ਪੰਜਾਬੀ ਪੋਸਟ ਵਿਸ਼ੇਸ਼ : ਉੱਭਰ ਰਿਹਾ ਫੌਜਾ ਸਿੰਘ ਦਾ ਵਾਰਸ- ਧਿਆਨ ਸਿੰਘ ਸੋਹਲ

IMG_20170511_194845 IMG_20170511_194825
ਧਿਆਨ ਸਿੰਘ ਸੋਹਲ ਨੂੰ ਦੌੜਨਾ ਚੰਗਾ ਲੱਗਦਾ ਹੈ ਜਾਂ ਇਹ ਆਖ ਲਵੋ ਕਿ ਸਾਹ ਲੈਣ ਤੋਂ ਇਲਾਵਾ ਕੋਈ ਦੂਜੀ ਚੀਜ ਉਸ ਵਾਸਤੇ ਲਾਜ਼ਮੀ ਹੈ ਤਾਂ ਦੌੜਨਾ ਹੈ। 62-63 ਸਾਲਾ ਧਿਆਨ ਸਿੰਘ ਨੇ ਬੀਤੇ ਦਿਨੀਂ ਗੁੱਡਲਾਈਫ ਟੋਰਾਂਟੋ ਮੈਰਾਥਨ ਨੂੰ 3 ਘੰਟੇ 51 ਮਿੰਟ ਵਿੱਚ ਪੂਰੀ ਕਰਕੇ ਬੌਸਟਨ ਮੈਰਾਥਨ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਹੀ ਨਹੀਂ ਪੈਦਾ ਕੀਤੀਆਂ ਸਗੋਂ ਉਸ ਸੰਭਾਵਨਾ ਨੂੰ ਵੀ ਜਾਗਰਤ ਕੀਤਾ ਹੈ ਕਿ ਕੱਲ ਨੂੰ ਟੋਰਾਂਟੋ ਦਾ ਆਪਣਾ ਇੱਕ ‘ਫੌਜਾ ਸਿੰਘ’ ਹੋਵੇਗਾ। ਫੌਜਾ ਸਿੰਘ ਵਾਗੂੰ ਧਿਆਨ ਸਿੰਘ ਵੀ ਅੱਖਰੀਂ ਕੋਰਾ ਪਰ ਅਮਲਾਂ ਤੋਂ ਗਿਆਨੀ ਹੈ।
ਬੀਤੇ ਦਿਨੀਂ ਧਿਆਨ ਸਿੰਘ ਸੋਹਲ ਦਾ ਆਪਣੇ ਸਾਥੀਆਂ ਸੰਧੂਰਾ ਸਿੰਘ ਬਰਾੜ, ਗੁਰਮੇਜ ਸਿੰਘ ਰਾਏ, ਹਰਭਜਨ ਸਿੰਘ ਗਿੱਲ, ਕੇਸਰ ਸਿੰਘ ਵੜੈਚ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਸੰਧੂ ਨਾਲ ਪੰਜਾਬੀ ਪੋਸਟ ਦੇ ਦਫ਼ਤਰ ਆਉਣਾ ਹੋਇਆ। ਜਿੱਥੇ ਉਸਦੇ ਸਾਥੀਆਂ ਨੂੰ ਧਿਆਨ ਸਿੰਘ ਵਿੱਚ ਮੌਜੂਦ ਸੰਭਾਵਨਾਵਾਂ ਬਾਰੇ ਗੱਲ ਕਰਨ ਦਾ ਚਾਅ ਸੀ, ਉੱਥੇ ਧਿਆਨ ਸਿੰਘ ਵਿੱਚ ਅਜਿਹੀ ਕੋਈ ਕਾਹਲ ਵਿਖਾਈ ਨਹੀਂ ਸੀ ਦੇ ਰਹੀ। ਸਹਿਜ ਕੁੱਝ ਕਰ ਗੁਜ਼ਰ ਜਾਣ ਵਾਲੀਆਂ ਸਖ਼ਸ਼ਿਅਤਾਂ ਦਾ ਇੱਕ ਖਾਸ ਗੁਣ ਹੁੰਦਾ ਹੈ।  ਮੁਲਾਕਾਤ ਦੌਰਾਨ ਇੰਝ ਜਾਪਿਆ ਕਿ ਉਸਦੀ ਅੱਖ ਨਿੱਕੀਆਂ ਮੋਟੀਆਂ ‘ਅਖਬਾਰੀ ਕਹਾਣੀਆਂ’ ਤੋਂ ਕਿਤੇ ਉੱਪਰ ਟਿਕੀ ਹੋਈ ਹੈ।
20 ਕੁ ਸਾਲ ਪਹਿਲਾਂ ਜਦੋਂ ਧਿਆਨ ਸਿੰਘ ਨਵਾਂ ਸ਼ਹਿਰ ਜਿਲ੍ਹੇ ਦੇ ਪਿੰਡ ਸਹੂੰਗੜਾ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਆਇਆ ਤਾਂ ਉਸਦੀ ਉਮਰ 42-43 ਸਾਲ ਸੀ। ਪਿੰਡ ਖੇਤੀਬਾੜੀ ਦੇ ਕਾਰੋਬਾਰ ਵਿੱਚ ਜਿਸਮ ਨੂੰ ਮਿੱਟੀ ਨਾਲ ਮਿੱਟੀ ਕਰਨ ਵਾਲੇ ਧਿਆਨ ਸਿੰਘ ਨੂੰ ਨਵੇਂ ਮੁਲਕ ਵਿੱਚ ਆ ਕੇ ਸਿਹਤ ਕਾਇਮ ਰੱਖ ਪਾਉਣ ਦਾ ਬਹੁਤ ਫ਼ਿਕਰ ਸੀ। ਉਹ ਛੇਤੀ ਹੀ ਜਾਣ ਗਿਆ ਕਿ ਅੱਧੀ ਉਮਰ ਪੁਗਾ ਚੁੱਕੇ ਨੂੰ ਨਵੀਂ ਆਬੋ ਹਵਾ ਅਤੇ ਕੈਨੇਡਾ ਦੇ ਦੁਸ਼ਵਾਰੀਆਂ ਭਰੇ ਨਵੇਂ ਜੀਵਨ ਦਾ ਬੋਝ ਉਸ ਉੱਤੇ ਭਾਰੂ ਹੋ ਸਕਦੇ ਹਨ। ਸਿਹਤ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਧਿਆਨ ਸਿੰਘ ਨੇ ਕੈਨੇਡਾ ਦੀਆਂ ਸੜਕਾਂ ਉੱਤੇ ਮਣਾਂਮੂੰਹੀ ਦੌੜਨਾ ਆਰੰਭ ਕਰ ਦਿੱਤਾ।
ਓਵਰ ਟਾਈਮ ਲਾ ਕੇ ਡਾਲਰ ਕਮਾ ਮੇਰੇ ਵੀਰ!
ਮਾਇਆ ਦਾ ਮੋਹ ਇੱਕ ਚੰਦਰੀ ਬਿਮਾਰੀ ਹੈ ਅਤੇ ਮਾਨਸਿਕ ਰੋਗ ਵੀ ਜੋ ਸਾਨੂੰ ਬਹੁਤ ਸਾਰਿਆਂ ਨੂੰ ਚੰਬੜਿਆ ਹੋਇਆ ਹੈ। ਮੀਂਹ ਜਾਵੇ ਹਨੇਰੀ ਜਾਵੇ, 60-62 ਸਾਲਾ ਧਿਆਨ ਸਿੰਘ ਨੂੰ ਨਿੱਤ ਦਿਨ ਸੜਕਾਂ ਉੱਤੇ ਦੌੜਦਾ ਵੇਖ ਇੱਕ ਪੰਜਾਬੀ ਦੇ ਸਮਝ ਨਾ ਆਵੇ ਕਿ ਆਖਰ ਕੋਈ ਵਿਅਕਤੀ ਆਪਣਾ ਕੀਮਤੀ ਸਮਾਂ ਡਾਲਰ ਕਮਾਉਣ ਤੋਂ ਬਿਨਾ ਦੌੜਨ ਵਿੱਚ ਵਰਗੀ ਚੀਜ਼ ਵਿੱਚ ਕਿਉਂ ਅਜ਼ਾਈਂ ਖਰਾਬ ਕਰ ਰਿਹਾ ਹੈ। ਇੱਕ ਦਿਨ ਉਹ ਧਿਆਨ ਸਿੰਘ ਦਾ ਰਾਹ ਰੋਕ ਕੇ ਖੜਾ ਹੋ ਗਿਆ। ਧਿਆਨ ਸਿੰਘ ਨੇ ਉਸਨੂੰ ਦੱਸਿਆ ਕਿ ਉਹ ਫਕਤ ਵਿਹਲਾ ਨਹੀਂ ਸਗੋਂ 8 ਘੰਟੇ ਫੋਰਕ ਲਿਫਟ ਪ੍ਰੋਫੈਸ਼ਨਲ ਵਜੋਂ ਕਰਦਾ ਹੈ ਅਤੇ ਬਾਅਦ ਵਿੱਚ ਸ਼ੌਕ ਵਾਸਤੇ 2-3 ਘੰਟੇ ਦੌੜਨ ਲਈ ਕੱਢਦਾ ਹੈ। ਹਰ ਚੀਜ਼ ਨੂੰ ਡਾਲਰਾਂ ਨਾਲ ਜੋੜ ਕੇ ਵੇਖਣ ਵਾਲੇ ਉਸ ਪੰਜਾਬੀ ਨੇ ਸਲਾਹ ਦਿੱਤੀ, “ਜੇ ਤੇਰੇ ਕੋਲ ਵਿਹਲਾ ਵਕਤ ਹੁੰਦਾ ਹੀ ਹੈ ਤਾਂ ਓਵਰ ਟਾਈਮ ਕਿਉਂ ਨਹੀਂ ਲਾ ਲੈਂਦਾ?”
ਇਵੇਂ ਹੀ ਕਿਸੇ ਹੋਰ ਦਿਨ ਇੱਕ ਹੋਰ ਹਮਦਰਦ ਬੰਦਾ ਧਿਆਨ ਸਿੰਘ ਦਾ ਰਾਹ ਰੋਕ ਕੇ ਖੜਾ ਹੋ ਗਿਆ। ਇਸ ਭੱਦਰਪੁਰਸ਼ ਨੂੰ ਵੀ ਧਿਆਨ ਸਿੰਘ ਦੇ ਜਜ਼ਬੇ ਵਿੱਚ ਕੋਈ ਵੀ ਕਾਰਗਰ ਗੱਲ ਵਿਖਾਈ ਨਹੀਂ ਦਿੱਤੀ ਸਿਵਾਏ ਇਹ ਆਖਣ ਦੇ ਕਿ ਜਾਪਦੈ ਵਿਚਾਰੇ ਦਾ ਦਿਮਾਗ ਖਰਾਬ ਹੋ ਗਿਆ ਹੈ ਜੋ ਇਸ ਉਮਰ ਵਿੱਚ ਲੋੜੋਂ ਸੜਕਾਂ ਉੱਤੇ ਦੌੜ ਰਿਹਾ ਹੈ।
ਲੋਕਾਂ ਦੀਆਂ ਅਜਿਹੀਆਂ ਟਿੱਪਣੀਆਂ ਸੁਣਨ ਤੋਂ ਬਾਅਦ ਮੁਸਕਰਾਉਣ ਤੋਂ ਇਲਾਵਾ ਧਿਆਨ ਸਿੰਘ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ।
ਧਿਆਨ ਸਿੰਘ ਬਾਹਰਲੀ ਦੁਨੀਆ ਤੋਂ ਅਣਭਿੱਜ ਲਗਾਤਾਰ 20 ਸਾਲ ਦੌੜਦਾ ਰਿਹਾ ਹੈ। ਦੋ ਸਾਲ ਪਹਿਲਾਂ ਇੱਕ ਦਿਨ ਸੰਧੂਰਾ ਸਿੰਘ ਬਰਾੜ ਅਤੇ ਉਸਦੇ ਸਾਥੀਆਂ ਦੀ ਅੱਖ ਉਸ ਉੱਤੇ ਨਹੀਂ ਜਾ ਟਿਕੀ। ਖੇਡ ਪਰੇਮੀ ਸੰਧੂਰਾ ਬਰਾੜ ਅਤੇ ਉਸਦੇ ਸਾਥੀਆਂ ਨੂੰ ਇਹ ਗੱਲ ਦਿਲਚਸਪ ਲੱਗੀ ਕਿ ਇੱਕ ਦਸਤਾਰਧਾਰੀ ਸਿੱਖ ਬਰੈਂਪਟਨ ਦੀਆਂ ਸੜਕਾਂ, ਟਰੇਲਾਂ ਉੱਤੇ ਸਵੇਰ, ਸ਼ਾਮ ਦੁਪਹਿਰ ਦੌੜਦਾ ਅਕਸਰ ਵਿਖਾਈ ਦੇਂਦਾ। ਰੱਬ ਨੂੰ ਸੱਬਬ ਬਣਾਉਣ ਦੀ ਬਹੁਤ ਜਾਚ ਹੁੰਦੀ ਹੈ।  ਸੰਧੂਰਾ ਬਰਾੜ ਦੀ ਟੋਲੀ ਦਾ ਧਿਆਨ ਸਿੰਘ ਵੱਲ ਧਿਆਨ ਜਾਣਾ ਵੀ ਉਸ ਰੱਬੀ ਜਾਚ ਦਾ ਹੀ ਹਿੱਸਾ ਰਿਹਾ ਹੋਵੇਗਾ ਅਤੇ ਇਸ ਜਾਚ ਨੇ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਕਲੱਬ ਨੂੰ ਇੱਕ ਅਣਘੜਿਆ ਹੀਰਾ ਲੱਭ ਕੇ ਦੇ ਦਿੱਤਾ। ਏਅਰਪੋਰਟਾਂ ਦੇ ਨਾਲ ਜੁੜੇ ਪ੍ਰੋਫੈਸ਼ਨਲ ਨਿੱਤ ਦਿਨ ਦੁਨੀਆਂ ਦੇ ਐਨੇ ਰੰਗ ਵੇਖਦੇ ਹਨ ਕਿ ਉਹਨਾਂ ਵਿੱਚ ਇਨਸਾਨੀ ਸੁਭਾਅ ਦੇ ‘ਵਿੱਲਖਣ ਰੰਗਾਂ’ ਨੂੰ ਵੇਖਣ ਅਤੇ ਪਹਿਚਾਨਣ ਦੀ ਕਾਬਲੀਅਤ ਪੈਦਾ ਹੋ ਜਾਂਦੀ ਹੈ। ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਕਲੱਬ ਦੀ ਟੋਲੀ ਨੇ ਧਿਆਨ ਸਿੰਘ ਵਿੱਚ ‘ਕੁੱਝ ਵੱਖਰਾ’ ਨਜ਼ਾਰਾ ਤੱਕ ਲਿਆ ਸੀ।
ਆਖਦੇ ਹਨ ਕਿ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ। ਰਾਮ ਜੀ ਨੂੰ 14 ਸਾਲ ਬਨਵਾਸ ਵਿੱਚ ਕੱਟਣੇ ਪਏ ਸਨ। ਉਸ ਦ੍ਰਿਸ਼ਟੀਕੋਣ ਤੋਂ ਵੇਖਿਆਂ ਕਿਹਾ ਜਾ ਸਕਦਾ ਹੈ ਕਿ ਧਿਆਨ ਸਿੰਘ ਨੂੰ ਵੀ ਕੁਦਰਤ 20 ਸਾਲ ਬਿਨਾ ਕਿਸੇ ਆਸ, ਬਿਨਾ ਕਿਸੇ ਉਦੇਸ਼ ਤੋਂ ਦੌੜਨ ਦਾ ਉਤਸ਼ਾਹ ਦੇ ਕੇ ਕਿਸੇ ਵੱਡੇ ਉਦੇਸ਼ ਲਈ ਤਿਆਰ ਕਰ ਰਹੀ ਸੀ। ਕੀ ਇਹ ਘੱਟ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਤੋਂ ਆਇਆ ਇੱਕ ਅਣਘੜ, ਸਿੱਧਾ ਸਾਧਾ ਦੌੜਾਕ ਟੋਰਾਂਟੋ 2015 ਵਿੱਚ ਸਕੋਸ਼ੀਆ ਬੈਂਕ ਵਾਟਰ ਫਰੰਟ ਹਾਫ ਮੈਰਾਥਨ 1 ਘੰਟਾ 50 ਮਿੰਟ ਵਿੱਚ, 2016 ਵਿੱਚ ਇਸੇ ਮੈਰਾਥਨ ਦੀ ਪੂਰੀ ਲੰਬਾਈ 42æ2 ਕਿਲੋਮੀਟਰ 2 ਘੰਟਾ 52 ਮਿੰਟ ਵਿੱਚ, 2017 ਵਿੱਚ ਹੈਮਿਲਟਨ ਦੀ ਅਰਾਊਂਡ ਦਾ ਬੇਅ 30 ਕਿਲੋਮੀਟਰ ਦੌੜ 2 ਘੰਟੇ 47 ਮਿੰਟ ਵਿੱਚ ਪੂਰੀ ਕਰ ਚੁਕਿਆ ਹੈ। ਥੋੜੇ ਦਿਨ ਪਹਿਲਾਂ ਗੁੱਡਲਾਈਫ ਟੋਰਾਂਟੋ ਮੈਰਾਥਨ 3 ਘੰਟੇ ਅਤੇ 51 ਮਿੰਟ ਵਿੱਚ ਪੂਰੀ ਕੀਤੀ ਹੈ। ਇਹਨਾਂ ਪ੍ਰਾਪਤੀਆਂ ਲਈ ਮਿਲੇ ਸਮਰੱਥਨ ਵਾਸਤੇ ਧਿਆਨ ਸਿੰਘ ਪੀਅਰਸਨ ਏਅਰਪੋਰਟ ਸਪੋਰਟਸ ਕਲੱਬ ਦੀ ਸਰਪ੍ਰਸਤੀ ਨੂੰ ਸਲਾਮ ਕਰਦਾ ਹੈ।
40 ਮੈਰਾਥਨ ਦੌੜਾਂ ਪੂਰੀਆਂ ਕਰਨ ਵਾਲੇ ਜੌਹਨ ਬਿੰਗਹੈਮ ਦਾ ਕਥਨ ਹੈ ਕਿ ਚਮਤਕਾਰ ਇਸ ਗੱਲ ਵਿੱਚ ਨਹੀਂ ਕਿ ਮੈਂ ਦੌੜ ਨੂੰ ਪੂਰਾ ਕਰ ਲੈਂਦਾ ਹਾਂ ਸਗੋਂ ਚਮਤਕਾਰ ਇਸ ਗੱਲ ਵਿੱਚ ਹੈ ਕਿ ਮੇਰੇ ਵਿੱਚ ਦੌੜ ਦੀ ‘ਸ਼ੁਰੂਆਤ’ ਕਰਨ ਦੀ ਹਿੰਮਤ ਸੀ। ਧਿਆਨ ਸਿੰਘ ਸੋਹਲ ਨੇ ਵੀ ਸਹਿਜ ਸੁਭਾਅ ਹੀ ਇੱਕ ਮਹਾਨ ਯਾਤਰਾ ਦੀ ਸ਼ੁਰੂਆਤ 20 ਸਾਲ ਪਹਿਲਾਂ ਕਰ ਲਈ ਸੀ। ਧਿਆਨ ਸਿੰਘ ਨੂੰ ਜੌਹਨ ਬਿੰਗਹੈਮ ਵਰਗੀਆਂ ‘ਫੈਲਸੂਫੀਆਂ’ ਦਾ ਬੇਸ਼ੱਕ ਗਿਆਨ ਨਾ ਹੋਵੇ ਲੇਕਿਨ ਦੌੜਨ ਦਾ ਮੋਹ ਉਸਨੂੰ ਫੌਜਾ ਸਿੰਘ ਦੀ ਲਾਈਨ ਉੱਤੇ ਚੱਲਣ ਲਈ ਹਰ ਰੋਜ਼ ਉਤਸ਼ਾਹਿਤ ਕਰਦਾ ਹੈ।
ਹੀਰੇ ਵਿੱਚ ਚਮਕ ਪੈਦਾਇਸੀ ਨਹੀਂ ਹੁੰਦੀ ਸਗੋਂ ਹੀਰੇ ਨੂੰ ਤਰਾਸ਼ਣ ਦੀ ਕਲਾ ਵਿੱਚ ਲੁਕੀ ਹੁੰਦੀ ਹੈ। ਧਿਆਨ ਸਿੰਘ ਵੀ ਬੇਮਿਸਾਲ ਸੰਭਾਵਨਾਵਾਂ ਨਾਲ ਲੈਸ ਇੱਕ ਅਜਿਹਾ ਹੀਰਾ ਹੈ ਜਿਸਨੂੰ ਸਹੀ ਤਰੀਕੇ ਤਰਾਸ਼ਿਆਂ ਕਿਸੇ ਦਿਨ ਸਿੱਖ ਕੌਮ ਨੂੰ ਬੇਅੰਤ ਮਾਣ ਹੋ ਸਕਦਾ ਹੈ। ਹਿੰਮਤ ਅਤੇ ਨਿਸ਼ਚੇ ਦਾ ਗੱਫਾ ਰੱਬ ਵੱਲੋਂ ਉਸਨੂੰ ਚੋਖੀ ਮਿਕਦਾਰ ਵਿੱਚ ਮਿਲਿਆ ਹੋਇਆ ਹੈ। ਹੁਣ ਲੋੜ ਉਹਨਾਂ ਸ੍ਰੋਤਾਂ ਦੀ ਹੈ ਜਿਹੜੇ ਕੌਮੀ ਹੀਰਿਆਂ ਨੂੰ ਚਮਕਾਉਣ ਲਈ ਚਾਹੀਦੇ ਹੁੰਦੇ ਹਨ। ਧਿਆਨ ਸਿੰਘ ਦਾ ਇਰਾਦਾ ਅਪਰੈਲ 2018 ਵਿੱਚ ਹੋਣ ਵਾਲੀ ਬੌਸਟਨ ਮੈਰਾਥਨ ਵਿੱਚ ਹਿੱਸਾ ਲੈਣ ਦਾ ਹੈ। ਧਿਆਨ ਸਿੰਘ ਨੂੰ ਇਸ ਮੰਜ਼ਲ ਤੱਕ ਪਹੁੰਚਾਉਣ ਲਈ ਉਸਦੇ ਸਾਥੀ ਵਿਸ਼ੇਸ਼ ਕਰਕੇ ਮੈਰਾਥਨ ਕੋਚ ਕਰਮਜੀਤ ਸਿੰਘ ਅਤੇ ਸੰਧੂਰਾ ਸਿੰਘ ਬਰਾੜ ਦ੍ਰਿੜਤਾ ਨਾਲ ਲੱਗੇ ਹੋਏ ਹਨ।
ਜੇਕਰ ਟੋਰਾਂਟੋ ਇੱਕ ਹੋਰ ਦਸਤਾਰਧਾਰੀ ਫੌਜਾ ਸਿੰਘ ਨੂੰ ਪੈਦਾ ਕਰਨਾ ਲੋਚਦਾ ਹੈ ਤਾਂ ਖੇਡ ਪਰੇਮੀਆਂ ਅਤੇ ਪੰਜਾਬੀ ਕਮਿਉਨਿਟੀ ਦੀਆਂ ਵੱਡੀਆਂ ਕੰਪਨੀਆਂ/ਵਿਉਪਾਰਕ ਅਦਾਰਿਆਂ ਨੂੰ ਦਿਲ ਖੋਲ ਕੇ ਸਪਾਂਸਰਸ਼ਿੱਪ ਦੇ ਰਾਹ ਖੋਲਣੇ ਹੋਣਗੇ।  ਕਿਸੇ ਦਿਨ ਧਿਆਨ ਸਿੰਘ ਦੇ ਨਾਲ ਇਹਨਾਂ ਸਪਾਂਸਰਾਂ ਦਾ ਨਾਮ ਵੀ ਚਮਕ ਸਕਦਾ ਹੈ।