ਪ੍ਰਿੰਸ ਆਫ ਵੇਲਜ਼ ਤੇ ਡੱਚੈੱਸ ਆਫ ਕਾਰਨਵਾਲ ਜੂਨ ਦੇ ਅਖੀਰ ਵਿੱਚ ਆਉਣਗੇ ਕੈਨੇਡਾ

princeਓਟਵਾ, 18 ਅਪਰੈਲ (ਪੋਸਟ ਬਿਊਰੋ) : ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ, ਜੋ ਕਿ ਪ੍ਰਿੰਸ ਆਫ ਵੇਲਜ਼ ਤੇ ਡੱਚੈੱਸ ਆਫ ਕਾਰਨਵਾਲ ਹਨ, ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਇੱਥੇ ਆ ਰਹੇ ਹਨ।
ਇਸ ਸ਼ਾਹੀ ਜੋੜੇ ਨੇ 29 ਜੂਨ ਤੋਂ ਪਹਿਲੀ ਜੁਲਾਈ 2017 ਤੱਕ ਕੈਨੇਡਾ ਆਉਣ ਦੀ ਹਾਮੀ ਭਰ ਦਿੱਤੀ ਹੈ। ਇਸ ਦੌਰਾਨ ਉਹ ਓਟਵਾ, ਨੂਨਾਵਤ ਤੇ ਓਨਟਾਰੀਓ ਵਿੱਚ ਕਈ ਹੋਰਨਾਂ ਥਾਂਵਾਂ ਦਾ ਦੌਰਾ ਕਰਨਗੇ। ਉਨ੍ਹਾਂ ਦੇ ਦੌਰੇ ਦੇ ਹੋਰ ਵੇਰਵੇ ਅਜੇ ਹਾਸਲ ਨਹੀਂ ਹੋਏ ਹਨ। ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸੱਦੇ ਨੂੰ ਸ਼ਾਹੀ ਜੋੜੇ ਨੇ ਕਬੂਲ ਕਰ ਲਿਆ।
ਪ੍ਰਿੰਸ ਚਾਰਲਸ ਦਾ ਇਹ 18ਵਾਂ ਕੈਨੇਡਾ ਦੌਰਾ ਹੋਵੇਗਾ ਜਦਕਿ ਕੈਮਿਲਾ ਦੀ ਇਹ ਚੌਥੀ ਫੇਰੀ ਹੋਵੇਗੀ। ਇਸ ਤੋਂ ਪਹਿਲਾਂ ਮਈ, 2014 ਵਿੱਚ ਵੀ ਇਹ ਜੋੜਾ ਕੈਨੇਡਾ ਆਇਆ ਸੀ। ਇਸ ਦੌਰੇ ਦੌਰਾਨ ਪ੍ਰਿੰਸ ਆਫ ਵੇਲਜ਼ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਨੁਮਾਇੰਦਗੀ ਕਰਨਗੇ। ਰਾਇਲ ਕੰਮੈਂਟੇਟਰ ਨੇ ਆਖਿਆ ਕਿ ਇਸ ਤੋਂ ਇਹੋ ਲੱਗਦਾ ਹੈ ਕਿ 90 ਸਾਲਾਂ ਨੂੰ ਢੁੱਕ ਚੁੱਕੀ ਮਹਾਰਾਣੀ ਹੁਣ ਆਪਣੇ ਜਾਨਸ਼ੀਨ ਦੇ ਰੂਪ ਵਿੱਚ ਪ੍ਰਿੰਸ ਤੇ ਡੱਚੈੱਸ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਹੋਰ ਜਿ਼ੰਮੇਵਾਰੀਆਂ ਨਿਭਾਉਣ ਵਾਸਤੇ ਦੇ ਰਹੀ ਹੈ।
ਉਨ੍ਹਾਂ ਆਖਿਆ ਕਿ ਇਹ ਵੀ ਚੰਗੀ ਗੱਲ ਹੈ ਕਿ ਪ੍ਰਿੰਸ ਆਫ ਵੇਲਜ਼ ਕੈਨੇਡਾ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਪਹਿਲੀ ਜੁਲਾਈ ਨੂੰ ਇੱਥੇ ਹੋਣਗੇ ਕਿਉਂਕਿ ਉਹੀ ਹੀ ਭਵਿੱਖ ਵਿੱਚ ਦੇਸ਼ ਦਾ ਰਾਜਾ ਬਣਨ ਵਾਲੇ ਹਨ।