ਪੰਜਾਬੀ ਨੂੰ ਗੈਸ ਸਟੇਸ਼ਨ ‘ਤੇ ਮਿਲਾਵਟ ਦੇ ਦੋਸ਼ ‘ਚ ਦੋ ਸਾਲ ਦੀ ਕੈਦ

jailed
ਲੈਸਟਰ (ਇੰਗਲੈਂਡ), 21 ਅਪ੍ਰੈਲ (ਪੋਸਟ ਬਿਊਰੋ)- ਇਥੇ ਇਕ ਪੰਜਾਬੀ ਕਾਰੋਬਾਰੀ ਨੂੰ ਆਪਣੇ ਗੈਸ ਸਟੇਸ਼ਨ ‘ਤੇ ਵੱਖ-ਵੱਖ ਤਰ੍ਹਾਂ ਦਾ ਤੇਲ ਮਿਲਾ ਕੇ ਵੇਚਣ ਅਤੇ ਟੈਕਸਾਂ ਰਾਹੀਂ 79,000 ਪੌਂਡ ਦੀ ਹੇਰਾਫੇਰੀ ਲਈ ਦੋ ਸਾਲ ਜੇਲ ਦੀ ਸਜ਼ਾ ਹੋਈ ਹੈ। ਸਥਾਨਕ ਮੈਜਿਸਟਰੇਟ ਦੀ ਅਦਾਲਤ ‘ਚ ਇਸ ਕੇਸ ਦੀ ਸੁਣਵਾਈ ਮੌਕੇ ਦੱਸਿਆ ਗਿਆ ਸੀ ਕਿ ਇਕ ਪੰਜਾਬੀ ਕਾਰੋਬਾਰੀ ਨੇ ਆਪਣੀ ਕੰਪਨੀ ‘ਚ ਸਸਤੇ ਤੇਲ ਦਾ ਮਿਸ਼ਰਣ ਕਰਕੇ ਵੇਚਿਆ ਸੀ। ਉਹ ਟੈਕਸ ਰਹਿਤ ਸਸਤਾ ਤੇਲ ਖਰੀਦਦਾ ਸੀ ਅਤੇ ਉਨ੍ਹਾਂ ਨੂੰ ਡੀਜ਼ਲ ਵਿੱਚ ਮਿਲਾ ਕੇ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਤੇਲ ਤੋਂ ਟੈਕਸਾਂ ਰਾਹੀਂ ਵਧੇਰੇ ਕਮਾਈ ਕਰਦਾ ਰਿਹਾ ਸੀ।
ਇਹ ਧੋਖਾਧੜੀ ਇਕ ਟੈਕਸੀ ਵਿੱਚ ਉਕਤ ਪੰਜਾਬੀ ਦੇ ਪੈਟਰੋਲ ਸਟੇਸ਼ਨ ਤੋਂ ਪੁਆਏ ਤੇਲ ਦੀ ਜਾਂਚ ਉਪਰੰਤ ਸਾਹਮਣੇ ਆਈ ਸੀ। ਰੈਵੇਨਿਊ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਪੰਜਾਬੀ ਨੇ ਨਾ ਕੇਵਲ ਟੈਕਸਾਂ ਦੀ ਚੋਰੀ ਕੀਤੀ, ਸਗੋਂ ਉਸ ਨੇ ਈਮਾਨਦਾਰ ਗਾਹਕਾਂ ਨਾਲ ਵੀ ਧੋਖਾ ਕੀਤਾ ਹੈ। ਅਦਾਲਤ ਵਿੱਚ ਦੱਸਿਆ ਗਿਆ ਸੀ ਕਿ ਉਕਤ ਕਾਰੋਬਾਰੀ ਪੰਜਾਬੀ ਇਸ ਧੋਖਾਧੜੀ ਰਾਹੀਂ ਸ਼ਾਨਦਾਰ ਜੀਵਨ ਬਸਰ ਕਰ ਰਿਹਾ ਸੀ, ਜਿਸ ਕੋਲ ਦੋ ਮਹਿੰਗੀਆਂ ਕਾਰਾਂ ਹਨ। ਇਸ ਧੋਖਾਧੜੀ ਤਹਿਤ ਉਕਤ ਪੰਜਾਬੀ ਨੂੰ ਪਿਛਲੇ ਮਹੀਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਹੁਣ ਅਦਾਲਤ ਨੇ ਉਸ ਦੀ ਕਮਾਈ ਵਿੱਚੋਂ 24,805 ਪੌਂਡ ਜ਼ਬਤ ਕਰ ਲਏ ਹਨ।