ਪੰਜਾਬੀ ਪੋਸਟ ਵਿਸ਼ੇਸ਼ : ਗਰਭਪਾਤ ਦੀਆਂ ਮੁਫ਼ਤ ਗੋਲੀਆਂ ਇੰਡੋ ਕੈਨਡੀਅਨ ਭਾਈਚਾਰੇ ਲਈ ਚੁਣੌਤੀ

3 Abortion pillਉਂਟੇਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਔਰਤਾਂ ਨੂੰ 10 ਅਗਸਤ ਤੋਂ ਗਰਭਪਾਤ ਕਰਨ ਵਾਲੀ ਗੋਲੀ ਮੁਫ਼ਤ ਮਿਲਿਆ ਕਰੇਗੀ। ਇਸ ਗੋਲੀ ਦਾ ਨਾਮ ਮਾਈਫਜਿਮਸੋ (Mifegymiso) ਹੈ ਜੋ ਸਰਜਰੀ ਨਾਲ ਕੀਤੇ ਜਾਣ ਵਾਲੇ ਗਰਭਪਾਤ ਦਾ ਬਦਲ ਹੈ। ਕਈ ਸਾਲਾਂ ਦੀ ਰੀਸਰਚ ਤੋਂ ਬਾਅਦ ਹੈਲਥ ਕੈਨੇਡਾ ਨੇ ਇਸ ਗੋਲੀ ਨੂੰ 7 ਹਫ਼ਤਿਆਂ ਤੱਕ ਦੇ ਗਰਭ ਦਾ ਪਾਤ ਕਰਨ ਲਈ ਵਰਤਣ ਦੀ ਇਜ਼ਾਜਤ ਦਿੱਤੀ ਹੈ। 300 ਡਾਲਰਾਂ ਤੋਂ ਲੈ ਕੇ 450 ਡਾਲਰਾਂ ਦੀ ਕੀਮਤ ਵਾਲੀ ਇਸ ਗੋਲੀ ਨੂੰ ਉਂਟੇਰੀਓ ਵਿੱਚ ਮੁਫ਼ਤ ਕਰਨ ਲਈ ਸਰਕਾਰ ਨੇ ਪਿਛਲੇ ਬੱਜਟ ਵਿੱਚ ਪੈਸੇ ਨਿਰਧਾਰਤ ਕਰ ਦਿੱਤੇ ਸੀ।

ਚੇਤੇ ਰਹੇ ਕਿ ਫਰਾਂਸ ਵਿੱਚ ਇਹ ਗੋਲੀ 1988 ਤੋਂ ਉਪਲਬਧ ਹੈ ਜਦੋਂ ਕਿ ਇੰਗਲੈਂਡ ਵਿੱਚ 1991 ਅਤੇ ਅਮਰੀਕਾ ਵਿੱਚ ਸਾਲ 2000 ਤੋਂ ਗਰਭਪਾਤ ਕਰਨ ਲਈ ਇਸ ਗੋਲੀ ਦੇ ਇਸਤੇਮਾਲ ਦੀ ਇਜ਼ਾਜ਼ਤ ਦਿੱਤੀ ਜਾ ਚੁੱਕੀ ਹੈ। ਮਾਹਰਾਂ ਦਾ ਖਿਆਲ ਹੈ ਕਿ 7 ਹਫਤਿਆਂ ਤੱਕ ਗਰਭ ਡੇਗਣ ਵਿੱਚ ਇਹ ਗੋਲੀ ਦਾ ਰੋਲ ਬਹੁਤ ਸੁਰੱਖਿਅਤ ਹੈ। ਇਸ ਗੋਲੀ ਦੇ ਉਪਲਬਧ ਹੋਣ ਕਾਰਣ ਵੱਡੀ ਗਿਣਤੀ ਵਿੱਚ ਉਹਨਾਂ ਔਰਤਾਂ ਨੂੰ ਕਈ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਹਨਾਂ ਨੂੰ ਕਈ ਕਾਰਣਾਂ ਕਰਕੇ ਗਰਭਪਾਤ ਕਰਵਾਉਣਾ ਪੈਂਦਾ ਹੈ। ਮਿਸਾਲ ਵਜੋਂ ਦੁਰ ਦੁਰਾਡੇ ਦੀਆਂ ਦਿਹਾਤੀ ਕਮਿਊਨਿਟੀਆਂ ਵਿੱਚ ਵੱਸਦੀਆਂ ਔਰਤਾਂ ਜਿਹਨਾਂ ਨੂੰ ਹਸਪਤਾਲ ਤੱਕ ਪੁੱਜਣਾ ਔਖਾ ਹੁੰਦਾ ਹੈ, ਜਾਂ ਡਾਕਟਰਾਂ ਦੀ ਘਾਟ ਹੋਣ ਕਾਰਣ ਵੇਟ ਲਿਸਟ ਵਿੱਚ ਰਹਿਣਾ ਪੈਂਦਾ ਹੈ, ਉਹਨਾਂ ਲਈ ਇਹ ਗੋਲੀ ਵਰਦਾਨ ਸਾਬਤ ਹੋਵੇਗੀ। ਵਰਲਡ ਹੈਲਥ ਆਰਗੇਨਾਈਜ਼ਸ਼ਨ ਨੇ ਆਪਣੀਆਂ ਪੜਤਾਲਾਂ ਤੋਂ ਬਾਅਦ ਇਸ ਗੋਲੀ ਨੂੰ ਔਰਤਾਂ ਦੀ ਸਿਹਤ ਲਈ ਮਾਡਲ ਸਮਝੀਆਂ ਜਾਂਦੀਆਂ ਗੋਲੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੋਇਆ ਹੈ।

ਅੰਦਾਜ਼ਾ ਹੈ ਕਿ ਕੈਨੇਡਾ ਵਿੱਚ ਇੱਕ ਸਾਲ ਵਿੱਚ 1 ਲੱਖ ਤੋਂ ਵੱਧ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ। ਸਿਹਤ ਨਾਲ ਸਬੰਧਿਤ ਡਾਕਟਰੀ ਕਾਰਣਾਂ ਤੋਂ ਲੈ ਕੇ ਇੱਕਲੇ ਰਹਿਣ ਦੇ ਸੁਖ, ਚੰਗੇ ਕੈਰੀਅਰ ਦੀ ਚਾਹ, ਅਣਚਾਹੇ ਗਰਭ ਆਦਿ ਕਿੰਨੇ ਹੀ ਕਾਰਣ ਹਨ ਜਿਹਨਾਂ ਬਦੌਲਤ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ।

ਕੀ ਔਰਤ ਨੂੰ ਗਰਭਪਾਤ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ, ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਉੱਤੇ ਚਿਰਾਂ ਤੋਂ ਬਹਿਸ ਹੁੰਦੀ ਆਈ ਹੈ। ਇਸ ਦੇ ਹੱਕ ਜਾਂ ਵਿਰੋਧ ਵਿੱਚ ਖੜਨ ਵਾਲੀਆਂ ਦੋਵੇਂ ਧਿਰਾਂ ਦੇ ਆਪੋ ਆਪਣੇ ਤਰਕ ਅਤੇ ਆਪੋ ਆਪਣੀ ਪਹੁੰਚ ਹੈ ਅਤੇ ਕਿਸੇ ਇੱਕ ਸੋਚ ਨੂੰ ਗਲਤ ਜਾਂ ਦੂਜੀ ਨੂੰ ਸਹੀ ਆਖਣਾ ਐਨਾ ਸੌਖਾ ਕੰਮ ਨਹੀਂ ਹੈ। ਜੇਕਰ ਅਸੀਂ ਚਰਚਾ ਨੂੰ ਗਰਭਪਾਤ ਦੇ ਹੱਕ ਜਾਂ ਵਿਰੋਧ ਨਾ ਲਿਜਾ ਕੇ ਇਸਨੂੰ ਇੰਡੋ ਕੈਨੇਡੀਅਨ ਭਾਈਚਾਰੇ ਦੇ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਕੋਸਿ਼ਸ਼ ਕਰਦੇ ਹਾਂ।

ਭਾਰਤ ਖਾਸ ਕਰਕੇ ਪੰਜਾਬ, ਹਰਿਆਣਾ, ਤਾਮਿਲਨਾਡੂ ਵਰਗੇ ਸੂਬਿਆਂ ਤੋਂ ਆਉਣ ਵਾਲੇ ਪਰਵਾਸੀ ਪਰਿਵਾਰਾਂ ਵਿੱਚ ਲੜਕੀ ਨੂੰ ਕੁੱਖ ਵਿੱਚ ਮਾਰਨ ਦੀ ਪ੍ਰਥਾ ਹੈ ਕਿਉਂਕਿ ਸਾਡੇ ਸਮਾਜ ਵਿੱਚ ਲੜਕੀ ਨੂੰ ਹੁਣ ਤੱਕ ਵੀ ਲੜਕੇ ਨਾਲੋਂ ਘੱਟ ਬੁੱਕਤ ਵਾਲੀ ਅਤੇ ਕਿਸੇ ਹੋਰ ਪਰਿਵਾਰ ਦੀ ਅਮਾਨਤ ਬਣਨ ਵਾਲੀ ਪਰਾਈ ਚੀਜ਼ ਖਿਆਲ ਕੀਤਾ ਜਾਂਦਾ ਹੈ। ਆਮ ਖਿਆਲ ਕੀਤਾ ਜਾਂਦਾ ਹੈ ਕਿ ਲੜਕੀ ਨੂੰ ਮਾਰਨ ਦੀ ਪ੍ਰਥਾ ਜਿ਼ਆਦਾ ਕਰਕੇ ਗਰੀਬ ਅਤੇ ਅਨਪੜ ਪਰਿਵਾਰਾਂ ਵਿੱਚ ਪਾਈ ਜਾਂਦੀ ਹੈ ਪਰ ਭਾਰਤੀਆਂ ਉੱਤੇ ਇਹ ਗੱਲ ਨਹੀਂ ਨਹੀਂ ਢੁੱਕਵੀ। ਭਾਰਤ ਤੋਂ ਮਿਲਦੇ ਅੰਕੜੇ ਦੱਸਦੇ ਹਨ ਕਿ ਗਰਭਪਤੀ ਔਰਤ ਦੇ ਪੇਟ ਵਿੱਚ ਲੜਕਾ ਜਾਂ ਲੜਕੀ ਹੋਣ ਦਾ ਪਤਾ ਲਾਉਣ ਦੇ ਟੈਸਟ ਜਿ਼ਆਦਾ ਕਰਕੇ ਪੜੇ ਲਿਖੇ ਅਤੇ ਅਮੀਰ ਪਰਿਵਾਰਾਂ ਵੱਲੋਂ ਕਰਵਾਏ ਜਾਂਦੇ ਰਹੇ ਹਨ।

ਕੈਨਡੀਅਨ ਪੰਜਾਬੀ ਪੋਸਟ ਵਿੱਚ ਅਸੀਂ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਿਸਾਲੇ ਦੀ ਉਸ ਸਟੱਡੀ ਦਾ ਪਹਿਲਾਂ ਵੀ ਕਈ ਜਿ਼ਕਰ ਕਰ ਚੁੱਕੇ ਹਾਂ ਜੋ ਸਾਬਤ ਕਰਦੀ ਹੈ ਕਿ ਕੈਨੇਡਾ ਵਿੱਚ ਵੱਸਣ ਵਾਲੇ ਭਾਰਤੀ ਮੂਲ ਦੇ ਲੋਕਾਂ ਵਿੱਚ ਪਹਿਲੀ ਲੜਕੀ ਜੰਮਣ ਤੋਂ ਬਾਅਦ ਲੜਕਾ ਜੰਮਣ ਦੀ ਖਵਾਹਿਸ਼ ਨਾਲ ਗਰਭਪਾਤ ਕਰਵਾਉਣ ਦਾ ਵੱਡਾ ਰੁਝਾਨ ਹੈ। ਸਟੱਡੀ ਵਿੱਚ ਪਾਇਆ ਗਿਆ ਹੈ ਕਿ ਜੇਕਰ ਭਾਰਤੀ ਮੂਲ ਦੇ ਜੋੜੇ ਦੇ ਘਰ ਪਹਿਲੀ ਲੜਕੀ ਹੋਈ ਹੈ ਤਾਂ ਦੂਜੇ ਜਾਂ ਤੀਜੇ ਬੱਚੇ ਦਾ ਲੜਕਾ ਹੋਣਾ ਯਕੀਨੀ ਬਣਾਇਆ ਜਾਂਦਾ ਹੈ। ਇਹਨਾਂ ਜੋੜਿਆਂ ਵਿੱਚ ਗਰਭਪਾਤ ਕਰਵਾਉਣ ਦੀ ਦਰ ਵੀ ਉੱਚੀ ਹੁੰਦੀ ਹੈ।

ਚੰਗੀ ਗੱਲ ਇਹ ਹੈ ਕਿ ਕੈਨੇਡਾ ਵਿੱਚ ਗਰਭਪਾਤ ਦੀ ਗੋਲੀ ਡਾਕਟਰੀ ਦੀ ਲਿਖਤੀ ਸਿਫਾਰਸ਼ ਉੱਤੇ ਹੀ ਮਿਲਦੀ ਹੈ ਪਰ ਅਨੁਭਵ ਇਹ ਵੀ ਦੱਸਦੇ ਹਨ ਕਿ ਕਈ ਡਾਕਟਰ ਪੈਸੇ ਦੇ ਲਾਲਚ ਵਿੱਚ ਆਪਣੇ ਪਵਿੱਤਰ ਕਿੱਤੇ ਦੇ ਸਟੈਂਡਰਡਾਂ ਨੂੰ ਦਾਗ ਲਾਉਣ ਵਿੱਚ ਹੀ ਆਪਣੀ ਸ਼ਾਨ ਸਮਝਦੇ ਹਨ। ਅਜਿਹੇ ਡਾਕਟਰਾਂ ਦੇ ਹੱਥਾਂ ਵਿੱਚ ਆਈ ਗਰਭਪਾਤ ਕਰਨ ਵਾਲੀ ਮੁਫ਼ਤ ਗੋਲੀ ਖਤਰਨਾਕ ਸਾਬਤ ਹੋ ਸਕਦੀ ਹੈ।