ਪੰਜਾਬੀ ਪੋਸਟ ਵਿਸ਼ੇਸ਼: ਕਮਿਉਨਿਟੀ ਸਮਾਗਮਾਂ ਵਿੱਚੋਂ ਗੁਆਚਦੇ ਅਰਥਾਂ ਦਾ ਸੁਨੇਹਾ

10 Stephen Hawking13 ਅਗਸਤ 2017 ਦਿਨ ਐਤਵਾਰ ਨੂੰ ਬਰੈਂਪਟਨ ਵਿੱਚ ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇੰਡੀਪੈਂਡੈਂਟ ਲਿਵਿੰਗ ਯਾਨਿ ਸੀ-ਸੇਸਿਲ (Canadian-South Asians Sporting Independent Living or C-SASIL) ਵੱਲੋਂ 7ਵੀਂ ਸਾਲਾਨਾ ਏਬਿਲਿਟੀਜ਼ ਚੈਲੇਂਜ ਵੀਲ੍ਹ ਚੇਅਰ ਰੇਸ ਕਰਵਾਈ ਜਾ ਰਹੀ ਹੈ। ਇਸ ਰੇਸ ਦਾ ਉਦੇਸ਼ ਕੈਨੇਡਾ ਵਿੱਚ ਵੱਸਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਤੰਦਰੁਸਤ ਲੋਕਾਂ ਵਿੱਚ ਉਹਨਾਂ ਲੋਕਾਂ ਦੇ ਜੀਵਨ ਦੇ ਸੱਚ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਜੋ ਅਪਾਹਜ ਹਨ, ਜੋ ਵੀਲ੍ਹ ਚੇਅਰਾਂ ਦੇ ਸਹਾਰੇ ਜੀਵਨ ਜਿਉਂਦੇ ਹਨ, ਜਿਹਨਾਂ ਨੂੰ ਆਪਣੀ ਰੋਜ਼ਮੱਰਾ ਦੀ ਜਿੰਦਗੀ ਨੂੰ ਪੂਰਾ ਕਰਨ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਅਜਿਹਾ ਅਹਿਸਾਸ ਅੰਦਰ ਜਗਾਉਣ ਲਈ ਮਨੁੱਖ ਵਿੱਚ ਆਪਣੇ ਹਮਸਾਇਆਂ ਵਾਸਤੇ ਹਮਦਰਦੀ ਅਤੇ ਭਰਾਤਰੀਭਾਵ ਦਾ ਹੋਣਾ ਲਾਜ਼ਮੀ ਹੈ। ਹੈਰਾਨੀ ਦੀ ਗੱਲ ਹੈ ਕਿ ਬਰੈਂਪਟਨ ਵਿੱਚ ਵੱਡੀ ਤਾਦਾਤ ਵਿੱਚ ਵੱਸਦੀ ਪੰਜਾਬੀ ਕਮਿਉਨਿਟੀ ਵੱਲੋਂ ਇਸ ਅਹਿਮ ਸਮਾਗਮ ਲਈ ਉਸ ਪੱਧਰ ਦਾ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਜੋ ਹੋਣਾ ਚਾਹੀਦਾ ਹੈ।

ਇਹ ਠੰਡਾ ਮੱਠਾ ਹੁੰਗਾਰਾ ਉਸ ਕੈਨੇਡੀਅਨ ਪੰਜਾਬੀ ਕਮਿਉਨਿਟੀ ਦਾ ਹੈ ਜੋ ਆਪਣੇ ਆਪ ਨੂੰ ਇੱਕ ਦਲੇਰ ਕਮਿਉਨਿਟੀ ਸਮਝਦੀ ਹੈ। ਦੂਜਿਆਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਪੰਜਾਬੀ ਆਪਣੇ ਆਪ ਨੂੰ ਹੋਰਾਂ ਨਾਲੋਂ ਵੱਖਰਾ ਤਸਲੀਮ ਕਰਨ ਵਿੱਚ ਫਖ਼ਰ ਕਰਦੇ ਹਨ। ਪੰਜਾਬੀਆਂ ਨੂੰ ਮਾਣ ਹੈ ਉਸ ਵਿਰਸੇ ਉੱਤੇ ਜਿਸਦੇ ਪਿਤਰ ਕੋਈ ਹੋਰ ਨਹੀਂ ਸਗੋਂ ਬਿਨਾ ਵੈਰ ਵਿਰੋਧ ਤੋਂ ਸਰਬੱਤ ਦੀ ਸੇਵਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਹੋਏ ਭਾਈ ਘਨ੍ਹਈਆ ਜੀ ਹਨ। ਇੱਕ ਸਮੂਹ ਵਜੋਂ ਅਸੀਂ ਹਮੇਸ਼ਾ ਐਸਾ ਪ੍ਰਭਾਵ ਦੇਣ ਦੀ ਕੋਸਿ਼ਸ਼ ਕਰਦੇ ਹਾਂ ਕਿ ਸੇਵਾ ਦੇ ਮਾਮਲੇ ਵਿੱਚ ਅਸੀਂ ਮਹਾਨ ਹਾਂ। ਕੋਈ ਸ਼ੱਕ ਨਹੀਂ ਕਿ ਪ੍ਰਭਾਵ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਮਿਉਨਿਟੀ ਅਨੇਕਾਂ ਵੱਡੇ ਅਤੇ ਚੰਗੇ ਉੱਦਮ ਵੀ ਕਰਦੀ ਹੈ। ਇਹਨਾਂ ਉੱਦਮਾਂ ਵਿੱਚ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਕਮਿਊਨਿਟੀ ਨੂੰ ਇੱਕਤਰ ਕਰਨਾ, ਵੱਡੇ ਵੱਡੇ ਸੱਭਿਆਚਾਰਕ ਅਤੇ ਖੇਡ ਮੇਲਿਆਂ ਦੇ ਆਯੋਜਨ ਤੋਂ ਲੈ ਕੇ ਬੈਂਕੁਇਟ ਹਾਲਾਂ ਵਿੱਚ ਹੁੰਦੀਆਂ ਪਾਰਟੀਆਂ, ਪਾਰਕਾਂ ਵਿੱਚ ਪਿਕਨਿਕਾਂ ਆਦਿ ਕਿੰਨੇ ਹੀ ਸਬੱਬ ਹਨ ਜੋ ਪੰਜਾਬੀ ਕਮਿਉਨਿਟੀ ਦੀ ਬਾਹਰੀ ਦਿੱਖ ਨੂੰ ਬਿਆਨ ਕਰਦੇ ਹਨ।

ਅਸੀਂ ਸ਼ਬਦ ਬਾਹਰੀ ਦਿੱਖ ਇਸ ਲਈ ਵਰਤਿਆ ਕਿ ਕਿਸੇ ਖਾਸ ਅਵਸਰ ਉੱਤੇ ਇੱਕਤਰ ਹੋਣ ਦਾ ਇਹ ਅਰਥ ਹਰਗਿਜ਼ ਨਹੀਂ ਕੱਢਿਆ ਜਾ ਸਕਦਾ ਕਿ ਹਿੱਸਾ ਲੈਣ ਵਾਲਿਆਂ ਵਿੱਚੋਂ ਬਹੁ-ਗਿਣਤੀ ਨੂੰ ਸਬੰਧਿਤ ਸਮਾਗਮ ਜਾਂ ਈਵੈਂਟ ਦੇ ਊਦੇਸ਼ ਨਾਲ ਅੰਦਰੂਨੀ ਸਾਂਝ ਬਣਾਉਣ ਦੀ ਖਵਾਹਿਸ਼ ਵੀ ਹੁੰਦੀ ਹੈ ਜਾਂ ਨਹੀਂ। ਜਦੋਂ ਤੱਕ ਕੋਈ ਘਟਨਾ ਅੰਦਰੂਨੀ ਜਾਗਰਤਾ ਪੈਦਾ ਨਹੀਂ ਕਰਦੀ, ਕਿਵੇਂ ਤਸੱਵਰ ਕੀਤਾ ਜਾ ਸਕਦਾ ਹੈ ਕਿ ਉਸ ਈਵੈਂਟ ਨੇ ਆਪਣਾ ਅਰਥ ਜਾਂ ਉਦੇਸ਼ ਪੂਰ ਲਿਆ ਹੈ? ਇਹ ਇਵੇਂ ਹੀ ਹੈ ਜਿਵੇਂ ਬਹੁਤ ਲੋਕੀ ਸਦੀਆਂ ਬੱਝੀ ਮੰਦਰਾਂ, ਗੁਰਦੁਆਰਿਆਂ ਮਸਜਦਾਂ ਵਿੱਚ ਜਾਂਦੇ ਹਨ, ਬਾਹਰਮੁਖੀ ਕਿਰਿਆ ਕਰਮ ਵੀ ਕਰਦੇ ਹਨ ਪਰ ਅੰਦਰ ਉਵੇਂ ਦਾ ਉਵੇਂ ਹੀ ਸੁੱਤਾ ਪਿਆ ਰਹਿੰਦਾ ਹੈ। ਐਸੀਆਂ ਵੱਡੀਆਂ ਅਤੇ ਕਥਿਤ ਰੂਪ ਵਿੱਚ ਸਫ਼ਲ ਗਤੀਵਿਧੀਆਂ ਦਾ ਚੂੰਕਿ ਕੋਈ ਅਰਥਪੂਰਣ ਸਿੱਟਾ ਨਹੀਂ ਨਿਕਲਦਾ, ਕੀ ਇਹ ਸਮਾਂ ਨਹੀਂ ਕਿ ਇੱਕ ਕਮਿਉਨਿਟੀ ਵਜੋਂ ਸੋਚਿਆ ਜਾਵੇ ਕਿ ਅਸੀਂ ਆਪਣੇ ਸਮੇਂ, ਧਨ ਅਤੇ ਹੋਰ ਸ੍ਰੋਤਾਂ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ।

ਇਹ ਨਹੀਂ ਕਿ ਸਾਡੀ ਕਮਿਉਨਿਟੀ ਵਿੱਚ ਅਰਥ ਭਰਪੂਰ ਸਮਾਗਮ ਹੋ ਨਹੀਂ ਰਹੇ। ਬੀਤੇ ਦਿਨੀਂ ਸਿੱਕ ਕਿੱਡਜ਼ ਹਸਪਤਾਲ ਲਈ ਵਾੲਲਿਡਵੁੱਡ ਪਾਰਕ ਤੋਂ ਮਾਲਟਨ ਗੁਰਦੁਆਰਾ ਸਾਹਿਬ ਤੱਕ ਹੋਈ ਦੌੜ ਵਿੱਚ 20 ਹਜ਼ਾਰ ਡਾਲਰਾਂ ਦਾ ਇੱਕਤਰ ਹੋਣਾ, ਸਪੋਰਸਟ ਕੱਲਬਾਂ ਵੱਲੋਂ ਚੰਗੀ ਸਿਹਤ ਦਾ ਝੰਡਾ ਬਰਦਾਰ ਬਣਨਾ, ਸਾਹਿਤਕ ਅਤੇ ਸੱਭਿਆਚਾਰਕ ਕਲੱਬਾਂ ਦੇ ਯੋਗਦਾਨ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਸੁਆਲ ਤਾਂ ਵੀ ਰਹਿ ਜਾਂਦਾ ਹੈ ਕਿ ਬਹੁ-ਗਿਣਤੀ ਸਮਾਗਮ ਅਰਥਹੀਣ ਅਤੇ ਪ੍ਰਭਾਵਹੀਣ ਕਿਉਂ ਰਹਿ ਜਾਂਦੇ ਹਨ।

ਆਓ ਗੱਲ ਨੂੰ ਦੁਬਾਰਾ ਸੀ-ਸੇਸਿਲ ਦੇ ਏਬਿਲਿਟੀਜ਼ ਚੈਲੇਂਜ ਵੱਲ ਲਿਆਈਏ। ਕੀ ਇਸ ਈਵੈਂਟ ਨੂੰ ਮੱਠਾ ਹੁੰਗਾਰਾ ਇਸ ਲਈ ਮਿਲ ਰਿਹਾ ਹੈ ਕਿ ਅਸੀਂ ਸੋਚਦੇ ਹਾਂ ਕਿ ਅਪਾਹਜ ਕਿਸੇ ਐਸੀ ਦੁਨੀਆਂ ਦੇ ਬਾਸਿ਼ੰਦੇ ਹਨ ਜਿਸ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ? ਚੇਤੇ ਰੱਖਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਕ 15% ਲੋਕ ਇੱਕ ਜਾਂ ਦੂਜੀ ਕਿਸਮ ਦੀ ਅਪਾਹਜਤਾ ਨਾਲ ਦਿਨ ਕਟੀ ਕਰ ਰਹੇ ਹਨ। ਇਹਨਾਂ ਵਿੱਚੋਂ ਬਹੁ-ਗਿਣਤੀ 15 ਤੋਂ 24 ਸਾਲ ਦੇ ਨੌਜਵਾਨ ਵਰਗ ਦੀ ਹੈ। ਉਂਟੇਰੀਓ ਵਿੱਚ ਅਪਾਹਜਤਾ ਦੀ ਦਰ 19% ਹੈ।

ਅਪਾਹਜਤਾ ਸਿਰਫ਼ ਸਰੀਰਕ ਅਤੇ ਮਾਨਕਿਸ ਕਲੇਸ਼ ਨੂੰ ਹੀ ਜਨਮ ਨਹੀਂ ਦੇਂਦੀ ਸਗੋਂ ਪਰਿਵਾਰਾਂ ਦੀ ਆਰਥਕਤਾ ਲਈ ਵੀ ਮਾਰੂ ਸਾਬਤ ਹੁੰਦੀ ਹੈ। ਇੱਕ ਵੀਲ੍ਹਚੇਅਰ ਨੂੰ ਕਿਸੇ ਗੰਭੀਰ ਅਪਾਹਜ ਵਿਅਕਤੀ ਦੀਆਂ ਵਿਸ਼ੇਸ਼ ਲੋੜਾਂ ਲਈ ਤਿਆਰ ਕਰਵਾਉਣ ਉੱਤੇ 25 ਹਜ਼ਾਰ ਡਾਲਰ ਤੱਕ ਖਰਚ ਆ ਜਾਂਦਾ ਹੈ। ਜੇਕਰ ਕਿਸੇ ਪਰਿਵਾਰ ਵਿੱਚ ਇੱਕ ਬੱਚਾ ਗੰਭੀਰ ਅਪਾਹਜਤਾ ਵਾਲਾ ਹੋਵੇ ਤਾਂ ਉਸਦੀ ਦੇਖ ਰੇਖ ਉੱਤੇ 40 ਹਜ਼ਾਰ ਡਾਲਰ ਤੱਕ ਸਾਲਾਨਾ ਖਰਚ ਆਉਂਦਾ ਹੈ। ਬੇਸ਼ੱਕ ਸਾਨੂੰ ਭੁਲੇਖੇ ਹੋਣ ਕਿ ਸਰਕਾਰ ਵੱਲੋਂ ਅਪਹਾਜਾਂ ਦੀ ਮਦਦ ਲਈ ਡਾਲਰਾਂ ਦੀ ਵਰਖਾ ਕੀਤੀ ਜਾਂਦੀ ਹੈ ਪਰ ਸੱਚ ਇਹ ਹੈ ਕਿ ਐਨੇ ਪੈਸੇ ਸਰਕਾਰੀ ਪ੍ਰੌਗਰਾਮਾਂ ਵਿੱਚੋਂ ਕਦੇ ਨਹੀਂ ਮਿਲਦੇ ਅਤੇ ਅਪਹਾਜਤਾ ਲੋਕਾਂ ਨੂੰ ਗਰੀਬੀ ਦੀ ਧਰਾਤਲ ਵੱਲ ਧੱਕ ਦੇਂਦੀ ਹੈ।। ਬੈਂਕ ਆਫ ਮਾਂਟਰੀਅਲ (ਬੀ ਐਮ ਓ) ਵੱਲੋਂ ਕਰਵਾਈ ਗਈ ਇੱਕ ਸਟੱਡੀ ਮੁਤਾਬਕ 50% ਕੈਨੇਡੀਅਨ ਇਸ ਖਦਸ਼ੇ ਵਿੱਚ ਜਿਉਂਦੇ ਹਨ ਕਿ ਉਹ ਕਿਸੇ ਵੀ ਵੇਲੇ ਅਪਾਹਜਤਾ ਦਾ ਸਿ਼ਕਾਰ ਹੋ ਸਕਦੇ ਹਨ। ਸੁਆਲ ਹੈ ਕਿ ਖੁਦ ਨੂੰ ਤੰਦਰੁਸਤ ਖਿਆਲ ਕਰਨ ਵਾਲੇ ਕੌਣ ਇਨਸਾਨ ਹਨ ਜੋ ਇਸ ਖਦਸ਼ੇ ਤੋਂ ਦੂਰ ਜਾਂ ਅਣਭਿੱਜ ਰਹਿ ਸਕਦੇ ਹਨ?

ਸੀ-ਸੇਸਿਲ ਦੀ 13 ਅਗਸਤ ਨੂੰ ਹੋਣ ਜਾ ਰਹੀ ਏਬਿਲਿਟੀਜ਼ ਵੀਲ੍ਹ ਚੇਅਰ ਰੇਸ ਵਿੱਚ ਹਿੱਸਾ ਲੈਣ ਦੀ ਮਹੱਤਤਾ ਨੂੰ ਵਿਸ਼ਵ ਦੇ ਸੱਭ ਤੋਂ ਵੱਧ ਜਾਣੇ ਪਹਿਚਾਣੇ ਸਾਇੰਸਦਾਨ ਪਰ ਅਪਾਹਜ ਡਾਕਟਰ ਸਟੀਫਨ ਹਾਅਕਿੰਗ ਦੇ ਅਨੁਭਵ ਤੋਂ ਸਮਝਣਾ ਸਹੀ ਰਹੇਗਾ। 75 ਸਾਲਾ ਸਟੀਫਨ ਹਾਅਕਿੰਗ ਹੌਲੀ 2 ਗੰਭੀਰ ਬਣਨ ਵਾਲੀ  amyotrophic lateral sclerosis (ALS) ਨਾਮਕ ਨਾਮੁਰਾਦ ਬਿਮਾਰੀ ਦਾ ਸਿ਼ਕਾਰ ਹੈ ਜਿਸ ਬਦੌਲਤ ਉਹ 21 ਸਾਲਾਂ ਦੀ ਉਮਰ ਤੋਂ ਹੀ ਅਪਾਹਜਤਾ ਨਾਲ ਦੋ ਹੱਥ ਚਾਰ ਕਰਦਾ ਆ ਰਿਹਾ ਹੈ। ਵਿਸ਼ਵ ਨੂੰ theory of relativity ਅਤੇ  quantum mechanics  ਵਰਗੇ ਮਹਾਨ ਸਿਧਾਂਤ ਵਾਲਾ ਇਹ ਮਹਾਨ ਸਾਇੰਸਦਾਨ ਅੱਜ ਵੀਲ੍ਹ ਚੇਅਰ ਉੱਤੇ ਕਪਿੰਊਟਰਾਂ ਨਾਲ ਇੰਝ ਬੱਝਿਆ ਹੋਇਆ ਹੈ ਕਿ ਸਿਰਫ਼ ਆਪਣੇ ਚਿਹਰੇ ਦੀ ਗੱਲ੍ਹ ਦੇ ਸਹਾਰੇ ਕੰਪਿਊਟਰ ਨੂੰ ਸੰਕੇਤ ਦੇ ਕੇ ਜੀਵਨ ਬਤੀਤ ਕਰ ਰਿਹਾ ਹੈ। ਸਿਰਫ਼ ਬਤੀਤ ਨਹੀਂ ਸਗੋਂ ਵੱਡੀਆਂ ਵੱਡੀਆਂ ਖੋਜਾਂ ਨੂੰ ਜਾਰੀ ਰੱਖ ਰਿਹਾ ਹੈ।

ਇਹ ਉਹੀ ਹਾਅਕਿੰਗ ਹੈ ਜਿਸਨੇ ਦ੍ਰਿੜਤਾ ਨਾਲ ਕਿਹਾ ਕਿ ਆਧੁਨਿਕ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਉਹ ਸੱਭ ਤੋਂ ਮਹਾਨ ਅਤੇ ਬੁੱਧੀਵਾਨ ਹੈ ਕਿਉਂਕਿ ਇਹ ਸੰਭਵ ਹੈ ਕਿ ਕਿਸੇ ਹੋਰ ਪੁਲਾੜ ਉੱਤੇ ਸਾਡੇ ਨਾਲੋਂ ਕਿਤੇ ਵੱਧ ਅਕਲਮੰਦ ਅਤੇ ਖੋਜੀ ਲੋਕ ਵੱਸਦੇ ਹੋਣ। ਸਟੀਫਨ ਹਾਅਕਿੰਗ ਦਾ ਆਖਣਾ ਹੈ ਕਿ ਮਨੁੱਖ ਤਾਂ ਕਿਸ ਬਾਗ ਦੀ ਮੂਲੀ ਹੈ ਸਗੋਂ ਇਸ ਸੰਸਾਰ ਵਿੱਚ ਨਿੱਕੇ ਤੋਂ ਨਿੱਕੇ ਕਣ ਤੋਂ ਲੈ ਕੇ ਮਹਾਨ ਸ਼ਕਤੀ ਦੇ ਭੰਡਾਰਾਂ ਵਾਲੇ ਸ੍ਰੋਤਾਂ ਤੱਕ ਹਰ ਚੀਜ਼ ਨੂੰ ਕਿਸੇ ਵੀ ਵੇਲੇ ਕਿਸੇ ਵੀ ਕਿਸਮ ਦੀ ਅਪਾਹਜਤਾ ਹੋ ਸਕਦੀ ਹੈ। ਇੱਥੇ ਤੱਕ ਕਿ ਸਾਡਾ ਪੂਰਾ ਬ੍ਰਹਿਮੰਡ ਕਿਸੇ ਦਿਨ ਅੱਖ ਦੇ ਫੋਰ ਵਿੱਚ ਲੁਪਤ ਹੋ ਸਕਦਾ ਹੈ। ਇਹ ਕਥਨ ਕਿਸੇ ਅੰਧਵਿਸ਼ਵਾਸ਼ੀ ਦੇ ਨਹੀਂ ਸਗੋਂ ਸਟੀਫਨ ਹਾਅਕਿੰਗ ਦੇ ਹਨ।

ਜੇਕਰ ਮਨੁੱਖ ਦੀ ਨਾਸ਼ਵਾਨਤਾ ਦਾ ਇਹੋ ਜਿਹਾ ਕੱਚਾ ਹਾਲ ਹੈ ਤਾਂ ਕੀ ਇਹ ਸਹੀ ਨਹੀਂ ਹੋਵੇਗਾ ਕਿ ਅਸੀਂ ਜਿੱਥੇ ਤੱਕ ਸੰਭਵ ਹੋਵੇ, ਨਿਮਾਣੇ ਹੋ ਕੇ ਆਪਣੇ ਹਮਸਾਇਆਂ ਨਾਲ ਦੁੱਖ ਦਰਦ ਵੰਡਾਈਏ।