ਪੰਜਾਬੀ ਪੋਸਟ ਵਿਸ਼ੇਸ਼: ਸਿੱਖੀ ਦਸਤਾਰ ਦਾ ਅਮੁੱਲੋ ਅਮੁੱਲ ਮੁਕਾਮ

zzzzzzzz-300x11117
ਕੱਲ ਸ਼ਾਮ ਐਨ ਡੀ ਪੀ ਉਂਟੇਰੀਓ ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਪਾਰਟੀ ਦੀ ਫੈਡਰਲ ਲੀਡਰਸ਼ਿੱਪ ਦੌੜ ਵਿੱਚ ਕੁੱਦਣ ਦਾ ਐਲਾਨ ਕਰਨਾ ਸੀ। ਇਸ ਐਲਾਨ ਦੀ ਰੋਸ਼ਨੀ ਅਤੇ ਤਵੱਕੋ ਵਿੱਚ ਕੈਨੇਡਾ ਦੇ ਟੌਪ ਦੇ ਰਿਸਾਲੇ ‘ਮੈਕਲੀਨ’ ਵੱਲੋਂ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ। ਵੱਖ ਵੱਖ ਵਿਸ਼ਿਆਂ ਉੱਤੇ ਹੋਈ ਇਸ ਮੁਲਾਕਾਤ ਵਿੱਚ ਮੈਕਲੀਨ ਰਿਸਾਲੇ ਦਾ ਇੱਕ ਸੁਆਲ ਸੀ ਕਿ ਕੀ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਜਗਮੀਤ ਸਿੰਘ ਦੀ ਦਸਤਾਰ ਨੂੰ ਕਬੂਲਿਆ ਜਾਵੇਗਾ? ਸਿਆਸੀ ਪੱਖ ਤੋਂ ਇਸ ਸੁਆਲ ਦਾ ਜਵਾਬ ਕੁੱਝ ਵੀ ਹੋ ਸਕਦਾ ਹੈ ਲੇਕਿਨ ਸਿੱਖ ਭਾਈਚਾਰੇ ਦੇ ਦ੍ਰਿਸ਼ਟੀਕੋਣ ਤੋਂ ਇੱਕ ਹੀ ਜਵਾਬ ਹੈ ਕਿ ਦਸਤਾਰ ਕਿਸੇ ਵਿਅਕਤੀ ਵਿਸ਼ੇਸ਼ ਦਾ ਚਿੰਨ ਨਹੀਂ ਸਗੋਂ ਸਮੂਹ ਸਿੱਖ ਭਾਈਚਾਰੇ ਦੀ ਪਹਿਚਾਣ ਦਾ ਸੁਆਲ ਹੈ।

ਜਰੂਰੀ ਨਹੀਂ ਕਿ ਐਨ ਡੀ ਪੀ ਦੇ ਕੌਮੀ ਲੈਂਡਸਕੇਪ ਵਿੱਚ ਜਗਮੀਤ ਸਿੰਘ ਨੂੰ ਉਸਦੀ ਦਸਤਾਰ ਕਾਰਣ ਸਨਮਾਨ ਮਿਲੇ, ਸੰਭਾਵਨਾ ਇਸ ਗੱਲ ਦੀ ਵੀ ਹੈ ਕਿ ਦਸਤਾਰ ਕਾਰਣ ਜਗਮੀਤ ਸਿੰਘ ਦੀ ਪਹਿਚਾਣ ਨੂੰ ਚਾਰ ਚੰਨ ਲੱਗ ਜਾਣ। ਅੱਜ ਤੱਕ ਅਜਿਹਾ ਕੋਈ ਨਹੀਂ ਜੋ ਦਸਤਾਰ ਦਾ ਰਿਣ ਉਤਾਰ ਸਕਦਾ ਹੋਵੇ।

1988 ਵਿੱਚ ਬਲਤੇਜ ਸਿੰਘ ਢਿੱਲੋਂ ਨੇ ਆਰ ਸੀ ਐਮ ਪੀ ਵਿੱਚ ਭਰਤੀ ਹੋਣ ਲਈ ਅਰਜ਼ੀ ਕੀਤੀ ਤਾਂ ਉਸ ਸਾਹਮਣੇ ਦੋ ਰਸਤੇ ਸਨ। ਪਹਿਲਾ ਉਹ ਦਸਤਾਰ ਤਿਆਗ ਕੇ ਝੱਟ ਪੱਟ ‘ਆਰ ਸੀ ਐਮ ਪੀ ਅਫਸਰ ਬਣ ਜਾਵੇ, ਦੂਜਾ ਸੀ ਕਿ ਉਹ ਕੈਰੀਅਰ ਨੂੰ ‘ਤ੍ਰਿਸ਼ੰਕੂ’ ਦੀ ਸਥਿਤੀ ਵਿੱਚ ਰੱਖ ਕੇ ਆਪਣੇ ਜੀਅ ਜਾਨ ਤੋਂ ਪਿਆਰੇ ਧਾਰਮਿਕ ਚਿੰਨ ਲਈ ਜਦੋਜਹਿਦ ਕਰੇ। ਉਸਨੇ ਦੂਸਰਾ ਰਸਤਾ ਚੁਣਿਆ। ਸਮਾਂ ਪਾ ਕੇ ਰੱਬ ਨੇ ਇੱਕਲੇ ਬਲਤੇਜ ਢਿੱਲੋਂ ਨੂੰ ਸਫ਼ਲਤਾ ਨਹੀਂ ਦਿੱਤੀ ਸਗੋਂ ਉਸਨੂੰ ਸਮੁੱਚੇ ਸਿੱਖ ਭਾਈਚਾਰੇ ਅਤੇ ਕੈਨੇਡੀਅਨ ਮਲਟੀਕਲਚਰਿਜ਼ਮ ਦਾ ਰੋਲ ਦਿੱਤਾ। ਅੱਜ 27-28 ਸਾਲਾਂ ਦੇ ਅਰਸੇ ਤੋਂ ਬਾਅਦ ਬਲਤੇਜ ਢਿੱਲੋਂ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਐਨੀ ਵੱਡੀ ਉਸਦੀ ਕੁਰਬਾਨੀ ਨਹੀਂ ਸੀ ਜਿੰਨੀ ਦੁਨੀਆ ਭਰ ਵਿੱਚ ਸ਼ੁਹਰਤ, ਜਸ ਅਤੇ ਕੀਰਤੀ ਉਸਨੂੰ ਦਸਤਾਰ ਨੇ ਬਖ਼ਸ਼ੀ ਹੈ।

ਦਸਤਾਰ ਦੀ ਕਹਾਣੀ ਦੱਸਦੀ ਹੈ ਕਿ ਜਿੰਨੀ ਵੱਡੀ ਕੁਰਬਾਨੀ ਹੋਈ, ਉੱਨਾ ਵੱਡਾ ਸਨਮਾਨ ਦਸਤਾਰ ਦੇ ਰਾਖੇ ਨੂੰ ਮਿਲਿਆ। ਇੱਕ ਮਾਣਮੱਤਾ ਭਾਈ ਮਾਨ ਸਿੰਘ ਸੀ ਜਿਸਦੀ ਦਸਤਾਰ ਦਾ ਲੜ ਪਹਾੜੀ ਰਾਜਿਆਂ ਨਾਲ ਲੜਾਈ ਵਿੱਚ ਲੱਥ ਗਿਆ ਸੀ। ਇੱਕ ਲੜ ਦੇ ਲੱਥ ਜਾਣ ਦੀ ਕੀਮਤ ਗੁਰੂ ਗੋਬਿੰਦ ਸਿੰਘ ਨੇ ਆਪਣੀ ਕੇਸਕੀ ਦਾ ਇੱਕ ਹਿੱਸਾ ਉਸਦੇ ਸਿਰ ਸਜਾ ਕੇ ਅਦਾ ਕੀਤਾ। ਗੁਰੂ ਹੱਥੋਂ ਮਿਲਿਆ ਇਹ ਮਾਣ ਸਦਾ ਲਈ ਸਿੱਖ ਇਤਿਹਾਸ ਦਾ ਅਟੁੱਟ ਅੰਗ ਬਣ ਗਿਆ। ਆਨੰਦਪੁਰ ਸਾਹਿਬ ਤੋਂ ਸਿੱਖੀ ਪਹਿਚਾਣ ਨੂੰ ਮਿਲੀ ਦਸਤਾਰ ਦੀ ਗੁੜਤੀ ਖੇਤਰੀ, ਸੂਬਾਈ ਅਤੇ ਕੌਮੀ ਹੱਦਾਂ ਬੰਨੇ ਉਲੰਘ ਕੇ ਅੰਤਰਰਾਸ਼ਟਰੀ ਪੱਧਰ ਉੱਤੇ ਪੁੱਜ ਚੁੱਕੀ ਹੈ। ਗੁਰੂ ਸਾਹਿਬਾਨਾਂ ਦੀ ਲੀਲਾ ਦੀ ਹੱਦ ਨੂੰ ਕੌਣ ਨਾਪ ਤੋਲ ਸਕਦਾ ਹੈ!

ਕਦੇ ਵੇਲਾ ਆਇਆ ਕਿ ਗੁਰਬਖ਼ਸ਼ ਸਿੰਘ ਮੱਲ੍ਹੀ ਨੂੰ ਦਸਤਾਰ ਸਜਾ ਕੇ ਕੈਨੇਡੀਅਨ ਪਾਰਲੀਮੈਂਟ ਦੇ ਗਲਿਆਰਿਆਂ ਵਿੱਚ ਹਾਜ਼ਰੀ ਭਰਨ ਦਾ ਅਵਸਰ ਮਿਲਿਆ, ਟਿਮ ਉੱਪਲ ਨੂੰ ਕੰਜ਼ਰਵੇਟਿਵ ਸਰਕਾਰ ਵੇਲੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਪਿੱਛੇ ਬੈਠੇ ਨੂੰ ਨਿੱਤ ਦਿਨ ਕੈਨੇਡੀਅਨ ਵੇਖਦੇ। ਮੱਲ੍ਹੀਆਂ ਅਤੇ ਉੱਪਲਾਂ ਨੇ ਕੈਨੇਡਾ ਦੀ ਜਨਤਾ ਨੂੰ ਦਸਤਾਰ ਦੇ ਐਨੇ ਕੁ ਦਰਸ਼ਨ ਕਰਵਾ ਦਿੱਤੇ ਹਨ ਕਿ ਅੱਜ ਹਰ ਕੈਨੇਡੀਅਨ ਨੂੰ ਦਸਤਾਰ ਦੀ ਸ਼ਨਾਖਤ ਹੈ। ਇਸਦਾ ਭਾਵ ਇਹ ਨਹੀਂ ਕਿ ਦਸਤਾਰ ਨੂੰ ਲੈ ਕੇ ਮਸਲੇ ਨਹੀਂ ਹਨ। ਕਿਉਬਿੱਕ ਵਿੱਚ ਹਾਲੇ ਵੀ ਕਟੱੜਪੰਥੀ ਸੋਚ ਦੇ ਕਿਲੇ ਮਜ਼ਬੂਤ ਹਨ, ਉਂਟੇਰੀਓ ਵਿੱਚ ਸਿੱਖਾਂ ਦੀ ਅਖੌਤੀ ਖੈਰਗਵਾਹ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਹਾਲੇ ਵੀ ਫ਼ਿਕਰ ਹੈ ਕਿ ਮੋਟਰ-ਸਾਈਕਲ ਚਲਾਉਣ ਵਾਲੇ ਦਸਤਾਰਧਾਰੀ ਪਬਲਿਕ ਸੇਫਟੀ ਲਈ ਖਤਰਾ ਹਨ।

ਪਬਲਿਕ ਸੇਫਟੀ ਦਾ ਖਿਆਲ ਕੈਥਲਿਨ ਵਿੱਨ ਦੇ ਵੱਡੇ ਵਡੇਰੂਆਂ ਦੇ ਯੂਰਪੀਅਨ ਭਰਾਵਾਂ ਨੂੰ ਵੀ ਰਿਹਾ ਹੋਵੇਗਾ ਜਦੋਂ ਉਹ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਯੂਰਪ ਵਿੱਚ ਪੁੱਜੇ ਸਿੱਖ ਫੌਜੀਆਂ ਨੂੰ ਦਸਤਾਰ ਉਤਾਰ ਕੇ ਲੜਨ ਲਈ ਪ੍ਰੇਰਿਤ ਕਰ ਰਹੇ ਸਨ। ਪਹਿਲੀ ਵਿਸ਼ਵ ਜੰਗ ਵਿੱਚ ਇੱਕ ਲੱਖ ਤੋਂ ਵੱਧ ਸਿੱਖ ਫੌਜੀਆਂ ਨੇ ਗੁਰੂ ਦੀ ਬਖਸ਼ੀ ਦਸਤਾਰ ਬਦਲੇ ਨਿੱਜੀ ਸੇਫਟੀ ਨੂੰ ਤੁੱਛ ਜਾਣਿਆ ਸੀ।

ਇਹਨਾਂ ਕੁਰਬਾਨੀਆਂ ਦਾ ਸਦਕਾ ਹੈ ਕਿ ਅੱਜ ਸਿੱਖਾਂ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਕਿ ਦਸਤਾਰ ਨੂੰ ਕੌਣ ਪਹਿਚਾਣ ਦੇਵੇਗਾ। ਇਸਦੇ ਉਲਟ ਦਸਤਾਰ ਦੀ ਕਹਾਣੀ ਨੂੰ ਹੋਰ ਅੱਗੇ ਤੋਰਨ ਵਾਲੇ ਹਰ ਸਿੱਖ ਨੂੰ ਚਿੰਤਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਪੁਰਖਿਆਂ ਦੇ ਪਾਏ ਪੂਰਨਿਆਂ ਉੱਤੇ ਖਰਾ ਕਿਵੇਂ ਉੱਤਰਨਾ ਹੈ।

ਕੈਨੇਡਾ ਵਰਗੇ ਮੁਲਕ ਦੀ ਸਿਟੀਜ਼ਨਸ਼ਿੱਪ ਹਾਸਲ ਕਰਨਾ ਮਨੁੱਖੀ ਪਰਵਾਸ ਦਾ ਇੱਕ ਅਹਿਮ ਪੜਾਅ ਹੁੰਦਾ ਹੈ ਪਰ ਸਿੱਖ ਕਮਿਊਨਿਟੀ ਲਈ ਇਸਤੋਂ ਅੱਗੇ ਇੱਕ ਹੋਰ ਪੜਾਅ ਹੈ। ਇਹ ਹੈ ਦਸਤਾਰ ਨੂੰ ਕੌਮੀ ਪੱਧਰ ਉੱਤੇ ਮਾਨਤਾ ਦੁਆ ਕੇ ‘ਸਿੱਖੀ ਸਿਟੀਜ਼ਨਸ਼ਿੱਪ’ ਦੀ ਸਟੈਂਪ ਲਾਉਣਾ ਹੈ। ਆਖਰ ਨੂੰ ਦਸਤਾਰ ‘ਸਰੱਬਤ ਦੇ ਭਲੇ’ ਦੀ ਅਮੁੱਲੋ ਅਮੁੱਲ ਲਖਾਇਕ ਜੋ ਹੋਈ।