ਪੰਜਾਬੀ ਪੋਸਟ ਵਿਸ਼ੇਸ਼: ਪੈਟਰਿਕ ਬਰਾਊਨ : ਕੀ ਹੋਇਆ ਕਿ ਕੱਲ ਨਹੀਂ ਆਇਆ

ਮੀਡੀਆ ਦੇ ਦੰਦ ਕਿੰਨੇ ਕੁ ਸਖ਼ਤ ਹੋ ਸਕਦੇ ਹਨ, ਇਸਦਾ ਅੰਦਾਜ਼ਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਉਂਟੇਰੀਓ) ਦੇ ਸਾਬਕਾ ਆਗੂ ਪੈਟਰਿਕ ਬਰਾਊਂ ਤੋਂ ਵੱਧ ਕੋਈ ਨਹੀਂ ਜਾਣਦਾ। 24 ਜਨਵਰੀ ਦੀ ਸ਼ਾਮ ਤੱਕ ਪੈਟਰਿਕ ਬਰਾਊਂਨ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਭਿਣਕ ਤੱਕ ਨਹੀਂ ਸੀ ਕਿ ਅਗਲੇ ਚੰਦ ਕੁ ਮਿੰਟਾਂ ਵਿੱਚ ਉਹਨਾਂ ਦੇ ਵਿਹੜੇ ਜੰਗੀ ਬੇੜਾ ਦਸਤਕ ਦੇਣ ਜਾ ਰਿਹਾ ਹੈ। 9 ਕੁ ਵਜੇ ‘ਸੀ ਟੀ ਵੀ’ ਨੇ ਆਪਣੀ ਬੁੱਕਲ ਵਿੱਚੋਂ ਦੋ ਔਰਤਾਂ ਦਾ ਸੈਕਸੂਅਲ ਸੋਸ਼ਣ ਕੀਤੇ ਜਾਣ ਦਾ ਪੈਟਰਿਕ ਬਰਾਊਂ ਨੂੰ ਅਜਿਹਾ ਗੋਲਾ ਮਾਰਿਆ ਜਿਸਨੇ ਪੈਟਰਿਕ ਬਰਾਊਨ ਨੂੰ ਤਾਂ ਪਾਣੀ ਕਿੱਥੇ ਪੀਣ ਦੇਣਾ ਸੀ ਸਗੋਂ ਟੋਰੀ ਪਾਰਟੀ ਅਤੇ ਉਂਟੇਰੀਓ ਦੇ ਸਿਆਸੀ ਲੈਂਡਸਕੇਪ ਨੂੰ ਹਾਲ ਦੀ ਘੜੀ ਬਦਲ ਕੇ ਰੱਖ ਦਿੱਤਾ। ਮੀਡੀਆ ਨੂੰ ਸਮਾਜ ਦਾ ਤੀਜਾ ਥੰਮ ਕਿਹਾ ਜਾਂਦਾ ਹੈ ਪਰ ਪੈਟਰਿਕ ਬਰਾਊਂ ਲਈ ਸੀ ਟੀ ਵੀ’ ਮੀਡੀਆ ਥੰਮ ਨਹੀਂ ਸਗੋਂ 9 ਰਿਕਟਰ ਸਕੇਲ ਵਾਲਾ ਭੂਚਾਲ ਸਾਬਤ ਹੋਇਆ ਜਿਸਨੇ ਦੋ ਦਹਾਕਿਆਂ ਦੇ ਉਸਦੇ ਸਿਆਸੀ ਕੈਰੀਅਰ ਦੀ ਇਮਾਰਤ ਨੂੰ ਪਲਾਂ ਛਿਣਾਂ ਵਿੱਚ ਤਹਿਸ ਨਹਿਸ ਕਰ ਦਿੱਤਾ।

ਪਤਾ ਲੱਗਾ ਹੈ ਕਿ ਸੀ ਟੀ ਵੀ ਨੇ ਪੈਟਰਿਕ ਬਰਾਊਨ ਦੇ ਦਫ਼ਤਰ ਅਗਾਊਂ ਫੋਨ ਕੀਤਾ (ਸ਼ਾਇਦ ਰਾਤ ਨੂੰ 9 ਕੁ ਵਜੇ) ਕਿ ਦੋ ਔਰਤਾਂ ਵੱਲੋਂ ਲਾਏ ਗਏ ਦੋਸ਼ਾਂ ਵਾਲੀ ਕਹਾਣੀ ਨੂੰ ਉਸ ਵੱਲੋਂ 10 ਵਜ਼ੇ ਨਸ਼ਰ ਕੀਤਾ ਜਾਵੇਗਾ। ਸਿਆਸੀ ਪਾਰਟੀਆਂ ਦੇ ਦਫ਼ਤਰਾਂ ਨੂੰ ‘ਜੰਗੀ ਮੁਹਾਜ਼ ਵਾਲੇ ਰਣਨੀਤੀ ਵਾਲੇ ਜ਼ੋਨ’ (War room strategy room) ਆਖਿਆ ਜਾਂਦਾ ਹੈ। ਭਾਵ ਜਿਵੇਂ ਜੰਗ ਵਿੱਚ ਫੌਜਾਂ ਨੂੰ ਐਮਰਜੰਸੀ ਪੈਣ ਉੱਤੇ ਪ੍ਰਤੀਕਰਮ ਕਰਨ ਲਈ ਬਹੁਤਾ ਵਕਤ ਨਹੀਂ ਦਿੱਤਾ ਜਾਂਦਾ, ਸਿਆਸੀ ਐਮਰਜੰਸੀ ਵਿੱਚ ਵੀ ‘ਕਰੋ ਜਾਂ ਮਰੋ’ ਵਾਲੀ ਸਥਿਤੀ ਨੂੰ ਸੰਭਾਲਣਾ ਹੁੰਦਾ ਹੈ। ਪਰ ਇਸ ਕੇਸ ਵਿੱਚ ਪਾਰਟੀ ਦੇ ਅੰਦਰੂਨੀ ਕਰਤਾ ਧਰਤਾਵਾਂ ਕੋਲ ‘ਕੁੱਝ ਕਰਨ ਦਾ ਨਹੀਂ’ ਸਗੋਂ ਸਿਰਫ਼ ਪੈਟਰਿਕ ਬਰਾਊਂ ਦੇ ਸਿਆਸੀ ਕੈਰੀਅਰ ਦੀ ਬਲੀ ਦੇਣ ਦਾ ਹੀ ਵਿਕਲਪ ਬਾਕੀ ਰਹਿ ਗਿਆ ਸੀ। ਸੋ ਪੈਟਰਿਕ ਦੀ ਅੰਦਰੂਨੀ ਜੁੰਡਲੀ ਕੰਪੇਨ ਮੈਨੇਜਰ ਐਂਡਰੀਓੂ ਬੌਡਡਿੰਗਟਨ, ਚੀਫ਼ ਆਫ ਸਟਾਫ ਅਲੀਖਾਨ ਵੈਲਸ਼ੀ ਅਤੇ ਡਿਪਟੀ ਕੰਪੇਨ ਮੈਨੇਜਰ ਡੈਨ ਰੌਬਰਟਸਨ ਤਿੰਨਾਂ ਨੇ ਪੈਟਰਿਕ ਨੂੰ ਇੰਝ ਵਗਾਹ ਮਾਰਿਆ ਜਿਵੇਂ ਉੱਡੀ ਜਾਂਦੀ ਇੱਲ੍ਹ ਦੇ ਪੰਜੇ ਚੋਂ ਡਿੱਗੇ ਸੱਪ ਨੂੰ ਕੋਈ ਬੰਦਾ ਘਬਰਾ ਕੇ ਲਾਂਭੇ ਮਾਰੇ।

ਸੋ ਡੈਮੇਜ ਕੰਟਰੋਲ ਦਾ ਇੱਕ ਹੀ ਰਾਹ ਸੀ ਕਿ ਸੀ ਟੀ ਵੀ ਦੀ 10 ਵਜੇ਼ ਨਸ਼ਰ ਹੋਣ ਵਾਲੀ ਖਬਰ ਤੋਂ ਪਹਿਲਾਂ ਪਰੈੱਸ ਕਾਨਫਰੰਸ ਕੀਤੀ ਜਾਵੇ। ਸਮੇਂ ਅਤੇ ਹਾਲਾਤਾਂ ਦਾ ਖੇਡ ਅਜਿਹਾ ਰਿਹਾ ਕਿ 9 ਵੱਜ ਕੇ 45 ਮਿੰਟ ਉੱਤੇ ਪਰੈੱਸ ਕਾਨਫਰੰਸ ਕਰਨ ਵੇਲੇ ਪੈਟਰਿਕ ਨਾਲ ਇੱਕ ਬੰਦਾ ਵੀ ਉਸਦੇ ਨਾਲ ਨਹੀਂ ਸੀ। ਹਾਲਾਂਕਿ 1 ਮਿੰਟ 20 ਕੁ ਸਕਿੰਟ ਦੀ ਆਪਣੀ ਕਾਨਫਰੰਸ ਵਿੱਚ ਪੈਟਰਿਕ ਨੇ ਕਿਹਾ ਕਿ ਉਹ ਲੱਗੇ ਇਲਜ਼ਾਮਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰੇਗਾ ਅਤੇ ਕੱਲ ਨੂੰ ਦਫ਼ਤਰ ਵਿੱਚ ਆਵੇਗਾ ਪਰ ਪੈਟਰਿਕ ਬਰਾਊਨ ਲਈ ਉਹ ਕੱਲ ਨਾ ਆਉਣਾ ਸੀ ਅਤੇ ਨਾ ਹੀ ਆਇਆ।

ਪੈਟਰਿਕ ਬਰਾੳਨੂਂ ਦੇ ਜਾਣ ਤੋਂ ਬਾਅਦ ਆਰੰਭ ਹੋ ਗਈ ਉਹ ਚੁੰਝ ਚਰਚਾ ਕਿ ਜਿਸ ਵਿੱਚ ਉਹ ਦੋਸ਼ ਵੀ ਉਜਾਗਰ ਹੋਣ ਲੱਗ ਪਏ ਹਨ ਜਿਹੜੇ ਲੀਡਰ ਹੋਣ ਤੱਕ ਅੱਖੋਂ ਪਰੋਖੇ ਕੀਤੇ ਜਾ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਉਹ ਕਦੇ ਵੀ ਗਰਾਸਰੂਟ (ਜ਼ਮੀਨੀ ਪੱਧਰ) ਉੱਤੇ ਪਾਰਟੀ ਲੀਡਰਸਿ਼ੱਪ ਨਾਲ ਸਾਂਝ ਪੈਦਾ ਨਾ ਕਰ ਸਕਿਆ। ਜਿਹੜੇ ਗਰਾਸਰੂਟ ਲੀਡਰਾਂ ਨਾਲ ਉਸਦੀ ਸਾਂਝ ਸੀ, ਉਹਨਾਂ ਦਾ ਆਪਣਾ ਕਮਿਉਨਿਟੀ ਵਿੱਚ ਕੋਈ ਬਹੁਤਾ ਆਧਾਰ ਨਹੀਂ ਸੀ।

ਪੈਟਰਿਕ ਉੱਤੇ ਨੌਮੀਨੇਸ਼ਨ ਚੋਣਾਂ ਲਈ ਟਿਕਟਾਂ ਦੇ ਕਈ 2 ਚਾਹਵਾਨ ਉਮੀਦਵਾਰਾਂ ਨੂੰ ਸਬਜ਼ਬਾਗ ਦਿਖਾਉਣ ਦੇ ਵੀ ਦੋਸ਼ ਹਨ ਜਿਸ ਕਾਰਣ ਬਹੁਤੇ ਉਮੀਦਵਾਰ ਉਸ ਪ੍ਰਤੀ 100% ਵਫ਼ਾਦਾਰੀ ਨਹੀਂ ਸੀ ਰੱਖਦੇ। ਉਸਦੇ ਆਪਣੇ ਦਫ਼ਤਰ ਵਿੱਚ ਕਈ ਉਹ ਲੋਕ ਅਹਿਮ ਅਹੁਦਿਆਂ ਉੱਤੇ ਸਨ ਜਿਹੜੇ ਟਿਮ ਹੁੱਡਾਕ ਦੇ ਖੇਮੇ ਵਿੱਚੋਂ ਆਏ ਸਨ। ਪੈਟਰਿਕ ਇਹਨਾਂ ਮਹੱਤਵਪੂਰਣ ‘ਰੋਲ ਪਲੇਅਰਾਂ’ ਨਾਲ ਭਾਵਨਾਤਮਕ ਸਾਂਝ ਨਾ ਬਣਾ ਸਕਿਆ। ਉਸਦਾ ਫੈਡਰਲ ਸਿਆਸਤ ਵਿੱਚੋਂ ਕੂਚ ਕਰਕੇ ਆਉਣਾ ਵੀ ਪੈਦਾ ਹੋਏ ‘ਖਲਾਅ’ ਲਈ ਕਿਸੇ ਹੱਦ ਤੱਕ ਜੁੰਮੇਵਾਰ ਸੀ। ਹੁਣ ਤਾਂ ਉਸਦੇ ਸੈਕਸੁਅਲ ਵਤੀਰੇ ਬਾਰੇ ਵੀ ਪਾਰਟੀ ਦੇ ਆਗੂਆਂ ਵੱਲੋਂ ‘ਸਾਨੂੰ ਤਾਂ ਪਹਿਲਾਂ ਹੀ ਪਤਾ ਸੀ’ ਵਰਗੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।

ਪੈਟਰਿਕ ਬਰਾਊਨ ਦੇ ਜਾਣ ਤੋਂ ਬਾਅਦ ਟੋਰੀ ਪਾਰਟੀ ਦੀ ਲੀਡਰਸਿ਼ੱਪ ਅੰਤਰਿਮ ਰੂਪ ਵਿੱਚ ਵਿੱਕ ਫਿਡੇਲੀ ਦੇ ਹੱਥ ਆ ਚੁੱਕੀ ਹੈ। ਫਿਡੇਲੀ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਜੇ ਚਾਹੇ ਤਾਂ ਉਹ ਪਾਰਟੀ ਲੀਡਰਸਿ਼ੱਪ ਰੇਸ ਵਿੱਚ ਆਪਣੀ ਉਮੀਦਵਾਰੀ ਦਾਖ਼ਲ ਕਰ ਕਰ ਸਕਦਾ ਹੈ। ਪਾਰਟੀ ਲੀਡਰਸਿ਼ੱਪ ਚੋਣ ਪੈਸੇ ਦੀ ਖੇਡ ਹੈ ਜਿਸ ਉੱਤੇ ਘੱਟ ਘੱਟ 1 ਮਿਲੀਅਨ ਡਾਲਰ ਖਰਚ ਹੋ ਜਾਣ ਦੀ ਸੰਭਾਵਨਾ ਹੈ। ਜੂਨ 2018 ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਅਜਿਹੇ ਨੇਮ ਬਣਾਉਣੇ ਪੈਣਗੇ ਕਿ ਘੱਟ ਸਮੇਂ ਵਿੱਚ ਇਸ ਕਰਮ ਨੂੰ ਨਿਪਟਾਇਆ ਜਾ ਸਕੇ। ਅੰਤਰਿਮ ਲੀਡਰ ਹੋਣ ਕਾਰਣ ਸੰਭਵ ਹੈ ਕਿ ਵਿੱਕ ਫਿਡੇਲੀ ਕੁੱਝ ਅਜਿਹੀਆਂ ਤਬਦੀਲੀਆਂ ਹੋਂਦ ਵਿੱਚ ਲਿਆਉਣ ਵਿੱਚ ਕਾਮਯਾਬ ਹੋ ਜਾਵੇ ਜਿਸ ਨਾਲ ਉਸਨੂੰ ਲਾਭ ਹੁੰਦਾ ਹੋਵੇ।

ਵਿੱਕ ਫਿਡੇਲ ਨੇ ਅੰਤਰਿਮ ਲੀਡਰ ਬਣਨ ਸਾਰ ਆਪਣੇ ਦਫ਼ਤਰ ਦੀ ਸਫ਼ਾਈ ਆਰੰਭ ਕਰ ਦਿੱਤੀ ਹੈ। ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਅਤੇ ਪੈਟਰਿਕ ਦੇ ਚਹੇਤੇ ਬੌਬ ਸਟੈਨਲੀ ਨੂੰ ਖਾਰਜ ਕਰ ਦਿੱਤਾ ਗਿਆ ਹੈ। ਪੈਟਰਿਕ ਦੇ ਐਮ ਪੀ ਪੀ ਬਣਨ ਲਈ ਓਰੀਲੀਆ ਸੀਟ ਖਾਲੀ ਕਰਨ ਵਾਲੇ ਗੈਰੀਫੀਲਡ ਡੱਨਲਪ ਨੂੰ ਪਾਰਟੀ ਆਗੂ ਦੇ ਸਲਾਹਕਾਰ ਵਜੋਂ ਹਟਾ ਦਿੱਤਾ ਗਿਆ ਹੈ। ਅਲੀਖਾਨ ਵਿਲੈਸ਼ੀ ਨੇ ਹੁਣ ਫਿਡੈਲੀ ਦੇ ਚੀਫ ਆਫ ਸਟਾਫ ਵਜੋਂ ਕੁਰਸੀ ਸੰਭਾਲ ਲਈ ਹੈ। ਇਵੇਂ ਹੀ ਕਈ ਹੋਰ ਤਬਦੀਲੀਆਂ ਹੋਈਆਂ ਹਨ।

ਖਬਰਾਂ ਇਹ ਵੀ ਮਿਲ ਰਹੀਆਂ ਹਨ ਕਿ ਫਿਡੇਲੀ ਦੀ ਕੋਸਿ਼ਸ਼ ਰਹੇਗੀ ਕਿ ਲੀਡਰਸਿ਼ੱਪ ਰੇਸ ਨਾ ਹੋਵੇ ਤਾਂ ਜੋ ਉਹ ਪਾਰਟੀ ਲੀਡਰ ਵਜੋਂ ਚੋਣਾਂ ਵਿੱਚ ਜਾ ਸਕੇ। ਇਸ ਵਾਸਤੇ ਇੱਕ ਰਸਤਾ ਇਹ ਲੱਭਿਆ ਜਾ ਸਕਦਾ ਹੈ ਕਿ ਫੰਡ ਰੇਜਿ਼ੰਗ ਕਮੇਟੀ ਕਿਸੇ ਘੁਣਤਰ ਦਾ ਸਹਾਰਾ ਲੈ ਕੇ ਲੀਡਰਸਿ਼ੱਪ ਚੋਣ ਲਈ ਫੰਡ ਰੀਲੀਜ਼ ਨਾ ਕਰੇ। ਜੇ ਗੱਲ ਲੀਡਰਸਿ਼ੱਪ ਰੇਸ ਕਰਵਾਉਣ ਤੱਕ ਜਾਂਦੀ ਹੈ ਤਾਂ ਉਮੀਦਵਾਰਾਂ ਦੀ ਗਿਣਤੀ ਘੱਟ ਰੱਖਣ ਉੱਤੇ ਜੋ਼ਰ ਹੋ ਸਕਦਾ ਹੈ ਪਰ ਫਿਡੇਲੀ ਅਤੇ ਕੈਰੋਲਿਨ ਮੂਰਲੋਨੀ ਦੇ ਉਮੀਦਵਾਰ ਹੋਣ ਦੀ ਪੱਕੀ ਉਮੀਦ ਹੈ।

ਲੀਡਰਸਿ਼ੱਪ ਚੋਣ ਹੋਣ ਦੀ ਸੂਰਤ ਵਿੱਚ ਪੀਲ ਰੀਜਨ ਦੇ ਟੋਰੀ ਮੈਂਬਰਾਂ ਦਾ ਵੱਡਾ ਰੋਲ ਰਹੇਗਾ ਕਿਉਂਕਿ ਪਾਰਟੀ ਦੇ 2 ਲੱਖ ਦੇ ਕਰੀਬ ਮੈਂਬਰਾਂ ਵਿੱਚੋਂ ਲੱਗਭੱਗ 50% ਇੱਕਲੇ ਪੀਲ ਖੇਤਰ ਵਿੱਚੋਂ ਬਣੇ ਹੋਏ ਹਨ। ਦੁਬਾਰਾ ਆਖਣਾ ਹੋਵੇਗਾ ਕਿ ਲੀਡਰਸਿ਼ੱਪ ਰੇਸ ਦਾ ਮੁਕਾਬਲਾ ਉਹਨਾਂ ਨੇਮਾਂ ਉੱਤੇ ਬਹੁਤ ਨਿਰਭਰ ਕਰੇਗਾ ਜੋ ਕਾਹਲ ਵਿੱਚ ਕਰਵਾਈ ਜਾਣ ਵਾਲੀ ਚੋਣ ਦੇ ਮੱਦੇਨਜ਼ਰ ਬਣਾਏ ਜਾਣਗੇ।

ਖੈਰ ਪਾਰਟੀ ਦੇ ਅੰਦਰੂਨੀ ਹਾਲਾਤ ਐਨੀ ਤੇਜ਼ੀ ਨਾਲ ਹਰ ਪਲ ਬਦਲ ਰਹੇ ਹਨ ਕਿ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦਾ ਕਿਆਸ ਕੀਤਾ ਜਾਣਾ ਅਸੰਭਵ ਜਾਪਦਾ ਹੈ। ਹਾਂ, ਅਗਲੇ ਚੰਦ ਕੁ ਦਿਨਾਂ ਵਿੱਚ ਟੋਰੀ ਪਾਰਟੀ ਦੇ ਅਸਮਾਨੀਂ ਛਾਏ ਗੈਰਯਕੀਨੀ ਦੇ ਬੱਦਲਾਂ ਦੇ ਛੱਟ ਜਾਣ ਦੀ ਉਮੀਦ ਹੈ। ਉਸ ਵੇਲੇ ਟੋਰੀ ਪਾਰਟੀ ਦੇ ਵਿਹੜੇ ਆਣ ਜਦੋਂ ਧੁੱਪ ਧਰਤੀ ਨੂੰ ਚੁੰਮੇਗੀ, ਉਸ ਧੁੱਪ ਦਾ ਨਿੱਘ ਸੇਕਣ ਵਾਲਿਆਂ ਵਿੱਚ ਹੋਰ ਜਿਹੜੇ ਮਰਜ਼ੀ ਲੋਕ ਹੋਣ ਪਰ ਪੈਟਰਿਕ ਬਰਾਊਨ ਨਹੀਂ ਹੋਵੇਗਾ। ਉਸਦਾ ਸਿਰਫ਼ ਕੱਲ ਸੀ ਜੋ ਬੀਤ ਚੁੱਕਾ ਹੈ, ਆਉਣ ਵਾਲੇ ਕੱਲ ਦੇ ਕੈਲਡੰਰ ਵਿੱਚ ਪੈਟਰਿਕ ਬਰਾਊਨ ਲਈ ਖਾਨਾ ਨਹੀਂ ਹੈ। ਸ਼ਾਇਦ ਇਹੀ ਕਾਰਣ ਹੈ ਕਿ ਮਿਲੀਆਂ ਖਬਰਾਂ ਮੁਤਾਬਕ ਉਹ ਮਨ ਨੂੰ ਥਾਂ ਸਿਰ ਕਰਨ ਲਈ ਕੈਨੇਡਾ ਤੋਂ ਕਿਤੇ ਦੂਰ ਚੰਦ ਦਿਨਾਂ ਲਈ ਛੁੱਟੀਆਂ ਮਨਾਉਣ ਚਲਿਆ ਗਿਆ ਹੈ।