ਪ੍ਰੋਗਰੈਸਿਵ ਕੰਜ਼ਰਵੇਟਿਵ ਪਲੇਟਫਾਰਮ ਵਿੱਚ ਤਬਦੀਲੀ ਕਰਨ ਲਈ ਤਿਆਰ ਹੈ ਮਲਰੋਨੀ

ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਕੈਰੋਲੀਨ ਮਲਰੋਨੀ ਦਾ ਕਹਿਣਾ ਹੈ ਕਿ ਜੇ ਉਹ 10 ਮਾਰਚ ਨੂੰ ਹੋਣ ਵਾਲੀ ਪਾਰਟੀ ਆਗੂ ਦੀ ਚੋਣ ਜਿੱਤ ਜਾਂਦੀ ਹੈ ਤਾਂ ਬਹਾਰ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਪਲੇਟਫਾਰਮ ਨੂੰ ਬਦਲਣ ਲਈ ਸਾਰੇ ਰਾਹ ਖੁੱਲ੍ਹੇ ਰੱਖੇਗੀ।
ਸੋਮਵਾਰ ਰਾਤ ਨੂੰ ਮਲਰੋਨੀ ਨੇ ਆਪਣੇ ਸਮਰਥਕਾਂ ਨਾਲ ਗੱਲ ਕਰਦਿਆਂ ਆਖਿਆ ਕਿ ਕਈ ਕੰਜ਼ਰਵੇਟਿਵ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਪੈਟਰਿਕ ਬ੍ਰਾਊਨ ਵੱਲੋਂ ਨਵੰਬਰ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਹੋਰਨਾਂ ਲੋਕਾਂ ਦੇ ਵਿਚਾਰ ਜਾਨਣਾ ਚਾਹੁੰਦੀ ਹੈ। ਫੈਡਰਲ ਕੰਜ਼ਰਵੇਟਿਵ ਐਮਪੀ ਲੀਜ਼ਾ ਰਾਇਤ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਲਰੋਨੀ ਨੇ ਆਖਿਆ ਕਿ ਉਹ ਅੱਜ ਤੋਂ ਜਿੰਨੇ ਵੱਧ ਤੋਂ ਵੱਧ ਮੈਂਬਰਾਂ ਨਾਲ ਗੱਲ ਕਰ ਸਕੇਗੀ ਉਹ ਕਰੇਗੀ ਤੇ ਪਤਾ ਲਾਵੇਗੀ ਕਿ ਉਹ ਕੀ ਸੋਚ ਰਹੇ ਹਨ।
ਬ੍ਰਾਊਨ ਵੱਲੋਂ ਕਾਰਬਨ ਟੈਕਸ ਬਦਲੀ ਕਰਨ ਤੇ ਕਲਾਈਮੇਟ ਚੇਂਜ ਨਾਲ ਪ੍ਰੀਮੀਅਰ ਕੈਥਲੀਨ ਵਿੰਨ ਦੇ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਪੁੱਛੇ ਜਾਣ ਉੱਤੇ ਮਲਰੋਨੀ ਨੇ ਆਖਿਆ ਕਿ ਕੰਜ਼ਰਵੇਟਿਵ ਹੋਣ ਨਾਤੇ ਉਨ੍ਹਾਂ ਨੂੰ ਟੈਕਸ ਪਸੰਦ ਨਹੀਂ ਹਨ। ਉਨ੍ਹਾਂ ਆਖਿਆ ਕਿ ਸਾਡੇ ਕੋਲ ਦੋ ਬਦਲ ਹਨ, ਇੱਕ ਤਾਂ ਫੈਡਰਲ ਸਰਕਾਰ ਕਾਰਬਨ ਟੈਕਸ ਆਮਦਨ ਕਮਾਵੇ ਤੇ ਜਾਂ ਫਿਰ ਓਨਟਾਰੀਓ ਇਨ੍ਹਾਂ ਉੱਤੇ ਕੰਟਰੋਲ ਕਰੇ। ਲੀਡਰਸਿ਼ਪ ਦੌੜ ਦੇ ਨਿਯਮਾਂ ਮੁਤਾਬਕ ਉਮੀਦਵਾਰਾਂ ਨੂੰ ਪਲੇਟਫਾਰਮ ਦੀ ਹਮਾਇਤ ਕਰਨੀ ਚਾਹੀਦੀ ਹੈ ਪਰ ਮਲਰੋਨੀ ਦੇ ਵਿਰੋਧੀ ਤੇ ਸਾਬਕਾ ਸਿਟੀ ਕਾਉਂਸਲਰ ਡੱਗ ਫੋਰਡ ਤੇ ਸਾਬਕਾ ਐਮਪੀਪੀ ਕ੍ਰਿਸਟੀਨ ਐਲੀਅਟ ਦੋਵਾਂ ਨੇ ਕਾਰਬਨ ਟੈਕਸ ਦੇ ਵਿਰੋਧ ਵਿੱਚ ਬਿਆਨ ਦਿੱਤੇ। ਡੌਨ ਮਿੱਲਜ਼ ਵਿਖੇ ਮਲਰੋਨੀ ਵੱਲੋਂ ਕਰਵਾਏ ਇਸ ਈਵੈਂਟ ਵਿੱਚ 250 ਤੋਂ ਵੱਧ ਲੋਕ ਪਹੁੰਚੇ।