ਪੰਜਾਬੀਆਂ ਦੇ ਫਤਵੇ ਦਾ ਲੇਖਾ ਜੋਖਾ

-ਉਜਾਗਰ ਸਿੰਘ
ਪੰਜਾਬ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਪ੍ਰਵਾਨ ਕਰ ਕੇ ਠੋਸ ਬਹੁਮਤ ਦੇ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਕੀਤੀ ਹੈ। ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਸਨ ਕਿ ਦਲੇਰ, ਪੜ੍ਹੇ ਲਿਖੇ, ਸਖਤ ਅਤੇ ਸਫਲ ਪ੍ਰਬੰਧਕੀ ਤਜਰਬੇ ਵਾਲੇ ਸਿਆਸਤਦਾਨ ਦੀ ਅਗਵਾਈ ਦੀ ਲੋੜ ਸੀ, ਕਿਉਂਕਿ ਪੰਜਾਬ ਦੇ ਸਿਰ ਇਸ ਸਮੇਂ ਇਕ ਲੱਖ 78 ਕਰੋੜ ਰੁਪਏ ਦਾ ਕਰਜ਼ਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਦੇ ਵੋਟਰਾਂ ਨੂੰ ਹੋਰ ਅਜਿਹਾ ਸਿਆਸਤਦਾਨ ਨਹੀਂ ਲੱਭਿਆ ਜਿਹੜਾ ਕਰੜੇ ਹੱਥੀਂ ਫੈਸਲੇ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਲੀਹੇ ਪਾ ਸਕਦਾ ਹੋਵੇ। ਇਸ ਫੈਸਲੇ ਪਿੱਛੋਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਵੋਟਰ ਹੁਣ ਸੁਚੇਤ, ਸੁੱਘੜ ਤੇ ਸੰਜੀਦਾ ਬਣ ਗਏ ਲੱਗਦੇ ਹਨ, ਜਿਨ੍ਹਾਂ ਲੰਗੜੀ ਵਿਧਾਨ ਸਭਾ ਆਉਣ ਦੀਆਂ ਸਾਰੀਆਂ ਸਿਆਸੀ ਕਿਆਸਅਰਾਈਆਂ ਨੂੰ ਠੱਲ੍ਹ ਪਾ ਕੇ ਸਪੱਸ਼ਟ ਬਹੁਮਤ ਦਿੱਤਾ ਹੈ।
ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਭਾਵੇਂ 48 ਸੀਟਾਂ ਜਿੱਤ ਕੇ ਅਤੇ 40 ਫੀਸਦੀ ਵੋਟਾਂ ਪ੍ਰਾਪਤ ਕਰਕੇ ਵੀ ਹਾਰ ਗਈ ਸੀ, ਇਸ ਵਾਰੀ 38.5 ਫੀਸਦੀ ਵੋਟਾਂ ਲੈ ਕੇ 77 ਸੀਟਾਂ ਤੋਂ ਜਿੱਤ ਗਈ ਹੈ। ਆਮ ਆਦਮੀ ਪਾਰਟੀ 24 ਫੀਸਦੀ ਵੋਟਾਂ ਲੈ ਕੇ 20 ਸੀਟਾਂ, ਅਕਾਲੀ ਦਲ 25 ਫੀਸਦੀ ਵੋਟਾਂ ਨਾਲ 15 ਅਤੇ ਭਾਰਤੀ ਜਨਤਾ ਪਾਰਟੀ 1.5 ਫੀਸਦੀ ਵੋਟਾਂ ਨਾਲ ਤਿੰਨ ਸੀਟਾਂ ਜਿੱਤ ਸਕੀ ਹੈ। ਦੋ ਸੀਟਾਂ ਲੋਕ ਇਨਸਾਫ ਪਾਰਟੀ ਨੇ ਜਿੱਤੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦਾ ਰੌਲਾ ਗੌਲਾ ਸੀ, ਉਸ ਦੇ 26 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਕੁੱਲ 1146 ਉਮੀਦਵਾਰਾਂ ਵਿੱਚੋਂ 820 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਜਿਨ੍ਹਾਂ ਵਿੱਚ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਸੇਵਾਮੁਕਤ ਜਨਰਲ ਜੇ ਜੇ ਸਿੰਘ, ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅਤੇ ਹਿੰਮਤ ਸਿੰਘ ਸ਼ੇਰਗਿੱਲ, ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਮਾਨ ਦਲ ਦੇ ਸਾਰੇ ਉਮੀਦਵਾਰਾਂ ਤੇ ਆਪਣਾ ਪੰਜਾਬ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਸਣੇ ਸਾਰੇ ਉਮੀਦਵਾਰ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਕਰੀਮਪੁਰੀ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਗਿਆਰਾਂ ਉਮੀਦਵਾਰਾਂ ਨੂੰ ਸੌ ਤੋਂ ਘੱਟ ਵੋਟਾਂ ਪਈਆਂ। ਹੈਰਾਨੀ ਦੀ ਗੱਲ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੂੰ 1500 ਤੋਂ ਘੱਟ ਵੋਟਾਂ ਪਈਆਂ। ਇਹ ਸੋਚਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਇਕ ਲੱਖ ਵੋਟਰਾਂ ਨੇ ਨੋਟਾਂ ਦੀ ਵਰਤੋਂ ਕਰਕੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ। ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਧ 52,407 ਅਤੇ ਦਵਿੰਦਰ ਸਿੰਘ ਘੁਬਾਇਆ ਸਭ ਤੋਂ ਘੱਟ 265 ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਕਾਂਗਰਸ ਦੇ ਸੱਤ ਉਮੀਦਵਾਰ 30 ਹਜ਼ਾਰ ਤੋਂ ਵੱਧ ਅਤੇ 35 ਉਮੀਦਵਾਰ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਹਨ। ਕਾਂਗਰਸ ਨੇ 34 ਰਾਖਵੀਆਂ ਸੀਟਾਂ ਵਿੱਚੋਂ 20 ਸੀਟਾਂ ਜਿੱਤ ਕੇ ਇਨ੍ਹਾਂ ਵਰਗਾਂ ਦੇ ਵੋਟਰਾਂ ਨੂੰ ਆਪਣੇ ਨਾਲ ਜੋੜ ਲਿਆ ਹੈ। ਸਾਲ 2012 ਵਿੱਚ ਕਾਂਗਰਸ ਨੇ ਦਸ ਰਾਖਵੀਆਂ ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਦਾ ਸਾਬਕਾ ਲਾਈਨਮੈਨ ਪਿਰਮਲ ਸਿੰਘ ਧੌਲਾ ਭਦੌੜ ਤੋਂ ਅਕਾਲੀ ਦਲ ਦੇ ਸੰਤ ਅਜੀਤ ਸਿੰਘ ਅਤੇ ਰੋਪੜ ਤੋਂ ਅਮਰਜੀਤ ਸਿੰਘ ਟੈਕਸੀ ਡਰਾਈਵਰ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਹਰਾ ਕੇ ਵਿਧਾਇਕ ਬਣ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 12 ਮੰਤਰੀਆਂ ਤੋਂ ਇਲਾਵਾ ਭਗਵੰਤ ਮਾਨ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਅਤੇ ਹਿੰਮਤ ਸਿੰਘ ਸ਼ੇਰਗਿੱਲ ਚੋਣ ਹਾਰ ਗਏ ਹਨ। ਕਾਂਗਰਸ ਦੇ ਇਕ ਦਰਜਨ ਦਿੱਗਜ ਵੀ ਹਾਰ ਗਏ ਹਨ, ਜਿਨ੍ਹਾਂ ਵਿੱਚ ਰਾਜਿੰਦਰ ਕੌਰ ਭੱਠਲ, ਮਹਿੰਦਰ ਸਿੰਘ ਕੇ ਪੀ, ਸੁਨੀਲ ਜਾਖੜ, ਕੇਵਲ ਢਿੱਲੋਂ, ਕਰਨ ਕੌਰ ਬਰਾੜ, ਰਵਨੀਤ ਸਿੰਘ ਬਿੱਟੂ, ਅਸ਼ਵਨੀ ਸੇਖੜੀ, ਅਜੀਤਇੰਦਰ ਸਿੰਘ ਮੋਫਰ ਤੇ ਜਗਮੋਹਨ ਸਿੰਘ ਕੰਗ ਸ਼ਾਮਲ ਹਨ। 12 ਸਾਬਕਾ ਅਧਿਕਾਰੀ ਚੋਣ ਲੜੇ, ਜਦ ਕਿ ਉਨ੍ਹਾਂ ਵਿੱਚੋਂ ਤਿੰਨ ਸੋਮ ਪ੍ਰਕਾਸ਼, ਕੁਲਦੀਪ ਸਿੰਘ ਅਤੇ ਅਜਾਇਬ ਸਿੰਘ ਭੱਟੀ ਚੋਣ ਜਿੱਤੇ ਹਨ। ਸਾਰੇ ਕਲਾਕਾਰ ਉਮੀਦਵਾਰ ਚੋਣ ਹਾਰ ਗਏ। ਦੋ ਖਿਡਾਰੀ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਚੋਣ ਜਿੱਤੇ ਹਨ। 81 ਇਸਤਰੀ ਉਮੀਦਵਾਰਾਂ ਵਿੱਚੋਂ ਛੇ ਇਸਤਰੀਆਂ ਤਿੰਨ ਕਾਂਗਰਸ ਅਤੇ ਤਿੰਨ ਆਮ ਆਦਮੀ ਦੀਆਂ ਜਿੱਤ ਗਈਆਂ ਹਨ।
ਇਸ ਵਾਰ ਸਾਰੀ ਚੋਣ ਨੌਜਵਾਨਾਂ ਦੇ ਦੁਆਲੇ ਘੁੰਮਦੀ ਰਹੀ, ਕਿਉਂਕਿ ਕਿਹਾ ਜਾਂਦਾ ਸੀ ਕਿ ਸਰਕਾਰ ਬਣਾਉਣ ਦਾ ਦਾਰੋਮਦਾਰ ਨੌਜਵਾਨ ਵੋਟਰ ਹਨ, ਕਿਉਂਕਿ 18 ਤੋਂ 39 ਸਾਲ ਦੇ 53 ਫੀਸਦੀ ਵੋਟਰ ਹਨ। ਉਨ੍ਹਾਂ ਵਿੱਚੋਂ ਬਹੁਤੇ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਫਿਰਦੇ ਦੱਸੇ ਜਾਂਦੇ ਸਨ। ਇਸ ਲਈ ਆਮ ਆਦਮੀ ਪਾਰਟੀ ਨੇ 25 ਤੋਂ 35 ਸਾਲ ਦੇ 16 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ। ਕਾਂਗਰਸ ਨੇ ਛੇ ਅਤੇ ਅਕਾਲੀ ਦਲ ਨੇ ਦੋ ਨੌਜਵਾਨ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ, ਜਦ ਕਿ ਸਾਰੀਆਂ ਪਾਰਟੀਆਂ ਦੇ 60 ਉਮੀਦਵਾਰ 50 ਸਾਲ ਤੋਂ ਘੱਟ ਉਮਰ ਦੇ ਸਨ। ਕਾਂਗਰਸ ਪਾਰਟੀ ਦੇ ਦੋ ਉਮੀਦਵਾਰ 25 ਸਾਲ ਦੇ ਦਵਿੰਦਰ ਸਿੰਘ ਘੁਬਾਇਆ ਅਤੇ ਅੰਗਦ ਸਿੰਘ ਸੈਣੀ ਅਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਹੇਅਰ ਸਭ ਤੋਂ ਛੋਟੀ ਉਮਰ ਦੇ ਹਨ। ਤਿੰਨੇ ਚੋਣ ਜਿੱਤ ਗਏ। ਪੰਜਾਬ ਨੂੰ ਤਿੰਨ ਖਿੱਤਿਆਂ ਮਾਲਵਾ, ਮਾਝਾ ਅਤੇ ਦੁਆਬਾ ਵਿੱਚ ਵੰਡਿਆ ਜਾਂਦਾ ਹੈ। ਮਾਲਵਾ ਬੈਲਟ Ḕਚ 69 ਸੀਟਾਂ ਹਨ, ਜਿਸ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਸਮਝਿਆ ਜਾਂਦਾ ਸੀ। ਇਥੋਂ ਕਾਂਗਰਸ ਪਾਰਟੀ 40 ਸੀਟਾਂ, ਆਮ ਆਦਮੀ ਪਾਰਟੀ 18, ਅਕਾਲੀ ਦਲ ਅੱਠ, ਲੋਕ ਇਨਸਾਫ ਪਾਰਟੀ ਦੋ ਅਤੇ ਭਾਰਤੀ ਜਨਤਾ ਪਾਰਟੀ ਨੇ ਇਕ ਸੀਟ ਜਿੱਤੀ ਹੈ। ਮਾਝਾ Ḕਚ 25 ਸੀਟਾਂ ਹਨ, ਜਿਸ ਵਿੱਚੋਂ ਕਾਂਗਰਸ ਨੇ 22, ਅਕਾਲੀ ਦਲ ਨੇ ਦੋ ਅਤੇ ਇਕ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਹੈ।
ਦੁਆਬਾ ਵਿੱਚ 23 ਸੀਟਾਂ ਹਨ, ਜਿਸ ਵਿੱਚੋਂ ਕਾਂਗਰਸ ਨੇ 15, ਅਕਾਲੀ ਦਲ ਨੇ ਪੰਜ, ਆਮ ਆਦਮੀ ਨੇ ਦੋ ਤੇ ਭਾਰਤੀ ਜਨਤਾ ਪਾਰਟੀ ਨੇ ਇਕ ਸੀਟ ਜਿੱਤੀ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ 2012 ਵਿੱਚ ਬੀ ਜੇ ਪੀ ਨੇ 12 ਅਤੇ ਅਕਾਲੀ ਦਲ ਨੇ 56 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਹਨ। ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮਾੜੀ ਨਹੀਂ ਗਿਣਿਆ ਜਾ ਸਕਦਾ। ਅਕਾਲੀਆਂ ਦੇ ਵੱਡੇ ਲੀਡਰਾਂ ਦੇ 28 ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਸਪੁੱਤਰ ਅਤੇ ਜਵਾਈ ਸ਼ਾਮਲ ਸਨ। ਇਨ੍ਹਾਂ Ḕਚੋਂ 15 ਜਿੱਤ ਗਏ, ਪ੍ਰੰਤੂ ਤਿੰਨੇ ਜਵਾਈ ਚੋਣ ਹਾਰ ਗਏ ਹਨ। ਕਾਂਗਰਸ ਪਾਰਟੀ ਦੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ Ḕਤੇ ਇਕ ਪਰਵਾਰ ਦੇ ਇਕ ਮੈਂਬਰ ਨੂੰ ਟਿਕਟ ਦੇਣ ਦੇ ਫੈਸਲੇ ਦਾ ਚੰਗਾ ਪ੍ਰਭਾਵ ਪਿਆ, ਜਿਸ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਟਿਕਟਾਂ ਮਿਲੀਆਂ ਤੇ ਜਿੱਤ ਪ੍ਰਾਪਤ ਹੋਈ। ਕਾਂਗਰਸ ਨੇ ਪਰਵਾਰਵਾਦ ਪ੍ਰਣਾਲੀ ਨੂੰ ਖਤਮ ਕਰਨ ਲਈ ਪਹਿਲ ਕੀਤੀ ਪਰ ਅਕਾਲੀ ਦਲ ਨੇ ਉਤਸ਼ਾਹਿਤ ਕੀਤਾ ਹੈ।
ਆਮ ਆਦਮੀ ਪਾਰਟੀ ਵਿੱਚੋਂ ਸੁੱਚਾ ਸਿੰਘ ਛੋਟੇਪੁਰ ਦਾ ਬਾਹਰ ਨਿਕਲਣਾ, ਚੋਣ ਮਨੋਰਥ ਪੱਤਰ ਉਪਰ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਝਾੜੂ ਦੀ ਤਸਵੀਰ ਛਾਪਣਾ, ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਦਾ ਉਮੀਵਦਾਰ ਐਲਾਨਣ ਦਾ ਫੈਸਲਾ ਕਰਨ ਵਿੱਚ ਅਸਫਲ ਰਹਿਣਾ, ਮੌੜ ਮੰਡੀ ਵਿਖੇ ਬੰਬ ਫਟਣ ਤੇ ਦਿੱਲੀ ਦੇ ਮੁੱਖ ਮੰਤਰੀ ਦੇ ਚੋਣਾਂ ਸਮੇਂ ਇਕ ਅੱਤਵਾਦੀ ਦੇ ਘਰ ਠਹਿਰਨ ਦਾ ਮੁੱਲ ਤਾਰਨਾ ਪਿਆ, ਕਿਉਂਕਿ ਪੰਜਾਬੀਆਂ ਵਿੱਚ ਡਰ ਤੇ ਸਹਿਮ ਪੈਦਾ ਹੋ ਗਿਆ, ਜਿਸ ਕਰਕੇ ਬਹੁਤੇ ਹਿੰਦੂਆਂ ਨੇ ਕਾਂਗਰਸ ਨੂੰ ਵੋਟਾਂ ਪਾ ਦਿੱਤੀਆਂ। ਟਿਕਟਾਂ ਦੇਣ ਸਮੇਂ ਵਲੰਟੀਅਰਾਂ ਨੂੰ ਅਣਡਿੱਠ ਕਰਨਾ ਅਤੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਨੇਤਾਵਾਂ ਨੂੰ ਟਿਕਟਾਂ ਦੇਣੀਆਂ ਵੀ ਆਮ ਆਦਮੀ ਪਾਰਟੀ ਲਈ ਭਾਰੂ ਪਿਆ। ਸਭ ਤੋਂ ਵੱਡਾ ਕਾਰਨ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਵੱਧ ਅਹਿਮੀਅਤ ਦੇਣਾ ਅਤੇ ਪੰਜਾਬੀਆਂ Ḕਤੇ ਵਿਸ਼ਵਾਸ ਨਾ ਕਰਨਾ ਵੀ ਵੋਟਰਾਂ ਦੇ ਮਨਾਂ ਵਿੱਚ ਗੁੱਸਾ ਪੈਦਾ ਕਰ ਗਿਆ। ਅਕਾਲੀਆਂ ਦੀਆਂ ਜੜ੍ਹਾਂ ਵਿੱਚ ਡੇਰਾ ਸੱਚਾ ਸੌਦਾ ਤੋਂ ਸਹਾਇਤਾ ਲੈਣ, ਭ੍ਰਿਸ਼ਟਾਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਗੁੰਡਾਗਰਦੀ, ਹਲਕਾ ਇੰਚਾਰਜਾਂ ਦੀਆਂ ਜ਼ਿਆਦਤੀਆਂ ਅਤੇ ਰੇਤਾ ਬੱਜਰੀ Ḕਤੇ ਕਬਜ਼ਾ ਕਰਕੇ ਸੋਨੇ ਦੇ ਭਾਅ ਵੇਚਣਾ ਆਦਿ ਮਹਿੰਗਾ ਪਿਆ।
ਕੈਪਟਨ ਅਮਰਿੰਦਰ ਸਿੰਘ ਭਾਵੇਂ ਸੁਯੋਗ, ਸਮਝਦਾਰ ਸਿਆਸਤਦਾਨ ਅਤੇ ਸਫਲ ਪ੍ਰਬੰਧਕ ਹਨ, ਪਰ ਪੰਜਾਬ ਸਰਕਾਰ ਦੀ ਵਰਤਮਾਨ ਆਰਥਿਕ ਹਾਲਤ ਨੂੰ ਮੁੜ ਲੀਹ Ḕਤੇ ਲਿਆਉਣਾ ਬੜਾ ਔਖਾ ਹੈ। ਉਨ੍ਹਾਂ ਨੂੰ ਸਤਲੁਜ-ਯਮੁਨਾ ਨਹਿਰ ਦੀ ਸਮੱਸਿਆ ਨਾਲ ਨਿਪਟਣਾ, ਨਸ਼ਿਆਂ ਨੂੰ ਖਤਮ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਮੁਫਤ ਰਿਆਇਤਾਂ ਚਾਲੂ ਰੱਖਣਾ ਅਤੇ ਕਿਸਾਨ ਖੁਦਕੁਸ਼ੀਆਂ ਨੂੰ ਰੋਕਣਾ ਪੈਣਾ ਹੈ। ਸਖਤ ਕਦਮ ਚੁੱਕਣੇ ਸਮੇ ਦੀ ਮੰਗ ਹੋਵੇਗੀ ਤਾਂ ਹੀ ਪੰਜਾਬੀਆਂ ਦਾ ਭਲਾ ਹੋ ਸਕਦਾ ਹੈ। ਉਮੀਦ ਹੈ ਕਿ ਕੈਪਟਨ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਫਲ ਹੋਣਗੇ।