ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ: ਕੈਨੇਡਾ 150 – ਪੰਜਾਬੀ ਪੋਸਟ 15 ਸੰਯੋਗ ਨਹੀਂ ਸੁਭਾਗ

logoਸਾਲ 2002 ਵਿੱਚ ਕੈਨੇਡਾ ਡੇਅ ਵਾਲੇ ਦਿਨ ਜਦੋਂ ਪ੍ਰਮਾਤਮਾ ਨੇ ਕੈਨੇਡੀਅਨ ਪੰਜਾਬੀ ਪੋਸਟ ਦੀ ਸ਼ੁਰੂਆਤ ਕਰਵਾਈ ਤਾਂ ਸੰਸਥਾਪਕਾਂ ਵਿੱਚੋਂ ਕਿਸੇ ਦੇ ਵੀ ਚਿੱਤ ਚੇਤੇ ਨਹੀਂ ਸੀ ਕਿ ਜਿਸ ਵੇਲੇ ਕੈਨੇਡਾ ਫੈਡਰੇਸ਼ਨ ਦੇ 150 ਸਾਲਾਂ ਦੇ ਜਸ਼ਨ ਮਨਾਏ ਜਾਣਗੇ ਤਾਂ ਕੈਨੇਡੀਅਨ ਪੰਜਾਬੀ ਪੋਸਟ ਆਪਣੀ ਹੋਂਦ ਦੇ 15 ਸਾਲ ਪੂਰੇ ਹੋ ਚੁੱਕਾ ਹੋਵੇਗਾ। ਹੁਣ ਜਦੋਂ ਅਦਾਰਾ ਪੰਜਾਬੀ ਪੋਸਟ ਵੱਲੋਂ ਪਿਛਲੇ 15 ਸਾਲਾਂ ਦੀ ਆਪਣੀ ਯਾਤਰਾ ਉੱਤੇ ਪੰਛੀ ਝਾਤ ਮਾਰੀ ਜਾਂਦੀ ਹੈ ਤਾਂ ਕੈਨੇਡਾ 150 ਨਾਲ ਜੁੜ ਚੁੱਕਿਆ ਸਬੱਬ ਸੰਯੋਗ ਘੱਟ ਅਤੇ ਸੁਭਾਗ ਵਧੇਰੇ ਮਹਿਸੂਸ ਹੁੰਦਾ ਹੈ।

ਕਿਉਂ ਹੈ 1 ਜੁਲਾਈ 2017 ਦਾ ਦਿਨ ਸਮੂਹ ਕੈਨੇਡਾ ਵਾਸੀਆਂ ਲਈ ਸੁਭਾਗਾ ? ਸਹੀ 150 ਸਾਲ ਪਹਿਲਾਂ ਅੱਜ ਦੇ ਦਿਨ (1 ਜੁਲਾਈ 1867) ਬ੍ਰਿਟਿਸ਼ ਸਾਮਰਾਜ ਦੀਆਂ ਤਿੰਨ ਕਾਲੋਨੀਆਂ (ਕੈਨੇਡਾ, ਨੋਵਾ ਸਕੋਸ਼ੀਆ ਅਤੇ ਨਿਊ ਬਰੱਨਸਵਿੱਕ) ਨੇ ਰਲੇਵਾਂ ਕਰਕੇ ਇੱਕ ਡੋਮੀਨੀਅਨ (Dominion) ਹੋਂਦ ਵਿੱਚ ਲਿਆਂਦੀ। ਫੈਡਰੇਸ਼ਨ ਬਣਨ ਤੋਂ ਬਾਅਦ ਚਾਰ ਪ੍ਰੋਵਿੰਸ ਉਂਟੇਰੀਓ, ਕਿਊਬਿੱਕ, ਨੋਵਾ ਸਕੋਸ਼ੀਆ ਅਤੇ ਨਿਊ ਬਰੱਨਸਵਿੱਕ ਹੋਂਦ ਵਿੱਚ ਆਏ। ਇਸਤੋਂ ਬਾਅਦ 1870 ਵਿੱਚ ਮੈਨੀਟੋਬਾ ਅਤੇ ਨੌਰਥ ਵੈਸਟ ਟੈਰੀਟੋਰੀਜ਼ ਫੈਡਰੇਸ਼ਨ ਵਿੱਚ ਆਣ ਮਿਲੇ ਅਤੇ 1871 ਵਿੱਚ ਬ੍ਰਿਟਿਸ਼ ਕੋਲੰਬੀਆ, 1873 ਵਿੱਚ ਪ੍ਰਿੰਸ ਐਡਵਾਰਡ ਆਈਲੈਂਡ, 1898 ਵਿੱਚ ਯੂਕੋਨ, 1905 ਵਿੱਚ ਸਸਕੇਚਵਨ ਅਤੇ ਅਲਬਰਟਾ, 1949 ਵਿੱਚ ਨਿਊ ਫਾਉਂਡਲੈਂਡ ਅਤੇ 1999 ਵਿੱਚ ਨੁਨਾਵਤ ਨੇ ਕੈਨੇਡੀਅਨ ਫੈਡਰੇਸ਼ਨ ਦੀ ਗੋਦ ਵਿੱਚ ਆਣ ਸਿਰ ਧਰਿਆ। ਇਹ ਨਿੱਕਾ ਜਿਹਾ ਬਿਰਤਾਂਤ ਹੀ ਉਸ ਲੰਬੇ ਸਫ਼ਰ ਦੀਆਂ ਚੁਣੌਤੀਆਂ, ਔਖਿਆਈਆਂ ਅਤੇ ਅਮਿੱਟ ਮਿਹਨਤ ਵੱਲ ਇਸ਼ਾਰਾ ਕਰਦਾ ਹੈ ਜਿਸ ਦੀ ਬਦੌਲਤ ਅੱਜ ਕੈਨੇਡਾ ਵਿਸ਼ਵ ਦੇ ਉੱਨਤ ਮੁਲਕਾਂ ਵਿੱਚ ਸਨਮਾਨਜਨਕ ਸਥਾਨ ਰੱਖਦਾ ਹੈ।

ਜਿਵੇਂ ਸਾਡੇ ਪਰਿਵਾਰਾਂ ਵਿੱਚ ਪਰਿਵਾਰਕ ਮੈਂਬਰਾਂ ਦੇ ਰੋਸੇ ਗਿਲੇ ਹੁੰਦੇ ਹਨ, ਉਵੇਂ ਹੀ ਕੈਨੇਡਾ ਨੂੰ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਰੋਸਿਆਂ ਗਿਲਿਆਂ ਨਾਲ ਸਿੱਝਣਾ ਪੈਂਦਾ ਹੈ। ਮਿਸਾਲ ਵਜੋਂ ਜਦੋਂ 1 ਜੁਲਾਈ ਨੂੰ ਸਮੂਹ ਕੈਨੇਡੀਅਨ ਆਪਣੇ ਮਕਾਨਾਂ, ਬਿਜਨਸਾਂ ਅਤੇ ਕਮਿਉਨਿਟੀ ਸੈਂਟਰਾਂ ਉੱਤੇ ਕੈਨੇਡਾ ਦਾ ਝੰਡਾ ਲਹਿਰਾ ਕੇ ਵੱਖੋ ਵੱਖਰੇ ਢੰਗਾਂ ਤਰੀਕਿਆਂ ਨਾਲ ਜਸ਼ਨ ਮਨਾਉਂਦੇ ਹੋਏ ਦੇਸ਼ ਭਗਤੀ ਦੇ ਰਸ ਵਿੱਚ ਭਿੱਜਣਗੇ, ਉੱਥੇ ਕੈਨੇਡਾ ਦੇ ਮੂਲਵਾਸੀ ਇਸ ਮੌਕੇ ਨੂੰ ਖੁਦ ਨਾਲ ਹੋਏ ਇਤਿਹਾਸਕ ਧੱਕਿਆਂ ਦੀ ਯਾਦ ਕੈਨੇਡੀਅਨ ਪਾਰਲੀਮੈਂਟ ਸਾਹਮਣੇ ਅਤੇ ਹੋਰ ਥਾਵਾਂ ਉੱਤੇ ਰੋਸ ਕਰ ਰਹੇ ਹੋਣਗੇ। ਜਿਵੇਂ ਅਸੀਂ ਆਪਣੇ ਪਰਿਾਵਾਂ ਵਿੱਚ ਰੁੱਸੇ ਜੀਅ ਨੂੰ ਮਨ ਦੀ ਭੜਾਸ ਕੱਢਣ ਦੀ ਖੁੱਲ ਦੇਂਦੇ ਹਾਂ, ਉਵੇਂ ਹੀ ਕੈਨੇਡਾ ਵਾਸੀਆਂ ਵੱਲੋਂ ਮੂਲਵਾਸੀਆਂ ਦੇ ਹੱਕ ਦੀ ਕਦਰ ਕਰਦੇ ਹੋਏ ਉਹਨਾਂ ਦੇ ਰੋਸ ਜਤਾਉਣ ਦੇ ਹੱਕ ਨੂੰ ਖਿੜੇ ਮੱਥੇ ਸਵੀਕਾਰਿਆ ਜਾਵੇਗਾ।

ਪਹਿਲੇ ਕੈਨੇਡਾ ਡੇਅ (1 ਜੁਲਾਈ 2867) ਤੋਂ ਲੈ ਕੇ ਵਰਤਮਾਨ ਤੱਕ ਚੰਗੇਰੇ ਜੀਵਨ ਦੀ ਆਸ ਵਿੱਚ ਪਰਵਾਸ ਕਰਕੇ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਤਕਰੀਬਨ 1 ਕਰੋੜ 70 ਲੱਖ ਹੋ ਚੁੱਕੀ ਹੈ। ਇਸਦਾ ਅਰਥ ਹੈ ਕਿ ਕੈਨੇਡਾ ਦੀ ਲੱਗਭੱਗ 50% ਵੱਸੋਂ ਦਾ ਮੁੱਢ ਪਿਛਲੇ 150 ਸਾਲਾਂ ਦੇ ਪਰਵਾਸ ਨਾਲ ਜੁੜਿਆ ਹੋਇਆ ਹੈ। ਵਿਸ਼ਵ ਦਾ ਸ਼ਇਦ ਹੀ ਕੋਈ ਮੁਲਕ ਹੈ ਜਿੱਥੇ ਤੋਂ ਕੋਈ ਵਿਅਕਤੀ ਪਰਵਾਸ ਕਰਕੇ ਕੈਨੇਡਾ ਨਾ ਆਇਆ ਹੋਵੇ। ਕਦੇ ਵੇਲਾ ਸੀ ਜਦੋਂ 1950ਵਿਆਂ ਵਿੱਚ ਹੰਗਰੀ ਤੋਂ 35, 500 ਰਿਫਿਊਜੀ ਕੈਨੇਡਾ ਵਿੱਚ ਆਏ। 1972 ਵਿੱਚ ਯੂਗਾਡਾਂ ਵਿੱਚ ਈਦੀ ਅਮੀਨ ਦੇ ਤਾਨਾਸ਼ਾਹੀ ਰਾਜ ਨੇ ਸਾਊਥ ਏਸ਼ੀਅਨਾਂ ਨੂੰ ਵੱਡੀ ਗਿਣਤੀ ਵਿੱਚ ਕੈਨੇਡਾ ਆਉਣ ਦਾ ਅਵਸਰ ਦਿੱਤਾ। 1979-80 ਦੇ ਦਿਨਾਂ ਵਿੱਚ ਵੀਅਤਨਾਮ ਅਤੇ ਲਾਊਸ ਮੁਲਕਾਂ ਤੋਂ ਆਏ ਪਰਵਾਸੀਆਂ ਨੇ ਕੈਨੇਡਾ ਨੂੰ ਚੁਣਿਆ ਜਦੋਂ ਕਿ ਹਾਂਗਕਾਂਗ ਦੇ ਚੀਨ ਵਿੱਚ ਰਲੇਵੇਂ ਨੇ ਢਾਈ ਲੱਖ ਚੀਨੀਆਂ ਨੂੰ ਕੈਨੇਡਾ ਲਿਆਂਦਾ। ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਜਿੱਥੇ ਅਸਲ ਮਾਅਨਿਆਂ ਵਿੱਚ ਤਸ਼ੱਦਦ ਦੇ ਸਤਾਏ ਪੰਜਾਬੀ ਵੱਡੀ ਗਿਣਤੀ ਵਿੱਚ ਕੈਨੇਡਾ ਆਏ, ਉੱਥੇ ਬਹੁਤ ਨੇ ਪੰਜਾਬ ਦੇ ਮਾੜੇ ਦੌਰ ਦਾ ਨਾਮ ਵਰਤ ਕੇ ਕੈਨੇਡਾ ਸਥਾਪਿਤ ਹੋਣ ਤੋਂ ਝਿਜਕ ਨਹੀਂ ਕੀਤੀ।

ਚੀਨੀਆਂ ਦੇ ਸਿਰਾਂ ਉੱਤੇ ਲੱਗੇ ਟੈਕਸ, ਜਾਪਾਨੀਆਂ ਨੂੰ ਕੈਂਪਾਂ ਵਿੱਚ ਤਾੜ ਕੇ ਦਿੱਤੇ ਤਸੀਹਿਆਂ, ਕੋਮਾਗਾਟਾਮਾਰੂ ਦੀ ਜਦੋਜਹਿਦ, ਵੋਟਾਂ ਪਾਉਣ ਦੇ ਅਧਿਕਾਰ ਤੋਂ 1993 ਵਿੱਚ ਦਸਤਾਰ ਸਜਾ ਕੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਗੁਰਬਖਸ਼ ਸਿੰਘ ਮੱਲ੍ਹੀ ਵੱਲੋਂ ਲੜੀ ਲੜਾਈ ਅਤੇ ਪੰਜਾਬੀ ਪੋਸਟ ਵੱਲੋਂ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨ ਸਮੇਤ ਕਿੰਨੇ ਹੀ ਕਿੱਸੇ ਹਨ ਜਿਹਨਾਂ ਨੂੰ ਕੈਨੇਡਾ 150 ਦੇ ਜਸ਼ਨਾਂ ਵਿੱਚ ਸ਼ਾਮਲ ਕਰਕੇ ਅਸੀਂ ਆਪਣੇ ਇਤਿਹਾਸ ਨੂੰ ਸਜਦਾ ਕਰ ਰਹੇ ਹਾਂ।

ਇਹ ਕਿੰਨੇ ਵੱਡੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਅੱਧੀ ਵੱਸੋਂ ਨੇ ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਐਨੀ ਵੱਡੀ ਪ੍ਰਤੀਸ਼ਤਤਾ ਵਿੱਚ ਕਾਲਜ/ਯੂਨੀਵਰਸਿਟੀ ਦੀਆਂ ਡਿਗਰੀਆਂ ਵਿਸ਼ਵ ਦੇ ਕਿਸੇ ਹੋਰ ਮੁਲਕ ਦੇ ਲੋਕਾਂ ਕੋਲ ਨਹੀਂ ਹਨ। ਇੱਕਲੇ ਕੈਨੇਡਾ ਵਿੱਚ ਝੀਲਾਂ ਦੀ ਗਿਣਤੀ ਬਾਕੀ ਦੇ ਪੂਰੇ ਵਿਸ਼ਵ ਵਿੱਚ ਮੌਜੂਦ ਝੀਲਾਂ ਦੀ ਗਿਣਤੀ ਨਾਲੋਂ ਵੱਧ ਹੈ। ਕੈਨੇਡਾ ਉਹ ਬਹਾਦਰ ਮੁਲਕ ਹੈ ਜਿਸਨੇ ਵਿਆਪਕ ਵਿਨਾਸ਼ ਕਰਨ ਵਾਲੇ ਹਥਿਆਰ (Weapons of mass destruction) ਨਹੀਂ ਰੱਖੇ ਹੋਏ। ਬੇਸ਼ੱਕ ਅਮਰੀਕਾ ਨੇ ਸਾਡੇ ਉੱਤੇ ਦੋ ਵਾਰ 1755 ਅਤੇ 1812 ਵਿੱਚ ਹਮਲਾ ਕਰਨ ਦੀ ਜ਼ੁਰੱਅਤ ਕੀਤੀ ਪਰ ਦੋਵੇਂ ਵਾਰ ਉਸਨੂੰ ਮੂੰਹ ਦੀ ਖਾਣੀ ਪਈ।

ਅਮਰੀਕਾ ਦੀਆਂ ਨਜ਼ਰਾਂ ਵਿੱਚ ਕੈਨੇਡਾ ਦੀ ਇੱਜ਼ਤ ਦਾ ਮੁਜ਼ਾਹਰਾ ਇਸ ਗੱਲ ਤੋਂ ਹੋ ਜਾਂਦਾ ਹੈ ਕਿ 1781 ਵਿੱਚ ਤਿਆਰ ਹੋਇਆ ਯੂਨਾਈਟਡ ਸਟੇਟਸ ਦੇ ਆਰਟੀਕਲ ਆਫ ਕਨਫੈਡਰੇਸ਼ਨ ਸਟੇਟਸ (Section 13 of US article of confederation States) ਦੀ ਧਾਰਾ 13 ਵਿੱਚ ਦਰਜ਼ ਹੈ ਕਿ ਜੇਕਰ ਕੈਨੇਡਾ ਕਿਸੇ ਵੇਲੇ ਅਮਰੀਕਾ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਸਨੂੰ ਖੁਦ-ਬ-ਖੁਦ ਸਵੀਕਾਰ ਕਰ ਲਿਆ ਜਾਵੇਗਾ। ਵੇਖਿਆ ਜਾਵੇ ਤਾਂ 150 ਸਾਲਾਂ ਦੇ ਸ਼ਾਨਾਮੱਤੇ ਸਫ਼ਲਤਾ ਭਰੇ ਇਤਿਹਾਸ ਦੇ ਮੱਦੇਨਜ਼ਰ ਕੈਨੇਡਾ ਨੇ ਅਮਰੀਕਾ ਵਿੱਚ ਸ਼ਾਮਲ ਤਾਂ ਕੀ ਹੋਣਾ ਹੈ, ਇੱਕ ਵੀ ਕੈਨੇਡੀਅਨ ਨਹੀਂ ਮਿਲੇਗਾ ਜੋ ਕੈਨੇਡਾ ਦੇ ਅਮਰੀਕਾ ਵਿੱਚ ਰਲੇਵੇਂ ਬਾਰੇ ਵਿਚਾਰ ਨੂੰ ਮਨ ਵਿੱਚ ਲਿਆਉਣਾ ਚਾਹੇਗਾ। ਦੇਸ਼ ਭਗਤੀ ਦੀ ਐਨੀ ਕੁ ਸ਼ਾਹਦੀ ਤਾਂ 15 ਕੁ ਸਾਲਾ ਕੈਨੇਡੀਅਨ ਪੰਜਾਬੀ ਪੋਸਟ ਵੀ ਬਿਨਾ ਕਿਸੇ ਹਿਚਕਚਾਹਟ ਤੋਂ ਭਰ ਸਕਦਾ ਹੈ!