ਪੰਕਜ ਅਡਵਾਨੀ ਨੇ ਸਨੂਕਰ ਦਾ 17ਵਾਂ ਵਿਸ਼ਵ ਖਿਤਾਬ ਜਿੱਤਿਆ


ਦੋਹਾ, 14 ਨਵੰਬਰ (ਪੋਸਟ ਬਿਊਰੋ)- ਭਾਰਤ ਦੇ ਦਿੱਗਜ ਸਨੂਕਰ ਖਿਡਾਰੀ ਪੰਕਜ ਅਡਵਾਨੀ ਨੇ ਆਈ ਐੱਸ ਐੱਸ ਐੱਫ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਵਿੱਚ ਇੰਗਲੈਂਡ ਦੇ ਮਾਈਕ ਰਸੇਲ ਨੂੰ ਹਰਾ ਕੇ ਕੈਰੀਅਰ ਦਾ 17ਵਾਂ ਖਿਤਾਬ ਜਿੱਤਿਆ। ਅਡਵਾਨੀ ਨੇ ਰਸੇਲ ਨੂੰ 6-2 (0-155, 150-128, 92-151,151-0, 151-6, 151-0, 150-58, 150-21) ਨਾਲ ਹਰਾਇਆ। ਇਸ ਤਰ੍ਹਾਂ ਉਸ ਨੇ 150 ਤੋਂ ਵੱਧ ਫਰੇਮ ਵਿੱਚ ਆਪਣਾ ਖਿਤਾਬ ਬਚਾ ਕੇ ਰੱਖਿਆ। ਉਨ੍ਹਾਂ ਨੇ ਪਿਛਲੇ ਸਾਲ ਬੰਗਲੌਰ ਵਿੱਚ ਵੀ ਖਿਤਾਬ ਜਿੱਤਿਆ ਸੀ।
ਭਾਰਤੀ ਖਿਡਾਰੀ ਦੀ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ ਸੀ। ਰਸੇਲ ਨੇ 155 ਦੇ ਸ਼ਾਨਦਾਰ ਬ੍ਰੇਕ ਨਾਲ ਸ਼ੁਰੂਆਤ ‘ਚ ਵਾਧਾ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਅਡਵਾਨੀ ਨੇ ਆਪਣਾ ਫ੍ਰੇਮ ਜਿੱਤ ਕੇ ਬਰਾਬਰ ਕੀਤੀ, ਪਰ ਰਸੇਲ ਨੇ 84 ਅਤੇ 67 ਦੇ ਬਰੇਕ ਨਾਲ ਮੁੜ ਵਾਧਾ ਦਰਜ ਕਰ ਲਿਆ। ਇਸ ਤੋਂ ਬਾਅਦ ਅਡਵਾਨੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਪੰਜ ਫ੍ਰੇਮ ਜਿੱਤ ਕੇ ਖਿਤਾਬ ਆਪਣੇ ਨਾਂਅ ਕਰ ਲਿਆ।