ਪ੍ਰਵੀਣ ਤੋਗੜੀਏ ਦਾ ਬੰਦਾ ਹਰਾ ਕੇ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਪ੍ਰਧਾਨ ਬਣੇ


ਗੁਰੂਗ੍ਰਾਮ, 15 ਅਪ੍ਰੈਲ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਜੱਜ ਵਿਸ਼ਨੂੰ ਸਦਾਸ਼ਿਵ ਕੋਕਜੇ ਨੂੰ ਕੱਲ੍ਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਰਾਘਵ ਰੈਡੀ ਨੂੰ 71 ਵੋਟਾਂ ਨਾਲ ਹਰਾਇਆ। ਇਸ ਮੌਕੇ 192 ਮੈਂਬਰਾਂ ਨੇ ਮਤਦਾਨ ਕੀਤਾ ਤੇ ਇਸ ਵਿੱਚੋਂ ਇੱਕ ਵੋਟ ਰੱਦ ਹੋ ਗਈ। ਕੋਕਜੇ ਨੂੰ 131 ਅਤੇ ਰੈਡੀ ਨੂੰ ਸਿਰਫ 60 ਵੋਟਾਂ ਹੀ ਮਿਲੀਆਂ ਹਨ।
ਹਾਰ ਮਿਲਦਿਆਂ ਹੀ ਰੈਡੀ ਦੀ ਟੀਮ ‘ਚ ਕੌਮਾਂਤਰੀ ਕਾਰਜ ਪ੍ਰਧਾਨ ਰਹੇ ਡਾਕਟਰ ਪ੍ਰਵੀਨ ਤੋਗੜੀਆ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਅਲਵਿਦਾ ਆਖ ਦਿੱਤਾ। ਤੋਗੜੀਆ ਦੀ ਜਗ੍ਹਾ ਦਿੱਲੀ ਵਿਧਾਨ ਸਭਾ ‘ਚ ਡਿਪਟੀ ਸਪੀਕਰ ਰਹੇ ਐਡਵੋਕੇਟ ਆਲੋਕ ਕੁਮਾਰ ਨੂੰ ਕੋਕਜੇ ਨੇ ਆਪਣੀ ਟੀਮ ‘ਚ ਕਾਰਜ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ।
ਲੋਕ ਨਿਰਮਾਣ ਵਿਭਾਗ ਦੇ ਆਰਾਮ ਘਰ ‘ਚ ਸਖਤ ਸੁਰੱਖਿਆ ‘ਚ ਮਤਦਾਨ ਸ਼ੁਰੂ ਹੋਇਆ। ਜਿਉਂ ਹੀ ਜਿੱਤ ਦਾ ਐਲਾਨ ਹੋਇਆ, ਡਾਕਟਰ ਪ੍ਰਵੀਨ ਤੋਗੜੀਆ ਬਾਹਰ ਨਿਕਲ ਗਏ। ਜਿੱਤ ਮਿਲਣ ਤੋਂ ਇੱਕ ਘੰਟੇ ਦੇ ਅੰਦਰ ਹੀ ਨਵੇਂ ਚੁਣੇ ਪ੍ਰਧਾਨ ਕੋਕਜੇ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ। ਟੀਮ ‘ਚ ਆਲੋਕ ਕੁਮਾਰ ਅਤੇ ਅਸ਼ੋਕ ਰਾਓ ਚੌਗੁਲੇ ਨੂੰ ਕੌਮਾਂਤਰੀ ਕਾਰਜ ਪ੍ਰਧਾਨ, ਮਿਲਿੰਦ ਪਰਾਂਡੇ ਨੂੰ ਕੌਮਾਂਤਰੀ ਮਹਾਂਮੰਤਰੀ, ਵਿਨਾਇਕ ਰਾਓ ਦੇਸ਼ਪਾਂਡੇ ਨੂੰ ਕੌਮਾਂਤਰੀ ਸੰਗਠਨ ਮਹਾਂਮੰਤਰੀ, ਚੰਪਤ ਰਾਏ ਨੂੰ ਕੌਮਾਂਤਰੀ ਉਪ ਪ੍ਰਧਾਨ ਅਤੇ ਕੋਟੇਸ਼ਵਰ ਰਾਓ ਨੂੰ ਕੌਮਾਂਤਰੀ ਸੰਯੁਕਤ ਮਹਾਂਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਹੋਰ ਅਹੁਦਿਆਂ ‘ਤੇ ਰਾਘਵ ਰੈਡੀ ਦੀ ਟੀਮ ‘ਚ ਜੋ ਅਹੁਦੇਦਾਰ ਸਨ, ਉਨ੍ਹਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਮਹਾਂਮੰਤਰੀ ਮਿਲਿੰਦ ਪਰਾਂਡੇ ਨੇ ਸਾਬਕਾ ਪ੍ਰਧਾਨ ਰਾਘਵ ਰੈਡੀ, ਕਾਰਜ ਪ੍ਰਧਾਨ ਡਾਕਟਰ ਪ੍ਰਵੀਨ ਤੋਗੜੀਆ, ਸੰਗਠਨ ਮਹਾਂਮੰਤਰੀ ਦਿਨੇਸ਼ਚ ੰਦਰ ਦੇ ਕੰਮਾਂ ਦੀ ਪ੍ਰਸ਼ੰਸਾ ਦਾ ਮਤਾ ਬੈਠਕ ਵਿੱਚ ਰੱਖਿਆ, ਜਿਸ ਦੀ ਓਮ ਆਵਾਜ਼ ਨਾਲ ਪ੍ਰੰਯਾਸੀ ਮੰਡਲ ਨੇ ਤਈਦ ਕੀਤੀ। ਚੋਣ ਅਧਿਕਾਰੀ ਦੀ ਜ਼ਿੰਮੇਵਾਰੀ ਸਾਬਕਾ ਕੌਮਾਂਤਰੀ ਉਪ ਪ੍ਰਧਾਨ ਜਗਨਨਾਥ ਸ਼ਾਹੀ ਨੇ ਨਿਭਾਈ।
ਡਾਕਟਰ ਪ੍ਰਵੀਨ ਤੋਗੜੀਆ ਦਾ ਕਹਿਣਾ ਹੈ ਸੱਤਾ ਦੇ ਲਾਲਚੀਆਂ ਨੇ ਮੈਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਵਿਦਾ ਹੋਣ ਲਈ ਮਜ਼ਬੂਰ ਕਰ ਦਿੱਤਾ। ਮੈਂ ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ‘ਚ ਨਹੀਂ, ਪਰ ਰਾਮ ਮੰਦਰ ਲਈ ਸੰਘਰਸ਼ ਕਰਦਾ ਰਹਾਂਗਾ।