ਪ੍ਰੋਵਿੰਸ਼ੀਅਲ ਚੋਣਾਂ: ਸੁਫਨਿਆਂ ਦੇ ਸੁਦਾਗਰਾਂ ਵੱਲੋਂ ਦਸਤਕਾਂ ਦੇਣ ਦਾ ਸਮਾਂ

7 ਜੂਨ ਨੂੰ ਹੋਣ ਵਾਲੀਆਂ ਉਂਟੇਰੀਓ ਪ੍ਰੋਵਿੰਸ਼ੀਅਲ ਚੋਣਾਂ ਲਈ ਪ੍ਰਚਾਰ ਦਾ ਸਮਾਂ ਕੱਲ ਬੁੱਧਵਾਰ ਨੂੰ ਰਿੱਟ ਡਿੱਗਣ ਤੋਂ ਬਾਅਦ ਆਰੰਭ ਹੋ ਗਿਆ ਹੈ। ਇਸਦਾ ਅਰਥ ਹੈ ਕਿ ਹੁਣ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੇ ਸੁਦਾਗਰ ਤੁਹਾਡੀ ਵੋਟ ਦਾ ਸੌਦਾ ਕਰਨ ਲਈ ਦਸਤਕਾਂ ਦੇਣੀਆਂ ਆਰੰਭ ਕਰ ਦੇਣਗੇ। ਇਸਤੋਂ ਪਹਿਲਾਂ ਕਿ ਲਾਲ (ਲਿਬਰਲ), ਨੀਲੇ (ਕੰਜ਼ਰਵੇਟਿਵ) ਜਾਂ ਕੇਸਰੀ (ਐਨ ਡੀ ਪੀ) ਰੰਗ ਦੇ ਝੰਡੇ ਸਾਡੀਆਂ ਕਮਿਉਨਿਟੀਆਂ ਵਿੱਚ ਦਿੱਸਣੇ ਆਰੰਭ ਹੋਣ, ਵੋਟਰਾਂ ਨੂੰ ਉਮੀਦਵਾਰ ਆਪੋ ਆਪਣੇ ਅਸਮਾਨੀਂ ਟਾਕੀ ਲਾਉਣ ਵਾਲੇ ਵਾਅਦਿਆਂ ਨਾਲ ਬੌਂਦਲਾ ਦੇਣ, 2018 ਦੀਆਂ ਚੋਣਾਂ ਵਿੱਚ ਵਾਪਰਨ ਵਾਲੀ ਪ੍ਰੀਕਰਿਆ ਦੀ ਸਮੀਖਿਆ ਕਰਨੀ ਚੰਗੀ ਹੋਵੇਗੀ। ਬਹੁਤ ਵਾਰ ਅਸੀਂ ਸਹੀ ਫੈਸਲੇ ਇਸ ਲਈ ਨਹੀਂ ਕਰ ਪਾਉਂਦੇ ਕਿਉਂਕ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਚੋਣਾਂ ਦਾ ਤਾਣਾ ਬਾਣਾ ਕੰਮ ਕਿਵੇਂ ਕਰ ਰਿਹਾ ਹੈ।

ਰਿੱਟ ਡਿੱਗਣ ਦਾ ਅਰਥ ਹੈ ਕਿ ਪ੍ਰੀਮੀਅਰ ਕੈਥਲਿਨ ਵਿੱਨ ਨੇ ਅਧਿਕਾਰਤ ਰੂਪ ਵਿੱਚ ਲੈਫਟੀਨੈਂਟ ਗਵਰਨਰ ਕੋਲ ਜਾ ਕੇ ਚੋਣਾਂ ਕਰਵਾਏ ਜਾਣ ਦੀ ਰੂਲਿੰਗ ਜਾਰੀ ਕਰਨ ਦੀ ਬੇਨਤੀ ਕਰ ਦਿੱਤੀ ਹੈ। ਪਿਛਲੇ ਸਾਲਾਂ ਤੋਂ ਰਿਵਾਇਤ ਚੱਲੀ ਆ ਰਹੀ ਹੈ ਕਿ ਚੋਣਾਂ ਦੇ ਦਿਨ ਤੋਂ ਸਹੀ ਪੰਜ ਹਫਤੇ ਪਹਿਲਾਂ ਆਉਣ ਵਾਲੇ ਬੁੱਧਵਾਰ ਨੂੰ ਰਿੱਟ ਡਰਾਪ ਕੀਤੀ ਜਾਂਦੀ ਹੈ ਅਤੇ ਜਿਸਤੋਂ ਸਹੀ ਪੰਜ ਹਫ਼ਤਿਆਂ ਦੇ ਚੋਣ ਪ੍ਰਚਾਰ ਬਾਅਦ ਵੀਰਵਾਰ ਵਾਲੇ ਦਿਨ ਵੋਟਾਂ ਪੈਂਦੀਆਂ ਹਨ। ਵੀਰਵਾਰ ਨੂੰ ਹਿੰਦੀ ਵਿੱਚ ਬ੍ਰਹਿਸਪਤੀਵਾਰ ਆਖਿਆ ਜਾਂਦਾ ਹੈ ਜਿਸਨੂੰ ਰੋਮਨ ਵਿਸ਼ਾਵਾਸ਼ਾਂ ਮੁਤਾਬਕ ਜੁਪੀਟਰ ਦੇਵਤਾ ਦਾ ਦਿਨ ਮੰਨਿਆ ਜਾਂਦਾ ਹੈ। ਜੁਪੀਟਰ ਅਰਥਾਤ ਬ੍ਰਹਿਸਪਤੀਵਾਰ ਬਾਰੇ ਧਾਰਨਾ ਹੈ ਕਿ ਇਹ ਮਨੁੱਖ ਉੱਤੇ ਸਿੱਖਿਆ ਦੇਣ ਦਾ ਪ੍ਰਭਾਵ ਪਾਉਂਦਾ ਹੈ। ਜੋਤਸ਼ ਵਿਗਿਆਨ ਬਾਰੇ ਬਹੁਤਾ ਗਹਿਰਾਈ ਨਾਲ ਆਖਣਾ ਬਹੁਤ ਔਖਾ ਹੈ ਪਰ ਵੀਰਵਾਰ ਵਾਲੇ ਦਿਨ ਚੋਣਾਂ ਹੋਣ ਦਾ ਇੱਕ ਅਰਥ ਸਮਝ ਆਉਂਦਾ ਹੈ ਕਿ ਜੋ ਵੀ ਪਾਰਟੀ ਇਸ ਦਿਨ ਹੋਈਆਂ ਚੋਣਾਂ ਤੋਂ ਬਾਅਦ ਸੱਤਾ ਬਣਾਉਂਦੀ ਹੈ, ਉਹ ਅਗਲੇ ਚਾਰ ਸਾਲ ਵੋਟਰਾਂ ਨੂੰ ਕੀਤੇ ਗਏ ਫੈਸਲੇ ਦੇ ਗਲਤ ਜਾਂ ਸਹੀ ਹੋਣ ਦੀ ਸਿੱਖਿਆ ਦੇਂਦੀ ਰਹਿੰਦੀ ਹੈ।

 

ਇਸ ਵਾਰ ਜੋ ਵੱਡੀ ਤਬਦੀਲੀ ਵੇਖੀ ਜਾਵੇਗੀ, ਉਹ ਹੈ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦਾ ਪਹਿਲੀ ਵਾਰ ਆਮ ਚੋਣਾਂ ਦੌਰਾਨ ਹੋਣ ਵਾਲਾ ਇਸਤੇਮਾਲ। ਹਾਲਾਂਕਿ ਪ੍ਰੋਵਿੰਸ ਵਿੱਚ ਬੇਰੁਜ਼ਗਾਰੀ ਕਾਫੀ ਵੱਡੇ ਪੱਧਰ ਉੱਤੇ ਫੈਲੀ ਹੋਈ ਹੈ ਪਰ ਚੋਣ ਕਮਿਸ਼ਨ ਨੂੰ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਸਥਾਈ ਚੋਣ ਮੁਲਾਜ਼ਮ ਲੱਭਣ ਵਿੱਚ ਹਮੇਸ਼ਾ ਭਾਰੀ ਦਿੱਕਤ ਆਉਂਦੀ ਸੀ। 2014 ਦੀਆਂ ਆਮ ਚੋਣਾਂ ਵਿੱਚ 76000 ਚੋਣ ਅਧਿਕਾਰੀਆਂ ਨੇ ਵੱਖੋ ਵੱਖਰੀਆਂ ਡਿਊਟੀਆਂ ਨਿਭਾਈਆਂ। ਝੇ 2014 ਤੋਂ 2018 ਦੇ 4 ਸਾਲ ਦੇ ਅਰਸੇ ਵਿੱਚ ਵਧੀ ਵੋਟਰਾਂ ਦੀ ਗਿਣਤੀ ਅਤੇ ਵੱਧ ਬਣਾਈਆਂ ਗਈਆਂ ਰਾਈਡਿੰਗਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਸ ਸਾਲ ਘੱਟੋ ਘੱਟ 1 ਲੱਖ ਮੁਲਾਜ਼ਮਾਂ ਨੂੰ ਚੋਣ ਡਿਊਟੀਆਂ ਉੱਤੇ ਤਾਇਤਾਨ ਕਰਨਾ ਪੈਣਾ ਸੀ। ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਬਦੌਲਤ ਕੰਮਕਾਜ ਵਿੱਚ ਹੋਣ ਵਾਲੀ ਸਹੂਲਤ ਕਾਰਣ ਇਸ ਵਾਰ ਮਹਿਜ਼ 55 ਹਜ਼ਾਰ ਚੋਣ ਅਧਿਕਾਰੀਆਂ ਨੂੰ ਚੋਣ ਡਿਊਟੀ ਉੱਤੇ ਲਾਏ ਜਾਣ ਦੀ ਸੰਭਾਵਨਾ ਹੈ।

ਤਕਨਾਲੋਜੀ ਦੀ ਵਰਤੋਂ ਨਾਲ ਲੋੜੀਂਦੇ ਮਨੁੱਖੀ ਸ੍ਰੋਤਾਂ ਤੋਂ ਇਲਾਵਾ ਸਮੇਂ ਵਿੱਚ ਭਾਰੀ ਬੱਚਤ ਹੋਵੇਗੀ ਪਰ ਬਹੁਤ ਸਾਰੇ ਵੋਟਰਾਂ ਲਈ ਇਹ ਇੱਕ ਨਵਾਂ ਅਤੇ ਵੱਖਰਾ ਅਨੁਭਵ ਹੋਵੇਗਾ। ਖਾਸਕਰਕੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਨਾ ਰੱਖਣ ਵਾਲੇ ਅਤੇ ਇਲੈਕਟਰਾਨਿਕ ਮਸ਼ੀਨਾਂ ਉੱਤੇ ਥੋੜਾ ਬਹੁਤਾ ਵੀ ਕੰਮ ਦਾ ਅਨੁਭਵ ਨਾ ਰੱਖਣ ਵਾਲੇ ਵੋਟਰਾਂ ਨੂੰ ਲਈ ਵੋਟ ਪਾਉਣਾ ਇੱਕ ਦਿਲਚਸਪ ਅਨੁਭਵ ਰਹੇਗਾ।

ਬਹੁਤ ਸਾਰੇ ਵੋਟਰ ਖਾਸਕਰਕੇ ਪਰਵਾਸੀ ਅਤੇ ਯੂਥ ਹੁੰਦੇ ਹਨ ਜਿਹਨਾਂ ਨੂੰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਨਿਭਾਈਆਂ ਜਾਣ ਵਾਲੀਆਂ ਡਿਊਟੀਆਂ ਬਾਰੇ ਸਪੱਸ਼ਟਤਾ ਨਹੀਂ ਹੁੰਦੀ। ਸਿਹਤ ਸੰਭਾਲ, ਸਿੱਖਿਆ, ਕੁੱਝ ਮੂਲਵਾਸੀਆਂ ਦੇ ਮੁੱਦੇ, ਹਾਈਵੇਅ ਸੜਕਾਂ ਦਾ ਰੱਖ ਰੱਖਾਅ, ਟਰਾਂਸਪੋਰਟੇਸ਼ਨ, ਪੁਲੀਸ ਪ੍ਰਸ਼ਾਸ਼ਨ ਅਤੇ ਪੁਲੀਸ ਸੇਵਾਵਾਂ ਆਦਿ ਪ੍ਰੋਵਿੰਸ਼ੀਅਲ ਸਰਕਾਰ ਦੇ ਮੁੱਖ ਕੰਮ ਹੁੰਦੇ ਹਨ। ਇਹਨਾਂ ਕਾਰਜਾਂ ਨੂੰ ਕਰਨ ਲਈ ਹਰ ਪਾਰਟੀ ਵੱਲੋਂ ਇੱਕ ਆਗੂ (ਲੀਡਰ) ਦੀ ਅਗਵਾਈ ਵਿੱਚ ਚੋਣ ਲੜੀ ਜਾਂਦੀ ਹੈ ਜੋ ਜਿੱਤਣ ਦੀ ਸੂਰਤ ਵਿੱਚ ਪ੍ਰੀਮੀਅਰ ਬਣਦਾ ਹੈ।

ਉਂਟੇਰੀਓ ਦੀਆਂ ਸਿਆਸੀ ਪਾਰਟੀਆਂ ਵਿੱਚ ਇਹ ਅਣਲਿਖਤ ਸਹਿਮਤੀ ਹੈ ਕਿ ਜਿਸ ਰਾਈਡਿੰਗ ਤੋਂ ਕਿਸੇ ਪਾਰਟੀ ਦਾ ਲੀਡਰ ਚੋਣ ਲੜਦਾ ਹੈ, ਉੱਥੇ ਤੋਂ ਦੂਜੀਆਂ ਪਾਰਟੀਆਂ ਅਜਿਹੇ ਉਮੀਦਵਾਰ ਖੜੇ ਕਰਦੀਆਂ ਹਨ ਜਿਹਨਾਂ ਵਿੱਚ ਉਸਨੂੰ ਹਰਾਉਣ ਦੀ ਸ਼ਕਤੀ ਨਾ ਹੋਵੇ। ਵਿਰੋਧੀ ਪਾਰਟੀਆਂ ਉਸ ਰਾਈਡਿੰਗ ਵਿੱਚ ਬਹੁਤਾ ਚੋਣ ਪ੍ਰਚਾਰ ਵੀ ਨਹੀਂ ਕਰਦੀਆਂ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਸਿਹਤਮੰਦ ਲੋਕਤੰਤਰ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਪਾਰਟੀ ਲੀਡਰ ਪ੍ਰੋਵਿੰਸ ਭਰ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰ ਸਕੇ। ਸ਼ਾਇਦ ਭਾਰਤ ਵਰਗੇ ਮੁਲਕਾਂ ਲਈ ਇਹ ਇੱਕ ਚੰਗਾ ਸਬਕ ਹੋ ਸਕਦਾ ਹੈ।