ਪ੍ਰਿੰਸ ਹੈਰੀ ਨਾਲ ਵਿਆਹ ਸਮਾਗਮ ਵਿੱਚ ਮੇਘਨ ਦਾ ਬਾਪ ਸ਼ਾਮਲ ਨਹੀਂ ਹੋਵੇਗਾ


ਲੰਡਨ, 16 ਮਈ (ਪੋਸਟ ਬਿਊਰੋ)- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਅਦਾਕਾਰਾ ਮੇਘਨ ਮਰਕਲ ਦੇ ਵਿਆਹ ਬਾਰੇ ਕੱਲ੍ਹ ਇਕ ਵੱਖਰੀ ਖਬਰ ਆਈ ਹੈ ਕਿ ਮਰਕਲ ਦੇ ਪਿਤਾ ਨੇ ਇਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਹ ਇਸ ਸ਼ਾਹੀ ਵਿਆਹ ‘ਚ ਸ਼ਾਮਲ ਨਹੀਂ ਹੋ ਸਕਣਗੇ।
ਮਹਾਰਾਣੀ ਐਲਿਜ਼ਾਬੈਥ ਦੇ ਪੋਤੇ 33 ਸਾਲਾ ਹੈਰੀ ਅਤੇ ਅਦਾਕਾਰਾ ਅਤੇ 36 ਸਾਲਾ ਮਾਡਲ ਮੇਘਨ ਮਰਕਲ ਇਸ ਸ਼ਨਿਚਰਵਾਰ ਨੂੰ ਵਿੰਡਸਰ ਕੈਸਲ ਦੇ ਸੇਂਟ ਜਾਰਜ ਚੈਪਲ ਵਿੱਚ ਵਿਆਹ ਬੰਧਨ ‘ਚ ਬੱਝ ਰਹੇ ਹਨ। ਗਲੋਬਲ ਮੀਡੀਆ ਦੀ ਇਸ ਸ਼ਾਹੀ ਵਿਆਹ ‘ਤੇ ਪੂਰੀ ਨਜ਼ਰ ਹੈ। ਮਰਕਲ ਦੇ 73 ਸਾਲਾ ਪਿਤਾ ਥਾਮਸ ਮਰਕਲ ਨੇ ਪਹਿਲਾਂ ਇਸ ਵਿਆਹ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਸ਼ਾਹੀ ਪਰਵਾਰ ਦੇ ਮੈਂਬਰਾਂ ਸਮੇਤ 600 ਮਹਿਮਾਨ ਸ਼ਾਮਲ ਹੋ ਰਹੇ ਹਨ।
ਟੀ ਐਮ ਜ਼ੈਡ ਵੈਬਸਾਈਟ ਨੇ ਕੱਲ੍ਹ ਰਿਪੋਰਟ ਕੀਤੀ ਕਿ ਥਾਮਸ ਮਰਕਲ ਨੇ ਕੈਸਲ ਵਿਖੇ ਹੋ ਰਹੇ ਵਿਆਹ ਸਮਾਗਮ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ ਜੋ ਪਿਛਲੇ ਇਕ ਹਜ਼ਾਰ ਸਾਲ ਤੋਂ ਬ੍ਰਿਟੇਨ ਦੇ ਸ਼ਾਹੀ ਪਰਵਾਰ ਦੀ ਰਿਹਾਇਸ਼ ਰਿਹਾ ਹੈ। ਟੀ ਐਮ ਜ਼ੈਡ ਦੀ ਰਿਪੋਰਟ ਮੁਤਾਬਕ ਥਾਮਸ ਨੇ ਵਿਆਹ ਵਿੱਚ ਇਸ ਕਰਕੇ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ ਕਿ ਕੁਝ ਰਿਪੋਰਟ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਪਾਪਾਰਾਜ਼ੀ ਫੋਟੋਗ੍ਰਾਫਰ ਤੋਂ ਤਸਵੀਰਾਂ ਦੀ ਫੀਸ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ ਹਫਤਾ ਪਹਿਲਾਂ ਦਿਲ ਦਾ ਦੌਰਾ ਵੀ ਪਿਆ ਹੈ।
ਪ੍ਰਿੰਸ ਹੈਰੀ ਦੇ ਬੁਲਾਰੇ ਨੇ ਟੀ ਐਮ ਜ਼ੈਡ ਰਿਪੋਰਟ ਉਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਇਸ ਦੌਰਾਨ ਥਾਮਸ ਮਰਕਲ ਨੇ ਕਿਹਾ ਕਿ ਉਸ ਨੂੰ ਇਸ ਵਿਆਹ ਬਾਰੇ ਇੰਟਰਵਿਊ ਦੇਣ ਲਈ ਇਕ ਲੱਖ ਡਾਲਰ ਤੱਕ ਦੀ ਪੇਸ਼ਕਸ਼ ਕੀਤੀ ਗਈ ਸੀ, ਜੋ ਉਨ੍ਹਾਂ ਨੇ ਸਵੀਕਾਰ ਨਹੀਂ ਕੀਤੀ। ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਵੱਡੇ ਭਰਾ ਵਿਲੀਅਮ ਨੇ ਪਿਛਲੇ ਸਮੇਂ ‘ਚ ਕਿਹਾ ਸੀ ਕਿ ਉਹ ਆਪਣੇ ਸਮਾਗਮਾਂ ‘ਚ ਪ੍ਰੈਸ ਦਾ ਹੋਣਾ ਪਸੰਦ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦੀ ਮਾਂ ਪ੍ਰਿੰਸੇਸ ਡਾਇਨਾ ਦੀ 1997 ਵਿੱਚ ਹੋਈ ਮੌਤ ਸਮੇਂ ਪ੍ਰੈਸ ਦੀ ਭੂਮਿਕਾ ਸਹੀ ਨਹੀਂ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਜੇ ਮੇਘਨ ਮਾਰਕਲ ਦਾ ਪਿਤਾ ਥਾਮਸ ਮਰਕਲ ਵਿਆਹ ‘ਚ ਸ਼ਾਮਲ ਨਾ ਹੋਇਆ ਤਾਂ ਉਨ੍ਹਾਂ ਦੀ ਮਾਂ ਵਿਆਹ ‘ਚ ਸ਼ਾਮਲ ਹੋ ਸਕਦੀ ਹੈ।