ਪ੍ਰੋਵਿੰਸ ਉੱਤੇ ਕਾਰਬਨ ਟੈਕਸ ਲਾਇਆ ਤਾਂ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਘੜੀਸਾਂਗੇ : ਕੇਨੀ

canada
ਕੈਲਗਰੀ, 18 ਮਈ (ਪੋਸਟ ਬਿਊਰੋ) : ਅਲਬਰਟਾ ਦੀ ਵਾਈਲਡਰੋਜ਼ ਪਾਰਟੀ ਨਾਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸੰਭਾਵੀ ਰਲੇਵੇਂ ਦੇ ਐਲਾਨ ਤੋਂ ਬਾਅਦ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਜੇਸਨ ਕੇਨੀ ਨੇ ਫੈਡਰਲ ਲਿਬਰਲ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਜੇ ਉਨ੍ਹਾਂ ਦੇ ਤੇਲ ਸਮਰੱਥ ਪ੍ਰੋਵਿੰਸ ਉੱਤੇ ਕਾਰਬਨ ਟੈਕਸ ਲਾਉਣ ਦੀ ਕੋਸਿ਼ਸ਼ ਕੀਤੀ ਗਈ ਤਾਂ ਉਹ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਘੜੀਸਨਗੇ।
ਸਾਬਕਾ ਫੈਡਰਲ ਕੰਜ਼ਰਵੇਟਿਵ ਕੈਬਨਿਟ ਮੰਤਰੀ ਨੇ ਆਖਿਆ ਕਿ ਜੇ ਕੰਜ਼ਰਵੇਟਿਵ ਸਰਕਾਰ ਦੀ ਅਗਵਾਈ ਉਨ੍ਹਾਂ ਵੱਲੋਂ ਕੀਤੀ ਜਾਵੇਗੀ ਤਾਂ 2019 ਦੀਆਂ ਗਰਮੀਆਂ ਵਿੱਚ ਹੋਣ ਵਾਲੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਬਿੱਲ ਨੰਬਰ ਇੱਕ ਕਾਰਬਨ ਟੈਕਸ ਰੱਦ ਕਰਨ ਬਾਰੇ ਹੀ ਹੋਵੇਗਾ। ਜਿ਼ਕਰਯੋਗ ਹੈ ਕਿ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਲਈ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਨੂੰ ਇਹ ਮੌਕਾ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਕਾਰਬਨ ਟੈਕਸ ਸਬੰਧੀ ਸਕੀਮਾਂ ਲਿਆਉਣ। ਜਿਹੜੀਆਂ ਪ੍ਰੋਵਿੰਸਾਂ ਅਗਲੇ ਸਾਲ ਬਹਾਰ ਦੇ ਮੌਸਮ ਤੱਕ ਅਜਿਹਾ ਨਹੀਂ ਕਰ ਸਕਣਗੀਆਂ ਉਨ੍ਹਾਂ ਉੱਤੇ ਫਿਰ ਫੈਡਰਲ ਸਰਕਾਰ ਕਾਰਬਨ ਟੈਕਸ ਲਾਵੇਗੀ।
ਕੇਨੀ ਨੇ ਆਖਿਆ ਕਿ ਇਸ ਨਾਲ ਵਾਤਾਵਰਣ ਨੂੰ ਭਾਵੇਂ ਕੋਈ ਫਾਇਦਾ ਹੋਵੇ ਜਾਂ ਨਾ ਪਰ ਪ੍ਰੋਵਿੰਸਾਂ ਨੂੰ ਆਰਥਿਕ ਪੱਖੋਂ ਦਿੱਕਤ ਜ਼ਰੂਰ ਹੋਵੇਗੀ। ਇਸ ਨਾਲ ਸਾਰਾ ਨਿਵੇਸ਼ ਪ੍ਰੋਵਿੰਸ ਤੋਂ ਬਾਹਰ ਕਿਤੇ ਹੋਰ ਊਰਜਾ ਖੇਤਰ ਨੂੰ ਜਾਵੇਗਾ। ਇਸ ਨਾਲ ਕਾਰਬਨ ਦਾ ਰਿਸਾਅ ਤਾਂ ਨਹੀਂ ਘਟਣ ਵਾਲਾ। ਸਗੋਂ ਇਹ ਹੋਰ ਟੈਕਸ ਲਾਉਣ ਦਾ ਬਹਾਨਾ ਹੈ ਤੇ ਇਸੇ ਲਈ ਅਸੀਂ ਇਸ ਨੂੰ ਰੱਦ ਕਰਨ ਦੀ ਅਪੀਲ ਕਰਾਂਗੇ।
ਕੇਨੀ ਨੇ ਅਲਬਰਟਾ ਦੀ ਸੱਤਾਧਾਰੀ ਐਨਡੀਪੀ ਪਾਰਟੀ ਦੀ ਆਲੋਚਨਾ ਕਰਦਿਆਂ ਆਖਿਆ ਕਿ 70 ਫੀ ਸਦੀ ਅਲਬਰਟਾ ਵਾਸੀ ਪ੍ਰੋਵਿੰਸ਼ੀਅਲ ਕਾਰਬਨ ਟੈਕਸ ਪਲੈਨ ਦੇ ਉਲਟ ਹਨ। ਜੇ ਫੈਡਰਲ ਸਰਕਾਰ ਪ੍ਰੋਵਿੰਸ ਉੱਤੇ ਕਾਰਬਨ ਟੈਕਸ ਲਾਉਣ ਦੀ ਕੋਸਿ਼ਸ਼ ਕਰਦੀ ਹੈ ਤਾਂ ਕੇਨੀ ਨੇ ਆਖਿਆ ਕਿ ਉਹ ਸਸਕੈਚਵਨ ਦੇ ਪ੍ਰੀਮੀਅਰ ਬਰੈਡ ਵਾਲ ਦਾ ਸਾਥ ਦੇਣਗੇ। ਇਸ ਸਮੇਂ ਵਾਲ ਹੀ ਕਾਰਬਨ ਟੈਕਸ ਦੀ ਜਮ ਕੇ ਆਲੋਚਨਾ ਕਰਨ ਵਾਲੇ ਪ੍ਰੀਮੀਅਰ ਵਜੋਂ ਚਰਚਿਤ ਹਨ।