱਦਿਆ, ਮਨੁੱਖਾਂ ਦਾ ਇੱਕ ਦੂਜੇ ਨਾਲ ਸਾਂਝਾ ਕੀਤਾ ਬੌਧਿਕ ਗਿਆਨ ਕਈ ਸਦੀਆਂ ਤੱਕ ਨਹੀਂ ਕਰ ਸਕਦਾ।

ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂ ਨਾਨਕ ਦੇਵ, ਭਗਤ ਕਬੀਰ, ਭਗਤ ਰਵੀਦਾਸ ਅਤੇ ਹੋਰ ਸੰਤਾਂ ਫਕੀਰਾਂ ਦੀ ਯਾਦ ਵਿੱਚ ‘ਚੇਅਰਾਂ’ ਬਣੀਆਂ ਹੋਈਆਂ ਹਨ। ਕੌੜੀ ਹਕੀਕਤ ਇਹ ਹੈ ਕਿ ਇਹਨਾਂ ਚੇਅਰਾਂ ਵਿੱਚ ਪੜਾਉਣ ਅਤੇ ਪੜਨ ਵਾਲੇ ਸੰਤਾਂ ਫਕੀਰਾਂ ਦੇ ਸ਼ਬਦਾਂ ਦੇ ਅਰਥ ਆਪੋ ਆਪਣੀ ਵਿੱਦਿਅਕ ਬੁੱਧੀ ਦੇ ਦਾਇਰੇ ਦੀ ਤੰਗੀ ਜਾਂ ਮੋਕਲੇਪਣ ਤੱਕ ਹੀ ਕਰ ਸੱਕਦੇ ਹਨ। ਗੁਰੂਆਂ, ਸੰਤਾਂ ਅਤੇ ਫਕੀਰਾਂ ਦਾ ਕਾਇਆ ਨੂੰ ਰੱਬੀ ਧੁਨ ਵਿੱਚ ਗਾਲ ਕੇ ਹਾਸਲ ਕੀਤਾ ਅੰਤਮ ਅਤੇ ਅਣਮਿਣਵਾਂ ਸੱਚ ਸੀਮਤ ਵਿੱਦਿਅਕ ਬੁੱਧੀ ਦੀ ਪਕੜ ਵਿੱਚ ਆ ਹੀ ਨਹੀਂ ਸਕਦਾ। ਇਵੇਂ ਹੀ ਬਹੁਤ ਸੰਭਵ ਹੈ ਕਿ ਪੰਛੀ ਜਗਤ ਵਿੱਚ ਰੁਚੀ ਰੱਖਣ ਵਾਲੀਆਂ ਪੰਜਾਬ ਦੀਆਂ ਆਉਣ ਵਾਲੀਆਂ ਪੀੜੀਆਂ ਇਸ ਪੁਸਤਕ ਨੂੰ ਪੜਨ ਦਾ ਆਨੰਦ ਤਾਂ ਲੈਣਗੀਆਂ ਪਰ ਰਾਜਪਾਲ ਸਿੰਘ ਸਿੱਧੂ ਦਾ ਅਨੁਭਵ ਮਿਣ ਤੋਲ ਨਹੀਂ ਸੱਕਣਗੀਆਂ। ਵੈਸੇ ਵੀ ਹੁਣ ਕਿੰਨੇ ਕੁ ਪੰਛੀ ਪੰਜਾਬ ਦੇ ਧੁੰਦਲਾਏ ਅਸਮਾਨਾਂ ਵਿੱਚ ਲਰਜ਼ਦੇ ਹਨ ਜਿਹਨਾਂ ਨੂੰ ਕੋਈ ਵੇਖ ਸਕੇ!

ਬਹੁਤ ਕੁੱਝ ਹੈ ਜੋ ਇਸ ਪੁਸਤਕ ਬਾਰੇ ਲਿਖਿਆ ਜਾ ਸਕਦਾ ਹੈ ਪਰ ਇਸਤੋਂ ਵੱਧ ਲਾਜ਼ਮੀ ਹੈ ਇਹ ਹੋਕਾ ਦੇਣਾ ਕਿ ਪੰਜਾਬ, ਪੰਜਾਬ ਦੀ ਧਰਤੀ, ਸੱਭਿਆਚਾਰ, ਵਾਤਾਵਰਣ ਅਤੇ ਕੁਦਰਤੀ ਸੁੱਹਪਣ ਨਾਲ ਮੋਹ ਰੱਖਣ ਵਾਲੇ ਸਾਰੇ ਲੋਕ ਇਸ ਪੁਸਤਕ ਨੂੰ ਖੁਦ ਪੜਨ, ਆਪਣੇ ਬੱਚਿਆਂ/ਪਰਿਵਾਰਾਂ ਦੋਸਤਾਂ ਮਿੱਤਰਾਂ ਨੂੰ ਤੋਹਫ਼ੇ ਵਜੋਂ ਭੇਂਟ ਕਰਨ। ਅਜਿਹਾ ਕਰਨਾ ਪੰਜਾਬ ਦੇ ਭਲੇ ਲਈ ਚੁੱਕਿਆ ਪਵਿੱਤਰ ਕਦਮ ਹੋਵੇਗਾ।

ਵਧਾਈ ਦੇ ਪਾਤਰ ਹਨ ਸੰਪਾਦਕ ਸ਼ਮੀਲ, ਦ੍ਰਿਸ਼ਟੀ ਪੰਜਾਬ ਤੋਂ ਪ੍ਰਕਾਸ਼ਕ ਹਰਮਿੰਦਰ ਢਿੱਲੋਂ, ਚਿੱਤਰਾਂ/ਫੋਟੋਆਂ ਨੂੰ ਤਰਤੀਬਬੱਧ ਕਰਨ ਵਾਲੇ ਕਮਲ ਬਰਾੜ, ਗਰਾਫਿਕਸ ਡੀਜ਼ਾਈਨਰ ਰਜਿੰਦਰ ਸਿੰਘ ਜਿਹਨਾਂ ਨੇ ਇਸ ਪੁਸਤਕ ਨੂੰ ਗੁਣਵੱਤਾ ਦਾ ਖਜ਼ਾਨਾ ਬਣਾਉਣ ਲਈ ਦਿਲੀ ਮੁਹਬੱਤ ਨਾਲ ਕੰਮ ਕੀਤਾ ਹੈ। ਪੁਸਤਕ ਐਸੀ ਬਣ ਨਿਕਲੀ ਹੈ ਕਿ ਹਰ ਮਾਣਮੱਤਾ ਪੰਜਾਬੀ ਇਸਨੂੰ ਆਪਣੇ ਡਰਾਇੰਗ ਰੂਮ ਦਾ ਸਿੰ਼ਗਾਰ ਬਣਾਉਣ ਵਿੱਚ ਫਖ਼ਰ ਮਹਿਸੂਸ ਕਰੇਗਾ। ਸਮੱਗਰੀ ਪੱਖੋਂ ਅਮੀਰ ਅਤੇ ਦਿੱਖ ਪੱਖੋਂ ਮਿਆਰੀ ਕਿੰਨੀਆਂ ਕੁ ਪੰਜਾਬੀ ਦੀਆਂ ਕਿਤਾਬਾਂ ਮਿਲਦੀਆਂ ਹਨ ਜਿਹੜੀਆਂ ਹੋਰ ਭਾਸ਼ਾਵਾਂ ਖਾਸ-ਕਰਕੇ ਅੰਗਰੇਜ਼ੀ ਵਿੱਚ ਛੱਪਦੀਆਂ ਡਰਾਇੰਗ ਰੂਮ ਪੁਸਤਕਾਂ ਨਾਲ ਮੁਕਾਬਲਾ ਕਰ ਸੱਕਣ! ‘ਪੰਜਾਬ ਦੇ ਪੰਛੀ’ ਪੁਸਤਕ ਉਸ ਅਮੀਰੀ ਅਤੇ ਮਿਆਰਪੁਣੇ ਨਾਲ ਪੂਰਾ ਇਨਸਾਫ਼ ਕਰਦੀ ਹੈ।

ਪੁਸਤਕ ਦੀ ਗੱਲ ਰਾਜਪਾਲ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਕੀਤੀ ਘਾਲਣਾ ਦਾ ਜਿ਼ਕਰ ਕੀਤੇ ਬਗੈਰ ਅਧੂਰੀ ਰਹੇਗੀ। ਪੰਜਾਬ ਵਿੱਚ ਪੁਰਖਿਆਂ ਦਾ ਰਿਣ ਉਤਾਰਨ ਦੀ ਇੱਕ ਖਾਸ ਵਿਧੀ ਅਤੇ ਰਿਵਾਇਤ ਹੈ। ਪੁਰਖਿਆਂ ਦਾ ਰਿਣ ਚੁੱਕਤਾ ਨਾ ਹੋਣ ਦੀ ਸੂਰਤ ਵਿੱਚ ਮਨੁੱਖ ਨੂੰ ਵਾਰ ਵਾਰ ਜਨਮ ਲੈਣਾ ਪੈ ਸਕਦਾ ਹੈ। ਕਿਉਂਜੋ ਰਾਜਪਾਲ ਸਿੰਘ ਦੇ ਜੀਵਨ ਦਾ ਇੱਕੋ ਇੱਕ ਸੁਫ਼ਨਾ ਆਪਣੇ ਪੰਛੀਆਂ ਬਾਰੇ ਗਿਆਨ ਭੰਡਾਰ ਨੂੰ ਪੁਸਤਕ ਰੂਪ ਦੇਣਾ ਸੀ, ਤਾਂ ਆਖਣਾ ਬਣਦਾ ਹੈ ਕਿ ਉਹਨਾਂ ਦੀ ਪਤਨੀ ਰਜਿੰਦਰਪਾਲ ਕੌਰ ਸਿੱਧੂ, ਬੇਟਾ ਰਾਜਕੰਵਲ ਸਿੰਘ ਸਿੱਧੂ, ਨੂੰਹ ਦਲਵਿੰਦਰ ਕੌਰ ਸਿੱਧੂ, ਪੋਤੇ ਦਲਸ਼ੇਰ ਸਿੰਘ ਸਿੱਧੂ ਅਤੇ ਹਰਸ਼ੇਰ ਸਿੰਘ ਸਿੱਧੂ ਨੇ ਜਿਸ ਮੁਹਬੱਤ ਨਾਲ ਪਿਤਰੀ ਰਿਣ ਉਤਾਰਿਆ ਹੈ, ਹੁਣ ਉਹ ਖੁਦ ਨੂੰ ਸੁਰਖਰੂ ਮਹਿਸੂਸ ਕਰ ਸਕਦੇ ਹਨ। ਇਹੀ ਨਹੀਂ ਸਗੋਂ ਜਾਪਦਾ ਹੈ ਕਿ ਕਿਸੇ ਅਣਦਿੱਸਦੇ ਅਸਮਾਨੀ ਮੁਕਾਮ ਉੱਤੇ ਬੈਠੇ ਰਾਜਪਾਲ ਸਿੰਘ ਦੀ ਅੰਤਰ-ਆਤਮਾ ਵੀ ਜਦੋਂ ਆਪਣੇ ਪਰਿਵਾਰ ਦੇ ਉੱਦਮ ਉੱਤੇ ਪੰਛੀ ਝਾਤ ਮਾਰੇਗੀ ਤਾਂ ਬਹੁਤ ਸਕੂਨ ਅਤੇ ਹਲਕਾਪਣ ਮਹਿਸੂਸ ਕਰੇਗੀ, ਆਮੀਨ!

ਵਿਸ਼ੇਸ਼ ਟਿੱਪਣੀ: ਪੁਸਤਕ ਦੀ ਘੁੰਡ ਚੁਕਾਈ ਰਸਮ ਵੇਲੇ ਸਟੇਜ ਦੀ ਜ਼ੰੁਮੇਵਾਰੀ ‘ਰੇਡੀਓ ਸਰਗਮ’ ਤੋਂ ਡਾਕਟਰ ਬਲਵਿੰਦਰ ਨੇ ਚੋਣਵੇਂ ਅਤੇ ਦਿਲਟੁੰਬਵੇਂ ਸ਼ਬਦ ਵਰਤ ਕੇ ਆਪਣੇ ਨਿਵੇਕਲੇ ਢੰਗ ਨਾਲ ਨਿਭਾਈ।