ਪ੍ਰਿੰਸ ਹੈਰੀ ਤੇ ਮੈਗ਼ਨ ਮਰਕਲ ਦਾ ਸ਼ਾਹੀ ਅੰਦਾਜ਼ ’ਚ ਹੋਇਆ ਵਿਆਹ

     

ਵਿੰਡਸਰ, 19 ਮਈ (ਪੋਸਟ ਬਿਊਰੋ)- ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦੇ ਕੇਂਦਰ ਬਣੇ ਸਮਾਗਮ ਦੌਰਾਨ ਅੱਜ ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਅਭਿਨੇਤਰੀ ਮੈਗ਼ਨ ਮਰਕਲ ਦਾ ਵਿਆਹ ਸ਼ਾਹੀ ਰਸਮਾਂ ਨਾਲ ਸਿਰੇ ਚੜ੍ਹ ਗਿਆ। ਇੱਥੋਂ ਦੇ ਸੇਂਟ ਜੌਰਜ ਗਿਰਜਾ ਘਰ ਵਿੱਚ ਦੁਨੀਆ ਭਰ ਵਿੱਚੋਂ ਪੁੱਜੇ ਛੇ ਸੌ ਮਹਿਮਾਨਾਂ ਦੀ ਹਾਜ਼ਰੀ ਵਿੱਚ ਦੋਵਾਂ ਨੇ ਆਪਣੇ ਵਿਆਹ ਦੀਆਂ ਰਸਮਾਂ ਨੂੰ ਸਿਰੇ ਚਾੜ੍ਹਦਿਆਂ ਦੁੱਖ ਸੁੱਖ ਵਿੱਚ ਇੱਕ ਦੂਜੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਆਖ਼ਰੀ ਸਾਹਾਂ ਤੱਕ ਆਪਣੇ ਰਿਸ਼ਤੇ ਨੂੰ ਨਿਭਾਉਣ ਦੀਆਂ ਕਸਮਾਂ ਖਾਧੀਆਂ।
ਈਸਾਈ ਮੱਤ ਅਨੁਸਾਰ ਹੋਏ ਇਸ ਵਿਆਹ ਦੀਆਂ ਰਸਮਾਂ ਵਿੰਡਸਰ ਦੇ ਡੀਨ ਨੇ ਕੈਂਟਰਬਰੀ ਦੇ ਆਰਕ ਬਿਸ਼ਪ ਤੇ ਐਂਗਲੀਕ ਚਰਚ ਦੇ ਅਧਿਆਤਮਕ ਮੁਖੀ ਜਸਟਿਨ ਵੈਬਲੇ ਨੇ ਨੇਪਰੇ ਚਾੜ੍ਹੀਆਂ। ਸਿਆਹਫ਼ਾਮ ਅਮਰੀਕੀ ਬਿਸ਼ਪ ਮਾਈਕਲ ਬਰੂਸ ਕਰੀ ਨੇ ‘ਵਿਆਹ ਦੇ ਮੌਕੇ ਸੰਬੋਧਨ’ ਦੀ ਰਸਮ ਨਿਭਾਈ। 1863 ਤੋਂ ਹੁਣ ਤੱਕ ਹੈਰੀ (33) ਅਤੇ ਮੇਘਨ (36)  ਵਿੰਡਸਰ ਚਰਚ ਵਿੱਚ ਵਿਆਹ ਕਰਵਾਉਣ ਵਾਲਾ 16ਵਾਂ ਸ਼ਾਹੀ ਜੋੜਾ ਬਣ ਗਿਆ ਹੈ। ਮੇਘਨ, ਪ੍ਰਿੰਸ ਚਾਰਲਸ ਜੋ ਉਸ ਦੇ ਪਿਤਾ ਦੇ ਫਰਜ਼ ਨਿਭਾਅ ਰਿਹਾਅ ਸੀ, ਦੇ ਨਾਲ ਜਦੋਂ ਚਰਚ ਵਿੱਚ ਦਾਖ਼ਲ ਹੋਈ ਤਾਂ ਹੈਰੀ ਮੁਸਕਰਾ ਰਿਹਾ ਸੀ। ਮੇਘਨ ਦਾ ਪਿਤਾ ਥੌਮਸ ਮਰਕਲ ਸੀਨੀਅਰ ਗੰਭੀਰ ਬਿਮਾਰ ਹੋਣ ਕਾਰਨ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ।    

ਅਭਿਨੇਤਰੀ ਪ੍ਰਿਅੰਕਾ ਚੋਪੜਾ ਵੀ ਹੋਈ ਸ਼ਾਹੀ ਵਿਆਹ ’ਚ ਸ਼ਾਮਲ
ਬੌਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ, ਪ੍ਰਿੰਸ ਹੈਰੀ ਅਤੇ ਮੇਘਨ ਮਰਕਲ ਦੇ ਵਿਆਹ ਵਿੱਚ ਵਿਸ਼ਵ ਭਰ ਵਿੱਚੋਂ ਸ਼ਾਮਲ ਹੋਈਆਂ ਹਸਤੀਆਂ ਵਿੱਚ ਸ਼ੁਮਾਰ ਸੀ। ਪੂਰੀ ਤਰ੍ਹਾਂ ਸਜੀ ਧਜੀ ਪ੍ਰਿਅੰਕਾ ਨੇ ਇਸ ਮੌਕੇ ਮੈਚ ਕਰਦੀ ਹੈਟ ਪਹਿਨ ਰੱਖੀ ਸੀ।