ਪ੍ਰੋ ਕਬੱਡੀ ਲੀਗ ਦੀ ਇਨਾਮੀ ਰਕਮ ਅੱਠ ਕਰੋੜ ਕਰ ਦਿੱਤੀ ਗਈ

pro kabaddi league
ਮੁੰਬਈ, 16 ਜੁਲਾਈ (ਪੋਸਟ ਬਿਊਰੋ)- ਭਾਰਤ ਵਿਚ ਕਬੱਡੀ ਦੀ ਵਧਦੀ ਪ੍ਰਸਿੱਧੀ ਦਾ ਅਸਰ ਪਿਆ ਹੈ ਕਿ ਹੁਣ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਲਈ ਇਸ ਵਾਰ ਇਨਾਮੀ ਰਾਸ਼ੀ ਵਿੱਚ ਬੰਪਰ ਵਾਧਾ ਕੀਤਾ ਗਿਆ ਹੈ, ਜਿਹੜੀ ਪਿਛਲੇ ਸੈਸ਼ਨ ਦੇ ਦੋ ਕਰੋੜ ਦੀ ਤੁਲਨਾ ‘ਚ ਅੱਠ ਕਰੋੜ ਰੁਪਏ ਹੋ ਗਈ ਹੈ।
ਕਬੱਡੀ ਲੀਗ ਦੇ ਚੌਥੇ ਸੈਸ਼ਨ ਵਿੱਚ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਦੋ ਕਰੋੜ ਰੁਪਏ ਸੀ, ਉਸ ਨੂੰ ਇਸ ਸਾਲ ਪੰਜਵੇਂ ਸੈਸ਼ਨ ਲਈ ਸਿੱਧੇ ਛੇ ਕਰੋੜ ਰੁਪਏ ਵਧਾ ਕੇ ਅੱਠ ਕਰੋੜ ਰੁਪਏ ਕਰ ਦਿੱਤਾ ਹੈ। ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ ਵਿੱਚ ਸ਼ੁਰੂ ਹੋਵੇਗਾ। ਚੀਨੀ ਮੋਬਾਈਲ ਕੰਪਨੀ ਵੀਵੋ ਕਬੱਡੀ ਲੀਗ ਦੀ ਮੁੱਖ ਸਪਾਂਸਰ ਹੈ, ਜਿਸ ਨੇ ਮਈ ਵਿੱਚ ਹੀ ਅਗਲੇ ਪੰਜ ਸਾਲਾਂ ਲਈ ਲੀਗ ਨਾਲ ਕਰਾਰ ਕੀਤਾ ਹੈ, ਜਿਹੜਾ ਕਰੀਬ 300 ਕਰੋੜ ਰੁਪਏ ਦਾ ਹੈ। ਕਬੱਡੀ ਲੀਗ ਵਿੱਚ ਇਸ ਵਾਰ 12 ਟੀਮਾਂ ਉਤਰਨਗੀਆਂ, ਜਿਹੜੀਆਂ 138 ਮੈਚ ਖੇਡਣਗੀਆਂ। ਜੇਤੂ ਟੀਮ ਨੂੰ ਤਿੰਨ ਕਰੋੜ ਰੁਪਏ ਇਨਾਮੀ ਰਾਸ਼ੀ ਮਿਲੇਗੀ, ਉਪ ਜੇਤੂ ਟੀਮ ਨੂੰ ਇੱਕ ਕਰੋੜ ਅੱਸੀ ਲੱਖ ਰੁਪਏ ਇਨਾਮ ਮਿਲੇਗਾ। ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇੱਕ ਕਰੋੜ 20 ਲੱਖ ਰੁਪਏ ਇਨਾਮ ਮਿਲੇਗਾ। ਚੌਥੇ ਸਥਾਨ ਵਾਲੀ ਟੀਮ ਨੂੰ ਅੱਸੀ ਲੱਖ ਰੁਪਏ, ਪੰਜਵੇਂ ਤੇ ਛੇਵੇਂ ਸਥਾਨ ਦੀਆਂ ਟੀਮਾਂ ਨੂੰ 35-35 ਲੱਖ ਰੁਪਏ ਦਾ ਇਨਾਮ ਮਿਲੇਗਾ।
ਲੀਗ ਦੇ ਸਰਵ ਸ੍ਰੇਸ਼ਠ ਖਿਡਾਰੀ ਦੇ ਇਨਾਮ ਵਿੱਚ ਵੀ ਵਾਧਾ ਕਰ ਕੇ ਹੁਣ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪਿਛਲੇ ਸੈਸ਼ਨ ਵਿੱਚ ਇਹ ਇਨਾਮ ਅਨੂਪ ਕੁਮਾਰ ਤੇ ਮਨਜੀਤ ਸਿੰਘ ਚਿੱਲਰ ਨੂੰ ਦਿੱਤਾ ਗਿਆ ਸੀ। ਹੋਰ ਨਿੱਜੀ ਐਵਾਰਡਾਂ ਵਿੱਚ ਸਰਵ ਸ੍ਰੇਸ਼ਟ ਰੇਡਰ ਨੂੰ 10 ਲੱਖ ਤੇ ਸਰਵ ਸ੍ਰੇਸ਼ਟ ਨੌਜਵਾਨ ਖਿਡਾਰੀ ਨੂੰ ਅੱਠ ਲੱਖ ਰੁਪਏ ਇਨਾਮ ਮਿਲੇਗਾ। ਸਰਵ ਸ੍ਰੇਸ਼ਠ ਮਹਿਲਾ ਤੇ ਪੁਰਸ਼ ਰੈਫਰੀ ਨੂੰ ਸਾਢੇ ਤਿੰਨ ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ।