ਪ੍ਰਸ਼ਾਸ਼ਨ ਅਤੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਦਾ ਹੈ ਬਰੈਂਪਟਨ ਦੇ ਬੇਘਰੇ ਬਜ਼ੁਰਗ ਦਾ ਕਿੱਸਾ?

baba bਬਰੈਂਪਟਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਇਸ ਸ਼ਹਿਰ ਦੇ ਘੁੱਗ ਵੱਸਦੇ ਇਲਾਕੇ ਬੋਵੇਰਡ ਅਤੇ ਟੌਰਬਰਾਮ ਵਿੱਚ ਪਿਛਲੇ ਦੋ ਸਾਲ ਤੋਂ ਬੇਘਰਾ ਹੋ ਕੇ ਝਾੜੀਆਂ ਵਿੱਚ ਆਪਣੀ ਦਿਨ ਕਟੀ ਕਰ ਰਿਹਾ ਸੀ। ਇੱਕ ਪੁਰਾਣੇ ਮੈਟਰੈਸ ਉੱਤੇ ਚੰਦ ਕੁ ਵਸਤਾਂ ਨਾਲ ਪੁਰਾਣੇ ਜਿਹੇ ਕੰਬਲ ਵਿੱਚ ਲੁਕਿਆ ਇਹ ਸਾਬਤ ਸੂਰਤ ਦਿੱਖ ਵਾਲਾ ਸਿੱਖ ਬਜ਼ੁਰਗ ਉਸ ਸਥਿਤੀ ਦੀ ਮੁਕੰਮਲ ਤਸਵੀਰ ਸੀ ਜਿਸਦੀ ਅੱਜ ਕੱਲ ਸੋਸ਼ਲ ਮੀਡੀਆ ਨੂੰ ਲੋੜ ਹੁੰਦੀ ਹੈ। ਮਿਲੀਅਨਾਂ ਹੀ ਲੋਕ ਉਸ ਬਜ਼ੁਰਗ ਦੀ ਤਰਸਯੋਗ ਹਾਲਤ ਬਾਬਤ ਬਣੀ ਵੀਡੀਓ ਨੂੰ ਵੇਖ ਚੁੱਕੇ ਹਨ। ਕਿਉਂਕਿ ਵੀਡੀਓ ਪੰਜਾਬੀ ਵਿੱਚ ਹੈ, ਸੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸਨੂੰ ਵਿਸ਼ਵ ਭਰ ਵਿੱਚ ਪੰਜਾਬੀਆਂ ਨੇ ਵੇਖਿਆ ਹੋਵੇਗਾ। ਦੀਵੇ ਥੱਲੇ ਹਨੇਰੇ ਵਾਲੀ ਗੱਲ ਵਾਗੂੰ ਇਹ ਸੰਭਵ ਹੈ ਕਿ ਬਰੈਂਪਟਨ ਜਾਂ ਰੀਜਨ ਆਫ ਪੀਲ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਵੀ ਨਾ ਲੱਗਾ ਹੋਵੇ ਜਾਂ ਮੁਮਕਿਨ ਹੈ ਕਿ ਉਹ ਜਾਣ ਬੁੱਝ ਕੇ ਇਸਨੂੰ ‘ਹੋਰਾਂ ਦੀ ਸਮੱਸਿਆ’ ਸਮਝ ਚੁੱਪ ਕਰ ਗਏ ਹੋਣ।
ਘਰ ਤੋਂ ਬੇਘਰ ਹੋਣਾ ਕਿਸੇ ਇੱਕ ਫਿ਼ਰਕੇ ਜਾਂ ਕਮਿਉਨਿਟੀ ਦੀ ਸਮੱਸਿਆ ਨਹੀਂ ਸੱਭਨਾਂ ਦੀ ਸੱਮਸਿਆ ਹੈ। ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਇਹ ਬਜ਼ੁਰਗ ਆਪਣੇ ਪਰਿਵਾਰ ਵਿੱਚ ਕਿਉਂ ਨਹੀਂ ਰਹਿ ਪਾਇਆ ਜਾਂ ਉਸਨੂੰ ਸ਼ਰਾਬ ਪੀਣ ਦੀ ਸੱਮਸਿਆ ਕਿਉਂ ਹੈ? ਜਾਂ ਉਸਦੀ ਮਾਨਸਿਕ ਸਿਹਤ ਖਰਾਬ ਹੈ? ਇਹ ਮਸਲੇ ਤਾਂ ਘਰ ਘਰ ਦੀ ਸੱਮਸਿਆ ਹਨ। ਪਰ ਕੁੱਝ ਸੁਆਲ ਹਨ ਜੋ ਦੋ ਸਾਲ ਤੋਂ ਝਾੜੀਆਂ ਵਿੱਚ ਦਿਨ ਕਟੀ ਕਰ ਰਹੇ ਇਸ ਬਜ਼ੁਰਗ ਨੂੰ ਲੈ ਕੇ ਸਾਡੇ ਪ੍ਰਸ਼ਾਸ਼ਨ ਬਾਰੇ ਪੈਦਾ ਹੋ ਰਹੇ ਹਨ। ਨਿੱਤ ਦਿਨ ਸੜਕਾਂ ਉੱਤੇ ਪੈਟਰੋਲ ਕਰਦੀ ਪੁਲੀਸ ਨੂੰ ਇਸਦੇ ਝਾੜੀਆਂ ਵਿੱਚ ਹੋਣ ਦਾ ਪਤਾ ਕਿਉਂ ਨਾ ਲੱਗਿਆ? ਕੀ ਇਹ ਸਿਰਫ਼ ਕੱਲੀ ਕਾਰੀ ਮਿਸਾਲ ਹੈ ਜਾਂ ਸਾਡੇ ਸ਼ਹਿਰ ਵਿੱਚ ਹੋਰ ਵੀ ਲੋਕ ਇਹੋ ਜਿਹੀਆਂ ਅਸੁਰੱਖਿਅਤ ਥਾਵਾਂ ਉੱਤੇ ਰਹਿ ਰਹੇ ਹਨ? ਉਂਟੇਰੀਓ ਦੇ ਸੇਫ ਸਟਰੀਟ ਐਕਟ ਮੁਤਾਬਕ ਕੋਈ ਵੀ ਵਿਅਕਤੀ ਬਾਹਰ ਸੜਕ ਉੱਤੇ ਰਾਤ ਨਹੀਂ ਗੁਜ਼ਾਰ ਸਕਦਾ।

ਯੂਨਾਈਟਡ ਵੇਅ ਆਫ ਪੀਲ ਮੁਤਾਬਕ ਬਰੈਂਪਟਨ, ਮਿਸੀਸਾਗਾ ਅਤੇ ਕੈਲੀਡਾਨ (ਪੀਲ ਰੀਜਨ) ਵਿੱਚ 2 ਲੱਖ 25 ਹਜ਼ਾਰ ਦੇ ਕਰੀਬ ਲੋਕ ਹਨ ਜਿਹਨਾਂ ਨੂੰ ਰਿਹਾਇਸ਼ ਪ੍ਰਾਪਤ ਕਰਨ ਵਿੱਚ ਦਿੱਕਤ ਆ ਰਹੀ ਹੈ। ਅਨੁਮਾਨ ਇਹ ਵੀ ਹੈ ਕਿ ਪੀਲ ਰੀਜਨ ਵਿੱਚ 50% ਰੁਜ਼ਗਾਰਸ਼ੁਦਾ ਲੋਕ ਪੇਅ-ਚੈੱਕ ਟੂ ਪੇਅ-ਚੈੱਕ (Pay cheque to pay cheque) ਵਾਲੀ ਸਥਿਤੀ ਵਿੱਚ ਹਨ ਭਾਵ ਅੱਜ ਵੀ ਬੇਘਰੇ ਹੋਏ ਅਤੇ ਕੱਲ ਵੀ। ਸਾਡੇ ਪੀਲ ਰੀਜਨ ਵਿੱਚ ਪਿਛਲੇ ਇੱਕ ਸਾਲ ਦੌਰਾਨ 14,520 ਲੋਕਾਂ ਨੇ ਬੇਘਰਿਆਂ ਲਈ ਬਣੇ ਸ਼ੈਲਟਰਾਂ ਵਿੱਚ ਦਿਨ ਗੁਜ਼ਾਰੇ ਜਿਹਨਾਂ ਵਿੱਚੋਂ 4000 ਬੱਚੇ ਅਤੇ ਨੌਜਵਾਨ ਸਨ। 450 ਬੱਚੇ ਤਾਂ ਉਹ ਸਨ ਜਿਹਨਾਂ ਨੂੰ ਪੀਲ ਦੀਆਂ ਐਮਰਜੰਸੀ ਸ਼ੈਲਟਰਾਂ ਵਿੱਚ ਰੱਖਣ ਤੋਂ ਮਨਾਹੀ ਕੀਤੀ ਗਈ ਕਿਉਂਕਿ ਪਹਿਲਾਂ ਹੀ ਭੀੜ ਹੋਣ ਕਾਰਣ ਹੋਰ ਥਾਂ ਹੀ ਨਹੀਂ ਸੀ।

ਸਿੱਖ ਭਾਈਚਾਰੇ ਲਈ ਨਮੋਸ਼ੀ ਵਾਲੀ ਗੱਲ ਹੈ ਕਿ ਇੱਕ ਸਾਬਤ ਸੂਰਤ ਸਿੱਖ ਇਸ ਤਰੀਕੇ ਦਾ ਘਟੀਆ ਜੀਵਨ ਜਿਉਣ ਲਈ ਮਜ਼ਬੂਰ ਹੋਵੇ। ਪਰ ਜੇਕਰ ਭਾਈਚਾਰਾ ਆਪਣੇ ਬੰਦਿਆਂ ਦੇ ਐਮ ਪੀ, ਐਮ ਪੀ ਪੀ, ਕਾਉਂਸਲਰ, ਸਿਆਸੀ ਪਾਰਟੀਆਂ ਦੇ ਆਗੂ ਬਣਨ ਜਾਂ ਹੋਰ ਅਹੁਦੇ ਹਾਸਲ ਕਰਨ ਉੱਤੇ ਚਾਵਾਂ ਮੱਤਾ ਹੁੰਦਾ ਹੈ ਤਾਂ ਭਾਈਚਾਰੇ ਨਾਲ ਜੁੜੀਆਂ ਨਮੋਸ਼ੀਆਂ ਦਾ ਹਿੱਸਾ ਵੀ ਕਬੂਲਣਾ ਹੋਵੇਗਾ। ਬੀਤੇ ਵਿੱਚ ਪੰਜਾਬੀ ਪੋਸਟ ਨੇ ਇੱਕ ਐਡੀਟੋਰੀਅਲ ਲਿਖ ਕੇ ਪੰਜਾਬੀ ਕਮਿਉਨਿਟੀ ਦੇ ਸੀਨੀਅਰਾਂ ਵਾਸਤੇ ਬਰੈਂਪਟਨ ਵਿੱਚ ਰੈਜ਼ੀਡੈਂਸ਼ੀਅਲ ਸਹੂਲਤ ਬਣਾਏ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ। ਬਹੁਤ ਸਾਰੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਇਸ ਲਈ ਬਣਦੀ ਮਦਦ ਖਾਸਕਰਕੇ ਲੰਗਰ ਹਾਸਲ ਨਹੀਂ ਕਰ ਸਕਦੇ ਕਿਉਂਕਿ ਉਹ ਨਸਿ਼ਆਂ ਦੇ ਆਦੀ ਹੁੰਦੇ ਹਨ ਅਤੇ ਉਹਨਾਂ ਦਾ ਵਰਤਾਰਾ ਧਾਰਮਿਕ ਸਥਾਨ ਦੇ ਅਨੁਕੂਲ ਨਹੀਂ ਹੁੰਦਾ। ਇਹੀ ਕਾਰਣ ਹੈ ਕਿ ਡਾਊਨ ਟਾਊਨ ਟੋਰਾਂਟੋ ਵਿੱਚ ਕਈ ਸਿੱਖ ਹੋਲਲੈਸ (homeless) ਵਿਕਅਤੀ ਹਨ ਜਿਹੜੇ ਚਰਚਾਂ ਵਿੱਚ ਜਾ ਕੇ ਖਾਣਾ ਖਾਂਦੇ ਹਨ ਬੱਸ ਉਵੇਂ ਹੀ ਜਿਵੇਂ ਹੋਰ ਕਮਿਉਨਿਟੀਆਂ ਦੇ ਬਹੁਤ ਲੋਕ ਸਾਡੇ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਦੇ ਲੰਗਰਾਂ ਦਾ ਆਨੰਦ ਮਾਣਦੇ ਹਨ।

ਬਰੈਂਪਟਨ ਵਿੱਚ ਕਿਸੇ ਸਿੱਖ ਦੇ ਸ਼ਰੇਆਮ ਬੇਘਰੇ ਹੋਣ ਦੀ ਸ਼ਾਇਦ ਇਹ ਪਹਿਲੀ ਮਿਸਾਲ ਹੈ ਜੋ ਇੱਕ ਨਵੀਂ ਚੁਣੌਤੀ ਵੱਲ ਇਸ਼ਾਰਾ ਕਰਦੀ ਹੈ। ਚੁਣੌਤੀ ਹੈ ਕਿ ਪ੍ਰਸ਼ਾਸ਼ਨ ਉਸ ਭਾਈਚਾਰੇ ਦੀਆਂ ਲੋੜਾਂ ਨੂੰ ਜਾਨਣ ਲਈ ਕੀ ਕਰ ਸਕਦਾ ਹੈ ਜਿਸਦੀਆਂ ਲੋੜਾਂ ਮੁੱਖ ਧਾਰਾ ਨਾਲੋਂ ਬਹੁਤ ਵੱਖਰੀਆਂ ਹਨ? ਖੁਦ ਸਿੱਖ ਕਮਿਉਨਿਟੀ ਕੀ ਸ੍ਰੋਤ ਪੈਦਾ ਕਰ ਸਕਦੀ ਹੈ ਜਿਸ ਨਾਲ ਕੰਗਾਲੀ ਦੇ ਕੰਢੇ ਉੱਤੇ ਆ ਚੁੱਕੇ ਵਿਅਕਤੀਆਂ ਨੂੰ ਜੱਥੇਬੰਦਕ ਮਦਦ ਮਿਲ ਸਕੇ।