ਪ੍ਰੋਵਿੰਸ ਵਿੱਚ ਨਵਾਂ ਨਿਵੇਸ਼ ਕਰਨ ਦੀ ਥਾਂ ਸੇਵਾਵਾਂ ਵਿੱਚ ਕਟੌਤੀ ਕਰਨਾ ਹੈ ਫੋਰਡ ਦੀ ਪਸੰਦ : ਠੇਠੀ


ਬਰੈਂਪਟਨ, 13 ਮਈ (ਪੋਸਟ ਬਿਊਰੋ) : ਓਨਟਾਰੀਓ ਦੇ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਆਖਿਆ ਕਿ ਪੈਰੀ ਸਾਊਂਡ ਵਿੱਚ ਹੋਈ ਲੀਡਰਾਂ ਦੀ ਦੂਜੀ ਬਹਿਸ ਵਿੱਚ ਓਨਟਾਰੀਓ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਨੇ ਆਖਿਆ ਕਿ ਪ੍ਰੋਵਿੰਸ ਨੂੰ ਵਧੇਰੇ ਇਮੀਗ੍ਰੈਂਟਸ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਆਪਣਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਫੋਰਡ ਨੇ ਓਨਟਾਰੀਓ ਦੇ ਦੂਰ ਦਰਾਜ਼ ਵਾਲੇ ਇਲਾਕਿਆਂ ਲਈ ਨਿਊਕਮਰਜ਼ ਨੂੰ ਆਕਰਸਿ਼ਤ ਕਰਨ ਵਾਸਤੇ ਤਿਆਰ ਕੀਤੇ ਨਵੇਂ ਫੈਡਰਲ ਪਾਇਲਟ ਪ੍ਰੋਜੈਕਟ ਉੱਤੇ ਵੀ ਚਿੰਤਾ ਪ੍ਰਗਟਾਈ।
ਸੁਖਵੰਤ ਠੇਠੀ ਨੇ ਆਖਿਆ ਕਿ ਸਾਡੇ ਪ੍ਰੋਵਿੰਸ ਵਿੱਚ ਨਵਾਂ ਨਿਵੇਸ਼ ਕਰਨ ਦੀ ਥਾਂ ਸੇਵਾਵਾਂ ਵਿੱਚ ਕਟੌਤੀ ਕਰਨ ਦੀ ਡੱਗ ਫੋਰਡ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਇਹ ਸਮਝ ਸਕਦੇ ਹਾਂ ਕਿ ਪ੍ਰੀਮੀਅਰ ਬਣਨ ਉੱਤੇ ਫੋਰਡ ਇਮੀਗ੍ਰੇਸ਼ਨ ਨੂੰ ਵੀ ਨਾਂਹ ਆਖ ਦੇਣਗੇ। ਇਸ ਤੋਂ ਇਲਾਵਾ ਫੋਰਡ ਵੱਲੋਂ ਚਾਈਲਡ, ਕੇਅਰ, ਟੋਰਾਂਟੋ ਆਉਣ ਵਾਲੇ ਨਿਊਕਮਰਜ਼ ਲਈ ਕਮਿਊਨਿਟੀ ਗ੍ਰਾਂਟਸ ਜਾਰੀ ਕਰਨ, ਯੂਥ ਸਰਵਿਸਿਜ਼, ਐਮਰਜੰਸੀ ਮੈਡੀਕਲ ਸਰਵਿਸਿਜ਼, ਸੈ਼ਲਟਰ ਸਪੋਰਟਸ ਤੇ ਸੋਸ਼ਲ ਵਿਕਾਸ ਲਈ ਦਿੱਤੇ ਜਾਣ ਵਾਲੇ ਫੰਡਾਂ ਵਿੱਚ ਵੀ ਕਟੌਤੀ ਕਰਨ ਲਈ ਵੋਟ ਕੀਤਾ। ਇਸ ਦੇ ਨਾਲ ਹੀ ਫੋਰਡ ਨੇ ਸਮਰੱਥ ਤੇ ਪ੍ਰਭਾਵਸ਼ਾਲੀ ਪਬਲਿਕ ਐਲਆਰਟੀ ਸਿਸਟਮਜ਼, ਹਾਊਸਿੰਗ ਵਿੱਚ ਨਿਵੇਸ਼ ਖਿਲਾਫ ਵੀ ਵੋਟ ਕੀਤਾ।
ਠੇਠੀ ਨੇ ਆਖਿਆ ਕਿ ਸਾਡੀਆਂ ਓਨਟਾਰੀਓ ਦੀਆਂ ਲਿਬਰਲ ਕਦਰਾਂ ਕੀਮਤਾਂ ਤੋਂ ਫੋਰਡ ਦੀ ਸੋਚ ਬਿਲਕੁਲ ਉਲਟ ਹੈ। ਉਨ੍ਹਾਂ ਆਖਿਆ ਕਿ ਓਨਟਾਰੀਓ ਲਿਬਰਲ 2018 ਬਜਟ ਤੋਂ ਸਾਡੀ ਸਰਕਾਰ ਦੀ ਕੇਅਰ ਤੇ ਨਵੇਂ ਮੌਕਿਆਂ ਵਿੱਚ ਨਿਵੇਸ਼ ਕਰਨ ਦੀ ਦਮਦਾਰ ਤੇ ਦਿਲੀ ਪਸੰਦ ਸਾਫ ਝਲਕਦੀ ਹੈ। ਸਾਡੀ ਸਰਕਾਰ ਬੱਚਿਆਂ ਤੇ ਸੀਨੀਅਰਜ਼ ਨੂੰ ਨੁਸਖੇ ਵਾਲੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਉਣ, ਨਿੱਕੇ ਬੱਚਿਆਂ ਲਈ ਯੂਨੀਵਰਸਲ ਚਾਈਲਡ ਕੇਅਰ ਮੁਹੱਈਆ ਕਰਵਾਉਣ ਤੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਫਰੀ ਟਿਊਸ਼ਨ ਮੁਹੱਈਆ ਕਰਵਾਉਣ ਦੀ ਸੋਚ ਰੱਖਦੀ ਹੈ।
ਇਸ ਤੋਂ ਇਲਾਵਾ ਅਸੀਂ ਪਬਲਿਕ ਟਰਾਂਸਪੋਰਟੇਸ਼ਨ ਨੈੱਟਵਰਕਜ਼, ਹਸਪਤਾਲਾਂ, ਸਕੂਲਜ਼ ਤੇ ਹਾਈਵੇਅਜ਼ ਵਰਗੇ ਪ੍ਰੋਵਿੰਸ਼ੀਅਲ ਇਨਫਰਾਸਟ੍ਰਕਚਰ ਵਿੱਚ ਨਿਵੇਸ਼ ਕਰਨ ਦਾ ਨਜ਼ਰੀਆ ਰੱਖਦੇ ਹਾਂ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਡੱਗ ਫੋਰਡ ਇਹ ਵਾਅਦਾ ਵੀ ਕਰਨ ਕਿ ਬੈਰੀ ਦੇ ਉੱਤਰ ਵਿੱਚ ਕੰਧ ਕੱਢੀ ਜਾਣੀ ਚਾਹੀਦੀ ਹੈ ਤਾਂ ਕਿ ਓਨਟਾਰੀਓ ਆਪਣੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਸ ਤੋਂ ਓਨਟਾਰੀਓ ਨੂੰ ਬਚਾਅ ਸਕੇ।