ਪ੍ਰੀਮੀਅਰ ਵਿੰਨ ਨੇ ਮਨਾਇਆ ਸਿੱਖ ਹੈਰੀਟੇਜ ਮੰਥ

ਬਰੈਂਪਟਨ, 9 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਬਰੈਂਪਟਨ ਵਿਚ ਸਿ਼ੰਗਾਰ ਬੈਂਕੁਇਟ ਹਾਲ ਵਿਖੇ ਲਿਬਰਲ ਪਾਰਟੀ ਦੀ ਐਮਪੀਪੀ ਕੈਥਲਿਨ ਵਿਨ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਸਿੱਖ ਹੈਰੀਟੇਜ ਮੰਥ ਮਨਾਇਆ। ਇਸ ਮੌਕੇ ਮਿਨਿਸਟਰ ਹਰਿੰਦਰ ਮੱਲ੍ਹੀ ਵਲੋਂ ਸਿੱਖ ਹੈਰੀਟੇਜ ਦੀ ਮਹੱਤਤਾ ਦੱਸਦਿਆਂ ਓਂਟਾਰੀਓ ਲਿਬਰਲਜ਼ ਵਲੋਂ ਸਕੂਲਾਂ ਦੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਪੜ੍ਹਾਏ ਜਾਣ ਲਈ ਰੱਖੇ ਗਏ ਫੰਡ ਦੀ ਚਰਚਾ ਕੀਤੀ ਤੇ ਕਿਹਾ ਕਿ ਹੁਣ ਸਾਡੇ ਬੱਚੇ ਆਪਣੇ ਸਕੂਲਾਂ ਵਿਚ ਬਾਕੀ ਵਿਸਿ਼ਆਂ ਦੇ ਨਾਲ-ਨਾਲ ਸਿੱਖ ਇਤਿਹਾਸ ਵੀ ਪੜ੍ਹ ਸਕਿਆ ਕਰਨਗੇ। ਉਨ੍ਹਾਂ ਪ੍ਰੀਮੀਅਰ ਕੈਥਲਿਨ ਵਿਨ ਦੀ ਜਾਣ ਪਹਿਚਾਣ ਕਰਵਾਈ ਤੇ ਪ੍ਰੀਮੀਅਰ ਵਲੋਂ ਕੀਤੇ ਵੱਡੇ ਐਲਾਨਾਂ ਦਾ ਜਿ਼ਕਰ ਕੀਤਾ। ਪ੍ਰੀਮੀਅਰ ਕੈਥਲਿਨ ਵਿਨ ਨੇ ਆਏ ਹੋਏ ਲੋਕਾਂ ਨੂੰ ਸਿੱਖ ਹੈਰੀਟੇਜ ਮੰਥ ਦੀਆਂ ਮੁਬਾਰਕਾਂ ਦਿੱਤੀਆਂ ਤੇ ਸਿਆਸੀ ਭਾਸ਼ਣ ਸ਼ੁਰੂ ਕੀਤਾ। ਆਪਣੇ ਵਲੋਂ ਕੀਤੇ ਗਏ ਐਲਾਨਾਂ ਦੇ ਨਾਲ-ਨਾਲ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਵਲੋਂ 10 ਬਿਲੀਅਨ ਡਾਲਰ ਕੱਟ ਕਰਨ `ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਇਕ ਸਿੱਖ ਬੱਚੀ ਵਲੋ ਵਜਾਈ ਗਈ ਰਬਾਬ ਨੇ ਸਭ ਦਾ ਮਨ ਮੋਹ ਲਿਆ ਤੇ ਢੋਲ ਦੇ ਡੱਗੇ `ਤੇ ਭੰਗੜੇ ਵੀ ਪਾਏ।