ਪੰਜਾਬੀ ਪੋਸਟ ਵਿਸ਼ੇਸ਼: ਕੰਜ਼ਰਵੇਟਿਵ ਲੀਡਰਸਿ਼ੱਪ ਚੋਣ ਵਿੱਚ ਪੰਜਾਬੀ ਕਮਿਊਨਿਟੀ ਦਾ ਰੋਲ ਅਤੇ ਸੰਭਾਵਨਾਵਾਂ

conservative-leadership-contestants
IMG-20170315-WA0008IMG-20170315-WA0010IMG-20170315-WA0011ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਚੋਣ 27 ਮਈ ਨੂੰ ਹੋਣ ਜਾ ਰਹੀ ਹੈ। ਪਾਰਟੀ ਦੇ ਮਹਾਂਦਿੱਗਜਾਂ ਸਟੀਫਨ ਹਾਰਪਰ ਅਤੇ ਜੇਸਨ ਕੈਨੀ ਦੇਫੈਡਰਲ ਸਿਆਸਤ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਟੋਰੀ ਪਾਰਟੀ ਦਾ ਚਿਹਰਾ ਮੁਹਰਾ ਬੇਸ਼ੱਕ ਪਹਿਲਾਂ ਵਰਗਾ ਨਹੀਂ ਹੈ ਲੇਕਿਨ ਐਨਾ ਵੀ ਨਹੀਂ ਬਦਲਿਆ ਕਿ ਇਸਦੀ ਲੀਡਰਸਿ਼ੱਪ ਕਮਾਨ ਸੰਭਾਲਣ ਲਈ ਸੰਭਾਵੀ ਆਗੂਆਂ (ਲੀਡਰਾਂ) ਦੀ ਘਾਟ ਹੋਵੇ। 14 ਉਮੀਦਵਾਰਾਂ ਦਾ ਇਸ ਚੋਣ ਵਿੱਚ ਉੱਤਰਨਾ ਇਸ ਕਥਨ ਦੀ ਹਾਮੀ ਭਰਦਾ ਹੈ। ਦੋ ਆਰਟੀਕਲਾਂ ਦੀ ਸੀਰੀਜ਼ ਵਿੱਚ ਅਸੀਂ ਜਿ਼ਕਰ ਕਰਨ ਦੀ ਕੋਸਿ਼ਸ਼ ਕਰਾਂਗੇ ਕਿ ਟੋਰੀ ਲੀਡਰਸਿ਼ੱਪ ਰੇਸ ਨੂੰ ਲੈ ਕੇ ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਵੱਸਦੀ ਪੰਜਾਬੀ ਕਮਿਉਨਿਟੀ ਵਿੱਚ ਕਿਹੋ ਜਿਹੀ ਹਿੱਲਜੁਲ ਅਤੇ ਸਰਗਰਮੀਆਂ ਹੋ ਰਹੀਆਂ ਹਨ। ਇਸਤੋਂ ਪਹਿਲਾਂ ਕਿ ਵਰਤਮਾਨ ਸਥਿਤੀ ਉੱਤੇ ਝਾਤ ਮਾਰੀ ਜਾਵੇ, ਇਹ ਵੇਖਣਾ ਦਿਲਚਸਪ ਹੋਵੇਗਾ ਕਿ ਟੋਰੀ ਪਾਰਟੀ ਦਾ ਪੰਜਾਬੀ ਭਾਈਚਾਰੇ ਵਿੱਚ ਆਧਾਰ ਮਜ਼ਬੂਤ ਕਿਵੇਂ ਹੋਇਆ।

ਸੱਜੇ ਪੱਖੀ ਕੰਜ਼ਰਵੇਟਿਵ ਪਾਰਟੀ ਲਈ ਲੰਬਾ ਸਮਾਂ ਅਜਿਹਾ ਦੌਰ ਰਿਹਾ ਕਿ ਇਸਦੀ ਲੀਡਰਸਿ਼ੱਪ ਨੂੰ ਪੰਜਾਬੀ ਕਮਿਉਨਿਟੀ ਨਾਲ ਲੈ ਕੇ ਚੱਲਣ ਵਾਲੇ ਚਾਰ ਬੰਦੇ ਲੱਭਣੇ ਔਖੇ ਹੋ ਜਾਂਦੇ ਸਨ। ਲਿਬਰਲ ਪਾਰਟੀ ਨਾਲ ਪਰਵਾਸੀਆਂ ਦਾ ਰਿਵਾਇਤੀ ਹਿੱਤ ਅਤੇ ਕੰਜ਼ਰਵੇਟਿਵ ਪਾਰਟੀ ਦਾ ਪਰਵਾਸੀਆਂ ਪ੍ਰਤੀ ਥੋੜਾ ਸਖ਼ਤ ਰੁਖ ਅਜਿਹੀਆਂ ਗੱਲਾਂ ਸਨ ਜਿਹਨਾਂ ਬਦੌਲਤ ਟੋਰੀਆਂ ਦਾ ਪੰਜਾਬੀ ਕਮਿਉਨਿਟੀ ਵਿੱਚ ਆਧਾਰ ਮਜ਼ਬੂਤ ਨਹੀਂ ਸੀ ਹੋ ਪਾ ਰਿਹਾ। ਫੇਰ ਹਾਲਾਤਾਂ ਨੇ ਗੇੜਾ ਖਾਧਾ। ਪਰਵਾਸੀਆਂ ਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਸਿਰਫ਼ ਲਿਬਰਲ ਪਾਰਟੀ ਦੀ ਸਿਆਸਤ ਹੀ ਕੈਨੇਡੀਅਨ ਸਿਆਸਤ ਦਾ ਚਿਹਰਾ ਮੁਹਰਾ ਨਹੀਂ ਹੈ। ਇਸ ਸਮਝ ਨੂੰ ਪੱਕਿਆਂ ਕਰਨ ਵਿੱਚ ਦੋ ਗੱਲਾਂ ਦਾ ਵੱਡਾ ਯੋਗਦਾਨ ਰਿਹਾ। ਪਹਿਲੀ ਗੱਲ ਸੀ ਜਸਟਿਨ ਟਰੂਡੋ ਤੋਂ ਪਿਛਲੇ ਸਮੇਂ ਵਿੱਚ ਲਿਬਰਲ ਪਾਰਟੀ ਦੇ ਲੀਡਰਾਂ ਦਾ ਗੈਰਪ੍ਰਭਾਵੀ ਹੋਣਾ ਅਤੇ ਦੂਜਾ ਸੀ ਕੰਜ਼ਰਵੇਟਿਵ ਪਾਰਟੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਉਸਦੀ ਸਰਕਾਰ ਵਿੱਚ ਸੀਨੀਅਰ ਮੰਤਰੀ ਜੇਸਨ ਕੈਨੀ ਦਾ ਪੰਜਾਬੀ ਕਮਿਉਨਿਟੀ ਦੀ ਸਿਆਸੀ ਸਮਝ ਤੋਂ ਲਾਭ ਲੈਣ ਦੀ ਦੂਰਅੰਦੇਸ਼ੀ ਲਾਲਸਾ।

ਇਸ ਗੱਲ ਦਾ ਸਿਹਰਾ ਵੀ ਕੰਜ਼ਰਵੇਟਿਵ ਪਾਰਟੀ ਨੂੰ ਹੀ ਜਾਂਦਾ ਹੈ ਕਿ ਉਸਨੇ ‘ਐਥਨਿਕ ਭਾਈਚਾਰੇ’ ਉੱਤੇ ‘ਲਿਬਰਲਾਂ ਦੀਆਂ ਭੋਡੀਆਂ ਗਊਆਂ’ ਦਾ ਲੱਗਿਆ ਟੈਗ ਉਤਾਰ ਕੇ ਇਸਨੂੰ ਇੱਕ ‘ਵੋਟ ਗਰੁੱਪ’ ਵਜੋਂ ਮਾਨਤਾ ਦਿੱਤੀ। ਅੱਜ ਕੈਨੇਡਾ ਵਿੱਚ ਐਥਨਿਕ ਵੋਟ ਨੂੰ ਇੱਕ ਪਾਰਟੀ ਵਿਸ਼ੇਸ਼ ਦੀ ‘ਥਾਲੀ ਦੀ ਬੁਰਕੀ’ ਨਹੀਂ ਸਗੋਂ ਇੱਕ ਅਸਰਦਾਰ ਸਿਆਸੀ ਦਬਾਅ ਗਰੁੱਪ(Impactful political pressure group) ਵਜੋਂ ਵੇਖਿਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਕਿਉਬਿੱਕ ਦੇ ਸਾਬਕਾ ਪ੍ਰੀਮੀਅਰ ਜੇਕੁਇਰਸ ਪਰੀਜ਼ੂ (Jacques Parizeau) ਨੂੰ ਤਾਂ 22 ਸਾਲ ਪਹਿਲਾਂ ਹੀ ਪਰਵਾਸੀ ਵੋਟਾਂ ਇੱਕ ‘ਦਬਾਅ ਗਰੁੱਪ’ ਵਾਗੂੰ ਵਿਖਾਈ ਦੇਣ ਲੱਗ ਪਈਆਂ ਸਨ।

ਪ੍ਰੀਮੀਅਰ ਪਰੀਜ਼ੂ ਦਾ ਪਰਵਾਸੀਆਂ ਪ੍ਰਤੀ ਗੁੱਸਾ ਕਿਉਬਿੱਕ ਦੇ ਕੈਨੇਡਾ ਤੋਂ ਵੱਖ ਹੋ ਜਾਣ ਬਾਰੇ 1995 ਵਿੱਚ ਕਰਵਾਏ ਗਏ ਰੈਫਰੈਂਡਮ ਨੂੰ ਲੈ ਕੇ ਸੀ। ਇਸ ਰੈਫਰੈਂਡਮ ਵਿੱਚ ਕੈਨੇਡਾ ਤੋਂ ਵੱਖ ਹੋਣ ਦੇ ਚਾਹਵਾਨ ਕਿਉਬਿੱਕ ਦੇ ਵੱਖਵਾਦੀ 51% ਦੇ ਮੁਕਾਬਲੇ 49% ਨਾਲ ਹਾਰ ਗਏ ਸਨ ਜਿਸ ਨਾਲ ਪਰੀਜ਼ੂ ਦੀਆਂ ਇੱਕ ਅਜ਼ਾਦ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਸੀ। ਵੱਖਵਾਦੀ ਪ੍ਰੀਮੀਅਰ ਪਰੀਜ਼ੂ ਨੇ ਆਪਣੇ ਸੁਫਨੇ ਦੇ ਟੁੱਟ ਜਾਣ ਦਾ ਸਾਰਾ ਜੁਕਾਮ ਪਰਵਾਸੀਆਂ ਉੱਤੇ ਇਹ ਆਖ ਕੇ ਕੱਢਿਆ ਕਿ ਇਹਨਾਂ ਦੀ ਵੋਟ ਕਾਰਣ ਅਸੀਂ ਵੱਖਰਾ ਮੁਲਕ ਨਹੀਂ ਬਣਾ ਸਕੇ। ਇਸ ਪੱਖ ਤੋਂ ਵੇਖਿਆਂ ਪਰਵਾਸੀਆਂ ਦੀ ਕੈਨੇਡਾ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਯੋਗਦਾਨ ਹੈ। ਇਹ ਗੱਲ ਵੀ ਵਰਨਣਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਤੋਂ ਇਲਾਵਾ ਲਿਬਰਲ ਅਤੇ ਐਨ ਡੀ ਪੀ ਵਿੱਚ ਵੱਖਵਾਦੀ ਸੁਰਾ ਨੂੰ ਉਭਾਰਨ ਵਾਲਿਆਂ ਦੀ ਕੋਈ ਕਮੀ ਨਹੀਂ ਰਹੀ ਹੈ।

ਸਟੀਫਨ ਹਾਰਪਰ ਅਤੇ ਜੇਸਨ ਕੈਨੀ ਦੀ ਸਖ਼ਤ ਮਿਹਨਤ ਦਾ ਇਹ ਸਿੱਟਾ ਰਿਹਾ ਕਿ ਅੱਜ ਕੰਜ਼ਰਵੇਟਿਵ ਪਾਰਟੀ ਦਾ ਐਥਨਿਕ ਭਾਈਚਾਰਿਆਂ ਖਾਸ ਕਰਕੇ ਪੰਜਾਬੀ ਕਮਿਉਨਿਟੀ ਵਿੱਚ ਸਨਮਾਨਯੋਗ ਸਥਾਨ ਹੈ। ਬੇਸ਼ੱਕ ਪਿਛਲੀਆਂ ਚੋਣਾਂ ਵਿੱਚ ਪੰਜਾਬੀ ਕਮਿਉਨਿਟੀ ਨੇ ਵਿੱਡੀ ਗਿਣਤੀ ਵਿੱਚ ਲਿਬਰਲ ਪਾਰਟੀ ਨੂੰ ਵੋਟਾਂ ਪਾਈਆਂ, ਇਸਦੇ ਬਾਵਜੂਦ ਸੱਚਾਈ ਇਹ ਹੈ ਕਿ ਪੰਜਾਬੀ ਕਮਿਉਨਿਟੀ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਬੁਨਿਆਦੀ ਢਾਂਚਾ ਮਜ਼ਬੂਤੀ ਨਾਲ ਖੜਾ ਹੈ। ਅੱਜ ਹਾਲਾਤ ਇਹ ਹਨ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਦਿਨ ਰਾਤ ਕਿਸੇ ਵੀ ਵੇਲੇ ਆਵਾਜ਼ ਮਾਰੇ ਤਾਂ ਜੀ ਟੀ ਏ ਖਾਸ ਕਰਕੇ ਪੀਲ ਰੀਜਨ ਵਿੱਚ ਪੰਜਾਬੀ ਭਾਈਚਾਰਾ ਮਿੰਟਾਂ ਸਕਿੰਟਾਂ ਵਿੱਚ ਸੈਂਕੜੇ ਵਾਲੰਟੀਅਰ ਪਾਰਟੀ ਦੀ ਸੇਵਾ ਵਿੱਚ ਖੜੇ ਕਰ ਸਕਦਾ ਹੈ।

ਇਸ ਪੈਦਾ ਹੋਏ ਮਜ਼ਬੂਤ ਆਧਾਰ ਦਾ ਹੀ ਸਿੱਟਾ ਹੈ ਕਿ ਮਈ ਵਿੱਚ ਹੋਣ ਵਾਲੀ ਲੀਡਰਸਿ਼ੱਪ ਚੋਣ ਵਿੱਚ ਉੱਤਰੇ ਮੋਹਰੀ ਉਮੀਦਵਾਰਾਂ ਨੇ ਕਈ ਪੰਜਾਬੀਆਂ ਨੂੰ ਆਪਣੀਆਂ ਚੋਣ ਕਮੇਟੀਆਂ ਵਿੱਚ ਵਿਸ਼ੇਸ਼ ਸਥਾਨ ਦੇਣ ਨੂੰ ਸਮਝਦਾਰੀ ਸਮਝਿਆ ਹੈ।

ਇਸ ਪੱਖ ਵਿੱਚ ਸੱਭ ਤੋਂ ਪਹਿਲਾਂ ਨਾਮ ਮੈਕਸਿਮ ਬਰਨੀਏ ਦਾ ਆਉਂਦਾ ਹੈ ਜਿਸਨੇ ਮਨਜੀਤ ਸਿੰਘ ਗਿੱਲ ਨੂੰ ਆਪਣੀ ਕੌਮੀ ਚੋਣ ਮੁਹਿੰਮ ਦਾ ਆਊਟ-ਰੀਚ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਬਰਨੀਏ ਨੇ ਗੁਰਦੇਵ ਸਿੰਘ ਗਿੱਲ ਨੂੰ ਉਂਟੇਰੀਓ ਪ੍ਰੋਵਿੰਸ ਦਾ ਆਊਟ-ਰੀਚ ਡਾਇਰੈਕਟਰ ਲਾਇਆ ਹੈ। ਇਹਨਾਂ ਦੋਵਾਂ ਤੋਂ ਇਲਾਵਾ ਅਸ਼ਵਨੀ ਟਾਂਗਰੀ, ਅਮਨਦੀਪ ਸਿੰਘ, ਅਜਵਿੰਦਰ ਸਿੰਘ, ਅਮਨਪ੍ਰੀਤ ਔਲਖ ਅਜਿਹੇ ਨਾਮ ਹਨ ਜੋ ਮੈਕਸਿਮ ਬਰਨੀਏ ਦੀ ਲੀਡਰਸਿ਼ੱਪ ਚੋਣ ਮੁਹਿੰਮ ਵਿੱਚ ਭਰਵਾਂ ਯੋਗਦਾਨ ਪਾ ਰਹੇ ਹਨ। ਮਨਜੀਤ ਗਿੱਲ ਤਾਂ ਆਪਣੇ ਕੌਮੀ ਆਊਟ ਰੀਚ ਡਾਇਰੈਕਟਰ ਦੇ ਅਹੁਦੇ ਉੱਤੇ ਫੁੱਲ ਚੜਾਉਂਦੇ ਹੋਏ ਅੱਜ ਕੱਲ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਦੌਰੇ ਉੱਤੇ ਗਿਆ ਹੋਇਆ ਹੈ। ਵੈਸੇ ਵੀ ਇਸ ਗਰੁੱਪ ਕੋਲ ਭਰਵੇਂ ਸ੍ਰੋਤ ਅਤੇ ਜੱਥੇਬੰਦਕ ਢਾਂਚਾ ਮੌਜੂਦ ਹੈ ਜਿਸ ਬਦੌਲਤ ਉਹ ਆਪਣੇ ਉਮੀਦਵਾਰ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ। ਕੀ ਇਹ ਟੀਮ ਜੇਤੂ ਘੋੜੇ ਪਿੱਛੇ ਦੌੜ ਰਹੀ ਹੈ? ਜੇਕਰ ਫੰਡ ਇੱਕਤਰ ਕਰਨ ਦੀ ਸਮਰੱਥਾ ਨੂੰ ਇਸ ਗੱਲ ਦਾ ਸੰਕੇਤ ਸਮਝ ਲਿਆ ਜਾਵੇ ਤਾਂ ਇਲੈਕਸ਼ਨ ਕੈਨੇਡਾ ਵੱਲੋਂ ਦਸੰਬਰ 2016 ਤੱਕ ਦੇ ਜਾਰੀ ਅੰਕੜਿਆਂ ਮੁਤਾਬਕ 5 ਲੱਖ 30 ਹਜ਼ਾਰ ਡਾਲਰ ਇੱਕਤਰ ਕਰਕੇ ਬਰਨੀਏ ਬਾਕੀ ਸਾਰੇ ਉਮੀਦਵਾਰਾਂ ਤੋਂ ਕਿਤੇ ਅੱਗੇ ਹੈ। ਬਰਨੀਏ ਦੇ ਸਿੱਖ ਭਾਈਚਾਰੇ ਤੋਂ ਇਲਾਵਾ ਤਾਮਿਲ, ਚੀਨੀ ਅਤੇ ਲਿਬਨਾਨੀ ਗਰੁੱਪਾਂ ਨਾਲ ਵੀ ਚੰਗੇ ਸਬੰਧ ਹਨ।

ਐਪਰ ਜੇਕਰ ਡਾਲਰਾਂ ਸਹਾਰੇ ਲੀਡਰਸਿ਼ੱਪ ਦੌੜ ਜਿੱਤਣਾ ਸੰਭਵ ਹੋਵੇ ਤਾਂ ਕੈਵਿਨ ਓ ਲੀਅਰੀ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਇੱਕ ਧੱਨਾਡ ਵਿਉਪਾਰੀ ਹੋਣ ਨਾਤੇ ਉਸ ਕੋਲ ਨਿੱਜੀ ਧੰਨ ਸੰਪਤਾ ਦੇ ਹੀ ਢੇਰ ਨਹੀਂ ਸਗੋਂ ਉਸਦੇ ਵਿਉਪਾਰੀ ਜਗਤ ਵਿੱਚ ਗਹਿਰੇ ਸਬੰਧ ਵੀ ਹੈ। ਜ਼ੀਰੋ ਸਿਆਸੀ ਅਨੁਭਵ ਵਾਲਾ ਕੈਵਿਨ ਆਪਣੀ ਉਮੀਦਵਾਰੀ ਜਾਹਰ ਕਰਨ ਵਾਲਾ ਸੱਭ ਤੋਂ ਲੇਟ ਲਤੀਫ਼ ਉਮੀਦਵਾਰ ਸੀ ਲੇਕਿਨ ਉਸਦੀ ਚਰਚਾ ਜੰਗਲ ਦੀ ਅੱਗ ਵਾਗੂੰ ਫੈਲ ਗਈ। ਇਸਦਾ ਕਾਰਣ ਕੈਵਿਨ ਦਾ ਟੈਲੀਵੀਜ਼ਨ ਪ੍ਰੋਗਰਾਮਾਂ ਦਾ ਸਿਤਾਰਾ ਹੋਣਾ ਅਤੇ ਬੋਲ ਭੱੜਕ ਹੋਣਾ ਹੈ। ਕੈਵਿਨ ਨੇ ਰੌਨ ਚੱਠਾ ਅਤੇ ਗੁਰਸ਼ਰਨ ਬੌਬੌ ਸਿੱਧੂ ਨੂੰ ਅਹਿਮ ਰੋਲ ਦੇ ਕੇ ਪੰਜਾਬੀ ਕਮਿਉਨਿਟੀ ਵਿੱਚ ਆਪਣਾ ਆਧਾਰ ਕਾਇਮ ਕਰਨ ਦੀ ਕੋਸਿ਼ਸ਼ ਕੀਤੀ ਹੈ। ਪੰਜਾਬੀ ਭਾਈਚਾਰੇ ਨਾਲ ਜ਼ਮੀਨੀ ਪੱਧਰ ਉੱਤੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਸ ਗਰੁੱਪ ਨੇ ਕੁੱਝ ਦਿਨ ਪਹਿਲਾਂ ਕੈਵਿਨ ਦਾ ਇੱਕ ਸਮਾਗਮ ਵੀ ਆਯਜਿਤ ਕਰਵਾਇਆ ਸੀ। ਪਬਲਿਕ ਦੀ ਰਾਏ ਜਾਨਣ ਵਾਲੀਆਂ ਏਜੰਸੀਆਂ ਵੱਲੋਂ ਕਰਵਾਏ ਗਏ ਸਰਵੇਖਣ ਕੈਵਿਨ ਨੂੰ ਹੋਰ ਉਮੀਦਵਾਰਾਂ ਤੋਂ ਅੱਗੇ ਦੱਸ ਰਹੇ ਹਨ। ਕੈਵਿਨ ਓ ਲੀਅਰੀ ਦਾ ਸੁਭਾਅ ਅਜਿਹਾ ਹੈ ਕਿ ਉਹ ਡੋਨਲਡ ਟਰੰਪ ਵਾਗੂੰ ਕਈ ਮੁੱਦਿਆਂ ਉੱਤੇ ਸਖ਼ਤ ਸਟੈਂਡ ਲੈਂਦਾ ਹੈ। ਕੀ ਉਸਦਾ ‘ਜੱਟ ਨੁਮਾ ਸੁਭਾਅ’ ਪੰਜਾਬੀ ਕਮਿਉਨਿਟੀ ਵਿੱਚ ਸੁਰ ਪੈਦਾ ਕਰ ਸਕੇਗਾ ਜਾਂ ਉਸਦੇ ਰਵਈਏ ਤੋਂ ਲੋਕੀ ਦੂਰ ਰਹਿਣਾ ਚਾਹੁੰਣਗੇ, ਇਸ ਬਾਰੇ ਹਾਲ ਦੀ ਘੜੀ ਆਖਣਾ ਬਹੁਤ ਔਖਾ ਹੈ। ਚੱਠੇ ਅਤੇ ਸਿੱਧੂ ਤੋਂ ਇਲਾਵਾ ਐਂਡੀ ਗਰੇਵਾਲ, ਅਮਰਿੰਦਰ ਮਾਂਗਟ ਅਤੇ ਸੱਨੀ ਗਰੇਵਾਲ ਵੀ ਕੈਵਿਨ ਦਾ ਸਾਥ ਦੇ ਰਹੇ ਹਨ।

ਤੀਜਾ ਜਿ਼ਕਰਯੋਗ ਨੇਤਾ ਜਿਸ ਨਾਲ ਪੰਜਾਬੀ ਕਮਿਉਨਿਟੀ ਦੇ ਕੰਜ਼ਰਵੇਟਿਵ ਆਗੂ ਤੁਰੇ ਹੋਏ ਹਨ, ਉਸਦਾ ਨਾਮ ਐਂਡਰੀਓ ਸ਼ੀਅਰ (Andrew Scheer) ਹੈ। ਹਾਊਸ ਆਫ ਕਾਮਨਜ਼ ਵਿੱਚ ਸਪੀਕਰ ਰਹਿ ਚੁੱਕੇ 37 ਕੁ ਸਾਲਾਂ ਦਾ ਐਂਡਰੀਓ ਇੱਕੋ ਇੱਕ ਲੀਡਰਸਿ਼ੱਪ ਉਮੀਦਵਾਰ ਹੈ ਜਿਸਨੂੰ ਕੰਜ਼ਰਵੇਟਿਵ ਕਾਕਸ ਦੇ 32 ਮੈਂਬਰਾਂ (ਐਮ ਪੀਆਂ) ਦੀ ਹਮਾਇਤ ਹਾਸਲ ਹੈ। ਬੇਸ਼ੱਕ 32 ਐਮ ਪੀਆਂ ਦੇ ਸਾਥ ਨੂੰ ਇੱਕ ਵੱਡਾ ਹਾਸਲ ਆਖਿਆ ਜਾ ਸਕਦਾ ਹੈ ਲੇਕਿਨ ਅੰਤ ਨੂੰ ਨਿਬੇੜਾ ਮੈਂਬਰਸਿ਼ੱਪ ਦੀ ਮਰਜ਼ੀ ਉੱਤੇ ਆ ਕੇ ਹੁੰਦਾ ਹੈ। ਆਪਣੀ ਮੈਂਬਰਸਿ਼ੱਪ ਡਰਾਈਵ ਨੂੰ ਪੰਜਾਬੀ ਕਮਿਉਨਿਟੀ ਵਿੱਚ ਮਜ਼ਬੂਤ ਕਰਨ ਲਈ ਐਂਡਰੀਓ ਨੇ ਪੰਜਾਬੀ ਐਮ ਪੀ ਬੌਬ ਸਰੋਆ ਅਤੇ ਕਮਿਉਨਿਟੀ ਦੇ ਉੱਘੇ ਵਕੀਲ ਰਾਕੇਸ਼ ਜੋਸ਼ੀ ਦਾ ਸਾਥ ਭਾਲਿਆ ਹੈ। ਐਂਡਰੀਓ ਨੇ ਰਾਕੇਸ਼ ਜੋਸ਼ੀ ਨੂੰ ਉਂਟੇਰੀਓ ਵਿੱਚ ਸਾਊਥ ਏਸ਼ੀਅਨ ਆਊਟ-ਰੀਚ ਚੇਅਰ ਨਿਯੁਕਤ ਕੀਤਾ ਹੈ। ਰਾਕੇਸ਼ ਜੋਸ਼ੀ ਮੁਤਾਬਕ ਉਹਨਾਂ ਦੇ ਗਰੁੱਪ ਵੱਲੋਂ ਐਂਡਰੀਓ ਦੀ ਪੰਜਾਬੀ ਕਮਿਉਨਿਟੀ ਨਾਲ ਜਾਣ ਪਹਿਚਾਣ ਵਧਾਉਣ ਦੇ ਲਿਹਾਜ਼ ਨਾਲ ਇਸ ਹਫ਼ਤੇ ‘ਮੀਟ ਐਂਡ ਗਰੀਟ’ (Meet and greet) ਈਵੈਂਟ ਕਰਵਾਈ ਜਾ ਰਹੀ ਹੈ। ਇਸ ਈਵੈਂਟ ਵਿੱਚ ਹਾਜ਼ਰ ਹੋਣ ਵਾਲਿਆਂ ਤੋਂ ਪਤਾ ਲੱਗ ਜਾਵੇਗਾ ਕਿ ਇਸ ਗਰੁੱਪ ਨਾਲ ਕਮਿਉਨਿਟੀ ਦੇ ਕਿਹੜੇ ਲੋਕ ਜੁੜੇ ਹੋਏ ਹਨ। ਵੈਸੇ ਸਾਬਕਾ ਪੰਜਾਬੀ ਐਮ ਪੀ ਦਵਿੰਦਰ ਸ਼ੋਰੀ ਵੀ ਐਂਡਰੀਓ ਸ਼ੀਅਰ ਦਾ ਸਾਥ ਦੇ ਰਿਹਾ ਹੈ।

ਕੰਜ਼ਰਵੇਟਿਵ ਲੀਡਰਸਿ਼ੱਪ ਚੋਣ ਵਿੱਚ ਕੁੱਦੇ ਹੋਏ 14 ਉਮੀਦਵਾਰਾਂ ਵਿੱਚੋਂ ਉੱਪਰ ਜਿ਼ਕਰ ਕੀਤੇ ਗਏ ਤਿੰਨ ਉਮੀਦਵਾਰਾਂ ਤੋਂ ਇਲਾਵਾ ਬਾਕੀ ਕਿਸੇ ਹੋਰ ਉਮੀਦਵਾਰ ਨੇ ਪੰਜਾਬੀ ਕਮਿਉਨਿਟੀ ਵਿੱਚ ਪੈਰ ਜਮਾਉਣ ਦੇ ਯਤਨ ਨਹੀਂ ਕੀਤੇ ਹਨ। ਸੱਭ ਤੋਂ ਵੱਧ ਹੈਰਾਨੀ ਲੀਸਾ ਰੇਟ (Lisa Raitt) ਅਤੇ ਦੀਪਕ ਓਬਰਾਏ ਦੇ ਰਵਈਏ ਤੋਂ ਹੋ ਰਹੀ ਹੈ। ਇਹਨਾਂ ਤੋਂ ਸੁਭਾਵਿਕ ਆਸ ਕੀਤੀ ਜਾ ਸਕਦੀ ਸੀ ਕਿ ਉਹ ਗਰੇਟਰ ਟੋਰਾਂਟੋ ਏਰੀਆ ਦੇ ਪੰਜਾਬੀ ਭਾਈਚਾਰੇ ਨਾਲ ਸਬੰਧ ਬਣਾਉਣ ਵਿੱਚ ਪਹਿਲ ਕਰਨਗੇ। ਲੀਸਾ ਰੇਟ ਦੀ ਜੱਦੀ ਰਾਈਡਿੰਗ ਮਿਲਟਨ ਹੈ ਜੋ ਕਿ ਗਰੇਟਰ ਟੋਰਾਂਟੋ ਏਰੀਆ ਵਿੱਚ ਹੀ ਪੈਂਦੀ ਹੈ। ਲੀਸਅ ਦੀਵੇ ਥੱਲੇ ਹਨੇਰੇ ਵਾਲੀ ਗੱਲ ਕਰੇਗੀ, ਅਜਿਹਾ ਸੋਚਿਆ ਜਾਣਾ ਵੀ ਔਖਾ ਲੱਗਦਾ ਹੈ। ਮੁਮਕਿਨ ਹੈ ਕਿ ਥੋੜੇ ਬਹੁਤੇ ਪੰਜਾਬੀ ਉਸ ਨਾਲ ਜੁੜੇ ਵੀ ਹੋਣ ਲੇਕਿਨ ਅਜਿਹੇ ਜੁੜਨ ਦਾ ਲਾਭ ਤਾਂ ਹੀ ਮਿਲ ਸਕਦਾ ਹੈ ਜਦੋਂ ਇਹ ਸਮਰੱਥਕ ਮੀਡੀਆ, ਸੋਸ਼ਸ ਸਰਕਲਾਂ ਵਿੱਚ ਆਪਣੇ ਚਹੇਤੇ ਉਮੀਦਵਾਰ ਦਾ ਜਿ਼ਕਰ ਕਰਨਗੇ। ਜਿੱਥੋਂ ਤੱਕ ਦੀਪਕ ਓਬਰਾਏ ਦਾ ਸੁਆਲ ਹੈ, ਉਹ ਕਿਉਂ ਪੰਜਾਬੀ ਹੋਣ ਦੇ ਬਾਵਜੂਦ ਜੀ ਟੀ ਏ ਵਿੱਚਲੇ ਪੰਜਾਬੀ ਭਾਈਚਾਰੇ ਤੋਂ ਦੂਰੀ ਬਣਾ ਕੇ ਰੱਖ ਰਿਹਾ ਹੈ? ਇੱਕ ਕਾਰਣ ਇਹ ਹੋ ਸਕਦਾ ਹੈ ਕਿ ਦੀਪਕ ਨੇ ਆਪਣੀ ਉਮੀਦਵਾਰੀ ਸੰਕੇਤਕ ਹੀ ਰੱਖੀ ਹੋਵੇ, ਭਾਵ ਉਹ ਗੰਭੀਰਤਾ ਨਾਲ ਮੁਕਾਬਲੇ ਵਿੱਚ ਉੱਤਰਿਆ ਹੀ ਨਾ ਹੋਵੇ!

ਪੰਜਾਬੀ ਭਾਈਚਾਰੇ ਨਾਲ ਸਬੰਧਾਂ ਦੇ ਪਰੀਪੇਖ ਵਿੱਚ ਸਾਬਕਾ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਮੰਤਰੀ ਕ੍ਰਿਸ ਅਲੈਗਜ਼ੈਂਡਰ ਦਾ ਕੇਸ ਦਿਲਚਸਪ ਹੈ। ਜੇਸਨ ਕੈਨੀ ਤੋਂ ਬਾਅਦ ਜਦੋਂ ਉਸਨੇ ਇੰਮੀਗਰੇਸ਼ਨ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਪੰਜਾਬੀ ਕਮਿਉਨਿਟੀ ਦੇ ਬਹੁਤ ਸਾਰੇ ਆਗੂ ਉਸ ਨਾਲ ਫੋਟੋ ਖਿਚਵਾਉਣ ਲਈ ਕੰਮਕਾਜ ਛੱਡ ਕੇ ਉਸਦੇ ਸਮਾਗਮਾਂ ਵਿੱਚ ਜਾ ਧਮਕਦੇ ਸਨ। ‘ਰਾਤ ਗਈ ਤਾਂ ਬਾਤ ਗਈ’ ਵਾਲੀ ਕਹਾਵਤ ਨੂੰ ਸੱਚ ਕਰਦੇ ਹੋਏ ਅੱਜ ਕ੍ਰਿਸ ਅਲੈਗਜ਼ੈਂਡਰ ਦਾ ਇੱਕ ਕਿਸਮ ਨਾਲ ਪੰਜਾਬੀ ਕਮਿਉਨਿਟੀ ਵਿੱਚੋਂ ‘ਬਣਵਾਸ’ ਹੀ ਹੋ ਚੁੱਕਾ ਹੈ।