ਪੰਜਾਬੀ ਪੋਸਟ ਵਿਸ਼ੇਸ਼: ਉਂਟੇਰੀਓ ਦੇ 50% ਬੱਚਿਆਂ ਨੂੰ ਰੱਬ ਦੀ ਭਾਸ਼ਾ ਸਮਝਣੀ ਔਖੀ!

zzzzzzzz-300x1111ਆਧੁਨਿਕ ਸਾਇੰਸ ਦਾ ਪਿਤਾਮਾ ਕਰਕੇ ਜਾਣੇ ਜਾਂਦੇ 15ਵੀਂ ਸਦੀ ਦੇ ਮਹਾਨ ਸਾਇੰਸਦਾਨ ਗਲੀਲੀਓ (Galileo) ਦਾ ਕਥਨ ਹੈ ਕਿ “ਗਣਿਤ ਉਹ ਭਾਸ਼ਾ ਹੈ ਜਿਸ ਵਿੱਚ ਪ੍ਰਮਾਤਮਾ ਨੇ ਵਿਸ਼ਵ ਦੀ ਕਹਾਣੀ ਲਿਖੀ”। ਇਸੇ ਤਰਾਂ ਮਸ਼ਹੂਰ ਗਣਿਤ ਮਾਹਰ ਜੋਨਾਥਨ ਡੇਵਿਡ ਫਾਰਲੀ ਦਾ ਆਖਣਾ ਹੈ, “ਗਣਿਤ ਨੂੰ ਤੁਸੀਂ ਇਸ ਲਈ ਨਹੀਂ ਪੜਦੇ ਕਿਉਂਕਿ ਇਹ ਤੁਹਾਨੂੰ ਨਦੀਆਂ ਉੱਤੇ ਪੁੱਲ ਬਣਾਉਣ ਵਿੱਚ ਸਹਾਈ ਹੁੰਦਾ ਹੈ (ਜੋ ਸ਼ਰਤੀਆ ਹੀ ਹੁੰਦਾ ਹੈ) ਪਰ ਇਸ ਲਈ ਪੜਦੇ ਹੋ ਕਿਉਂਕਿ ਗਣਿਤ ਦੀ ਰਵਾਨਗੀ ਵਿੱਚ ਵਿਸ਼ਵ ਦੀ ਖੂਬਸੂਰਤ ਕਵਿਤਾ ਛੁਪੀ ਹੋਈ ਹੈ, ਐਸੀ ਖੂਬਸੂਰਤੀ ਜੋ ਮਹਿਜ਼ ਨਜ਼ਰ ਆਉਣ ਵਾਲੀਆਂ ਸਥੂਲ ਵਸਤਾਂ ਤੋਂ ਕਿਸੇ ਪਾਰ ਅਤੇ ਦੁਰਲੱਭ ਹੈ”। ਦੁਰਭਾਗ ਵੱਸ ਉਂਟੇਰੀਓ ਦੇ ਸਕੂਲਾਂ ਵਿੱਚ ਗਰੇਡ 6 ਵਿੱਚ ਪੜਦੇ 50% ਬੱਚੇ ਰੱਬ ਦੀ ਭਾਂਸ਼ਾ ਦਾ ਗਿਆਨ ਹਾਸਲ ਕਰਨ ਭਾਵ ਗਣਿਤ ਸਿੱਖਣ ਵਿੱਚ ਅਸਫ਼ਲ ਹੋ ਰਹੇ ਹਨ।
The Education Quality and Accountability Office (EQAO) ਵੱਲੋਂ ਕਰਵਾਏ ਗਏ ਟੈਸਟਾਂ ਵਿੱਚ ਸਾਹਮਣੇ ਆਇਆ ਹੈ ਕਿ ਗਰੇਡ 6 ਵਿੱਚ ਪੜਦੇ 50% ਬੱਚੇ ਹੀ ਗਣਿਤ ਦੇ ਉਸ ਪੈਮਾਨੇ ਉੱਤੇ ਖਰਾ ਉੱਤਰ ਸਕੇੇ ਹਨ ਜੋ ਉਂਟੇਰੀਓ ਸਰਕਾਰ ਵੱਲੋਂ ਛੇਵੀਂ ਗਰੇਡ ਦੇ ਬੱਚਿਆਂ ਲਈ ਮਾਪਦੰਡ ਵਜੋਂ ਨਿਰਧਾਰਤ ਕੀਤਾ ਗਿਆ ਹੈ। ਪਿਛਲੇ ਸਾਲ ਵੀ ਗਣਿਤ ਵਿੱਚ ਬੱਚਿਆਂ ਦਾ ਇਹੀ ਹਾਲ ਸੀ ਜਿਸਤੋਂ ਬਾਅਦ ਉਂਟੇਰੀਓ ਸਰਕਾਰ ਨੇ ਧੁਮ ਧੱੜਕੇ ਨਾਲ ਬੱਚਿਆਂ ਨੂੰ ਗਣਿਤ ਵਿੱਚ ਹੁਸਿ਼ਆਰ ਕਰਨ ਲਈ 60 ਮਿਲੀਅਨ ਡਾਲਰ ਦੀ ਨਵੀਂ ਰਣਨੀਤੀ ਤਿਆਰ ਕੀਤੀ ਸੀ। ਇਸ ਰਣਨੀਤੀ ਨਾਲ ਅਧਿਆਪਕਾਂ ਨੂੰ ਅਤੀਕਿਰਤ ਸ੍ਰੋਤ (Resources) ਮਿਲੇ, ਇਹਨਾਂ ਸ੍ਰੋਤਾਂ ਨੂੰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਚੰਗਾ ਖਾਸਾ ਡਾਲਰਾਂ ਦਾ ਗੱਫਾ ਮਿਲਿਆ ਪਰ ਬੱਚਿਆਂ ਦੇ ਪੱਲੇ ਗਣਿਤ ਵਿੱਦਿਆ ਦਾ ਠੂਠਾ ਹੀ ਪਿਆ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਵਿੱਦਿਆਰਥੀਆਂ ਨੇ EQAO ਟੈਸਟ ਦਾ ਨਾਮ ਵਿਗਾੜ ਕੇ Evil Questions Attacking Ontario (ਉਂਟੇਰੀਓ ਉੱਤੇ ਹਮਲਾ ਕਰ ਰਹੇ ਦੁਸ਼ਟ ਸੁਆਲ) ਰੱਖਿਆ ਹੋਇਆ ਹੈ।

ਖੈਰ ਬੱਚਿਆਂ ਨੇ ਤਾਂ EQAO ਨਾਲ ਦੁਸ਼ਟ ਸ਼ਬਦ ਦੀ ਪੂਛ ਹਾਸੇ ਠੱਠੇ ਵਿੱਚ ਜੋੜ ਦਿੱਤੀ ਪਰ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਆਖਰ ਨੂੰ ਸਾਡੇ ਸਕੂਲਾਂ ਵਿੱਚ ਵਿੱਦਿਆ ਦਾ ਇਹ ਮਾੜਾ ਹਾਲ ਕਿਉਂ ਹੈ? 2013 ਵਿੱਚ ਗਣਿਤ ਵਿੱਚ ਅਸਫ਼ਲ ਹੋਣ ਵਾਲੇ ਗਰੇਡ 6 ਦੇ ਬੱਚਿਆਂ ਦੀ ਗਿਣਤੀ 57% ਸੀ ਜੋ ਚਾਰ ਸਾਲਾਂ ਵਿੱਚ ਘੱਟ ਕੇ 50% ਰਹਿ ਗਈ ਹੈ। ਇਹ ਮੰਨਿਆ ਹੋਇਆ ਤੱਥ ਹੈ ਕਿ ਜਿਹੜੇ ਬੱਚੇ ਛੋਟੀਆਂ ਕਲਾਸਾਂ ਵਿੱਚ ਹਿਸਾਬ ਪੱਖੋਂ ਕਮਜ਼ੋਰ ਰਹਿ ਜਾਂਦੇ ਹਨ, ਉਹਨਾਂ ਲਈ ਹਾਈ ਸਕੂਲ ਵਿੱਚ ਸਫ਼ਲਤਾ ਹਾਸਲ ਕਰਨੀ ਅਤੇ ਬਾਅਦ ਵਿੱਚ ਜੀਵਨ ਵਿੱਚ ਕੋਈ ਅੱਛਾ ਕੈਰੀਅਰ ਬਣਾਉਣਾ ਬਹੁਤ ਔਖਾ ਹੋ ਜਾਂਦਾ ਹੈ। ਅੱਜ ਜਦੋਂ ਅਰਥਚਾਰਾ ਪ੍ਰੋਵਿੰਸ਼ੀਅਲ ਹੱਦਾਂ ਤੱਕ ਮਹਿਦੂਦ ਨਾ ਰਹਿ ਕੇ ਵਿਸ਼ਵ ਵਿਆਪੀ ਹੋ ਚੁੱਕਾ ਹੈ, ਉਸ ਲਿਹਾਜ ਤੋਂ ਵੇਖਿਆਂ ਸਿਰਫ਼ ਉਂਟੇਰੀਓ ਦੇ ਬੱਚੇ ਹੀ ਅਸਫ਼ਲ ਜੀਵਨ ਵੱਲ ਮਾਰਚ ਨਹੀਂ ਕਰ ਰਹੇ ਸਗੋਂ ਸਾਡਾ ਅਰਥਚਾਰਾ ਵੀ ਨਮੋਸ਼ੀ ਭਰੇ ਯੁੱਗ ਵੱਲ ਕਦਮਪੇਸ਼ੀ ਕਰ ਰਿਹਾ ਹੈ।

ਬੱਚਿਆਂ ਦੇ ਗਣਿਤ ਵਿੱਚ ਕਮਜ਼ੋਰ ਰਹਿਣ ਦੇ ਕਈ ਕਾਰਣ ਹਨ ਜਿਹਨਾਂ ਵਿੱਚ ਅਧਿਆਪਕਾਂ ਦਾ ਗੰਭੀਰ ਹੋ ਕੇ ਨਾ ਪੜਾਉਣਾ, ਬੱਚਿਆਂ ਨੂੰ ਲੋੜੋਂ ਵੱਧ ਸਹੂਲਤਾਂ ਮਿਲਣੀਆਂ ਪਰ ਜਵਾਬਦੇਹੀ ਦੇ ਅਹਿਸਾਸ ਦੀ ਕਮੀ ਹੋਣਾ, ਨਿੱਜੀ ਹਿੰਮਤ ਅਤੇ ਲਗਨ ਨਾਲੋਂ ਕੈਲਕੁਲੇਟਰਾਂ, ਆਈ ਪੈਡਾਂ (Calculators, iPADs) ਆਦਿ ਯੰਤਰਾਂ ਸਹਾਰੇ ਬੱਚਿਆਂ ਨੂੰ ਗਣਿਤ ਸਿਖਾਉਣ ਦੀ ਹੋੜ ਸ਼ਾਮਲ ਹੈ। ਦੱਸਣਾ ਬਣਦਾ ਹੈ ਕਿ 2016-17 ਵਿੱਚ ਹੋਏ ਜਿਸ EQAO ਟੈਸਟ ਦਾ ਅਸੀਂ ਜਿ਼ਕਰ ਕਰ ਰਹੇ ਹਾਂ, ਉਸ ਟੈਸਟ ਵਿੱਚ ਛੇਵੀਂ ਦੇ ਬੱਚਿਆਂ ਨੂੰ ਕੈਲਕੁਲੇਟਰ ਵਰਤਣ ਦੀ ਇਜ਼ਾਜਤ ਸੀ।

ਮਾਹਰਾਂ ਦਾ ਆਖਣਾ ਹੈ ਕਿ ਜੇਕਰ ਉਂਟੇਰੀਓ ਨੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਖਰਾਬ ਹੋਣੋ ਰੋਕਣਾ ਹੈ ਤਾਂ ਇਸਨੂੰ ਛੋਟੀਆਂ ਕਲਾਸਾਂ ਪਹਾੜੇ ਮੂੰਹ ਜ਼ੁਬਾਨੀ ਚੇਤੇ ਕਰਵਾਉਣ, ਗੁਣਾ ਤਕਸੀਮ, ਜੋੜਨ, ਘਟਾਉਣ ਦੀ ਕਲਾ ਨੂੰ ਰੱਟਾ ਲਾ ਕੇ ਸਿਖਾਉਣ ਵਰਗੇ ਸਦੀਆਂ ਤੋਂ ਅਜ਼ਮਾਏ ਹੋਏ ਗਣਿਤ ਦੇ ਮੁੱਢਲੇ ਸਿਧਾਂਤਾਂ ਵੱਲ ਮੁੜ ਕੇ ਆਉਣਾ ਹੋਵੇਗਾ। ਅਜਿਹਾ ਕਰਨਾ ਔਖਾ ਭਾਸਦਾ ਹੈ ਪਰ ਬੱਚਿਆਂ ਦੇ ਚੰਗੇਰੇ ਭੱਵਿਖ ਲਈ ਕਰਨਾ ਹੀ ਹੋਵੇਗਾ। ਭਾਰਤ ਅਤੇ ਚੀਨ ਦੇ ਬਹੁ-ਗਿਣਤੀ ਸਕੂਲਾਂ ਵਿੱਚ ਹਾਲੇ ਤੱਕ ਵੀ ਇਹ ਮੁੱਢਲੇ ਸਿਧਾਂਤ ਲਾਗੂ ਹਨ ਜਿਸਦਾ ਸਿੱਟਾ ਸਮੁੱਚੇ ਵਿਸ਼ਵ ਸਾਹਮਣੇ ਹੈ। ਇਸ ਲਈ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਨੇ 2010 ਵਿੱਚ ਆਪਣੇ ‘ਬੈਕ ਟੂ ਸਕੂਲ’ ਭਾਸ਼ਣ ਵਿੱਚ ਆਖਿਆ ਸੀ ਕਿ ਜੇਕਰ ਅਮਰੀਕਾ ਨੇ ਬੰਗਲੌਰ ਅਤੇ ਬੀਜਿੰਗ ਤੋਂ ਹੋਣ ਵਾਲੇ ਖਤਰੇ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਬਿਹਤਰ ਵਿੱਦਿਆ ਦੇਣੀ ਹੋਵੇਗੀ।

ਭਾਰਤੀ ਮੂਲ ਦੇ ਲੋਕਾਂ ਨੂੰ ਇੱਕ ਲਾਭ ਹੋ ਸਕਦਾ ਹੈ ਕਿ ਉਹ ਆਪਣੇ ਘਰਾਂ ਵਿੱਚ ਗਣਿਤ ਸਿਖਾਉਣ ਦੇ ਪੁਰਾਣੇ ਤਰੀਕਿਆਂ ਨਾਲ ਸਹਿਜ ਹੀ ਲਾਗੂ ਕਰ ਸਕਦੇ ਹਨ। ਇਸ ਗੱਲ ਤੋਂ ਨਹੀਂ ਘਬਰਾਉਣਾ ਚਾਹੀਦਾ ਕਿ ਲੋਕੀ ਕੀ ਆਖਣਗੇ ਕਿ ਤੁਹਾਡੇ ਬੱਚੇ ਦੇ ਹੱਥ ਵਿੱਚ ਕੈਲਕੁਲੇਟਰ ਜਾਂ ਆਈ ਪੈਡ ਨਹੀਂ। ਜੀ ਸਦਕੇ ਦੇਵੋ ਬੱਚਿਆਂ ਹੱਥ ਨਵੇਂ ਉਪਕਰਣ ਪਰ ਆਧੁਨਿਕਤਾ ਦੀ ਹੋੜ ਵਿੱਚ ਪੁਰਾਣੀਆਂ ਗੁੜਤੀਆਂ ਤੋਂ ਹੱਥ ਨਾ ਧੋਤੇ ਜਾਣ। ਗੱਲ ਭਾਰਤ ਜਾਂ ਚੀਨ ਦੀ ਵੀ ਨਹੀਂ, ਸਗੋਂ ਜਿਸ ਵੇਲੇ ਸਾਡੇ ਬੱਚੇ ਸਫ਼ਲ ਹੁੰਦੇ ਹਨ ਤਾਂ ਸਾਡੇ ਪਰਿਵਾਰ, ਸਾਡੇ ਪ੍ਰੋਵਿੰਸ ਉਂਟੇਰੀਓ ਅਤੇ ਸਾਡੇ ਮੁਕਲ ਕੈਨੇਡਾ ਲਈ ਤਰੱਕੀ ਕਰਨ ਦਾ ਰਾਹ ਖੁੱਲਦਾ ਹੈ। ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਉੱਤੇ ਟੇਕ ਰੱਖ ਕੇ ਬੱਚਿਆਂ ਦਾ ਭੱਵਿਖ ਦਾਅ ਉੱਤੇ ਨਹੀਂ ਲਾਇਆ ਜਾ ਸਕਦਾ।