ਪੰਜਾਬੀ ਪੋਸਟ ਦੀ ਨਹੀਂ, ‘ਸੀ ਬੀ ਸੀ’ ਦੀ ਸਲਾਹ ਮੰਨ ਲੈਣ ਟਰੂਡੋ

zzzzzzzz-300x11112

ਸੀ ਬੀ ਸੀ ਭਾਵ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਕੈਨੇਡਾ ਦੀ ਕਰਾਊਂਨ ਕਾਰਪੋਰੇਸ਼ਨ ਹੈ ਜਿਸਦਾ ਅਰਥ ਹੈ ਕਿ ਇਹ ਸਰਕਾਰੀ ਏਜੰਸੀ ਹੈ ਜੋ ਕੈਨੇਡਾ ਦੇ ਕੌਮੀ ਰੇਡੀਓ ਅਤੇ ਟੈਲੀਵੀਜ਼ਨ ਬਰਾਡਕਾਸਟਰ ਵਜੋਂ ਕੰਮ ਕਰਦੀ ਹੈ। ਸੀ ਬੀ ਸੀ ਵੱਲੋਂ ਆਪਣੀ ਵੈੱਬਸਾਈਟ ਉੱਤੇ ਗਰਾਈਮ ਗੌਰਡਨ ਦਾ ਲਿਖਿਆ ਕੱਲ ਇੱਕ ਦਿਲਚਸਪ ਆਰਟੀਕਲ ਛਾਪਿਆ ਗਿਆ ਜਿਸਦਾ ਸਿਰਲੇਖ ਸੀ, “ਟਰੂਡੋ ਨੂੰ ਲਾਚਾਰ ਰਿਫਿਊਜੀਆਂ ਨੂੰ ਇਹ ਆਖਣਾ ਸ਼ਾਇਦ ਬੰਦ ਕਰ ਦੇਣਾ ਚਾਹੀਦਾ ਹੈ ਕਿ ਕੈਨੇਡਾ ਵਿੱਚ ਹਰ ਇੱਕ ਦਾ ਸੁਆਗਤ ਕੀਤਾ ਜਾਂਦਾ ਹੈ’। ਆਰਟੀਕਲ ਵਿੱਚ ਕੁੱਝ ਹੋਰ ਗੱਲਾਂ ਲਿਖੀਆਂ ਗਈਆਂ ਹਨ ਜਿਹਨਾਂ ਦਾ ਤੱਥ ਸਾਰ ਇੱਥੇ ਦਿੱਤਾ ਜਾਣਾ ਲਾਜ਼ਮੀ ਬਣਦਾ ਹੈ:

·        ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਵਿੱਚ ਵੱਸਦੇ ਲੱਖਾਂ ਗੈਰਕਨੂੰਨੀ ਪਰਵਾਸੀਆਂ ਨੂੰ ਇਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਜੇਕਰ ਤੁਹਾਨੂੰ ਅਮਰੀਕਾ ਵਿੱਚ ਡਰ ਲੱਗਦਾ ਹੈ, ਤੁਹਾਡਾ ਰਿਫਿਊਜੀ ਕਲੇਮ ਫੇਲ ਹੋ ਚੁੱਕਾ ਹੈ ਜਾਂ ਮੈਕਸੀਕੋ ਵਿੱਚ ਮਿਲਦੀ ਤਨਖਾਹ ਤੋਂ ਜੇਕਰ ਤੁਸੀਂ ਖੁਸ਼ ਨਹੀਂ ਹੋ ਤਾਂ ਤੁਹਾਡਾ ਕੈਨੇਡਾ ਵਿੱਚ ਸੁਆਗਤ ਕੀਤਾ ਜਾਂਦਾ ਹੈ। ਕਾਰਣ ਕਿ ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਦੀ ਤੁੱਛ ਜਹੀ ਵੀ ਜਾਣਕਾਰੀ ਰੱਖਣ ਵਾਲੇ ਜਾਣਦੇ ਹਨ ਕਿ ਟਰੂਡੋ ਵੱਲੋਂ ਦਿੱਤਾ ਜਾ ਰਿਹਾ ਪ੍ਰਭਾਵ ਸਹੀ ਨਹੀਂ ਹੈ।
·        ਟਰੂਡੋ ਅਸਲ ਵਿੱਚ ਲੋਕਾਂ ਨੂੰ ਆਪਣਾ ਘਰ ਬਾਰ ਛੱਡ ਕੇ ਰਿਫਿਊਜੀ ਬਣਨ ਲਈ ਉਤਸ਼ਾਹਿਤ ਕਰ ਰਿਹਾ ਹੈ ਜਿਸ ਨਾਲ ਇੰਮੀਗਰੇਸ਼ਨ ਸਿਸਟਮ ਦਾ ਪਹੀਆ ਪੱਟੜੀ ਤੋਂ ਥੱੱਲੇ ਉੱਤਰ ਰਿਹਾ ਹੈ।
·        ਟਰੂਡੋ ਦੇ ਬੋਲ ਕੈਨੇਡੀਅਨਾਂ ਵਿੱਚ ਅਸੁਰੱਖਿਅਤਾ ਦੀ ਭਾਵਨਾ ਪੈਦਾ ਕਰ ਰਹੇ ਹਨ ਅਤੇ ਉਹਨਾਂ ਵਿੱਚ ਇੰਮੀਗਰਾਟਾਂ ਪ੍ਰਤੀ ਅਸਿਹਸ਼ੀਲਤਾ ਦੀ ਭਾਵਨਾ ਤਿੱਖੀ ਹੋ ਰਹੀ ਹੈ। ਜੇਕਰ ਇਸ ਰੁਝਾਨ ਨੂੰ ਬੰਦ ਨਾ ਕੀਤਾ ਗਿਆ ਤਾਂ ਕੈਨੇਡਾ ਵਿੱਚ ਬਰੈਕਸਿਟ (Brexit) ਅਤੇ ਟਰੰਪ ਵਰਗੇ ਵਰਤਾਰੇ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਧਾਨ ਮੰਤਰੀ ਟਰੂਡੋ ਜੁੰਮੇਵਾਰ ਹੋਵੇਗਾ।
·        ਇਸਤੋਂ ਪਹਿਲਾਂ ਕਿ ਲਾਚਾਰ ਰਿਫਿਊਜੀ ਟਰੂਡੋ ਦੀਆਂ ਫੋਕੀਆਂ ਗੱਲਾਂ ਨੂੰ ਸੱਚ ਮੰਨ ਕੇ ਕੈਨੇਡਾ ਪੁੱਜਣ ਦੇ ਰਾਹ ਨਾਪਣ ਨਿਕਲ ਪੈਣ, ਟਰੂਡੋ ਨੂੰ ਆਪਣੀ ਗੱਲ ਨੂੰ ਸੰਕੋਚ ਨਾਲ ਕਰਨਾ ਆਰੰਭ ਕਰਨਾ ਚਾਹੀਦਾ ਹੈ।

ਸੀ ਬੀ ਸੀ ਦਾ ਆਰਟੀਕਲ ਦੱਸਦਾ ਹੈ ਕਿ ਰਿਫਿਊਜੀਆਂ ਨੂੰ ਬੇਲੋੜਾ ਉਤਸ਼ਾਹਿਤ ਕਰਨ ਦਾ ਮਾੜਾ ਰੁਝਾਨ ਜਸਟਿਨ ਟਰੂਡੋ ਵੱਲੋਂ 28 ਜਨਵਰੀ 2017 ਨੂੰ ਲਿਖੇ ਗਏ ਇੱਕ ਟਵੀਟ ਤੋਂ ਬਾਅਦ ਆਰੰਭ ਹੋਇਆ। ਇਹ ਵਟੀਵ ਸੀ, “ਜਿਹੜੇ ਲੋਕ ਦਮਨ, ਅਤਿਵਾਦ ਅਤੇ ਜੰਗ ਕਾਰਣ ਘਰ ਘਾਟ ਛੱਡ ਕੇ ਭੱਜ ਰਹੇ ਹਨ, ਊਹਨਾਂ ਦਾ ਜਿਹੜਾ ਮਰਜ਼ੀ ਧਰਮ ਹੋਵੇ, ਕੈਨੇਡੀਅਨ ਉਹਨਾਂ ਦਾ ਸੁਆਗਤ ਕਰਦੇ ਹਨ। ਵਿਭਿੰਨਤਾ ਸਾਰੀ ਤਾਕਤ ਹੈ।”। ਇਸ ਟਵੀਟ ਨੂੰ 10 ਲੱਖ ਤੋਂ ਵੱਖ ਲੋਕਾਂ ਨੇ ਲਾਈਕ ਕੀਤਾ ਅਤੇ 5 ਲੱਖ ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ।

ਮਜ਼ੇਦਾਰ ਗੱਲ ਕਿ ਪ੍ਰਧਾਨ ਮੰਤਰੀ ਵੱਲੋਂ 28 ਜਨਵਰੀ ਨੂੰ ਕੀਤੇ ਟਵੀਟ ਦੀ ਪ੍ਰਤੀਕਿਰਿਆ ਵਿੱਚ ਲੇਖ ਲਿਖਣ ਲਈ ਸੀ ਬੀ ਸੀ ਨੂੰ ਤਕਰੀਬਨ ਢਾਈ ਮਹੀਨੇ ਦਾ ਸਮਾਂ ਲੱਗਿਆ। ਬਿਲਕੁਲ ਇਹੋ ਸੁਨੇਹਾ ਕੈਨੇਡੀਅਨ ਪੰਜਾਬੀ ਪੋਸਟ ਨੇ 7 ਫਰਵਰੀ ਨੂੰ “ਕੀ ਟਰੰਪ ਕੈਨੇਡੀਅਨ ਇੰਮੀਗਰੇਸ਼ਨ ਪਾਲਸੀ ਨੂੰ ਪ੍ਰਭਾਵਿਤ ਕਰੇਗਾ’ ਸਿਰਲੇਖ ਹੇਠ ਐਡੀਟੋਰੀਅਲ ਲਿਖ ਕੇ ਦੇਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਸੀ।  ਉਸ ਐਡੀਟੋਰੀਅਲ ਦਾ ਇੱਕ ਹਿੱਸਾ ਅਸੀਂ ਹੂਬਹੂ ਛਾਪਣ ਦੀ ਖੁੱਲ ਲੈਂਦੇ ਹਾਂ ਤਾਂ ਜੋ ਗੱਲ ਨੂੰ ਸਹੀ ਪਰੀਪੇਖ ਵਿੱਚ ਵੇਖਿਆ ਜਾ ਸਕੇ:

“ਟਰੰਪ ਵੱਲੋਂ ਇੰਮੀਗਰੇਸ਼ਨ ਬਾਰੇ ਐਗਜ਼ੈਕਟਿਵ ਆਰਡਰਾਂ ਉੱਤੇ ਦਸਤਖਤ ਕਰਨ ਵਾਲੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਟਵੀਟ ਬਹੁਤ ਸਰਾਹਿਆ ਗਿਆ ਸੀ। ਇਸ ਟਵੀਟ ਵਿੱਚ ਟਰੂਡੋ ਹੋਰਾਂ ਨੇ ਲਿਖਿਆ ਸੀ, “ਜਿਹੜੇ ਲੋਕ ਅੱਿਤਆਚਾਰ, ਭੈਅ ਅਤੇ ਜੰਗ ਵਿੱਚੋਂ ਬਚ ਕੇ ਭੱਜਣ ਲਈ ਮਜਬੂਰ ਹੋਏ ਹਨ, ਕੈਨੇਡੀਅਨ ਉਹਨਾਂ ਦਾ ਸੁਆਗਤ ਕਰਨਗੇ, ਬੇਸ਼ੱਕ ਤੁਹਾਡਾ ਧਰਮ ਜੋ ਮਰਜ਼ੀ ਹੋਵੇ। ਵਿਭਿੰਨਤਾ ਸਾਡੀ ਸ਼ਕਤੀ ਹੈ”। ਪ੍ਰਧਾਨ ਮੰਤਰੀ ਟਰੂਡੋ ਹੋਰਾਂ ਦਾ ਇਹ ਟਵੀਟ ਕੈਨੇਡੀਅਨ ਲੋਕਾਂ ਦੇ ਅਪਣੱਤ ਭਰੇ ਕਿਰਦਾਰ ਅਤੇ ਖੁੱਲੇ ਸੁਭਾਅ ਦੀ ਤਰਜਮਾਨੀ ਕਰਦਾ ਹੈ ਜੋ ਨਵੇਂ ਆਏ ਪਰਵਾਸੀਆਂ ਜਾਂ ਰਿਫਿਊਜੀਆਂ ਲਈ ਆਪਣੇ ਦਰਵਾਜ਼ੇ ਸਦਾ ਖੋਲਦੇ ਆਏ ਹਨ। ਸੁਆਲ ਹੈ ਕਿ ਕੀ ਟਰੂਡੋ ਹੋਰਾਂ ਦਾ ਟਵੀਟ ਸਿਰਫ ਟਵੀਟ ਸੀ ਜਾਂ ਉਹ ਸੱਚਮੁੱਚ ਵੱਧ ਗਿਣਤੀ ਵਿੱਚ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਦਾਖ਼ਲ ਕਰਨਾ ਚਾਹੁੰਦੇ ਹਨ?”

ਫੇਰ ਪੰਜਾਬੀ ਪੋਸਟ ਨੇ 22 ਮਾਰਚ ਨੂੰ “ਟਰੂਡੋ ਲਈ ਚੇਤਾਵਨੀ ਹੈ ਗੈਰਕਨੂੰਨੀ ਰਿਫਿਊਜੀਆਂ ਵਿਰੁੱਧ ਪਬਲਿਕ ਦਾ ਰੋਸ” ਸਿਰਲੇਖ ਤਹਿਤ ਇੱਕ ਹੋਰ ਆਰਟੀਕਲ ਲਿਖਿਆ। ਇਸਦਾ ਇੱਕ ਨਮੂਨਾ ਪੇਸ਼ ਹੈ:

“ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਜਿਹੇ ਬਿਆਨ ਦੇਣਾ (ਗਲਤ) ਹੈ ਕਿ ਗੈਰਕਨੂੰਨੀ ਰਿਫਿਊਜੀਆਂ ਲਈ ਕੈਨੇਡਾ ਸਵਰਗ ਸਮਾਨ ਹੈ। ਬੇਸ਼ੱਕ ਪ੍ਰਧਾਨ ਮੰਤਰੀ ਦੇ ਬਿਆਨ ਨਾਲ ਕਨੂੰਨ ਨਹੀਂ ਬਦਲ ਜਾਂਦਾ ਲੇਕਿਨ ਬਿਆਨ ਤੋਂ ਪੈਦਾ ਹੋਏ ਪ੍ਰਭਾਵ ਨਾਲ ਸੀ ਬੀ ਐਸ ਏ ਨੂੰ ਸਿੱਝਣਾ ਜਰੂਰ ਪੈਂਦਾ ਹੈ। ਪੈਦਾ ਕੀਤੇ ਗਏ ਪ੍ਰਭਾਵ ਤੋਂ ਉਲਟ ਕੈਨੇਡਾ ਦੇ ਕਸਟਮ ਅਤੇ ਇੰਮੀਗਰੇਸ਼ਨ ਵਰਕਰਾਂ ਦੀ ਯੂਨੀਅਨ ਦੇ ਨੈਸ਼ਨਲ ਪ੍ਰਧਾਨ ਜੌਨ ਪੀਅਰੇ ਫੋਰਟਿਨ ਦਾ ਆਖਣਾ ਹੈ ਕਿ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਵਾਲਿਆਂ ਵਿੱਚ ਬਹੁਤ ਲੋਕ ਉਹ ਹਨ ਜੋ ਵੱਖੋ ਵੱਖਰੇ ਮੁਲਕਾਂ ਤੋਂ ਜਹਾਜ਼ ਰਾਹੀ ਅਮਰੀਕਾ ਆਉਂਦੇ ਹਨ, ਟੈਕਸੀ ਕਰਕੇ ਸਿੱਧਾ ਕੈਨੇਡੀਅਨ ਬਾਰਡਰ ਉੱਤੇ ਆ ਦਸਤਕ ਦੇਂਦੇ ਹਨ। ਅਸਲ ਵਿੱਚ ਕੈਨੇਡੀਅਨ ਪਬਲਿਕ ਨੂੰ ਅਜਿਹੇ ਸੌਟ ਕੱਟ ਲਾਉਣ ਵਾਲਿਆਂ ਉੱਤੇ ਗੁੱਸਾ ਹੈ।”

ਕੈਨੇਡੀਅਨ ਪੰਜਾਬੀ ਪੋਸਟ ਤਾਂ ਇੱਕ ਨਿੱਕਾ ਜਿਹਾ, ਮਾੜਚੂ ਜਿਹਾ ਐਥਨਿਕ ਮੀਡੀਆ ਅਦਾਰਾ ਹੈ ਜਿਸਦੀ ਆਵਾਜ਼ ਕੋਈ ਬਹੁਤਾ ਮਾਅਨਾ ਵੀ ਨਹੀਂ ਰੱਖਦੀ। ਵੈਸੇ ਵੀ ਜੇ ਕੋਈ ਡਾਹਢਾ ਚਾਹੇ ਤਾਂ ਇਸਨੂੰ ਇੱਕ ਘੁਰਕੀ ਨਾਲ ਹੀ ਚੁੱਪ ਵੀ ਕਰਵਾ ਸਕਦਾ ਹੈ। ਪਰ ਸੀ ਬੀ ਸੀ ਦੀ ਗੱਲ ਤਾਂ ਸਿਆਣੇ ਦਿਮਾਗਾਂ ਦੀ ਉਪਜ ਹੈ, ਸੋ ਉਮੀਦ ਹੈ ਕਿ ਜੇਕਰ ਪ੍ਰਧਾਨ ਮੰਤਰੀ ਸਾਡੀ ਗੱਲ ਉੱਤੇ ਨਹੀਂ ਤਾਂ ਸਿਆਣਿਆਂ ਦੀ ਗੱਲ ਉੱਤੇ ਗੌਰ ਜਰੂਰ ਕਰਨਗੇ।